IPL 2019: ਮੈਚ ਵਿਚਾਲੇ ਧੋਨੀ ਦੀ ਅੰਪਾਇਰ ਨਾਲ ਬਹਿਸ

    • ਲੇਖਕ, ਆਦੇਸ਼ ਕੁਮਾਰ ਪ੍ਰਤਾਪ
    • ਰੋਲ, ਖੇਡ ਪੱਤਰਕਾਰ, ਬੀਬੀਸੀ ਹਿੰਦੀ ਦੇ ਲਈ

ਆਈਪੀਐੱਲ ਦੇ ਇਤਿਹਾਸ ਵਿੱਚ ਉਂਝ ਤਾਂ ਪਤਾ ਨਹੀਂ ਕਿੰਨੇ ਹੀ ਕਿੱਸੇ ਹੋਏ ਹਨ। ਜਿਨ੍ਹਾਂ 'ਤੇ ਪੂਰੀ ਇੱਕ ਕਿਤਾਬ ਲਿਖੀ ਜਾ ਸਕਦੀ ਹੈ ਪਰ ਲੰਘੇ ਵੀਰਵਾਰ ਨੂੰ ਤਾਂ ਜੈਪੁਰ ਵਿੱਚ ਮੇਜ਼ਬਾਨ ਰਾਜਸਥਾਨ ਰਾਇਲਜ਼ ਅਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਖੇਡੇ ਗਏ ਮੁਕਾਬਲੇ ਵਿੱਚ ਆਖ਼ਰੀ ਓਵਰ 'ਚ ਜੋ ਹੋਇਆ, ਉਹ ਪਹਿਲਾਂ ਕਿਸੇ ਨੇ ਨਾ ਵੇਖਿਆ ਹੋਵੇਗਾ।

ਇਸ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ।

ਚੇਨੱਈ ਨੇ ਜਿੱਤ ਲਈ 152 ਦੌੜਾਂ ਦਾ ਉਦੇਸ਼ ਕੈਪਟਨ ਮਹਿੰਦਰ ਸਿੰਘ ਧੋਨੀ ਨੇ 58 ਅਤੇ ਅੰਬਾਤੀ ਰਾਇਡੂ ਨੇ 57 ਦੌੜਾਂ ਦੀ ਮਦਦ ਨਾਲ ਆਖ਼ਰੀ ਗੇਂਦ 'ਤੇ ਛੇ ਵਿਕਟਾਂ ਗੁਆ ਕੇ ਹਾਸਲ ਕੀਤਾ।

ਆਖ਼ਰੀ ਗੇਂਦ 'ਤੇ ਚੇਨੱਈ ਨੂੰ ਜਿੱਤ ਲਈ ਚਾਰ ਦੌੜਾਂ ਦੀ ਲੋੜ ਸੀ ਪਰ ਸੇਂਟਨਰ ਨੇ ਬੇਨ ਸਟੋਕਸ ਦੀ ਗੇਂਦ 'ਤੇ ਛੱਕੇ ਨਾਲ ਮੈਚ ਜਿਤਾਇਆ।

ਇਸ ਤੋਂ ਪਹਿਲਾਂ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੇਨ ਸਟੋਕਸ ਦੀਆਂ 28 ਅਤੇ ਜੋਸ ਬਲਟਰ ਦੀਆਂ 23 ਦੌੜਾਂ ਦੇ ਸਹਾਰੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ।

ਹੁਣ ਹਾਰ ਜਿੱਤ ਤਾਂ ਮੈਚ ਵਿੱਚ ਚਲਦੀ ਹੀ ਰਹਿੰਦੀ ਹੈ ਪਰ ਅਸਲੀ ਕਹਾਣੀ ਤਾਂ ਆਖ਼ਰੀ ਓਵਰ ਦੀ ਹੈ ਜਿਸ ਵਿੱਚ ਚੇਨੱਈ ਨੂੰ ਜਿੱਤ ਲਈ 18 ਦੌੜਾਂ ਦੀ ਲੋੜ ਸੀ।

ਇਹ ਵੀ ਪੜ੍ਹੋ:

19 ਓਵਰ ਤੋਂ ਬਾਅਦ ਚੇਨੱਈ ਦਾ ਸਕੋਰ ਪੰਜ ਵਿਕਟ ਗੁਆ ਕੇ 34 ਰਨ ਸੀ। ਕ੍ਰੀਜ਼ 'ਤੇ ਰਵਿੰਦਰ ਜਡੇਜਾ ਅਤੇ ਮਹਿੰਦਰ ਸਿੰਘ ਧੋਨੀ ਸਨ।

ਦਰਸ਼ਕਾਂ ਦੇ ਰੌਲੇ ਵਿਚਾਲੇ ਰਾਜਸਥਾਨ ਦੇ ਕੈਪਟਨ ਅੰਜੀਕੇ ਰਹਾਣੇ ਨੇ ਗੇਂਦ ਤੇਜ਼ ਗੇਂਦਬਾਜ਼ ਬੇਨ ਸਟੋਕਸ ਨੂੰ ਫੜਾਈ।

ਜਦੋਂ ਪਿੱਚ 'ਤੇ ਡਿੱਗੇ ਜਡੇਜਾ

ਲੰਬੇ ਰਨਅਪ ਤੋਂ ਬਾਅਦ ਸਟੋਕਸ ਦੇ ਹੱਥੋਂ ਨਿਕਲੀ ਪਹਿਲੀ ਗੇਂਦ ਆਫ਼ ਸਟੰਪ ਤੋਂ ਬਾਹਰ ਪੂਰੀ ਲੈਂਥ ਦੀ ਸੀ।

ਇਸ ਨੂੰ ਜਡੇਜਾ ਨੇ ਭਰਪੂਰ ਬੈਕ ਲਿਫਟ ਦੇ ਨਾਲ ਕਿਸੇ ਤਰ੍ਹਾਂ ਗੇਂਦ ਦੀ ਪਿਚ 'ਤੇ ਪਹੁੰਚਦੇ ਹੋਏ ਸਟੋਕਸ ਦੇ ਸਿਰ ਉੱਪਰੋਂ ਸਟ੍ਰੇਟ ਛੱਕੇ ਲਈ ਬਾਊਂਡਰੀ ਲਾਈਨ ਤੋਂ ਬਾਹਰ ਭੇਜ ਦਿੱਤਾ।

ਛੱਕਾ ਲਗਾਉਣ ਦੌਰਾਨ ਜਡੇਜਾ ਦਾ ਸੰਤੁਲਨ ਵਿਗੜਿਆ ਅਤੇ ਉਹ ਪਿਚ 'ਤੇ ਡਿੱਗ ਗਏ।

ਦੂਜੇ ਪਾਸੇ ਹੈਰਾਨ-ਪ੍ਰੇਸ਼ਾਨ ਸਟੋਕਸ ਵੀ ਪਿਚ 'ਤੇ ਡਿੱਗ ਕੇ ਅੱਖਾਂ ਤਾੜਦੇ ਹੋਏ ਗੇਂਦ ਨੂੰ ਲਹਿਰਾਉਂਦੇ ਹੋਏ ਛੱਕੇ ਦੇ ਰੂਪ ਵਿੱਚ ਦੇਖਦੇ ਰਹੇ।

ਬੇਨ ਸਟੋਕਸ ਦੀ ਦੂਜੀ ਗੇਂਦ 'ਤੇ ਜਡੇਜਾ ਇੱਕ ਦੌੜ ਲੈਣ 'ਚ ਕਾਮਯਾਬ ਰਹੇ। ਪਰ ਉਹ ਨੋ ਬਾਲ ਸਾਬਿਤ ਹੋਈ।

ਉਸ ਤੋਂ ਬਾਅਦ ਅਗਲੀ ਗੇਂਦ 'ਤੇ ਸਟਰਾਈਕ ਦੇ ਨਾਲ ਧੋਨੀ ਨੇ ਫ੍ਰੀ ਹਿੱਟ 'ਤੇ ਦੋ ਦੌੜਾਂ ਬਣਾਈਆਂ।

ਤੀਜੀ ਗੇਂਦ 'ਤੇ ਬੇਨ ਸਟੋਕਸ ਨੇ ਉਹ ਕਰਕੇ ਦਿਖਾਇਆ ਜਿਸਦੀ ਤਲਾਸ਼ ਰਾਜਸਥਾਨ ਨੂੰ ਸੀ। ਬੇਨ ਸਟੋਕਸ ਦੀ ਬੇਹੱਦ ਸ਼ਾਨਦਾਰ ਯਾਰਕਰ ਨੇ ਧੋਨੀ ਦਾ ਮਿਡਲ ਸਟੰਪ ਉਡਾ ਦਿੱਤਾ।

ਧੋਨੀ 43 ਗੇਂਦਾਂ 'ਤੇ ਦੋ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾ ਕੇ ਚੇਨੱਈ ਦੇ ਡਗਆਊਟ ਵਿੱਚ ਪਹੁੰਚੇ।

ਇਹ ਵੀ ਪੜ੍ਹੋ:

ਹੁਣ ਜੈਪੁਰ ਵਿੱਚ ਰਾਜਸਥਾਨ ਦੇ ਸਮਰਥਕਾਂ ਦੀ ਜਿੱਤ ਦੀ ਖੁਸ਼ਬੂ ਆਉਣ ਲੱਗੀ ਪਰ ਕੌਣ ਜਾਣਦਾ ਸੀ ਕਿ ਆਈਪੀਐੱਲ ਦਾ ਸਭ ਤੋਂ ਵੱਡਾ ਡਰਾਮਾ ਅਜੇ ਬਾਕੀ ਹੈ।

ਚੌਥੀ ਗੇਂਦ 'ਤੇ ਨਵੇਂ ਬੱਲੇਬਾਜ਼ ਮਿਚੇਲ ਸੇਂਟਨਰ ਨੇ ਹਿੰਮਤ ਦਿਖਾਉਂਦੇ ਹੋਏ ਹੋਏ ਦੋ ਰਨ ਬਟੋਰੇ।

ਪਰ ਇਸ ਤੋਂ ਬਾਅਦ ਮੈਦਾਨ ਵਿੱਚ ਅੰਪਾਇਰ ਅਤੇ ਧੋਨੀ ਵਿਚਾਲੇ ਬਹਿਸ ਦਾ ਮੰਜ਼ਰ ਦਿਖਾਈ ਦਿੱਤਾ। ਦਰਅਸਲ ਇਹ ਗੇਂਦ ਸੇਂਟਨਰ ਦੇ ਲੱਕ ਤੱਕ ਦੀ ਉੱਚਾਈ 'ਤੇ ਸੀ।

ਅੰਪਾਇਰ ਨੇ ਪਹਿਲਾਂ ਤਾਂ ਇਸ ਨੂੰ ਨੋ ਬਾਲ ਕਰ ਦਿੱਤਾ ਪਰ ਬਾਅਦ ਵਿੱਚ ਆਪਣਾ ਫੈਸਲਾ ਵਾਪਿਸ ਵੀ ਲੈ ਲਿਆ।

ਮੈਦਾਨ ਵਿੱਚ ਅੰਪਾਇਰ ਦੇ ਕੋਲ ਆਏ ਧੋਨੀ

ਇਸ ਫ਼ੈਸਲੇ ਤੋਂ ਬਾਅਦ ਚੇਨੱਈ ਡਗਆਊਟ ਵਿੱਚ ਖੜ੍ਹੇ ਮਹਿੰਦਰ ਸਿੰਘ ਧੋਨੀ ਤੁਰੰਤ ਮੈਦਾਨ ਵਿੱਚ ਅੰਪਾਇਰ ਕੋਲ ਆ ਪੁੱਜੇ।

ਕੈਪਟਨ ਕੂਲ ਕਹੇ ਜਾਣ ਵਾਲੇ ਧੋਨੀ ਦਾ ਇਹ ਰੂਪ ਦੇਖ ਕੇ ਕ੍ਰਿਕਟ ਪ੍ਰੇਮੀ ਹੈਰਾਨ ਰਹਿ ਗਏ। ਕਮੈਂਟਰੀ ਕਰ ਰਹੇ ਖਿਡਾਰੀਆਂ ਦੇ ਮੂੰਹ ਵਿੱਚੋਂ ਵੀ ਨਿਕਲਿਆ ਇਸ 'ਤੇ ਭਰੋਸਾ ਨਹੀਂ ਹੋ ਰਿਹਾ।

ਖ਼ੈਰ ਲੰਬੀ ਜੱਦੋਜਹਿਦ ਤੋਂ ਬਾਅਦ ਵੀ ਅੰਪਾਇਰ ਦਾ ਫੈਸਲਾ ਬਦਲਿਆ ਨਹੀਂ। ਹਾਰ ਕੇ ਨਿਰਾਸ਼ ਪੈਰਾਂ ਨਾਲ ਧੋਨੀ ਨੇ ਮੈਦਾਨ ਤੋਂ ਬਾਹਰ ਦਾ ਰਾਹ ਲਿਆ।

ਹੁਣ ਆਖ਼ਰੀ ਦੋ ਗੇਂਦਾ 'ਤੇ ਚੇਨੱਈ ਅਤੇ ਜਿੱਤ ਵਿਚਾਲੇ ਛੇ ਦੌੜਾਂ ਦਾ ਫਰਕ ਸੀ।

ਪੰਜਵੀਂ ਗੇਂਦ 'ਤੇ ਸੇਂਟਵਰ ਬੱਲਾ ਚਲਾਉਣ ਲਈ ਤਿਆਰ ਸਨ ਪਰ ਇਹ ਕੀ।

ਇਹ ਵੀ ਪੜ੍ਹੋ:

ਬੇਨ ਸਟੋਕਸ ਨੇ ਆਫ ਸਟੰਪ ਤੋਂ ਬਾਹਰ ਐਨੀ ਵਾਈਡ ਗੇਂਦ ਦਿੱਤੀ ਕਿ ਜੇਕਰ ਸੇਂਟਨਰ ਲੰਮੇ ਪੈ ਕੇ ਵੀ ਸ਼ੌਟ ਖੇਡਣਾ ਚਾਹੁੰਦੇ ਚਾਂ ਨਹੀਂ ਖੇਡ ਸਕਦੇ ਸੀ।

ਆਖ਼ਰੀ ਗੇਂਦ 'ਤੇ ਜਿੱਤ ਲਈ ਚਾਰ ਦੌੜਾਂ ਦੀ ਲੋੜ ਸੀ ਪਰ ਸੇਂਟਨਰ ਨੇ ਛੱਕਾ ਉਡਾ ਕੇ ਚੇਨੱਈ ਨੂੰ ਜਿੱਤ ਦੁਆ ਦਿੱਤੀ। ਸੇਂਟਨਰ 10 ਅਤੇ ਜਡੇਜਾ ਨੌ ਦੌੜਾਂ ਬਣਾ ਕੇ ਨਾਬਾਦ ਰਹੇ।

ਇਸ ਜਿੱਤ ਦੇ ਨਾਲ ਹੀ ਚੇਨੱਈ ਸੱਤ ਵਿੱਚੋਂ 6 ਜਿੱਤਾਂ ਅਤੇ ਇੱਕ ਹਾਰ ਅਤੇ 12 ਅੰਕਾਂ ਦੇ ਨਾਲ ਅੰਕ ਤਾਲਿਕਾ ਵਿੱਚ ਪਹਿਲੇ ਸਥਾਨ 'ਤੇ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)