ਨਮੋ ਟੀਵੀ 'ਤੇ ਬਿਨਾਂ ਮਨਜ਼ੂਰੀ ਨਹੀਂ ਦਿਖਾਈ ਜਾਵੇਗੀ ਕੋਈ ਚੋਣ ਸਮੱਗਰੀ- ਚੋਣ ਕਮਿਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਅਤੇ ਭਾਜਪਾ ਪੱਖੀ ਸਮੱਗਰੀ ਦਿਖਾਉਣ ਵਾਲੇ ਨਮੋ ਟੀਵੀ ਚੈੱਨਲ ਨੂੰ ਲੈ ਕੇ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੂੰ ਹੁਕਮ ਜਾਰੀ ਕੀਤੇ ਹਨ।

ਚੋਣ ਕਮਿਸ਼ਨ ਨੇ ਮੁੱਖ ਚੋਣ ਅਧਿਕਾਰੀ ਨੂੰ ਹੁਕਮ ਦਿੱਤਾ ਹੈ ਕਿ ਬਿਨਾਂ ਦੇਖੇ ਕਿਸੇ ਵੀ ਚੋਣ ਸਮੱਗਰੀ ਨੂੰ ਪ੍ਰਸਾਰਿਤ ਨਾ ਕੀਤਾ ਜਾਵੇ।

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਮੀਡੀਆ ਸਰਟੀਫਿਕੇਸ਼ਨ ਐਂਡ ਮੌਨੀਟਰਿੰਗ ਕਮੇਟੀ ਵੱਲੋਂ ਪਾਸ ਕੀਤੀ ਗਈ ਸਮੱਗਰੀ ਨੂੰ ਹੀ ਨਮੋ ਟੀਵੀ 'ਤੇ ਦਿਖਾਇਆ ਜਾਵੇ।

ਦਿੱਲੀ ਦੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ ਵਿੱਚ ਕਮਿਸ਼ਨ ਨੇ ਕਿਹਾ, "ਤੁਸੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਮੋ ਟੀਵੀ 'ਤੇ ਚੱਲਣ ਵਾਲੀ ਸਮੱਗਰੀ ਬਿਨਾਂ ਮੀਡੀਆ ਸਰਟੀਫਿਕੇਸ਼ਨ ਐਂਡ ਮੌਨੀਟਰਿੰਗ ਕਮੇਟੀ ਦੀ ਮਨਜ਼ੂਰੀ ਤੋਂ ਚਲਾਈ ਜਾ ਰਹੀ ਹੈ।"

ਚੋਣ ਕਮਿਸ਼ਨ ਨੇ ਕਿਹਾ ਕਿ ਨਮੋ ਟੀਵੀ ਇੱਕ ਸਿਆਸੀ ਪਾਰਟੀ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਸ 'ਤੇ ਦਿਖਾਈ ਜਾ ਰਹੀ ਸਿਆਸੀ ਸਮੱਗਰੀ ਦੇ ਸਾਰੇ ਰਿਕਾਰਡਡ ਪ੍ਰੋਗਰਾਮਾਂ ਅਤੇ ਸਿਆਸੀ ਮਸ਼ਹੂਰੀਆਂ ਸਬੰਧੀ ਮਨਜ਼ੂਰੀ ਲੈਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ:

ਇਸਦੇ ਨਾਲ ਹੀ ਕਮਿਸ਼ਨ ਨੇ ਕਿਹਾ ਕਿ ਦਿਖਾਈ ਜਾ ਰਹੀ ਅਜਿਹੀ ਸਿਆਸੀ ਪ੍ਰਚਾਰ ਦੀ ਸਮੱਗਰੀ ਜਿਸ ਲਈ ਇਜਾਜ਼ਤ ਨਾ ਲਈ ਗਈ ਹੋਵੇ, ਉਸ ਉੱਤੇ ਤੁਰੰਤ ਰੋਕ ਲਗਾ ਦਿੱਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਸਮੱਗਰੀ ਨੂੰ ਉਸਦੇ ਨਿਰਦੇਸ਼ਾਂ ਤਹਿਤ ਹੀ ਇਜਾਜ਼ਤ ਦਿੱਤੀ ਜਾਵੇ।

ਕਦੋਂ ਸ਼ੁਰੂ ਹੋਇਆ ਨਮੋ ਟੀਵੀ

ਭਾਜਪਾ ਨੇਤਾਵਾਂ ਦਾ ਕਹਿਣਾ ਸੀ ਕਿ ਨਮੋ ਟੀਵੀ ਨਮੋ ਐਪ ਦਾ ਹਿੱਸਾ ਹੈ ਪਰ ਬਾਅਦ ਵਿੱਚ 28 ਮਾਰਚ ਤੋਂ ਬਾਅਦ ਇਹ ਡੀਟੀਐੱਚ ਪਲੇਟਫਾਰਮ 'ਤੇ ਦਿਖਾਇਆ ਜਾਣ ਲੱਗਾ।

ਹਾਲਾਂਕਿ, ਬਾਅਦ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਨਮੋ ਟੀਵੀ ਦੀ ਸ਼ਿਕਾਇਤ ਕੀਤੀ। ਦੋਵਾਂ ਪਾਰਟੀਆਂ ਦਾ ਕਹਿਣਾ ਸੀ ਕਿ ਇਹ ਚੈੱਨਲ ਚੋਣ ਜ਼ਾਬਤੇ ਦਾ ਉਲੰਘਣ ਹੈ ਕਿਉਂਕਿ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਇਹ ਚੈੱਨਲ ਸ਼ੁਰੂ ਹੋਇਆ।

ਉੱਥੇ ਹੀ ਡੀਟੀਐੱਚ 'ਤੇ ਸਰਵਿਸ ਦੇਣ ਵਾਲੇ ਟਾਟਾ ਸਕਾਈ ਨੇ ਇਸ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਨਮੋ ਟੀਵੀ 'ਹਿੰਦੀ ਨਿਊਜ਼ ਚੈੱਨਲ' ਨਹੀਂ ਹੈ।

ਇਹ ਇੱਕ ਵਿਸ਼ੇਸ਼ ਸਹੂਲਤ ਹੈ ਜੋ ਇੰਟਰਨੈੱਟ ਜ਼ਰੀਏ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸਦੇ ਪ੍ਰਸਾਰਣ ਲਈ ਸਰਕਾਰੀ ਲਾਇਸੈਂਸ ਦੀ ਲੋੜ ਨਹੀਂ।

ਇਹ ਵੀ ਪੜ੍ਹੋ:

ਇਸ ਚੈਨਲ ਨੇ ਆਪਣੇ ਲੋਗੋ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਰਤੀ ਹੈ। ਇਹ ਟਾਟਾ ਸਕਾਈ, ਡਿਸ਼ ਟੀਵੀ ਅਤੇ ਕਈ ਹੋਰ ਪਲੇਟਫਾਰਮ ਉੱਤੇ ਦੇਖਿਆ ਜਾ ਸਕਦਾ ਹੈ।

ਕਈ ਲੋਕਾਂ ਨੇ ਇਸ ਉੱਤੇ ਇਤਰਾਜ਼ ਜਤਾਇਆ ਸੀ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਇਹ ਚੈਨਲ ਉਨ੍ਹਾਂ ਨੂੰ ਪਰੋਸਿਆ ਜਾ ਰਿਹਾ ਹੈ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)