ਜਲ੍ਹਿਆਂਵਾਲੇ ਬਾਗ ਦੀ 100 ਸਾਲਾ ਬਰਸੀ ਦਫ਼ਾ 144 ਥੱਲੇ ਮਨਾਈ ਜਾਵੇਗੀ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ 100 ਸਾਲਾ ਯਾਦ ਮਨਾਉਣ ਵਾਲਿਆਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਤੋਂ ਮਨਜ਼ੂਰੀ ਲੈਣੀ ਪਵੇਗੀ।

ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ ਸੌ ਸਾਲਾ ਬਰਸੀ ਤੋਂ ਪਹਿਲਾ ਅੰਮ੍ਰਿਤਸਰ ਪੁਲਿਸ ਨੇ ਜਿਲ੍ਹੇ ਵਿੱਚ ਦੋ ਮਹੀਨਿਆਂ ਲਈ ਦਫ਼ਾ 144 ਲਗਾ ਕੇ 4 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ।

ਇਹ ਹੁਕਮ ਡੀਸੀਪੀ ਭੁਪਿੰਦਰ ਸਿੰਘ ਵੱਲੋਂ 8 ਅਪ੍ਰੈਲ ਨੂੰ ਜਾਰੀ ਕੀਤੇ ਇਹ ਹੁਕਮ 7 ਜੂਨ ਤੱਕ ਲਾਗੂ ਰਹਿਣਗੇ।

ਧਿਆਨ ਦੇਣ ਯੋਗ ਹੈ ਕਿ ਸਾਲ 1919 ਵਿੱਚ ਜਦੋਂ ਜਲ੍ਹਿਆਂਵਾਲੇ ਬਾਗ ਦਾ ਖ਼ੂਨੀ ਸਾਕਾ ਵਾਪਰਿਆ ਸੀ, ਉਸ ਸਮੇਂ ਵੀ ਸ਼ਹਿਰ ਵਿੱਚ ਇਹੀ ਧਾਰਾ ਲਾਗੂ ਸੀ।

ਇਤਿਹਾਸ ਦੇ ਪ੍ਰੋਫੈਸਰ ਹਰੀਸ਼ ਸ਼ਰਮਾ ਨੇ ਦੱਸਿਆ ਕਿ ਉਸ ਸਮੇਂ 13 ਅਪ੍ਰੈਲ 1919 ਨੂੰ ਐਤਵਾਰ ਦੇ ਦਿਨ ਜਰਨਲ ਡਾਇਰ ਨੇ ਸਾਰੇ ਜਨਤਕ ਇਕੱਠਾਂ ਤੇ ਪਾਬੰਦੀ ਲਾ ਦਿੱਤੀ ਸੀ ਤੇ ਦਫ਼ਾ 144 ਲਾਗੂ ਕਰ ਦਿੱਤੀ ਸੀ। ਜਦਕਿ ਇਸ ਬਾਰੇ ਕੋਈ ਜਨਤਾ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

ਜਲ੍ਹਿਆਂਵਾਲੇ ਬਾਗ ਦੀ ਯਾਦ ਮਨਾਉਣ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਗੈਰ-ਸਰਕਾਰੀ ਸੰਗਠਨਾਂ ਦੇ ਆਗੂ ਪਹੁੰਚ ਰਹੇ ਹਨ।

ਦਫ਼ਾ 144 ਤਹਿਤ ਕਿਸੇ ਵੀ ਥਾਂ ਉੱਤੇ ਚਾਰ ਤੋਂ ਵਧੇਰੇ ਲੋਕਾਂ ਦੇ ਹਥਿਆਰ ਲੈ ਕੇ ਇਕੱਠੇ ਹੋਣ ਦੀ ਪਾਬੰਦੀ ਹੁੰਦੀ ਹੈ।

12 ਅਤੇ 13 ਅਪ੍ਰੈਲ ਨੂੰ ਵੱਖ-ਵੱਖ ਸੰਗਠਨਾਂ ਨੇ ਸੈਮੀਨਾਰਾਂ, ਰੈਲੀਆਂ ਅਤੇ ਜਲਸਿਆਂ ਦਾ ਬੰਦੋਬਸਤ ਕੀਤਾ ਹੋਇਆ ਹੈ।

ਨੌਜਵਾਨ ਭਾਰਤ ਸਭਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ, '' ਉਨ੍ਹਾਂ ਦੀ ਜਥੇਬੰਦੀ 13 ਅਪ੍ਰੈਲ ਨੂੰ ਕੰਪਨੀ ਬਾਗ ਤੋਂ ਜਲਿਆਂਵਾਲੇ ਬਾਗ ਤੱਕ ਮਾਰਚ ਕੱਢੇਗੀ। ਉਨ੍ਹਾਂ ਦੱਸਿਆ ਕਿ ਸਾਨੂੰ ਧਾਰਾ 144 ਬਾਰੇ ਜਾਣਕਾਰੀ ਹੈ ਅਤੇ ਅਸੀਂ ਆਪਣੇ ਪ੍ਰੋਗਰਾਮ ਬਾਰੇ ਜਿਲ੍ਹ ਪ੍ਰਸ਼ਾਸ਼ਨ ਨੂੰ ਜਾਣਕਾਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)