ਘਰੇਲੂ ਹਿੰਸਾ ਤੋਂ ਪਰੇਸ਼ਾਨ ਇਸ ਪੰਜਾਬਣ ਨੇ ਆਪਣੇ ਪਤੀ ਨੂੰ ਅੱਗ ਲਾ ਦਿੱਤੀ ਸੀ

1989 ਦੀ ਗੱਲ ਹੈ, ਜਦੋਂ ਦੀਪਕ ਆਹਲੂਵਾਲੀਆ ਨੇ ਆਪਣੀ ਪਤਨੀ ਦੇ ਚਿਹਰੇ 'ਤੇ ਕੱਪੜਿਆਂ ਨੂੰ ਇਸਤਰੀ ਕਰਨ ਵਾਲੀ ਪ੍ਰੈੱਸ ਲਗਾ ਦਿੱਤੀ। ਉਸ ਨਾਲ ਉਨ੍ਹਾਂ ਦਾ ਚਿਹਰਾ ਸੜ ਗਿਆ ਤੇ ਨਿਸ਼ਾਨ ਰਹਿ ਗਿਆ।

ਕਿਰਨਜੀਤ ਆਹਲੂਵਾਲੀਆ ਕਈ ਸਾਲਾਂ ਤੋਂ ਆਪਣੇ ਪਤੀ ਦੇ ਹੱਥੋਂ ਹਿੰਸਾ ਸਹਿ ਰਹੀ ਸੀ ਪਰ ਇਹ ਘਟਨਾ ਬਰਦਾਸ਼ਤ ਤੋਂ ਬਾਹਰ ਹੋ ਗਈ।

30 ਸਾਲਾਂ ਬਾਅਦ ਕਿਰਨਜੀਤ ਨੇ ਬੀਬੀਸੀ ਨੂੰ ਦੱਸਿਆ, ''ਮੈਂ ਉਸ ਰਾਤ ਸੌਂ ਨਹੀਂ ਸਕੀ ਸੀ, ਇੰਨੀ ਬੁਰੀ ਤਰ੍ਹਾਂ ਰੋ ਰਹੀ ਸੀ, ਮਾਨਸਿਕ ਤੇ ਸਰੀਰਕ ਤੌਰ 'ਤੇ ਦਰਦ ਵਿੱਚ ਸੀ।''

''ਮੈਂ ਉਸਨੂੰ ਮਾਰਨਾ ਚਾਹੁੰਦੀ ਸੀ, ਉਸੇ ਤਰ੍ਹਾਂ ਜਿਵੇਂ ਉਸਨੇ ਮੈਨੂੰ ਮਾਰਿਆ ਸੀ। ਤਾਂ ਜੋ ਉਹ ਵੀ ਉਹੀ ਦਰਦ ਮਹਿਸੂਸ ਕਰੇ ਜੋ ਮੈਂ ਕਰ ਰਹੀ ਸੀ। ਮੈਂ ਕੁਝ ਹੋਰ ਨਹੀਂ ਸੋਚਿਆ, ਮੇਰਾ ਦਿਮਾਗ ਬੰਦ ਹੋ ਗਿਆ ਸੀ।''

ਇਹ ਵੀ ਪੜ੍ਹੋ:

ਉਸ ਰਾਤ ਜਦ ਦੀਪਕ ਸੌਂ ਗਿਆ, ਕਿਰਨਜੀਤ ਨੇ ਉਸਦੇ ਪੈਰ ਪੈਟਰੋਲ 'ਚ ਪਾਏ ਤੇ ਅੱਗ ਲਾ ਦਿੱਤੀ ਤੇ ਆਪਣੇ ਬੇਟੇ ਨੂੰ ਲੈ ਕੇ ਘਰੋਂ ਬਾਹਰ ਭੱਜ ਗਈ।

ਉਨ੍ਹਾਂ ਕਿਹਾ, ''ਮੈਂ ਸੋਚਿਆ ਉਸਦੇ ਪੈਰ ਸਾੜ ਦਿੰਦੀ ਹਾਂ ਤਾਂ ਜੋ ਉਹ ਮੇਰੇ ਪਿੱਛੇ ਭੱਜੇ ਨਾ। ਉਸ ਨੂੰ ਨਿਸ਼ਾਨ ਦਵਾਂਗੀ ਤਾਂ ਉਹ ਹਮੇਸ਼ਾ ਯਾਦ ਰੱਖੇ ਕਿ ਉਸਨੇ ਮੇਰੇ ਨਾਲ ਕੀ ਕੀਤਾ ਸੀ। ਜਦ ਵੀ ਆਪਣੇ ਪੈਰ 'ਤੇ ਨਿਸ਼ਾਨ ਵੇਖੇਗਾ, ਮੈਨੂੰ ਯਾਦ ਰੱਖੇਗਾ।''

ਕਿਰਨਜੀਤ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਮਾਰਨਾ ਨਹੀਂ ਚਾਹੁੰਦੀ ਸੀ। ਪਰ 10 ਦਿਨਾਂ ਬਾਅਦ, ਦੀਪਕ ਦੀ ਮੌਤ ਹੋ ਗਈ।

ਉਸੇ ਸਾਲ ਦਸੰਬਰ 'ਚ ਕਿਰਨਜੀਤ ਨੂੰ ਕਤਲ ਦੇ ਇਲਜ਼ਾਮ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਕਿਰਨਜੀਤ ਦਾ ਜਨਮ ਪੰਜਾਬ 'ਚ ਹੋਇਆ ਸੀ। ਉਹ 16 ਸਾਲ ਦੀ ਸਨ ਜਦ ਉਨ੍ਹਾਂ ਦੇ ਮਾਪੇ ਗੁਜ਼ਰ ਗਏ। ਨੌਂ ਭੈਣ ਭਰਾਵਾਂ ਵਿੱਚੋਂ ਉਹ ਸਭ ਤੋਂ ਛੋਟੀ ਸੀ ਤੇ ਵੱਡਿਆਂ ਤੋਂ ਬੇਹੱਦ ਪਿਆਰ ਮਿਲਿਆ।

ਪਰ ਉਮਰ ਦੇ ਨਾਲ ਵਿਆਹ ਦਾ ਦਬਾਅ ਵਧਦਾ ਗਿਆ।

ਕਿਰਨਜੀਤ ਨੇ ਕਿਹਾ, ''ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਇਸਲਈ ਆਪਣੀ ਭੈਣ ਕੋਲ੍ਹ ਕੈਨੇਡਾ ਚਲੀ ਗਈ। ਮੈਂ ਭਾਰਤ 'ਚ ਵਿਆਹ ਕਰਵਾਕੇ ਆਪਣੀਆਂ ਭਾਬੀਆਂ ਵਾਂਗ ਬੱਚੇ ਨਹੀਂ ਚਾਹੁੰਦੀ ਸੀ। ਮੈਂ ਕੰਮ ਕਰਨਾ ਚਾਹੁੰਦੀ ਸੀ, ਕਮਾਉਣਾ ਚਾਹੁੰਦੀ ਸੀ ਤੇ ਆਪਣੀ ਜ਼ਿੰਦਗੀ ਜੀਣਾ ਚਾਹੁੰਦੀ ਸੀ।''

ਇਹ ਵੀ ਪੜ੍ਹੋ:

ਪਰ ਉਨ੍ਹਾਂ ਦੀ ਇੰਗਲੈਂਡ ਵਾਲੀ ਭੈਣ ਨੇ ਉਨ੍ਹਾਂ ਲਈ ਇੱਕ ਰਿਸ਼ਤਾ ਲੱਭਿਆ। ਉਨ੍ਹਾਂ ਕਿਹਾ, ''ਉਹ ਮੈਨੂੰ ਕੈਨੇਡਾ ਵੇਖਣ ਆਏ ਸੀ। ਅਸੀਂ ਪੰਜ ਮਿੰਟਾਂ ਲਈ ਗੱਲ ਕੀਤੀ ਤੇ ਮੈਂ ਹਾਂ ਕਹਿ ਦਿੱਤੀ। ਮੈਂ ਜਾਣਦੀ ਸੀ ਕਿ ਵਿਆਹ ਤੋਂ ਬੱਚ ਨਹੀਂ ਸਕਦੀ, ਮੇਰੀ ਆਜ਼ਾਦੀ ਖਤਮ ਹੋ ਗਈ ਸੀ।''

ਆਪਣੇ ਪਤੀ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, ''ਉਹ ਬੇਹੱਦ ਹੈਂਡਸਮ ਅਤੇ ਮਨਮੋਹੀ ਸੀ। ਪਰ ਉਸ ਨੂੰ ਕਦੇ ਵੀ ਗੁੱਸਾ ਆ ਜਾਂਦਾ ਸੀ, ਇੱਕ ਪਲ ਬਹੁਤ ਵਧੀਆ ਸੀ ਤੇ ਦੂਜੇ ਪਲ ਬੇਹੱਦ ਖ਼ਤਰਨਾਕ।''

ਸੋਨੇ ਦੀ ਅੰਗੂਠੀ

ਕਿਰਨਜੀਤ ਨੇ ਦੱਸਿਆ ਕਿ ਵਿਆਹ ਦੇ ਪਹਿਲੇ ਦਿਨ ਤੋਂ ਹੀ ਹਿੰਸਾ ਸ਼ੁਰੂ ਹੋ ਗਈ ਸੀ।

ਉਨ੍ਹਾਂ ਕਿਹਾ, ''ਜਦੋਂ ਵੀ ਗੁੱਸਾ ਆਉਂਦਾ, ਚੀਕਣਾ, ਗਾਲ੍ਹਾਂ ਕੱਢਣਾ, ਚੀਜ਼ਾਂ ਸੁੱਟਣਾ, ਧੱਕੇ ਮਾਰਨਾ ਤੇ ਚਾਕੂਆਂ ਨਾਲ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੰਦਾ ਸੀ। ਕਈ ਵਾਰ ਉਹ ਮੇਰਾ ਗਲਾ ਘੋਟਦਾ ਸੀ। ਮੈਂ ਕਈ ਦਿਨਾਂ ਤੱਕ ਕੁਝ ਨਹੀਂ ਬੋਲ ਪਾਉਂਦੀ ਸੀ।''

''ਮੈਨੂੰ ਯਾਦ ਹੈ ਉਸਦੇ ਜਨਮਦਿਨ 'ਤੇ ਮੈਂ ਜ਼ਿਆਦਾ ਦੇਰ ਲਈ ਕੰਮ ਕਰਕੇ ਉਸਦੇ ਲਈ ਸੋਨੇ ਦੀ ਅੰਗੂਠੀ ਲੈ ਕੇ ਆਈ ਸੀ। ਉਸੇ ਹਫਤੇ ਉਸ ਨੂੰ ਗੁੱਸਾ ਆਇਆ ਅਤੇ ਉਸ ਨੇ ਅੰਗੂਠੀ ਨਾਲ ਮੇਰਾ ਦੰਦ ਤੋੜ ਦਿੱਤਾ। ਮੇਰੇ ਮੁੰਹ 'ਤੇ ਮੁੱਕਾ ਮਾਰਿਆ ਸੀ।''

ਕਿਰਨਜੀਤ ਨੇ ਕਿਹਾ ਕਿ ਜਦ ਵੀ ਮੈਂ ਭੱਜਣ ਦੀ ਕੋਸ਼ਿਸ਼ ਕਰਦੀ, ਉਹ ਮੈਨੂੰ ਲੱਭ ਕੇ ਲੈ ਆਉਂਦਾ ਅਤੇ ਬਹੁਤ ਮਾਰਦਾ।

ਵਿਆਹ ਦੇ ਪੰਜ ਸਾਲਾਂ ਬਾਅਦ, ਕਿਰਨਜੀਤ ਭਾਰਤ ਆਈ ਤਾਂ ਉਸਨੇ ਆਪਣੇ ਭਰਾ ਨੂੰ ਇਸ ਬਾਰੇ ਦੱਸਿਆ।

ਉਸਦਾ ਪਰਿਵਾਰ ਦੁਖੀ ਸੀ ਪਰ ਪਤੀ ਦੇ ਮੁਆਫੀ ਮੰਗਣ 'ਤੇ ਉਸਨੂੰ ਵਾਪਸ ਘਰ ਪਰਤਨ ਦੀ ਸਲਾਹ ਦਿੱਤੀ।

ਕੁਝ ਮਹੀਨਿਆਂ ਬਾਅਦ, ਸ਼ੋਸ਼ਣ ਫਿਰ ਸ਼ੁਰੂ ਹੋ ਗਿਆ। ਦੀਪਕ ਵਿਆਹ ਤੋਂ ਬਾਹਰ ਦੂਜੀਆਂ ਔਰਤਾਂ ਨਾਲ ਸਬੰਧ ਬਣਾਉਣ ਲੱਗਿਆ ਅਤੇ ਪਤਨੀ ਕਿਰਨਜੀਤ ਤੋਂ ਪੈਸੇ ਮੰਗਣ ਲੱਗਿਆ।

ਉਮਰ ਕੈਦ ਦੀ ਸਜ਼ਾ

ਕਿਰਨਜੀਤ ਨੇ ਕਿਹਾ, ''ਮੈਂ ਭੱਜ ਨਹੀਂ ਸਕਦੀ ਸੀ, ਤਲਾਕ ਨਹੀਂ ਲੈ ਸਕਦੀ ਸੀ। ਬੱਚਾ ਕਰਨ ਦਾ ਦਬਾਅ ਸੀ, ਹਰ ਕਿਸੇ ਨੇ ਕਿਹਾ, ਬੱਚੇ ਤੋਂ ਬਾਅਦ ਉਹ ਬਦਲ ਜਾਏਗਾ, ਜ਼ਿੰਮੇਵਾਰ ਹੋ ਜਾਵੇਗਾ।''

''ਪਰ ਕੁਝ ਵੀ ਨਹੀਂ ਬਦਲਿਆ, ਉਹ ਹੋਰ ਖ਼ਤਰਨਾਕ ਹੋ ਗਿਆ।''

ਜਦੋਂ ਕਿਰਨਜੀਤ ਦੀ ਸੁਣਵਾਈ ਹੋਈ ਤਾਂ ਉਸ ਨਾਲ ਹੋਏ ਸ਼ੋਸ਼ਣ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸਜ਼ਾ ਸੁਣਕੇ ਉਸਨੂੰ ਬੇਹੱਦ ਗੁੱਸਾ ਆਇਆ।

ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਆਪਣੇ ਪਤੀ ਦੇ ਹੋਰ ਔਰਤਾਂ ਦੇ ਸਬੰਧ ਕਾਰਨ ਉਹ ਸੜਦੀ ਸੀ ਅਤੇ ਲੜਾਈ ਤੋਂ ਬਾਅਦ ਉਸ ਕੋਲ੍ਹ ਸਹੀ ਫੈਸਲੇ ਬਾਰੇ ਸੋਚਣ ਦਾ ਜ਼ਿਆਦਾ ਸਮਾਂ ਨਹੀਂ ਸੀ।

ਉਨ੍ਹਾਂ ਕਿਹਾ, ''ਮੈਨੂੰ ਬਰਤਾਨਵੀ ਕਾਨੂੰਨ 'ਤੇ ਪੂਰਾ ਭਰੋਸਾ ਸੀ। ਮੈਂ ਸੋਚਦੀ ਸੀ ਕਿ ਉਹ ਇੱਕ ਮੌਡਰਨ ਕਾਨੂੰਨ ਹੈ ਅਤੇ ਮੈਂ ਕਿੰਨਾ ਸਹਿਣ ਕੀਤਾ ਹੈ, ਇਸ ਗੱਲ ਨੂੰ ਸਮਝੇਗਾ।''

ਜੇਲ੍ਹ ਵਿੱਚ ਰਹਿਣ ਬਾਰੇ ਕਿਰਨਜੀਤ ਨੇ ਕਿਹਾ ਕਿ ਉਹ ਆਜ਼ਾਦ ਮਹਿਸੂਸ ਕਰਦੀ ਸੀ, ਆਪਣੇ ਪਤੀ ਤੋਂ ਦੂਰ।

ਉਹ ਬੈਡਮਿੰਟਨ ਖੇਡਦੀ ਸੀ, ਅੰਗਰੇਜ਼ੀ ਪੜ੍ਹਦੀ ਸੀ ਤੇ ਕਿਤਾਬ ਵੀ ਲਿਖੀ ਜਿਸ ਤੋਂ ਬਾਅਦ ਉਸ 'ਤੇ ਫਿਲਮ ਵੀ ਬਣਾਈ ਗਈ।

ਬਲੈਕ ਅਤੇ ਏਸ਼ੀਆਈ ਔਰਤਾਂ ਲਈ ਲੜਣ ਵਾਲੀ ਇੱਕ ਸੰਸਥਾ 'ਸਾਊਥਹਾਲ ਬਲੈਕ ਸਿਸਟਰਜ਼' ਨੇ ਇਹ ਕੇਸ ਚੁੱਕਿਆ।

ਚੈਰਿਟੀ ਦੀ ਡਾਇਰੈਕਟਰ ਪ੍ਰਗਨਾ ਪਟੇਲ ਨੇ ਕਿਹਾ, ''ਅਸੀਂ ਉਸ ਵੇਲੇ ਉਸਦੇ ਵਕੀਲਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਕਿਉਂ ਹਿੰਸਾ ਭਰੇ ਵਿਆਹ ਨੂੰ ਛੱਡਣਾ ਨਹੀਂ ਚਾਹੇਗਾ। ਪਰ ਕੋਰਟ ਨੇ ਨਹੀਂ ਸੁਣੀ ਅਤੇ ਵਕੀਲ ਵੀ ਦਿਲਚਸਪੀ ਨਹੀਂ ਵਿਖਾ ਰਹੇ ਸਨ।''

ਲਗਾਤਾਰ ਅੰਦੋਲਨ ਤੋਂ ਬਾਅਦ 1992 ਵਿੱਚ ਕਿਰਨਜੀਤ ਦੀ ਅਰਜ਼ੀ ਮੰਨੀ ਗਈ। ਕੋਰਟ ਨੇ ਕਿਰਨਜੀਤ ਦੇ ਲੰਮੇ ਡਿੱਪਰੈਸ਼ਨ ਬਾਰੇ ਵੀ ਸੁਣਿਆ।

ਸੁਣਵਾਈ ਮੁੜ ਹੋਈ ਤੇ ਇਸ ਵਾਰ ਉਨ੍ਹਾਂ ਨੂੰ ਤਿੰਨ ਸਾਲ ਤੇ ਚਾਰ ਮਹੀਨਿਆਂ ਦੀ ਕੈਦ ਸੁਣਾਈ ਗਈ, ਉਹ ਸਮਾਂ ਜੋ ਉਹ ਪਹਿਲਾਂ ਹੀ ਕੱਟ ਚੁੱਕੀ ਸੀ। ਉਨ੍ਹਾਂ ਨੂੰ ਤੁਰੰਤ ਛੱਡ ਦਿੱਤਾ ਗਿਆ। ਕੋਰਟ ਨੇ ਮੰਨਿਆ ਕਿ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਸਮੇਂ ਦੇ ਨਾਲ ਅਜਿਹਾ ਕਰ ਸਕਦੀ ਹਨ।

ਇਹ ਵੀ ਪੜ੍ਹੋ:

ਇਸ ਨਾਲ ਇਹ ਵੀ ਸੁਨੇਹਾ ਗਿਆ ਕਿ ਔਰਤਾਂ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਕੇ ਕਤਲ ਕਰਦੀਆਂ ਹਨ ਉਨ੍ਹਾਂ ਨੂੰ ਕਾਤਲ ਨਹੀਂ ਮੰਨਣਾ ਚਾਹੀਦਾ ਹੈ।

ਪ੍ਰਗਨਾ ਨੇ ਕਿਹਾ, ''ਅਸੀਂ ਆਪਣੇ ਭਾਈਚਾਰੇ ਦੀ ਸੋਚ ਬਦਲਣ 'ਚ ਕਾਮਯਾਬ ਹੋਏ। ਲੋਕ ਕਿਰਨਜੀਤ ਨੂੰ ਮਾੜਾ ਕਹਿਣ ਦੀ ਥਾਂ ਉਸਨੂੰ ਹੀਰੋ ਮੰਨ ਰਹੇ ਸੀ।''

''ਦੇਸ ਦੇ ਇਤਿਹਾਸ ਵਿੱਚ ਔਰਤਾਂ ਦੇ ਹਿੰਸਾ ਖਿਲਾਫ ਸੰਘਰਸ਼ ਲਈ ਇਹ ਅਹਿਮ ਘਟਨਾ ਸੀ, ਖਾਸ ਕਰ ਕੇ ਘਟਗਿਣਤੀ ਔਰਤਾਂ ਲਈ।''

ਕਿਰਨਜੀਤ ਦੀ ਜ਼ਿੰਦਗੀ 'ਤੇ ਬਣੀ ਫਿਲਮ

ਸਾਊਥਹਾਲ ਬਲੈਕ ਸਿਸਟਰਜ਼ ਦੀ 40ਵੇਂ ਵਰ੍ਹੇਗੰਢ ਮੌਕੇ ਕਿਰਨਜੀਤ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਪ੍ਰਵੋਕਡ' ਵਿਖਾਈ ਗੀ ਜੋ ਕਿ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਦਾ ਹਿੱਸਾ ਸੀ।

ਪ੍ਰਗਨਾ ਮੁਤਾਬਕ ਘੱਟ-ਗਿਣਤੀਆਂ ਵਿੱਚ ਔਰਤਾਂ ਖਿਲਾਫ ਹਿੰਸਾ ਵਧੀ ਹੈ। ਉਨ੍ਹਾਂ ਕਿਹਾ, ''ਇਹ ਇਸਲਈ ਹੋ ਰਿਹਾ ਹੈ ਕਿ ਹੋਰ ਔਰਤਾਂ ਸ਼ਿਕਾਇਤ ਕਰ ਰਹੀਆਂ ਹਨ ਜਾਂ ਵੈਸੇ ਹੀ ਵੱਧ ਗਿਆ ਹੈ, ਇਹ ਕਹਿਣਾ ਔਖਾ ਹੈ।''

ਕਿਰਨਜੀਤ ਖੁਸ਼ ਹਨ ਕਿ ਉਨ੍ਹਾਂ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ ਹੈ। ਉਨ੍ਹਾਂ ਕਿਹਾ, ''ਮੈਂ ਮਿਹਨਤ ਕਰਦੀ ਹਾਂ, ਨੌਕਰੀ ਕਰਦੀ ਹਾਂ, ਮੇਰੇ ਦੋਵੇਂ ਬੇਟੇ ਗ੍ਰੈਜੁਏਟ ਹਨ ਤੇ ਮੈਂ ਹੁਣ ਇੱਕ ਦਾਦੀ ਹਾਂ।''

''ਪੁਰਾਣਾ ਸਮਾਂ ਇੱਕ ਬੁਰੇ ਸੁਪਨੇ ਵਾਂਗ ਜਾਪਦਾ ਹੈ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)