IPL 2019: ਅਲਜ਼ਰੀ ਜੋਸਫ, ਕੌਣ ਹੈ ਇਹ ਮੁੰਬਈ ਇੰਡੀਅਨਜ਼ ਦਾ ਤੁਫਾਨੀ ਗੇਂਦਬਾਜ਼

    • ਲੇਖਕ, ਆਦੇਸ਼ ਕੁਮਾਰ ਗੁਪਤ
    • ਰੋਲ, ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ

ਸ਼ਨਿੱਚਰਵਾਰ ਨੂੰ ਆਈਪੀਐਲ-12 'ਚ ਮੁੰਬਈ ਇੰਡੀਅਨਜ਼ ਨੇ ਆਪਣੇ ਨਵੇਂ ਤੇਜ਼ ਗੇਂਦਬਾਜ਼ ਵੈਸਟ ਇੰਡੀਜ਼ ਦੇ ਅਲਜ਼ਰੀ ਜੋਸਫ ਦੀ ਤੂਫ਼ਾਨੀ ਗੇਂਦਬਾਜ਼ੀ ਦੇ ਦਮ 'ਤੇ ਹੈਦਰਾਬਾਦ ਨੂੰ ਉਸੇ ਦੇ ਘਰ 40 ਦੌੜਾਂ ਨਾਲ ਕਰਾਰੀ ਮਾਤ ਦਿੱਤੀ।

ਜਿੱਤਣ ਲਈ 137 ਦੌੜਾਂ ਦੀ ਤਲਾਸ਼ 'ਚ ਪੂਰੀ ਹੈਦਰਾਬਾਦੀ ਟੀਮ 17.4 ਓਵਰ 'ਚ ਹੀ ਮਹਿਜ਼ 96 ਦੌੜਾਂ 'ਤੇ ਢੇਰ ਹੋ ਗਈ।

ਹੈਦਰਾਬਾਦ ਦੇ ਦੀਪਕ ਹੁਡਾ ਨੇ 20, ਜੌਨੀ ਬੇਅਰਸਟੋ ਨੇ 16 ਅਤੇ ਡੇਵਿਡ ਵਾਰਨਰ ਨੇ 15 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਮੁੰਬਈ ਨੇ ਕਿਰੇਨ ਪੋਲਾਰਡ ਦੀਆਂ ਨਾਬਾਦ 46 ਦੌੜਾਂ ਦੀ ਮਦਦ ਨਾਲ 20 ਓਵਰਾਂ 'ਚ 7 ਵਿਕਟਾਂ ਗੁਆ ਕੇ 136 ਦੌੜਾਂ ਬਣਾਈਆਂ।

ਜੋਸਫ ਨੇ ਕਿੰਨੀ ਖ਼ਤਰਨਾਕ ਗੇਂਦਬਾਜ਼ੀ ਕੀਤੀ ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ 3.4 ਓਵਰਾਂ 'ਚ ਕੇਵਲ 12 ਦੌੜਾਂ ਦੇ ਕੇ 6 ਵਿਕਟ ਲਈਆਂ।

ਇਸ ਤਰ੍ਹਾਂ ਨਾਲ ਜੋਸਫ਼ ਨੇ ਆਈਪੀਐਲ 'ਚ ਇੱਕ ਹੀ ਮੈਚ 'ਚ ਸਭ ਤੋਂ ਵਧੀਆ ਗੇਂਦਬਾਜ਼ੀ ਕਰਨ ਦਾ 11 ਸਾਲ ਦਾ ਪੁਰਾਨਾ ਰਿਕਾਰਡ ਤੋੜਿਆ ਹੈ।

ਇਸ ਤੋਂ ਪਹਿਲਾਂ ਇਹ ਰਿਕਾਰਡ ਰਾਜਸਥਾਨ ਰਾਇਲਜ਼ ਵੱਲੋਂ ਖੇਡੇ ਗਏ ਪਾਕਿਸਤਾਨੀ ਗੇਂਦਬਾਜ਼ ਸੋਹੇਲ ਤਨਵੀਰ ਦਾ ਨਾਮ ਸੀ, ਜਿਨ੍ਹਾਂ ਨੇ ਚੇਨਈ ਸੁਪਰਕਿੰਗਜ਼ ਦੇ ਖ਼ਿਲਾਫ਼ ਚਾਰ ਓਵਰਾਂ 'ਚ ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ।

ਜੋਸਫ ਦੀ ਇਹ ਪੇਸ਼ਕਾਰੀ ਆਈਪੀਐਲ ਦੇ ਇਤਿਹਾਸ 'ਚ ਕਿਸੇ ਵੀ ਗੇਂਦਬਾਜ਼ ਦਾ ਆਪਣਾ ਪਹਿਲੇ ਹੀ ਮੈਚ ਵਿੱਚ ਕੀਤਾ ਗਿਆ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਹੈ।

ਸਟੈਂਡਿੰਗ ਓਵੇਸ਼ਨ

ਜੋਸਫ ਦਾ ਜਲਵਾ ਦੇਖਣ ਤੋਂ ਬਾਅਦ ਜਿਵੇਂ ਦੀ ਮੈਚ ਖ਼ਤਮ ਹੋਇਆ ਤਾਂ ਉਨ੍ਹਾਂ ਦੇ ਦੇਸਵਾਸੀ ਕਿਰੇਨ ਪੋਲਾਰਡ ਨੇ ਉਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਲਿਆ।

ਇੰਨਾ ਹੀ ਨਹੀਂ, ਇਸ ਮੈਚ ਦੀ ਟੈਲੀਵਿਜ਼ਨ ਲਈ ਕਮੈਂਟਰੀ ਕਰ ਰਹੇ ਕੇਵਿਨ ਪੀਟਰਸਨ, ਡੀਨ ਜੋਂਸ ਅਤੇ ਸਕੌਟ ਸਟਾਈਰਿਸ ਨੇ ਖੜੇ ਹੋ ਕੇ ਉਨ੍ਹਾਂ ਨੂੰ ਸਨਮਾਨ ਦਿੱਤੀ।

ਇਹ ਵੀ ਪੜ੍ਹੋ-

ਜੋਸਫ਼ ਦਾ ਸ਼ਿਕਾਰ ਬਣਨ ਵਾਲੇ ਖਿਡਾਰੀਆਂ 'ਚ ਅਜੇ ਤੱਕ ਆਪਣੇ ਬੱਲਿਆਂ ਨਾਲ ਗੇਂਦਾਬਾਜ਼ਾਂ ਦੀ ਜੰਮ ਕੇ ਖ਼ਬਰ ਲੈਂਦੇ ਆ ਰਹੇ ਡੇਵਿਡ ਵਾਰਨਰ, ਵਿਜੇ ਸ਼ੰਕਰ, ਦੀਪਕ ਹੁਡਾ, ਰਾਸ਼ਿਦ ਖ਼ਾਨ, ਹੈਦਰਾਬਾਦ ਦੇ ਕਪਤਾਨ ਭੁਵਨੇਸ਼ਵਰ ਕੁਮਾਰ ਅਤੇ ਸਿਧਾਰਥ ਕੌਲ ਰਹੇ।

ਬਾਅਦ ਵਿੱਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਕਿਹਾ, "ਜੋਸਫ਼ ਦਾ ਪ੍ਰਦਰਸ਼ਨ ਸਨਸਨੀਖੇਜ ਰਿਹਾ। ਉਨ੍ਹਾਂ ਨੇ ਪਹਿਲੇ ਹੀ ਮੈਚ 'ਚ 6 ਵਿਕਟ ਲਈਆਂ। ਉਨ੍ਹਾਂ ਨੂੰ ਵੈਸਟ ਇੰਡੀਜ਼ ਲਈ ਟੈਸਟ ਅਤੇ ਇਸ ਰੋਜ਼ਾ ਕ੍ਰਿਕਟ ਖੇਡਣ ਦਾ ਲਾਭ ਵੀ ਮਿਲਿਆ।"

ਅਲਜ਼ਰੀ ਜੋਸਫ ਨੂੰ ਇਸ ਸ਼ਾਨਦਾਰ ਗੇਂਦਾਬਾਜ਼ੀ ਦਾ ਇਨਾਮ ਮੈਨ ਆਫ ਦਿ ਮੈਚ ਵਜੋਂ ਮਿਲਿਆ।

ਕੌਣ ਹੈ ਜੋਸਫ਼

ਵੈਸਟ ਇੰਡੀਜ਼ ਜੇ ਅਲਜ਼ਰੀ ਜੋਸਫ਼ ਇਸ ਸਾਲ ਫਰਵਰੀ 'ਚ ਉਸ ਵੇਲੇ ਚਰਚਾ 'ਚ ਰਹੇ ਸਨ ਜਦੋਂ ਇੰਗਲੈਂਡ ਦੇ ਐਂਟਿਗਵਾ 'ਚ ਖੇਡੇ ਜਾ ਰਹੇ ਟੈਸਟ ਮੈਚ ਦੌਰਾਨ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਪਰ ਉਨ੍ਹਾਂ ਨੇ ਖੇਡਣਾ ਜਾਰੀ ਰੱਖਿਆ ਸੀ।

ਅਲਜ਼ਰੀ ਜੋਸਫ਼ ਸਾਲ 2016 'ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ 'ਚ ਕ੍ਰਿਕਟ ਟੂਰਨਾਮੈਂਟ ਜਿੱਤਣ ਵਾਲੀ ਵੈਸਟ ਇੰਡੀਜ਼ ਟੀਮ ਦੇ ਮੈਂਬਰ ਵੀ ਰਹੇ ਹਨ।

ਉਦੋਂ ਫਾਈਨਲ 'ਚ ਵੈਸਟ ਇੰਡੀਜ਼ ਨੇ ਭਾਰਤ ਨੂੰ ਹੀ ਤਿੰਨ ਗੇਂਦਾਂ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾਇਆ ਸੀ। ਵੈਸਟ ਇੰਡੀਜ਼ ਨੇ ਜਿੱਤਣ ਲਈ 146 ਦੌੜਾਂ ਦਾ ਟੀਚਾ 49.3 ਓਵਰਾਂ 'ਚ 5 ਵਿਕਟਾਂ ਗੁਆ ਕੇ ਹਾਸਿਲ ਕੀਤਾ ਸੀ।

ਉਸ ਮੈਚ 'ਚ ਅਲਜ਼ਰੀ ਜੋਸਫ਼ ਨੇ 39 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ ਸਨ, ਜਿਸ ਕਾਰਨ ਅੰਡਰ-19 ਭਾਰਤ ਟੀਮ 45.1 ਓਵਰਾਂ 'ਚ ਕੇਵਲ 145 ਦੌੜਾਂ ਬਣਾ ਕੇ ਪਵੈਲੀਅਨ ਮੁੜ ਗਈ ਸੀ।

ਇਹ ਵੀ ਪੜ੍ਹੋ-

ਅਲਜ਼ਰੀ ਜੋਸਫ਼ ਲਈ ਆਈਪੀਐਲ ਖੇਡਣ ਦਾ ਰਸਤਾ ਉਦੋਂ ਸਾਫ਼ ਹੋਇਆ ਜਦੋਂ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਐਡਮ ਮਿਲਨੇ ਸੱਟ ਕਾਰਨ ਸੀਜ਼ਨ ਤੋਂ ਬਾਹਰ ਹੋ ਗਏ ਅਤੇ ਉਨ੍ਹਾਂ ਦੀ ਥਾਂ ਜੋਸਫ਼ ਨੂੰ ਮਿਲ ਗਈ ਸੀ। ਜੋਸਫ਼ ਨੂੰ ਮੁੰਬਈ ਇੰਡੀਅਨਜ਼ ਨੇ ਕੇਵਲ 75 ਲੱਖ ਰੁਪਏ 'ਚ ਖਰੀਦਿਆ ਸੀ।

ਸ਼ਨਿੱਚਰਵਾਰ ਨੂੰ ਜੋਸਫ਼ ਨੂੰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਥਾਂ ਟੀਮ 'ਚ ਥਾਂ ਮਿਲੀ ਸੀ।

ਪੋਲਾਰਡ ਵੀ ਚਮਕੇ

ਅਲਜ਼ਰੀ ਜੋਸਫ਼ ਦੀ ਸ਼ਾਨਦਾਰ ਗੇਂਦਬਾਜ਼ੀ ਵਿਚਾਲੇ ਜੇਕਰ ਕਿਰੇਨ ਪੋਲਾਰਡ ਦੀ ਨਾਬਾਦ 46 ਦੌੜਾਂ ਦੀ ਪਾਰੀ ਨੂੰ ਛੱਡ ਦਿੱਤਾ ਜਾਵੇ ਤਾਂ ਮੁੰਬਈ ਇੰਡੀਅਨਜ਼ ਮੁਸ਼ਕਿਲ 'ਚ ਪੈ ਜਾਂਦੀ।

ਇਹ ਉਨ੍ਹਾਂ ਦੀ ਪਾਰੀ ਦਾ ਹੀ ਕਮਾਲ ਸੀ ਕਿ ਮੁੰਬਈ 136 ਦੌੜਾਂ ਤੱਕ ਪਹੁੰਚ ਗਈ।

ਪੋਲਾਰਡ ਨੇ ਗੇਂਦਬਾਜ਼ਾਂ ਦੇ ਦਬਦਬੇ ਵਿਚਾਲੇ ਕੇਵਲ 26 ਗੇਂਦਾਂ 'ਤੇ ਦੋ ਚੌਕੇ ਅਤੇ ਚਾਰ ਛੱਕਿਆਂ ਦੇ ਸਹਾਰੇ ਨਾਬਾਦ 46 ਦੌੜਾਂ ਬਣਾਈਆਂ।

ਇਹ ਮੁੰਬਈ ਇੰਡੀਅਨਜ਼ ਦੀ 5 ਮੈਚਾਂ 'ਚ ਤੀਸਰੀ ਜਿੱਤ ਰਹੀ। ਉੱਥੇ ਪੰਜਾਬ ਦੀ ਪੰਜ ਮੈਂਚਾਂ 'ਚ ਇਹ ਦੂਜੀ ਹਾਰ ਰਹੀ।

ਅਜੇ ਤਾਂ ਇਹ ਅਲਜ਼ਰੀ ਜੋਸਫ਼ ਦੇ ਆਈਪੀਐਲ ਸਫ਼ਰ ਦੀ ਸ਼ੁਰੂਆਤ ਹੀ ਹੈ। ਦੇਖਣਾ ਹੈ ਉਨ੍ਹਾਂ ਦੀ ਪਹਿਲੀ ਆਈਪੀਐਲ ਦੀ ਸਫ਼ਲਤਾ ਦਾ ਸਿਲਸਿਲਾ ਉਨ੍ਹਾਂ ਦੀ ਤੇਜ਼ ਰਫ਼ਤਾਰ ਵਾਲੀਆਂ ਗੇਂਦਾਂ ਵਾਂਗ ਅਤੇ ਕਿੰਨੀ ਰਫ਼ਤਾਰ ਫੜ੍ਹਦਾ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)