You’re viewing a text-only version of this website that uses less data. View the main version of the website including all images and videos.
ਗਊਆਂ ਲਈ ਚਮੜਾ ਕਾਰੋਬਾਰ ਦਾ ਬਲੀਦਾਨ ਦਿੱਤਾ ਜਾ ਸਕਦਾ ਹੈ : ਸੁਬਰਾਮਨੀਅਮ ਸਵਾਮੀ
ਭਾਰਤ 'ਚ ਬੇਰੁਜ਼ਗਾਰੀ ਵਧ ਰਹੀ ਹੈ ਪਰ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਗਊਆਂ ਲਈ ਵੱਧ ਚਿੰਤਤ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਸੁਬਰਾਮਨੀਅਮ ਸਵਾਮੀ ਨੇ ਮੰਨਿਆ ਕਿ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਹੈ ਪਰ ਗਊਆਂ ਦੀ ਸੁਰੱਖਿਆ ਲਈ ਚਮੜੀ ਅਤੇ ਗਊ ਮਾਸ ਦੇ ਕਾਰੋਬਾਰ ਨਾਲ ਜੁੜੀਆਂ ਨੌਕਰੀਆਂ ਦਾ ਬਲੀਦਾਨ ਦਿੱਤਾ ਜਾ ਸਕਦਾ ਹੈ।
ਬੀਬੀਸੀ ਦੇ ਪ੍ਰੋਗਰਾਮ 'ਵਰਕ ਲਾਈਫ ਇੰਡੀਆ' ਵਿੱਚ ਉਨ੍ਹਾਂ ਕਿਹਾ, ''ਬੇਰੁਜ਼ਗਾਰੀ ਛੋਟੇ ਤੇ ਮੱਧ-ਵਰਗ ਦੇ ਕਾਰੋਬਾਰਾਂ ਨੂੰ ਬੰਦ ਕਰਨ ਕਾਰਨ ਵਧੀ ਹੈ। ਇਹ ਖੇਤਰ ਸਭ ਤੋਂ ਵੱਧ ਨੌਕਰੀਆਂ ਦਿੰਦੇ ਹਨ। ਇਹ ਵਧੀਆਂ ਵਿਆਜ ਦਰਾਂ ਕਰਕੇ ਹੋਇਆ ਹੈ।''
''ਗਊਆਂ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜੇ ਗੱਲ ਲੋਕਾਂ ਨੂੰ ਬੇਰੁਜ਼ਗਾਰੀ ਤੋਂ ਬਾਹਰ ਲਿਆਉਣ ਤੇ ਸਾਡੀ ਸੰਵਿਧਾਨਕ ਤੇ ਅਧਿਆਤਮਕ ਬਚਨਬੱਧਤਾ ਦੇ ਸਨਮਾਨ ਵਿਚਾਲੇ ਦੀ ਹੈ ਤਾਂ ਮੈਂ ਬਲੀਦਾਨ ਨੂੰ ਪਹਿਲਾਂ ਰੱਖਾਂਗਾ।''
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਵਿੱਚ ਜਿੱਤ ਲਈ ਦੇਸ ਭਰ ਵਿੱਚ ਰੈਲੀਆਂ ਕਰ ਰਹੇ ਹਨ ਪਰ ਇਸ ਗੱਲ ਲਈ ਉਨ੍ਹਾਂ ਦੀ ਨਿੰਦਾ ਹੋ ਰਹੀ ਹੈ ਕਿ ਉਹ ਆਪਣੇ ਵਾਅਦੇ ਅਨੁਸਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੇ।
ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕੌਨਮੀ(ਸੀਐਮਆਈਆਈ) ਮੁਤਾਬਕ ਭਾਰਤ ਵਿੱਚ ਬੇਰੁਜ਼ਾਰੀ ਦੀ ਦਰ ਇਸ ਸਾਲ ਫਰਵਰੀ ਵਿੱਚ ਵੱਧ ਕੇ 7.2 ਫੀਸਦ ਹੋ ਗਈ ਹੈ, ਜੋ ਸਤੰਬਰ 2016 ਦੇ ਬਾਅਦ ਤੋਂ ਸਭ ਤੋਂ ਵੱਧ ਹੈ।
ਹਾਲਾਂਕਿ ਸਰਕਾਰ ਨੇ ਇਨ੍ਹਾਂ ਅੰਕੜਿਆਂ ਨੂੰ ਖਾਰਿਜ ਕਰ ਦਿੱਤਾ ਹੈ।
ਭਾਰਤ ਦਾ ਚਮੜਾ ਕਾਰੋਬਾਰ ਕਰੀਬ 25 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਪਰ ਗਊ ਰੱਖਿਆ ਦੇ ਨਾਂ 'ਤੇ ਕੱਟੜ ਹਿੰਦੂਤਵੀਆਂ ਰਾਹੀਂ ਕੀਤੀ ਜਾਣ ਵਾਲੀਆਂ ਹਰਕਤਾਂ ਕਰਕੇ ਸਮਾਜ ਵਿੱਚ ਨਫ਼ਰਤ ਵਧ ਰਹੀ ਹੈ।
ਪਸ਼ੂ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਕਈ ਲੋਕਾਂ ਦਾ ਕਤਲ ਵੀ ਕਰ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦੇ ਵਪਾਰ ਨੂੰ ਨੁਕਸਾਨ ਹੋਇਆ।
ਕਾਨਪੁਰ ਦੇ ਚਮੜਾ ਕਾਰੋਬਾਰ ਵਿੱਚ ਕੰਮ ਕਰਨ ਵਾਲੇ ਰਿਜ਼ਵਾਨ ਅਸ਼ਰਫ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਡਰੇ ਹੋਏ ਹਨ।
'ਗਾਂ ਖੁਲ੍ਹੇ ਵਿੱਚ ਸੜੇਗੀ ਤੇ ਉਸ ਨਾਲ ਬੀਮਾਰੀਆਂ ਫੈਲਣਗੀਆਂ'
ਉਨ੍ਹਾਂ ਨੇ ਸੁਬਰਾਮਨੀਅਮ ਸਵਾਮੀ ਦੀ ਟਿੱਪਣੀ 'ਤੇ ਵੀ ਚਿੰਤਾ ਜ਼ਾਹਿਰ ਕੀਤੀ। ਰਿਜ਼ਵਾਨ ਨੇ ਬੀਬੀਸੀ ਨੂੰ ਕਿਹਾ, ''ਉਹ ਸਿਰਫ਼ ਅਜਿਹੇ ਕੰਮ ਕਰਨ ਵਾਲੇ ਭਾਈਚਾਰੇ ਨੂੰ ਵੇਖ ਰਹੇ ਹਨ ਪਰ ਕੋਈ ਵੀ ਦੂਜਾ ਪੱਖ ਨਹੀਂ ਵੇਖ ਰਿਹਾ।''
''ਚਮੜੇ ਦਾ ਕਾਰੋਬਾਰ ਪੂਰੀ ਤਰ੍ਹਾਂ ਪਸ਼ੂਆਂ 'ਤੇ ਅਧਾਰਿਤ ਹੈ, ਜਿਨ੍ਹਾਂ ਨੂੰ ਮਾਸ ਲਈ ਮਾਰ ਦਿੱਤਾ ਜਾਂਦਾ ਹੈ ਜਾਂ ਉਹ ਕੁਦਰਤੀ ਮੌਤ ਮਰਦੇ ਹਨ। ਅਸੀਂ ਜੁੱਤੀਆਂ ਅਤੇ ਬੈਗ ਬਣਾਉਣ ਲਈ ਉਨ੍ਹਾਂ ਦੀ ਚਮੜੀ ਦਾ ਇਸਤੇਮਾਲ ਕਰਦੇ ਹਨ।''
''ਅਸੀਂ ਲੋਕ ਪ੍ਰਦੂਸ਼ਣ ਨੂੰ ਵੀ ਰੋਕਦੇ ਹਨ। ਜੇ ਮਰੀ ਹੋਈ ਗਊ ਖੁਲ੍ਹੇ ਵਿੱਚ ਸੜੇਗੀ ਤੇ ਉਸ ਨਾਲ ਬੀਮਾਰੀਆਂ ਫੈਲਣਗੀਆਂ ਤਾਂ ਕੀ ਹੋਵੇਗਾ?''
ਇਹ ਵੀ ਪੜ੍ਹੋ:
ਉਨ੍ਹਾਂ ਦਾ ਦਾਅਵਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਵਪਾਰ 'ਚ 40 ਫੀਸਦ ਤੱਕ ਗਿਰਾਵਟ ਵੇਖੀ ਗਈ ਹੈ ਤੇ ਇਸ ਦੌਰਾਨ ਕਰੀਬ ਦੋ ਲੱਖ ਲੋਕ ਬੇਰੁਜ਼ਗਾਰ ਹੋਏ ਹਨ।
ਦਿਲਚਸਪ ਗੱਲ ਇਹ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਨੇ 'ਮੇਕ ਇਨ ਇੰਡੀਆ' ਮੁਹਿੰਮ ਰਾਹੀਂ ਚਮੜਾ ਕਾਰੋਬਾਰ ਵਿੱਚ ਬਰਾਮਦ ਨੂੰ ਉਤਸਾਹਿਤ ਕਰਨ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਨੇ 2020 ਤੱਕ ਇਸ ਕਾਰੋਬਾਰ ਦਾ ਟੀਚਾ ਨੌ ਅਰਬ ਡਾਲਰ ਰੱਖਿਆ ਸੀ।
ਸੁਬਰਾਮਨੀਅਮ ਸਵਾਮੀ ਨੇ ਬੀਬੀਸੀ ਨੂੰ ਕਿਹਾ, ''ਮੈਨੂੰ ਨਹੀਂ ਪਤਾ ਕਿ ਇਹ ਟੀਚਾ ਕਿੰਨੀ ਸਹੀ ਹੈ, ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਹੋਰ ਸੋਚਣਾ ਚਾਹੀਦਾ ਹੈ।''
''ਉਨ੍ਹਾਂ ਇਹ ਵੀ ਕਿਹਾ ਕਿ ਗਊ-ਰੱਖਿਆ ਦੇ ਨਾਂ ਤੇ ਕਤਲਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਸੂਬੇ ਦੀਆਂ ਸਰਕਾਰਾਂ ਦੀ ਹੈ।''
ਗਊ ਦੇ ਨਾਂ 'ਤੇ ਹਿੰਸਾ
ਗਊ ਦੇ ਨਾਂ ਤੇ ਹਿੰਸਾ ਦੀਆਂ ਘਟਨਾਵਾਂ ਦਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ, ਹਾਲਾਂਕਿ ਇੰਡਿਆਸਪੈਂਡ ਸੰਸਥਾਨ ਵੱਲੋਂ ਇਕੱਠਾ ਕੀਤੇ ਅੰਕੜਿਆਂ ਮੁਤਾਬਕ 2015 ਤੋਂ ਬਾਅਦ ਅਜਿਹੀ ਘਟਨਾਵਾਂ ਵਿੱਚ ਕਰੀਬ 250 ਲੋਕ ਜ਼ਖਮੀ ਹੋਈ ਹਨ ਤੇ 46 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤੀ ਸੰਵਿਧਾਨ ਮੁਤਾਬਕ ਸੂਬਾ ਸਰਕਾਰਾਂ ਗਊ ਹੱਤਿਆ ਤੇ ਨੀਤੀਆਂ ਬਣਾ ਸਕਦੀਆਂ ਹਨ।
ਦੇਸ ਦੇ 17 ਸੂਬਿਆਂ ਵਿੱਚ ਭਾਜਪਾ ਦੀ ਨੁਮਾਇੰਦਗੀ ਵਾਲੀ ਐਨਡੀਏ ਦੀ ਸਰਕਾਰ ਹੈ। ਇਨ੍ਹਾਂ ਸੂਬਿਆਂ ਵਿੱਚ ਦੇਸ ਦੀ 51 ਫੀਸਦ ਆਬਾਦੀ ਰਹਿੰਦੀ ਹੈ।
ਇਹ ਵੀ ਪੜ੍ਹੋ:
ਇਨ੍ਹਾਂ 'ਚੋਂ ਜ਼ਿਆਦਾਤਰ ਵਿੱਚ ਗਊ ਰੱਖਿਆ ਦੇ ਕਾਨੂੰਨ ਲਾਗੂ ਹਨ, ਜਿੱਥੇ ਗਊ ਤੇ ਮੱਝ ਦੇ ਮਾਸ ਖਾਣ 'ਤੇ ਵੀ ਰੋਕ ਹੈ।
ਸੁਬਰਾਮਨੀਅਮ ਸਵਾਮੀ ਗਊ ਹੱਤਿਆ ਕਰਨ ਵਾਲਿਆਂ ਨੂੰ ਫਾਂਸੀ ਦੇਣ ਦੀ ਵਕਾਲਤ ਕਰਦੇ ਹਨ ਤੇ ਉਨ੍ਹਾਂ ਇਸ ਬਾਰੇ ਪਿਛਲੇ ਸਾਲ ਇੱਕ ਬਿੱਲ ਵੀ ਪੇਸ਼ ਕੀਤਾ ਸੀ, ਜਿਸ ਨੂੰ ਬਾਅਦ 'ਚ ਉਨ੍ਹਾਂ ਨੇ ਵਾਪਸ ਲੈ ਲਿਆ ਸੀ।
'ਵਰਕ ਲਾਈਫ ਇੰਡੀਆ' ਵਿੱਚ ਮੌਜੂਦ ਰਾਇਟਰਜ਼ ਦੇ ਦੱਖਣੀ ਏਸ਼ੀਆ ਬਿਓਰੋ ਚੀਫ ਮਾਰਟਿਨ ਹਾਵੇਲ ਨੇ ਕਿਹਾ, ''ਇਸਦਾ ਹੱਲ ਕੱਢਣਾ ਬਹੁਤ ਔਖਾ ਹੈ, ਇਹ ਧਾਰਮਿਕ, ਸੱਭਿਆਚਾਰਕ ਤੇ ਸਿਆਸੀ ਮਾਮਲਾ ਹੈ।''
''ਪਰ ਮੈਨੂੰ ਲਗਦਾ ਹੈ ਕਿ ਸਰਕਾਰ ਜੋ ਵੀ ਨੀਤੀ ਬਣਾਉਂਦੀ ਹੈ, ਉਸਦੇ ਲਈ ਇੱਕ ਕਾਨੂੰਨੀ ਤੇ ਪੁਲਿਸ ਢਾਂਚੇ ਦੀ ਲੋੜ ਹੁੰਦੀ ਹੈ ਤਾਂ ਜੋ ਅਜਿਹੀ ਹਿੰਸਾ ਰੋਕੀਆਂ ਜਾ ਸਕਣ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: