You’re viewing a text-only version of this website that uses less data. View the main version of the website including all images and videos.
IPL 2019: ਵਿਰਾਟ ਦੀ ਕਪਤਾਨੀ ’ਚ ਬੈਂਗਲੌਰ ਦੀ ਲਗਾਤਾਰ 5ਵੀਂ ਹਾਰ ਦੇ 5 ਕਾਰਨ
- ਲੇਖਕ, ਆਦੇਸ਼ ਕੁਮਾਰ ਗੁਪਤਾ
- ਰੋਲ, ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ
ਵਿਰਾਟ ਕੋਹਲੀ ਆਈਪੀਐੱਲ 2019 ਵਿੱਚ ਚਾਰ ਮੈਚ ਹਾਰ ਸ਼ੁੱਕਰਵਾਰ ਨੂੰ ਹਰ ਹਾਲਾਤ ਵਿੱਚ ਜਿੱਤਣ ਦੇ ਇਰਾਦੇ ਤੋਂ ਮੈਦਾਨ ਵਿੱਚ ਉੱਤਰੇ ਸਨ।
ਇਰਾਦਾ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਵੀ ਨਜ਼ਰ ਆਇਆ, ਉਨ੍ਹਾਂ ਨੇ 49 ਗੇਂਦਾਂ ਵਿੱਚ 84 ਰਨ ਮਾਰੇ, ਉਨ੍ਹਾਂ ਦੀ ਟੀਮ ਨੇ 205 ਦੌੜਾਂ ਦਾ ਸਕੋਰ ਬਣਾਇਆ, ਜਿੱਤਣ ਦੀ ਪੂਰੀ ਉਮੀਦ ਸੀ ਪਰ ਆਂਦਰੇ ਰਸੇਲ ਦਾ ਤੂਫਾਨ ਆਇਆ ਤੇ ਸਾਰੀਆਂ ਉਮੀਦਾਂ ਖ਼ਤਮ ਹੋ ਗਈਆਂ।
ਕੇਕੇਆਰ ਦੇ ਆਂਧਰੇ ਰਸੇਲ ਨੇ ਬਿਨ੍ਹਾਂ ਆਊਟ ਹੋਏ 13 ਗੇਂਦਾ 'ਤੇ 48 ਦੌੜਾਂ ਬਣਾਈਆਂ। ਉਨ੍ਹਾਂ ਨੇ ਸ਼ਿਕਾਰ ਕੀਤਾ ਸਾਊਦੀ ਟਿਮ ਦਾ। ਪਾਰੀ ਦੇ 19ਵੇਂ ਓਵਰ ਵਿੱਚ ਉਨ੍ਹਾਂ ਨੇ 4 ਛੱਕੇ ਤੇ ਇੱਕ ਚੌਕਾ ਲਗਾਇਆ ਤੇ ਮੈਚ ਦਾ ਰੁਖ ਹੀ ਬਦਲ ਦਿੱਤਾ।
ਇਸ ਤੋਂ ਪਹਿਲਾਂ ਸਟੇਇਨਿਸ ਵੱਲੋਂ ਸੁੱਟੇ ਗਏ 18ਵੇਂ ਓਵਰ 'ਚ ਵੀ 23 ਦੌੜਾਂ ਬਣੀਆਂ। ਇਸ ਵਿੱਚ ਰਸੇਲ ਨੇ 2 ਛੱਕੇ ਮਾਰੇ ਸਨ।
ਯਾਨੀ ਦੋ ਓਵਰਾਂ ਵਿੱਚ 52 ਦੌੜਾਂ ਬਣਾਈਆਂ।
ਕੋਲਕਾਤਾ ਨਾਈਟ ਰਾਇਡਰਜ਼ ਨੇ 19.1 ਓਵਰਾਂ ਵਿੱਚ 5 ਵਿਕਟ ਗੁਆ ਕੇ ਆਪਣਾ ਟੀਚਾ ਹਾਸਿਲ ਕਰ ਲਿਆ ਸੀ। ਆਰਸੀਬੀ ਨੇ ਕੇਕੇਆਰ ਨੂੰ 206 ਦੌੜਾਂ ਦਾ ਟੀਚਾ ਦਿੱਤਾ ਸੀ।
ਲਗਾਤਾਰ 5 ਹਾਰ ਦੇ 5 ਕਾਰਨ
ਵਿਰਾਟ ਕੋਹਲੀ ਤੇ 360 ਡਿਗਰੀ 'ਤੇ ਖੇਡਣ ਦੀ ਸਮਰਥਾ ਰੱਖਣ ਵਾਲੇ ਐਬੀ ਡਿਵੀਲੀਅਰਸ ਦੇ ਹੁੰਦਿਆਂ ਹੋਇਆ ਵੀ ਟੀਮ ਖ਼ੁਦ 360 ਡਿਗਰੀ 'ਤੇ ਘੁੰਮਦੀ ਰਹੀ ਹੈ। ਆਉ ਜਾਣਦੇ ਉਨ੍ਹਾਂ ਦੇ ਇਸ ਮਾੜੇ ਪ੍ਰਦਰਸ਼ਨ ਦੇ ਪੰਜ ਮੁੱਖ ਕਾਰਨ
ਇਹ ਵੀ ਪੜ੍ਹੋ-
ਬੱਲੇਬਾਜ਼ੀ 'ਚ ਦਮ ਨਹੀਂ
ਕਹਿਣ ਨੂੰ ਤਾਂ ਤੈਅ 20 ਓਵਰਾਂ 'ਚ 3 ਵਿਕਟਾਂ 'ਤੇ 205 ਦੌੜਾਂ ਦਾ ਸਕੋਰ ਘੱਟ ਨਹੀਂ ਹੁੰਦਾ ਪਰ ਜਦੋਂ ਪਹਿਲਾਂ ਵਿਕਟ ਲਈ ਵਿਰਾਟ ਕੋਹਲੀ ਅਤੇ ਪਾਰਥਿਵ ਪਟੇਲ ਵਿਚਾਲੇ ਤੇਜ਼ੀ ਨਾਲ 64 ਦੌੜਾਂ ਬਣੀਆਂ ਸਨ ਤਾਂ ਆਸ ਸੀ ਕਿ ਸਕੋਰ 230 ਜਾਂ ਉਸ ਤੋਂ ਵਧੇਰੇ ਬਣ ਸਕਦਾ ਹੈ।
ਪਰ ਵਿਰਾਟ ਕੋਹਲੀ ਨੇ 49 ਗੇਂਦਾਂ 'ਤੇ 84 ਅਤੇ ਡੀਵਿਲੀਅਰਜ਼ ਨੇ 32 ਗੇਂਦਾਂ 'ਤੇ 63 ਦੌੜਾਂ ਬਣਾ ਕੇ ਆਊਟ ਹੋਏ ਤਾਂ ਇਹ ਉਦੇਸ਼ ਮੁਸ਼ਕਿਲ ਹੋ ਗਿਆ ਹੈ।
ਕੋਹਲੀ ਅਤੇ ਡਿਵਿਲੀਅਰਜ਼ ਤੋਂ ਇਲਾਵਾ ਕੇਵਲ ਪਾਰਥਿਕ ਪਟੇਲ ਹੀ ਥੋੜ੍ਹੇ-ਬਹੁਤ ਇਸ ਵਾਰ ਚੱਲੇ ਹਨ।
ਚੇਨਈ ਦੇ ਖ਼ਿਲਾਫ਼ 70 ਦੌੜਾਂ 'ਤੇ ਸਿਮਟਣ ਤੋਂ ਇਲਾਵਾ ਆਰਸੀਬੀ ਟੀਮ ਹੈਦਰਾਬਾਦ ਦੇ ਖ਼ਿਲਾਫ਼ ਵੀ ਕੇਵਲ 113 ਦੌੜਾਂ 'ਤੇ ਡਿੱਗ ਗਈ ਸੀ।
ਜਦਕਿ ਉਸੇ ਮੈਚ 'ਚ ਜੌਨੀ ਬੇਅਰੈਸਟੋ ਅਤੇ ਡੈਵਿਡ ਵਾਰਨਰ ਨੇ ਸੈਂਕੜਾ ਮਾਰਿਆ ਸੀ, ਯਾਨਿ ਕਿ ਬੱਲੇਬਾਜ਼ੀ 'ਚ ਇਸ ਵਾਰ ਦਮ ਨਹੀਂ ਹੈ।
ਕਮਜ਼ੋਰ ਫਿਲਡਿੰਗ
ਅਜੇ ਤੱਕ ਹੋਏ ਮੈਚਾਂ 'ਚ ਬੰਗਲੌਰ ਦੀ ਫੀਲਡਿੰਗ ਬੇਹੱਦ ਕਮਜ਼ੋਰ ਨਜ਼ਰ ਆਈ।
ਇੱਕ ਪਾਸੇ ਪਵਨ ਨੇਗੀ ਨੇ ਸੁਨੀਲ ਨਾਰਾਇਣ ਦਾ ਕੈਚ ਬੇਹੱਦ ਖ਼ੂਬਸੂਰਤੀ ਨਾਲ ਫੜਿਆ ਤਾਂ ਦੂਜੇ ਪਾਸੇ ਕਈ ਸੌਖੇ ਕੈਚਾਂ ਨੂੰ ਗੁਆਇਆ ਗਿਆ।
ਇਸ ਤੋਂ ਪਹਿਲਾਂ ਖੇਡੇ ਗਏ ਚੌਥੇ ਮੈਚ 'ਚ ਜੋ ਰਾਜਸਥਾਨ ਰਾਇਲਜ਼ ਨੇ ਜਿੱਤਿਆ ਸੀ, ਉਸ ਵਿੱਚ ਘਟੋ-ਘੱਟ 5 ਕੈਚ ਛੱਡੇ ਗਏ।
ਕੋਲਕਾਤਾ ਦੇ ਖ਼ਿਲਾਫ਼ ਤਾਂ ਦਿਨੇਸ਼ ਕਾਰਤਿਕ ਦਾ ਇੱਕ ਸ਼ੌਟ ਖ਼ੁਦ ਕਪਤਾਨ ਵਿਰਾਟ ਕੋਹਲੀ ਦੇ ਹੱਥ ਨਾਲ ਟਕਰਾ ਕੇ ਬਾਊਂਡਰੀ ਲਾਈਨ ਪਾਰ ਕਰ ਗਿਆ।
ਗੇਂਦਬਾਜ਼ ਅਸਫ਼ਲ
ਹੁਣ ਤੱਕ ਖੇਡੇ ਗਏ ਮੁਕਾਬਲਿਆਂ 'ਚ ਬੰਗਲੌਰ ਦੇ ਗੇਂਦਬਾਜ਼ਾਂ ਨੇ ਕੁਝ ਖ਼ਾਸ ਨਹੀਂ ਕੀਤਾ ਹੈ।
ਇਹ ਵੀ ਸੱਚ ਹੈ ਕਿ ਜੇਕਰ ਰਸੇਲ ਦਾ ਬੱਲਾ ਬੋਲਣ ਲੱਗੇ ਤਾਂ ਉਨ੍ਹਾਂ ਨੂੰ ਰੋਕਣਾ ਮੁਸ਼ਕਿਲ ਹੈ ਪਰ ਅਸੰਭਵ ਤਾਂ ਨਹੀਂ ਹੈ।
ਹਾਲਾਂਕਿ ਈਐਸਪੀਐਨ ਕ੍ਰਿਕ ਇਨਫੋ ਮੁਤਾਬਕ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, "ਜੇ ਅਸੀਂ ਇਸੇ ਤਰ੍ਹਾਂ ਗੇਂਦਬਾਜ਼ੀ ਕਰਦੇ ਹਾਂ ਤਾਂ ਸਾਡਾ ਇਹੀ ਹਾਲ ਹੋਣਾ ਚਾਹੀਦਾ ਹੈ।
ਪਰ ਬੰਗਲੌਰ ਕੋਲ ਇੱਕ ਵੀ ਅਜਿਹਾ ਗੇਂਦਬਾਜ਼ ਨਹੀਂ ਸੀ ਜੋ ਰਸੇਲ ਨੂੰ ਯਾਰਕਰ ਦੇ ਜਾਲ 'ਚ ਫਸਾ ਸਕਦਾ ਹੋਵੇ, ਜਿਵੇਂ ਦੇ ਦਿੱਲੀ ਦੇ ਕੈਗਿਸੋ ਰਬਾਡਾ ਨੇ ਕਰ ਦਿਖਾਇਆ ਸੀ।
ਇਹ ਵੀ ਪੜ੍ਹੋ-
ਇੱਥੋਂ ਤੱਕ ਕਿ ਜਿਸ ਵਿਕਟ 'ਤੇ ਚੇਨਈ ਨੇ ਬੰਗਲੌਰ ਨੂੰ ਇਸ ਆਈਪੀਐਲ ਦੇ ਪਹਿਲੇ ਹੀ ਮੈਚ 'ਚ ਆਪਣੇ ਫਿਰਕੀ ਗੇਂਦਬਾਜ਼ਾਂ ਦੇ ਦਮ 'ਤੇ ਮਹਿਜ਼ 70 ਦੌੜਾਂ 'ਤੇ ਢੇਰ ਕੀਤਾ ਸੀ, ਉੱਥੇ ਵੀ ਸਪਿਨ ਦੇ ਮਦਦਗਾਰ ਵਿਕਟ 'ਤੇ ਆਰਸੀਬੀ ਦੇ ਗੇਂਦਬਾਜ਼ ਕੇਵਲ 3 ਵਿਕਟ ਹੀ ਲੈ ਸਕੇ ਸਨ।
ਕੇਵਲ ਯੁਜਿੰਦਰ ਚਹਿਲ ਹੀ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਕੁਝ ਚੰਗੀ ਗੇਂਦਬਾਜ਼ੀ ਕੀਤੀ ਹੈ ਪਰ ਇੱਕ ਹੀ ਗੇਂਦਬਾਜ਼ ਦੇ ਦਮ 'ਤੇ ਤਾਂ ਮੈਚ ਨਹੀਂ ਜਿੱਤੇ ਜਾਂਦੇ।
ਟੀਮ ਦੀ ਚੌਣ ’ਤੇ ਸਵਾਲ
ਟੀਮ ਦੀ ਚੌਣ 'ਤੇ ਵੀ ਕਪਤਾਨ ਕੋਹਲੀ ਮਾਰ ਖਾ ਰਹੇ ਹਨ, ਅਜਿਹੀ ਵੀ ਚਰਚਾ ਹੈ।
ਪਿਚ ਦੇਖ ਕੇ ਇਹ ਤੈਅ ਕਰਨਾ ਹੁੰਦਾ ਹੈ ਕਿ ਅਖ਼ੀਰਲੇ 11 ਖਿਡਾਰੀ ਕੌਣ ਹੋਣਗੇ, ਇਸ ਨੂੰ ਲੈ ਕੇ ਤਾਂ ਟੈਸਟ ਕ੍ਰਿਕਟ ਤੱਕ 'ਚ ਵਿਰਾਟ ਕੋਹਲੀ ਦੀ ਆਲੋਚਨਾ ਕੀਤੀ ਜਾਂਦੀ ਰਹੀ ਹੈ।
ਕਪਤਾਨੀ 'ਤੇ ਸਵਾਲ
ਵਿਰਾਟ ਕੋਹਲੀ ਅੱਜ ਤੱਕ ਆਪਣੀ ਟੀਮ ਨੂੰ ਕਦੇ ਆਈਪੀਐਲ ਦਾ ਚੈਂਪੀਅਨ ਨਹੀਂ ਬਣਾ ਸਕੇ। ਇਸ ਨਾਲ ਉਨ੍ਹਾਂ ਦੀ ਕਪਤਾਨੀ ਵੀ ਸਵਾਲਾਂ ਦੇ ਘੇਰੇ 'ਚ ਹੈ।
ਕਿਸੇ ਹੋਰ ਫਰੈਂਚਾਇਜ਼ੀ ਨੇ ਸ਼ਾਇਦ ਹੀ ਇੰਨੇ ਮੌਕੇ ਕਿਸੇ ਕਪਤਾਨ ਨੂੰ ਦਿੱਤੇ ਹੋਣ।
ਗੌਤਮ ਗੰਭੀਰ ਨੂੰ ਤਾਂ ਕੋਲਕਾਤਾ ਨੇ ਉਦੋਂ ਟੀਮ ਤੋਂ ਕੱਢ ਦਿੱਤਾ ਸੀ ਜਦੋਂ ਉਨ੍ਹਾਂ ਨੇ ਟੀਮ ਨੂੰ ਚੈਂਪੀਅਨ ਤੱਕ ਬਣਾਇਆ ਸੀ।
ਕਦੇ ਵਿਰਾਟ ਕੋਹਲੀ ਦਾ ਬੱਲਾ ਆਈਪੀਐਲ 'ਚ ਰਸੇਲ ਵਾਂਗ ਹੀ ਬੋਲਦਾ ਹੁੰਦਾ ਸੀ। ਆਈਪੀਐਲ ਤੋਂ ਬਾਅਦ ਹੀ ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਬੱਲੇਬਾਜ਼ ਮੰਨਿਆ ਗਿਆ ਸੀ।
ਪਰ ਇਸ ਵਾਰ ਤਾਂ ਉਨ੍ਹਾਂ ਦੇ ਬੱਲੇ ਤੋਂ ਕੇਵਲ ਇੱਕ ਅਰਧ ਸੈਂਕੜਾ ਹੀ ਨਿਕਲਿਆ ਹੈ। ਜੇਕਰ ਵਿਰਾਟ ਦਾ ਬੱਲਾ ਖ਼ਾਮੋਸ਼ ਰਿਹਾ ਤਾਂ ਸਿੱਟੇ ਵੀ ਅਜਿਹੇ ਆਉਂਦੇ ਰਹਿਣਗੇ।
ਭਲਾ 70 ਦੌੜਾਂ 'ਤੇ ਡਿਗਦੀ ਟੀਮ ਨੂੰ ਕੌਮ ਬਚਾਏਗਾ? ਹੁਣ ਤਾਂ ਅਜਿਹਾ ਲਗਦਾ ਹੈ ਕਿ ਇਹ ਸਾਲ ਉਨ੍ਹਾਂ ਲਈ ਠੀਕ ਨਹੀਂ ਹੈ।
ਪਹਿਲਾਂ ਤਾਂ ਆਸਟ੍ਰੇਲੀਆ ਹੱਥੋਂ ਟੀ-20 ਅਤੇ ਇੱਕ ਰੋਜ਼ਾ ਸਿਰੀਜ਼ 'ਚ ਹਾਰ ਮਿਲੀ ਅਤੇ ਹੁਣ ਆਈਪੀਐਲ 'ਚ ਹੁਣ ਤੱਕ ਲਗਾਤਾਰ ਪੰਜ ਵਾਰ ਹਾਰੇ ਹਨ।
ਕਿਤੇ ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦਾ ਹੌਂਸਲਾ ਹੀ ਨਾ ਟੁੱਟ ਜਾਵੇ। ਇਸ ਲਈ ਬੰਗਲੌਰ ਦੀ ਟੀਮ ਹੁਣ ਵੀ ਸੰਭਲ ਜਾਵੇ ਤਾਂ ਬਿਹਤਰ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: