ਗੁਰਦਾਸਪੁਰ 'ਚ ਸ਼ਿਵ ਸੈਨਾ ਆਗੂ ਗੋਲੀਆਂ ਮਾਰ ਕੇ ਹਲ਼ਾਕ

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਜ਼ਿਲਾ ਗੁਰਦਾਸਪੁਰ 'ਚ ਸ਼ੁੱਕਰਵਾਰ ਨੂੰ 4 ਅਣਪਛਾਤੇ ਨੌਜਵਾਨਾ ਵਲੋਂ ਸ਼ਿਵ ਸੈਨਾ ਆਗੂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ |

ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਆਖਿਆ ਕਿ ਸ਼ਿਵ ਸੈਨਾ ਬਾਲ ਠਾਕਰੇ ਦਾ ਜ਼ਿਲ੍ਹਾ ਉਪ ਪ੍ਰਧਾਨ ਅਜੇ ਠਾਕੁਰ ਪੁਰਾਣਾ ਸ਼ਾਲਾ ਬੱਸ ਅੱਡੇ 'ਤੇ ਆਪਣੇ ਮਿੱਤਰ ਵਰਿੰਦਰ ਮੁੰਨਾ ਨਾਲ ਖੜਾ ਸੀ।

ਵਰਿੰਦਰ ਮੁੰਨਾ ਨੇ ਪੁਲਿਸ ਨੂੰ ਦੱਸਿਆ ਕਿ ਅਚਾਨਕ ਮੋਟਰਸਾਈਕਲ 'ਤੇ ਸਵਾਰ 3,4 ਨੌਜਵਾਨਾਂ ਨੇ ਅਜੇ ਠਾਕੁਰ ਉੱਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਨੇ ਉਸ ਦੇ ਬਾਅਦ 'ਤੇ ਤੇਜ਼ਧਾਰ ਹਥਿਆਰ ਨਾਲ ਵੀ ਵਾਰ ਕੀਤਾ।

ਅਜੇ ਠਾਕੁਰ ਗੰਭੀਰ ਜ਼ਖ਼ਮੀ ਹੋ ਗਿਆ ਉਸ ਉਪਰੰਤ ਜਖਮੀ ਹਾਲਤ ’ਚ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ |

ਇਹ ਵੀ ਪੜ੍ਹੋ:

ਅਪਰਾਧਿਕ ਰਿਕਾਰਡ ਵਾਲੇ ਨੇ ਮੁਲਜ਼ਮ

ਉਥੇ ਹੀ ਹਸਪਤਾਲ 'ਚ ਮੌਜੂਦ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਦੇ ਵਾਈਸ ਪ੍ਰਧਾਨ ਹਰਵਿੰਦਰ ਸੋਨੀ ਨੇ ਆਖਿਆ ਕਿ ਜਿਹਨਾਂ ਨੌਜਵਾਨਾਂ ਨੇ ਹਮਲਾ ਕੀਤਾ ਹੈ ਉਹ ਨੌਜਵਾਨ ਮਹਿਜ 17- 18 ਸਾਲ ਦੇ ਹਨ।

ਉਹ ਕਈ ਅਪਰਾਧਿਕ ਮਾਮਲਿਆਂ ’ਚ ਨਾਮਜ਼ਦ ਹਨ ਅਤੇ ਪਹਿਲਾ ਹੀ ਕਈਂ ਮਾਮਲਿਆਂ ’ਚ ਪੁਲਿਸ ਦੀ ਗ੍ਰਿਫ਼ਤ ’ਚੋ ਫਰਾਰ ਹਨ ਅਤੇ ਇਹਨਾਂ ਨੌਜਵਾਨਾਂ ਬਾਰੇ ਪੁਲਿਸ ਨੂੰ ਪਹਿਲਾ ਵੀ ਸੂਚਿਤ ਕੀਤਾ ਸੀ ਪਰ ਗੁਰਦਾਸਪੁਰ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਿਸ ਦਾ ਨਤੀਜਾ ਅੱਜ ਉਹਨਾਂ ਨੇ ਇਹ ਹਮਲਾ ਕਰ ਦਿਤਾ |

ਨਿੱਜੀ ਰੰਜਿਸ਼ ਦਾ ਹੈ ਮਾਮਲਾ -ਪੁਲਿਸ

ਪੁਲਿਸ ਜਿਲਾ ਗੁਰਦਾਸਪੁਰ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਆਖਿਆ ਕਿ ਉਹਨਾਂ ਨੂੰ ਜਿਵੇ ਹੀ ਇਸ ਵਾਰਦਾਤ ਦੀ ਸੂਚਨਾ ਮਿਲੀ ਹੈ ਤਾਂ ਉਹਨਾਂ ਦੀ ਪੁਲਿਸ ਹਰਕਤ ਵਿਚ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ਉੱਥੇ ਹੀ ਉਹਨਾਂ ਆਖਿਆ ਕਿ ਇਹ ਹਮਲਾ ਆਪਸੀ ਰੰਜਿਸ਼ ਦਾ ਮਾਮਲਾ ਹੈ ਅਤੇ ਮ੍ਰਿਤਕ ਅਜੈ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਨੁਸਾਰ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ |

ਸਵਾਲ ਪੁੱਛੇ ਜਾਣ ਉੱਤੇ ਉਹਨਾਂ ਆਖਿਆ ਕਿ ਇਹ ਹਮਲਾ ਕਿਸੇ ਵੀ ਖਾਲਿਸਤਾਨੀ ਜਾ ਹੋਰ ਜਥੇਬੰਦੀ ਨਾਲ ਨਹੀਂ ਜੋੜਿਆ ਹੈ ਬਲਕਿ ਸਥਾਨਿਕ ਨੌਜਵਾਨਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਹੈ |

ਪੁਲਿਸ ਦਾ ਦਾਅਵਾ ਹੈ ਕਿ ਇਹ ਤਿੰਨੇ ਹੀ ਸ਼ੱਕੀ ਵਿਅਕਤੀ ਸ਼ਹਿਰ ਵਿਚ 'ਮਾੜੇ ਕਾਰਿਆਂ 'ਲਈ ਜਾਣੇ ਜਾਂਦੇ ਹਨ।

ਪੁਲਿਸ ਨੇ ਪੂਰੇ ਸ਼ਹਿਰ ਦੀ ਨਾਕੇਬੰਦੀ ਕਰ ਦਿੱਤੀ ਹੈ। ਮੁੰਨਾ ਨੇ ਮੀਡੀਆ ਦੱਸਿਆ ਕਿ ਉਸ ਨੇ 15 ਦਿਨ ਪਹਿਲਾਂ ਐੱਸਐੱਸਪੀ ਨੂੰ ਮਿਲ ਕੇ ਅਰਜ਼ੀ ਦਿੱਤੀ ਸੀ ਕਿ ਉਸ ਅਤੇ ਉਸਦੀ ਪਾਰਟੀ ਦੇ ਆਗੂਆਂ ਨੂੰ ਕੁਝ ਲੋਕਾਂ ਤੋਂ ਜਾਨ ਦਾ ਖ਼ਤਰਾ ਹੈ। ਪਰ ਐੱਸਐੱਸਪੀ ਨੇ ਇਹ ਦਾਅਵੇ ਤੋਂ ਇਨਕਾਰ ਕੀਤਾ ਕਿ ਉਸਨੇ ਕੋਈ ਲਿਖ਼ਤੀ ਸ਼ਿਕਾਇਤ ਕੀਤੀ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)