You’re viewing a text-only version of this website that uses less data. View the main version of the website including all images and videos.
1948 ਵਿੱਚ ਵੀ ਹੋਇਆ ਸੀ ਇੱਕ 'ਜਲਿਆਂਵਾਲਾ ਬਾਗ ਕਾਂਡ'
- ਲੇਖਕ, ਮਨੀਸ਼ ਸ਼ਾਂਡੀਲਿਆ
- ਰੋਲ, ਬੀਬੀਸੀ ਲਈ
ਸਟੀਲ ਸਿਟੀ ਜਮਸ਼ੇਦਪੁਰ ਤੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ 'ਤੇ ਹੈ ਆਦੀਵਾਸੀ ਬਹੁਗਿਣਤੀ ਵਾਲਾ ਕਸਬਾ ਖਰਸਾਵਾਂ।
ਭਾਰਤ ਦੀ ਆਜ਼ਾਦੀ ਦੇ ਤਕਰੀਬ ਪੰਜ ਮਹੀਨਿਆਂ ਬਾਅਦ ਜਦੋਂ ਦੇਸ ਇੱਕ ਜਨਵਰੀ 1948 ਨੂੰ ਆਜ਼ਾਦੀ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਸੀ ਉਦੋਂ ਆਜ਼ਾਦ ਭਾਰਤ ਇੱਕ ਹੋਰ 'ਜਲਿਆਂਵਾਲਾ ਬਾਗ ਕਾਂਡ' ਦਾ ਗਵਾਹ ਬਣ ਰਿਹਾ ਸੀ।
ਉਸ ਦਿਨ ਸਵਾਮੀ ਹਫ਼ਤਾਵਰੀ ਹਾਟ ਦਾ ਦਿਨ ਸੀ। ਓਡੀਸ਼ਾ ਸਰਕਾਰ ਨੇ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ। ਖਰਸਾਵਾਂ ਹਾਟ ਵਿੱਚ ਤਕਰੀਬਨ ਪੰਜਾਹ ਹਜ਼ਾਰ ਆਦੀਵਾਸੀਆਂ ਦੀ ਭੀੜ 'ਤੇ ਓਡੀਸ਼ਾ ਮਿਲਟਰੀ ਪੁਲਿਸ ਗੋਲੀ ਚਲਾ ਰਹੀ ਸੀ।
ਆਜ਼ਾਦ ਭਾਰਤ ਦਾ ਇਹ ਪਹਿਲਾ ਵੱਡਾ ਗੋਲੀਕਾਂਡ ਮੰਨਿਆ ਜਾਂਦਾ ਹੈ। ਇਸ ਘਟਨਾ ਵਿੱਚ ਕਿੰਨੇ ਲੋਕ ਮਾਰੇ ਗਏ ਇਸ 'ਤੇ ਵੱਖ-ਵੱਖ ਦਾਅਵੇ ਹਨ ਅਤੇ ਇਨ੍ਹਾਂ ਦਾਅਵਿਆਂ ਵਿੱਚ ਵੱਡਾ ਫਰਕ ਹੈ।
ਸੀਨੀਅਰ ਪੱਤਰਕਾਰ ਅਤੇ ਪ੍ਰਭਾਤ ਖ਼ਬਰ ਝਾਰਖੰਡ ਦੇ ਕਾਰਜਕਾਰੀ ਸੰਪਾਦਕ ਅਨੁਜ ਕੁਮਾਰ ਸਿਨਹਾ ਦੀ ਕਿਤਾਬ 'ਝਾਰਖੰਡ ਅੰਦੋਲਨ ਦੇ ਦਸਤਾਵੇਜ਼: ਸ਼ੋਸ਼ਣ, ਸੰਘਰਸ਼ ਅਤੇ ਸ਼ਹਾਦਤ' ਵਿੱਚ ਗੋਲੀਕਾਂਡ 'ਤੇ ਇੱਕ ਵੱਖ ਤੋਂ ਚੈਪਟਰ ਹੈ।
ਇਸ ਪਾਠ ਵਿੱਚ ਉਹ ਲਿੱਖਦੇ ਹਨ, "ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਬਹੁਤ ਘੱਟ ਦਸਤਾਵੇਜ਼ ਉਪਲੱਬਧ ਹਨ। ਸਾਬਕਾ ਸੰਸਦ ਮੈਂਬਰ, ਮਹਾਰਾਜਾ ਪੀਕੇ ਦੇਵ ਦੀ ਕਿਤਾਬ 'ਮੇਮੋਇਰ ਆਫ਼ ਏ ਬਾਏਗਾਨ ਏਰਾ' ਮੁਤਾਬਕ ਇਸ ਘਟਨਾ ਵਿੱਚ ਦੋ ਹਜ਼ਾਰ ਲੋਕ ਮਾਰੇ ਗਏ ਸਨ।"
"ਦੇਵ ਦੀ ਕਿਤਾਬ ਅਤੇ ਘਟਨਾ ਦੇ ਪ੍ਰਤੱਖਦਰਸ਼ੀਆਂ ਦੇ ਵੇਰਵੇ ਕਾਫ਼ੀ ਮੇਲ ਖਾਂਦੇ ਹਨ। ਉੱਥੇ ਹੀ ਉਦੋਂ ਦੇ ਕੱਲਕੱਤਾ (ਕੋਲਕਾਤਾ) ਤੋਂ ਛਪਣ ਵਾਲੇ ਅੰਗਰੇਜ਼ੀ ਅਖਬਾਰ ਦਿ ਸਟੇਟਸਮੈਨ ਨੇ ਘਟਨਾ ਦੇ ਤੀਜੇ ਦਿਨ ਆਪਣੇ ਤਿੰਨ ਜਨਵਰੀ ਦੇ ਅੰਕ ਵਿੱਚ ਇਸ ਘਟਨਾ ਨਾਲ ਸਬੰਧਤ ਇੱਕ ਖਬਰ ਛਾਪੀ, ਜਿਸ ਦਾ ਸਿਰਲੇਖ ਸੀ- 35 ਆਦੀਵਾਸੀ ਕਿਲਡ ਇਨ ਖਰਸਾਵਾਂ।"
ਇਹ ਵੀ ਪੜ੍ਹੋ:
"ਅਖਬਾਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਖਰਸਾਵਾਂ ਦੇ ਓਡੀਸ਼ਾ ਵਿੱਚ ਰਲੇਵੇਂ ਦਾ ਵਿਰੋਧ ਕਰ ਰਹੇ ਤਿੰਨ ਹਜ਼ਾਰ ਆਦਿਵਾਸੀਆਂ ਉੱਤੇ ਪੁਲਿਸ ਨੇ ਫਾਇਰਿੰਗ ਕੀਤੀ। ਇਸ ਗੋਲੀ ਕਾਂਡ ਦੀ ਜਾਂਚ ਲਈ ਟ੍ਰਿਬਿਊਨਲ ਦਾ ਵੀ ਗਠਨ ਕੀਤਾ ਗਿਆ ਸੀ ਪਰ ਉਸ ਦੀ ਰਿਪੋਰਟ ਦਾ ਕੀ ਹੋਇਆ, ਕਿਸੇ ਨੂੰ ਪਤਾ ਹੀ ਨਹੀਂ।"
ਖੂਹ ਵਿੱਚ ਲਾਸ਼ਾਂ ਭਰ ਦਿੱਤੀਆਂ ਗਈਆਂ
ਝਾਰਖੰਡ ਦੇ ਅੰਦੋਲਨਕਾਰੀ ਅਤੇ ਸਾਬਕਾ ਵਿਧਾਇਕ ਬਹਾਦੁਰ ਉਰਾਂਵ ਦੀ ਉਮਰ ਘਟਨਾ ਵੇਲੇ ਤਕਰੀਬਨ ਅੱਠ ਸਾਲ ਸੀ।
ਖਰਸਾਵਾਂ ਦੇ ਨੇੜਲੇ ਇਲਾਕੇ ਝਿਲਿਗਦਾ ਉਨ੍ਹਾਂ ਦਾ ਨਾਨਕਾ ਪਿੰਡ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਬਚਪਨ ਵਿੱਚ ਨਾਨਕੇ ਜਾਣ 'ਤੇ ਖਰਸਾਵਾਂ ਗੋਲੀਕਾਂਡ ਬਾਰੇ ਸੁਣਿਆ ਅਤੇ ਫਿਰ ਅੰਦੋਲਨ ਦੇ ਕ੍ਰਮ ਵਿੱਚ ਇਸ ਦੇ ਇਤਿਹਾਸ ਨਾਲ ਰੂਬਰੂ ਹੋਏ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਗੋਲੀਕਾਂਡ ਦਾ ਦਿਨ ਵੀਰਵਾਰ ਅਤੇ ਬਾਜ਼ਾਰ-ਹਾਟ ਦਾ ਦਿਨ ਸੀ"। ਸਰਾਈਕੇਲਾ ਅਤੇ ਖਰਸਾਵਾਂ ਸਟੇਟ ਨੂੰ ਉੜੀਸਾ (ਓਡੀਸ਼ਾ) ਭਾਸ਼ਾਈ ਸੂਬਾ ਹੋਣ ਦੇ ਨਾਮ 'ਤੇ ਆਪਣੇ ਨਾਲ ਮਿਲਾਉਣਾ ਚਾਹੁੰਦਾ ਸੀ।''
"ਇੱਥੇ ਦੇ ਰਾਜਾ ਵੀ ਇਸ ਲਈ ਤਿਆਰ ਸਨ ਪਰ ਇਲਾਕੇ ਦੀ ਆਦੀਵਾਸੀ ਜਨਤਾ ਨਾ ਤਾਂ ਓੜੀਸ਼ਾ ਵਿੱਚ ਮਿਲਣਾ ਚਾਹੁੰਦੀ ਸੀ ਅਤੇ ਨਾ ਹੀ ਬਿਹਾਰ ਵਿੱਚ।"
ਉਸ ਦੀ ਮੰਗ ਵੱਖ ਝਾਰਖੰਡ ਸੂਬੇ ਦੀ ਸੀ। ਲੜਾਈ ਇਸੇ ਗੱਲ ਦੀ ਸੀ। ਅਜਿਹੇ ਵਿੱਚ ਪੂਰੇ ਕੋਲਹਾਨ ਇਲਾਕੇ ਵਿੱਚ ਬਜ਼ੁਰਗਾਂ, ਜਵਾਨ, ਬੱਚੇ, ਸਾਰੇ ਇੱਕ ਜਨਵਰੀ ਨੂੰ ਹਾਟ-ਬਾਜ਼ਾਰ ਅਤੇ ਜੈਪਾਲ ਸਿੰਘ ਮੁੰਡਾ ਨੂੰ ਸੁਣਨ ਗਏ ਹੋਏ ਸਨ।
ਜੈਪਾਲ ਸਿੰਘ ਵੱਖਰੇ ਝਾਰਖੰਡ ਸੂਬੇ ਦਾ ਨਾਅਰਾ ਲਾ ਰਹੇ ਸਨ। ਜੈਪਾਲ ਸਿੰਘ ਮੁੰਡਾ ਦੇ ਆਉਣ ਤੋਂ ਪਹਿਲਾਂ ਹੀ ਭਾਰੀ ਭੀੜ ਜਮ੍ਹਾ ਹੋ ਗਈ ਸੀ ਅਤੇ ਪੁਲਿਸ ਨੇ ਇੱਕ ਲਕੀਰ ਨੂੰ ਖਿੱਚ ਕੇ ਉਸਨੂੰ ਪਾਰ ਨਾ ਕਰਨ ਲਈ ਕਿਹਾ ਸੀ।
"ਨਾਅਰੇਬਾਜ਼ੀ ਦੇ ਵਿਚਕਾਰ ਲੋਕ ਸਮਝ ਨਹੀਂ ਸਕੇ ਅਤੇ ਅਚਾਨਕ ਗੋਲੀ ਦੀ ਆਵਾਜ਼ ਆਈ। ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ।''
"ਹੁਣ ਜੋ ਸ਼ਹੀਦੀ ਯਾਦਗਾਰ ਹੈ, ਉੱਥੇ ਬਹੁਤ ਵੱਡਾ ਖੂਹ ਹੈ। ਇਹ ਖੂਹ ਉੱਥੇ ਰਾਜਾ ਰਾਮਚੰਦਰ ਸਿੰਘ ਦੇਵ ਦਾ ਬਣਾਇਆ ਹੋਇਆ ਸੀ। ਇਸ ਖੂਹ ਨੂੰ ਨਾ ਸਿਰਫ਼ ਲਾਸ਼ਾਂ ਸਗੋਂ ਅਧਮਰੇ ਲੋਕਾਂ ਨਾਲ ਭਰ ਦਿੱਤਾ ਗਿਆ ਅਤੇ ਫਿਰ ਉਸ ਨੂੰ ਢਕ ਦਿੱਤਾ ਗਿਆ।"
ਮਸ਼ੀਨਗਨ ਰਾਹੀਂ ਲਕੀਰ ਖਿੱਚੀ
ਲਕੀਰ ਖਿੱਚਣ ਦੀ ਗੱਲ ਦੀ ਤਸਦੀਕ ਖਰਸਾਵਾਂ ਵਿੱਚ ਰਹਿਣ ਵਾਲੇ ਰਜਬ ਅਲੀ ਵੀ ਕਰਦੇ ਹਨ, ਜਿਨ੍ਹਾਂ ਦੀ ਉਮਰ ਗੋਲੀਕਾਂਡ ਵੇਲੇ ਤਕਰੀਰਬਨ 15 ਸਾਲ ਸੀ।
ਗੋਲੀਕਾਂਡ ਦੇ ਦਿਨ ਉਨ੍ਹਾਂ ਨੇ ਸਭਾ ਲਈ ਲੋਕਾਂ ਨੂੰ ਇਕੱਠੇ ਹੁੰਦਿਆਂ ਦੇਖਿਆ ਸੀ। ਹਾਲੇ ਇੱਕ ਸਮਾਜਸੇਵੀ ਦੇ ਬਤੌਰ ਜਾਣੇ ਜਾਂਦੇ ਰਜਬ ਅਲੀ ਨਾਲ ਮੇਰੀ ਮੁਲਾਕਾਤ ਖਰਸਾਵਾਂ ਚੌਕ 'ਤੇ ਹੋਈ।
ਗੋਲੀਬਾਰੀ ਦੌਰਾਨ ਉਹ ਘਟਨਾ ਅਸਥਾਨ ਤੋਂ ਕੁਝ ਹੀ ਦੂਰੀ 'ਤੇ ਕਬਰਿਸਤਾਨ ਦੇ ਪਿੱਛੇ ਸਨ।
ਇੱਕ ਜਨਵਰੀ, 1948 ਦੀ ਘਟਨਾ ਨੂੰ ਉਨ੍ਹਾਂ ਨੇ ਕੁਝ ਇਸ ਤਰ੍ਹਾਂ ਯਾਦ ਕੀਤਾ, "ਅੱਜ ਜਿੱਥੇ ਸ਼ਹੀਦੀ ਅਸਥਾਨ ਹੈ, ਉਸ ਦੇ ਨੇੜੇ-ਤੇੜੇ ਉਦੋਂ ਤੱਕ ਬੰਗਲਾ ਸੀ ਜੋ ਅੱਜ ਵੀ ਹੈ। ਨੇੜੇ ਹੀ ਬਲਾਕ ਦਫ਼ਤਰ ਸੀ। ਉੱਥੇ ਇੱਕ ਮਸ਼ੀਨਗਨ ਰਾਹੀਂ ਇੱਕ ਲਕੀਰ ਖਿੱਚੀ ਗਈ ਸੀ ਅਤੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਲਕੀਰ ਪਾਰ ਕਰ ਕੇ ਰਾਜਾ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨ।''
"ਅਜਿਹਾ ਸੁਣਨ ਵਿੱਚ ਆਉਂਦਾ ਹੈ ਕਿ ਆਦੀਵਾਸੀਆਂ ਨੇ ਪਹਿਲਾਂ ਤੀਰ ਨਾਲ ਹਮਲਾ ਕੀਤਾ ਇਸ ਤੋਂ ਬਾਅਦ ਗੋਲੀ ਚਲਾਈ ਗਈ। ਅਸੀਂ ਵੀ ਗੋਲੀ ਦੀ ਅਵਾਜ਼ ਸੁਣੀ ਫਿਰ ਹੌਲੀ-ਹੌਲੀ ਘਰ ਪਰਤ ਗਏ।"
ਉਨ੍ਹਾਂ ਨੇ ਅੱਗੇ ਕਿਹਾ, "ਘਟਨਾ ਤੋਂ ਬਾਅਦ ਇਲਾਕੇ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਸ਼ਾਇਦ ਆਜ਼ਾਦ ਭਾਰਤ ਵਿੱਚ ਪਹਿਲਾ ਮਾਰਸ਼ਲ ਲਾਅ ਇੱਥੇ ਹੀ ਲੱਗਿਆ ਸੀ।''
"ਕੁਝ ਦਿਨਾਂ ਬਾਅਦ ਓਡੀਸ਼ਾ ਸਰਕਾਰ ਨੇ ਦੇਹਾਤ ਵਿੱਚ ਵੰਡਣ ਲਈ ਕੱਪੜੇ ਭੇਜੇ, ਜਿਸ ਨੂੰ ਅਦੀਵਾਸੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਦੇ ਦਿਲ ਵਿੱਚ ਸੀ ਕਿ ਇਸ ਸਰਕਾਰ ਨੇ ਸਾਡੇ ਲੋਕਾਂ 'ਤੇ ਗੋਲੀ ਚਲਾਈ ਤਾਂ ਅਸੀਂ ਇਸ ਦੇ ਦਿੱਤੇ ਕੱਪੜੇ ਕਿਉਂ ਲਈਏ।"
ਓੜੀਸ਼ਾ ਸੂਬੇ ਵਿੱਚ ਰਲੇਵੇਂ ਦਾ ਵਿਰੋਧ
ਇਸ ਗੋਲੀਕਾਂਡ ਦਾ ਮੁੱਖ ਕਾਰਨ ਸੀ ਖਰਸਾਵਾਂ ਦੇ ਓੜੀਸ਼ਾ ਸੂਬੇ ਵਿੱਚ ਮਿਲਾਪ ਦਾ ਵਿਰੋਧ।
ਅਨੁਜ ਸਿਨਹਾ ਦੱਸਦੇ ਹਨ, "ਆਦੀਵਾਸੀ ਅਤੇ ਝਾਰਖੰਡ (ਉਦੋਂ ਬਿਹਾਰ) ਵਿੱਚ ਰਹਿਣ ਵਾਲੇ ਗਰੁੱਪ ਵੀ ਇਸ ਮਿਲਾਪ ਦੇ ਵਿਰੋਧ ਵਿੱਚ ਸੀ ਪਰ ਕੇਂਦਰ ਦੇ ਦਬਾਅ ਹੇਠ ਸਰਾਏਕੇਲਾ ਦੇ ਨਾਲ ਹੀ ਖਰਸਾਵਾਂ ਰਿਆਸਤ ਦਾ ਵੀ ਓੜੀਸ਼ਾ ਵਿੱਚ ਮਿਲਾਪ ਦਾ ਸਮਝੌਤਾ ਹੋ ਚੁੱਕਿਆ ਸੀ।
1 ਜਨਵਰੀ, 1948 ਨੂੰ ਇਹ ਸਮਝੌਤਾ ਲਾਗੂ ਹੋਣਾ ਸੀ ਉਦੋਂ ਮਰਾਂਗ ਗੋਮਕੇ ਦੇ ਨਾਮ ਤੋਂ ਜਾਣੇ ਜਾਂਦੇ ਆਦੀਵਾਸੀਆਂ ਦੇ ਸਭ ਤੋਂ ਵੱਡੇ ਆਗੂਆਂ ਵਿੱਚੋਂ ਇੱਕ ਓਲੰਪਿਕ ਹਾਕੀ ਟੀਮ ਦੇ ਸਾਬਕਾ ਕਪਤਾਨ ਜੈਪਾਲ ਸਿੰਘ ਮੰਡਾ ਇਸ ਲਈ ਅੱਗੇ ਆਏ।
ਉਨ੍ਹਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਆਦੀਵਾਸੀਆਂ ਤੋਂ ਖਰਸਾਵਾਂ ਪਹੁੰਚਕੇ ਰਲੇਵੇਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਸੀ। ਇਸੇ ਸੱਦੇ 'ਤੇ ਉੱਥੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਹਜ਼ਾਰਾਂ ਆਦੀਵਾਸੀਆਂ ਦੀ ਭੀੜ ਆਪਣੇ ਰਵਾਇਤੀ ਹਥਿਆਰਾਂ ਨਾਲ ਇਕੱਠੀ ਹੋਈ ਸੀ।"
ਇਹ ਵੀ ਪੜ੍ਹੋ:
ਗਿਰਧਾਰੀ ਰਾਮ ਗੌਂਝੂ ਰਾਂਚੀ ਯੂਨੀਵਰਸਿਟੀ ਦੇ ਜਨਜਾਤੀ ਅਤੇ ਖੇਤਰੀ ਭਾਸ਼ਾ ਵਿਭਾਗ ਦੇ ਸਾਬਕਾ ਪ੍ਰਧਾਨ ਰਹੇ ਹਨ। ਉਨ੍ਹਾਂ ਮੁਤਾਬਕ ਆਦੀਵਾਸੀ ਦਰਅਸਲ ਖਰਸਾਵਾਂ ਗੋਲੀਕਾਂਡ ਦੇ ਦਿਨ ਦਹਾਕਿਆਂ ਪੁਰਾਣੇ ਝਾਰਖੰਡ ਅੰਦੋਲਨ ਦੀ ਮੰਗ ਨੂੰ ਅੱਧੇ ਵਧਣ ਲਈ ਹੀ ਜੁਟੇ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਆਦੀਵਾਸੀਆਂ ਦੀ ਆਪਣੇ ਸੂਬੇ ਅਤੇ ਸਵੈਸ਼ਾਸਨ ਦੀ ਮੰਗ ਕਾਫੀ ਪੁਰਾਣੀ ਹੈ। 1911 ਤੋਂ ਤਾਂ ਇਸ ਲਈ ਸਿੱਧੀ ਲੜਾਈ ਲੜੀ ਗਈ। ਇਸ ਤੋਂ ਪਹਿਲਾਂ ਬਿਰਸਾ ਮੁੰਡਾ ਦੇ ਵੇਲੇ 'ਦਿਸੁਮ ਆਬੁਆ ਰਾਜ' ਯਾਨੀ ਕਿ 'ਸਾਡਾ ਦੇਸ, ਸਾਡਾ ਰਾਜ' ਦਾ ਅੰਦੋਲਨ ਚੱਲਿਆ। ਇਸ ਤੋਂ ਪਹਿਲਾਂ 1855 ਦੇ ਤਕਰੀਬਨ ਸਿੱਧੂ-ਕਾਨੂ ਵੀ 'ਸਾਡੀ ਮਾਟੀ, ਸਾਡਾ ਸ਼ਾਸਨ' ਦੇ ਨਾਅਰੇ ਦੇ ਜ਼ਰੀਏ ਉਹੀ ਗੱਲ ਕਹਿ ਰਹੇ ਸਨ।"
"ਇਸੇ ਅੰਦੋਲਨ ਨੂੰ ਅੱਗੇ ਵੱਧਦੇ ਹੋਏ ਆਜ਼ਾਦੀ ਦੇ ਬਾਅਦ ਸਰਾਈਕੇਲਾ-ਖਰਸਾਵਾਂ ਇਲਾਕੇ ਦੇ ਆਦੀਵਾਸੀ ਮੰਗ ਕਰ ਰਹੇ ਸਨ ਕਿ ਵੱਖ ਝਾਰਖੰਡ ਦੀ ਸਾਡੀ ਮੰਗ ਜਿਉਂ ਦੀ ਤਿਉਂ ਰਹਿਣ ਦਿਓ ਅਤੇ ਸਾਨੂੰ ਕਿਸੇ ਸੂਬੇ ਯਾਨੀ ਕਿ ਬਿਹਾਰ ਜਾਂ ਓੜੀਸ਼ਾ ਵਿੱਚ ਨਾ ਮਿਲਾਓ।"
54 ਸਾਲ ਬਾਅਦ ਕੱਢੀ ਗਈ ਗੋਲੀ
ਅਨੁਜ ਕੁਮਾਰ ਸਿਨਹਾ ਦੀ ਕਿਤਾਬ 'ਝਾਰਖੰਡ ਅੰਦੋਲਨ ਕੇ ਦਸਤਾਵੇਜ: ਸ਼ੋਸ਼ਣ, ਸੰਘਰਸ਼ ਅਤੇ ਸ਼ਹਾਦਤ' ਵਿੱਚ ਇਸ ਗੋਲੀਕਾਂਡ ਵਿੱਚ ਜ਼ਖਮੀ ਹੋਏ ਕੁਝ ਲੋਕਾਂ ਦੀ ਹੱਡ ਬੀਤੀ ਵੀ ਦਰਜ ਹੈ।
ਅਜਿਹੇ ਹੀ ਇੱਕ ਸ਼ਖਸ ਦਸ਼ਰਥ ਮਾਂਝੀ ਦੀ ਹੱਡਬੀਤੀ ਕਿਤਾਬ ਵਿੱਚ ਕੁਝ ਇਸ ਤਰ੍ਹਾਂ ਹਨ, "ਗੋਲੀਕਾਂਡ ਦੇ ਦਿਨ ਭਾਰੀ ਭੀੜ ਸੀ। ਲੋਕ ਅੱਗੇ ਵੱਧ ਰਹੇ ਸਨ ਅਤੇ ਨਾਲ ਹੀ ਮੈਂ ਵੀ ਅੱਗੇ ਜਾ ਰਿਹਾ ਸੀ। ਅਚਾਨਕ ਓੜੀਸ਼ਾ ਪੁਲਿਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੈਂ ਸੱਤ ਜਵਾਨਾਂ ਨੂੰ ਮਸ਼ੀਨਗਨ ਤੋਂ ਫਾਈਰਿੰਗ ਕਰਦੇ ਦੇਖਿਆ।"
"ਪੁਲਿਸ ਦੀ ਇੱਕ ਗੋਲੀ ਮੈਨੂੰ ਵੀ ਲੱਗੀ। ਮੈਂ ਇੱਕ ਦਰਖਤ ਦੇ ਹੇਠਾਂ ਲਾਸ਼ ਦੀ ਤਰ੍ਹਾਂ ਪਿਆ ਰਿਹਾ ਅਤੇ ਪੁਲਿਸ ਨੂੰ ਲਾਸ਼ਾਂ ਨੂੰ ਚੁੱਕ ਕੇ ਲਿਜਾਂਦੇ ਹੋਏ ਦੇਖਦਾ ਰਿਹਾ। ਬਾਅਦ ਵਿੱਚ ਮੈਨੂੰ ਘਸੀਟਦੇ ਹੋਏ ਖਰਸਾਵਾਂ ਥਾਣਾ ਲਿਆਂਦਾ ਗਿਆ ਅਤੇ ਫਿਰ ਇਲਾਜ ਲਈ ਪਹਿਲੇ ਜਮਸ਼ੇਦਪੁਰ ਅਤੇ ਫਿਰ ਕਟਕ ਭੇਜਿਆ ਗਿਆ।"
ਕਿਤਾਬ ਵਿੱਚ ਘਟਨਾ ਵਿੱਚ ਜ਼ਖਮੀ ਇੱਕ ਹੋਰ ਸ਼ਖਸ ਸਾਧੂ ਚਰਨ ਬਿਰੁਆ ਦੀ ਹੱਡਬੀਤੀ ਵੀ ਹੈ।
ਅਨੁਜ ਲਿਖਦੇ ਹਨ, "ਸਾਧੂ ਚਰਣ ਨੂੰ ਕਈ ਗੋਲੀਆਂ ਲੱਗੀਆਂ ਸਨ। ਇਸ ਦਰਦ ਵਿੱਚ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਇੱਕ ਗੋਲੀ ਉਨ੍ਹਾਂ ਦੀ ਬਾਂਹ 'ਤੇ ਲੱਗੀ ਹੈ। ਗੋਲੀ ਲੱਗਣ ਦੇ 54 ਸਾਲਾਂ ਬਾਅਦ ਉਨ੍ਹਾਂ ਦੀ ਬਾਂਹ ਵਿੱਚ ਪੀੜ ਹੋਈ। ਗੋਲੀ ਹੌਲੀ-ਹੌਲੀ ਬਾਹਰ ਆਉਣ ਲੱਗੀ, ਉਦੋਂ ਉਸ ਗੋਲੀ ਨੂੰ ਕੱਢਿਆ ਗਿਆ।"
ਝਾਰਖੰਡ ਦਾ ਸਿਆਸੀ 'ਤੀਰਥ'
ਘਟਨਾ ਤੋਂ ਬਾਅਦ ਪੂਰੇ ਦੇਸ ਵਿੱਚ ਪ੍ਰਤੀਕਰਮ ਦਿੱਤਾ ਗਿਆ। ਉਨ੍ਹਾਂ ਦਿਨਾਂ ਵਿੱਚ ਦੇਸ ਦੀ ਸਿਆਸਤ ਵਿੱਚ ਬਿਹਾਰ ਦੇ ਆਗੂਆਂ ਦਾ ਅਹਿਮ ਅਸਥਾਨ ਸੀ ਅਤੇ ਉਹ ਵੀ ਇਹ ਰਲੇਵਾਂ ਨਹੀਂ ਚਾਹੁੰਦੇ ਸਨ। ਅਜਿਹੇ ਵਿੱਚ ਇਸ ਘਟਨਾ ਦਾ ਅਸਰ ਇਹ ਹੋਇਆ ਕਿ ਇਲਾਕੇ ਦਾ ਓੜੀਸ਼ਾ ਵਿੱਚ ਮਿਲਾਪ ਰੋਕ ਦਿੱਤਾ ਗਿਆ।
ਘਟਨਾ ਤੋਂ ਬਾਅਦ ਦੇ ਸਮੇਂ ਦੇ ਨਾਲ ਇਹ ਥਾਂ ਖਰਸਾਵਾਂ ਸ਼ਹੀਦ ਅਸਥਾਨ ਦੇ ਰੂਪ ਵਿੱਚ ਮਨਾਇਆ ਜਾਣ ਲੱਗਿਆ ਜਿਸਦਾ ਆਦੀਵਾਸੀ ਸਮਾਜ ਅਤੇ ਸਿਆਸਤ ਵਿੱਚ ਬਹੁਤ ਜਜ਼ਬਾਤੀ ਅਤੇ ਅਹਿਮ ਸਥਾਨ ਹੈ।
ਖਰਸਾਵਾਂ ਹਾਟ ਦੇ ਇੱਕ ਹਿੱਸੇ ਵਿੱਚ ਅੱਜ ਸ਼ਹੀਦ ਸਮਾਰਕ ਹੈ ਅਤੇ ਇਸ ਨੂੰ ਹੁਣ ਪਾਰਕ ਵਿੱਚ ਵੀ ਤਬਦੀਲ ਕਰ ਦਿੱਤਾ ਗਿਆ ਹੈ।
ਪਹਿਲਾਂ ਇਹ ਪਾਰਕ ਆਮ ਲੋਕਾਂ ਲਈ ਵੀ ਖੁੱਲ੍ਹਦਾ ਸੀ ਪਰ ਸਾਲ 2017 ਵਿੱਚ 'ਸ਼ਹੀਦ ਦਿਵਸ' ਨਾਲ ਜੁੜੇ ਇੱਕ ਪ੍ਰੋਗਰਾਮ ਦੇ ਦੌਰਾਨ ਹੀ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਦਾ ਵਿਰੋਧ ਹੋਇਆ। ਇਸ ਤੋਂ ਬਾਅਦ ਇਹ ਪਾਰਕ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਇੱਕ ਪਾਸੇ ਜਿੱਥੇ ਇੱਕ ਜਨਵਰੀ ਨੂੰ ਸ਼ਹੀਦ ਅਸਥਾਨ 'ਤੇ ਆਦੀਵਾਸੀ ਰੀਤੀ-ਰਿਵਾਜ ਨਾਲ ਪੂਜਾ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਹਰ ਸਾਲ ਇੱਥੇ ਝਾਰਖੰਡ ਦੇ ਸਾਰੇ ਵੱਡੇ ਸਿਆਸੀ ਦਲ ਅਤੇ ਆਦੀਵਾਸੀ ਸੰਗਠਨ ਪ੍ਰੋਗਰਾਮ ਕਰਦੇ ਹਨ। ਇਸ ਵਾਰੀ ਵੀ ਖਰਸਾਵਾਂ ਚੌਕ ਕਈ ਪਾਰਟੀਆਂ ਦੇ ਹੋਰਡਿੰਗਜ਼ ਨਾਲ ਭਰ ਚੁੱਕਿਆ ਹੈ।
ਵਿਜੇ ਸਿੰਘ ਬੋਦਰਾ ਹਾਲੇ ਸ਼ਹੀਦ ਅਸਥਾਨ ਪੁਰੋਹਿਤ ਹਨ। ਉਨ੍ਹਾਂ ਦਾ ਪਰਿਵਰਾ ਹੀ ਇੱਥੇ ਪੀੜ੍ਹੀਆਂ ਤੋਂ ਪੂਜਾ ਕਰਦਾ ਆ ਰਿਹਾ ਹੈ। ਵਿਜੇ ਨੇ ਦੱਸਿਆ, "ਇੱਕ ਜਨਵਰੀ ਨੂੰ ਸ਼ਹੀਦਾਂ ਦੇ ਨਾਮ 'ਤੇ ਪੂਜਾ ਕੀਤੀ ਜਾਂਦੀ ਹੈ। ਲੋਕ ਸ਼ਰਧਾਂਜਲੀ ਦਿੰਦੇ ਹਨ। ਫੁੱਲ-ਮਾਲਾ ਦੇ ਨਾਲ ਚੌਲ ਬਣਾ ਕੇ ਰੱਸੀ ਚੜ੍ਹਾ ਕੇ ਪੂਜਾ ਕੀਤੀ ਜਾਂਦੀ ਹੈ। ਸ਼ਹੀਦ ਅਸਥਾਨ 'ਤੇ ਤੇਲ ਵੀ ਚੜ੍ਹਾਇਆ ਜਾਂਦਾ ਹੈ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: