'ਜਲਿਆਂਵਾਲਾ ਬਾਗ਼ ਕਤਲੇਆਮ 'ਤੇ ਟੈਰੀਜ਼ਾ ਮੇ ਮੰਗਣ ਮੁਆਫ਼ੀ'

ਯੂਕੇ 'ਚ ਭਾਰਤੀ ਮੂਲ ਦੇ ਸਾਂਸਦ ਵਿਰੇਂਦਰ ਸ਼ਰਮਾ ਨੇ ਜਲਿਆਂਵਾਲਾ ਬਾਗ਼ 'ਚ ਕਤਲੇਆਮ ਸਬੰਧੀ ਥਰੀਸਾ ਮੇ ਨੂੰ ਮੁਆਫੀ ਮੰਗਣ ਲਈ ਕਿਹਾ ਹੈ।

ਵਿਰੇਂਦਰ ਸ਼ਰਮਾ ਨੇ '1919 ਦਾ ਜਲਿਆਂਵਾਲਾ ਬਾਗ਼ ਕਤਲੇਆਮ' ਸਿਰਲੇਖ ਹੇਠਾਂ ਆਪਣੇ ਅਰਲੀ ਡੇਅ ਮੋਸ਼ਨ (ਈਡੀਐੱਮ) 'ਤੇ ਹੁਣ ਤੱਕ 5 ਹੋਰ ਬ੍ਰਿਟਿਸ਼ ਸੰਸਦ ਮੈਂਬਰਾਂ ਤੋਂ ਸਹਿਮਤੀ ਲੈ ਲਈ ਹੈ।

'ਥਰੀਸਾ ਮੰਗਣ ਮੁਆਫ਼ੀ'

ਬ੍ਰਿਟੇਨ ਦੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਸੰਸਦ ਦੀ ਕਾਰਵਾਈ ਦੌਰਾਨ ਪ੍ਰਧਾਨ ਮੰਤਰੀ ਥਰੀਸਾ ਮੇ ਨੂੰ ਸਾਲ 1919 ਵਿੱਚ ਬ੍ਰਿਟਿਸ਼ ਰਾਜ ਦੌਰਾਨ ਹੋਏ ਜਲਿਆਂਵਾਲਾ ਬਾਗ਼ ਕਤਲੇਆਮ ਸਬੰਧੀ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਈਲਿੰਗ ਸਾਊਥਹਾਲ ਦੇ ਐਮਪੀ ਵਿਰੇਂਦਰ ਸ਼ਰਮਾ ਨੇ ਕਿਹਾ ਕਿ, ''ਇਹ ਭਾਰਤ ਵਿੱਚ ਬਰਤਾਨੀਆਂ ਦੇ ਇਤਿਹਾਸ 'ਚ ਜ਼ਰੂਰੀ ਪਲ ਸੀ। ਕਈਆਂ ਨੇ ਸੁਝਾਅ ਦਿੱਤਾ ਹੈ ਕਿ ਇਹ ਅੰਤ ਦਾ ਆਗਾਜ਼ ਸੀ, ਉਹ ਪਲ ਜਿਸਨੇ ਅਜ਼ਾਦੀ ਦੀ ਲਹਿਰ ਨੂੰ ਹੁੰਗਾਰਾ ਦਿੱਤਾ। ਬਰਤਾਨਵੀ ਸਰਕਾਰ ਇਸ ਨਫ਼ਰਤ ਭਰੇ ਕਾਰੇ 'ਤੇ ਆਪਣਾ ਪੱਖ ਰੱਖੇ।''

ਅੰਮ੍ਰਿਤਸਰ ਦੇ ਜਲਿਆਵਾਲਾ ਬਾਗ਼ 'ਚ ਵਿਸਾਖੀ ਵਾਲੇ ਦਿਨ ਸਾਲ 1919 'ਚ ਕਤਲੇਆਮ ਹੋਇਆ ਸੀ।

ਇਸ ਦੌਰਾਨ ਬ੍ਰਿਟਿਸ਼ ਭਾਰਤੀ ਫ਼ੌਜ ਨੇ ਜਨਰਲ ਡਾਇਰ ਦੇ ਹੁਕਮਾਂ 'ਤੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਈਆਂ ਸਨ।

ਇਸ ਦੌਰਾਨ ਹਜਾਰਾਂ ਜਾਨਾਂ ਗਈਆਂ ਤੇ ਕਈ ਜ਼ਖਮੀਂ ਵੀ ਹੋਏ ਸਨ।

ਅਰਲੀ ਡੇਅ ਮੋਸ਼ਨ ਨੇ ਹਾਉਸ ਆਫ਼ ਕਾਮਨਜ਼ ਨੂੰ ਜਲਿਆਂਵਾਲਾ ਬਾਗ਼ ਕਤਲੇਆਮ ਦੇ ਮਹੱਤਵ ਨੂੰ ਭਾਰਤ 'ਚ ਬ੍ਰਿਟਿਸ਼ ਸਾਮਰਾਜ ਦੇ ਇਤਿਹਾਸ 'ਚ ਇੱਕ ਟਰਨਿੰਗ ਪੁਆਇੰਟ ਵਜੋਂ ਪਛਾਨਣ ਲਈ ਕਿਹਾ ਹੈ।

ਟਰੂਡੋ ਵੀ ਮੰਗ ਚੁੱਕੇ ਹਨ ਮੁਆਫੀ

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਮਾਗਾਟਾ ਮਾਰੂ ਕਾਂਡ ਲਈ ਹਾਊਸ ਆਫ਼ ਕਾਮਨਜ਼ ਵਿੱਚ ਮੁਆਫ਼ੀ ਮੰਗ ਚੁੱਕੇ ਹਨ।

ਮੁਆਫ਼ੀ ਮੰਗਣ ਸਬੰਧੀ ਉਨ੍ਹਾਂ ਪੁਰਾਣੀ ਮੰਗ ਨੂੰ ਮੰਨ ਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)