You’re viewing a text-only version of this website that uses less data. View the main version of the website including all images and videos.
ਪਾਕਿਸਤਾਨ 'ਚ ਹਿੰਦੂ ਕੁੜੀਆਂ ਦੇ ਧਰਮ ਪਰਿਵਰਤਨ ਮਾਮਲਾ: ਕੋਰਨ ਨੇ ਕਿਹਾ ਦੋਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ, ਪਤੀਆਂ ਨਾਲ ਜਾ ਸਕਦੀਆਂ'
ਇਸਲਾਮਾਬਾਦ ਹਾਈਕੋਰਟ ਨੇ ਹਿੰਦੂ ਕੁੜੀਆਂ ਰੀਨਾ ਅਤੇ ਰਵੀਨਾ ਨੂੰ ਉਨ੍ਹਾਂ ਦੇ ਪਤੀਆਂ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਇਨ੍ਹਾਂ ਕੁੜੀਆਂ ਦੀ ਉਮਰ 18 ਸਾਲ ਤੋਂ ਵੱਧ ਹੈ, ਇਸ ਦੇ ਨਾਲ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਜ਼ਬਰਨ ਧਰਮ ਬਦਲਾਉਣ ਦਾ ਕੋਈ ਪੁਖ਼ਤਾ ਸਬੂਤ ਨਹੀਂ ਮਿਲਿਆ ਹੈ।
ਪਿਛਲੀ ਸੁਣਵਾਈ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮਿਸ਼ਨ ਬਣਾਇਆ ਸੀ। ਰੀਨਾ ਅਤੇ ਰਵੀਨਾ ਦੇ ਪਿਤਾ ਹਰੀ ਲਾਲ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੀਆਂ ਕੁੜੀਆਂ ਨੂੰ ਬੰਦੁਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਸੀ।
ਹਰੀ ਲਾਲ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਧੀਆਂ ਦੀ ਉਮਰ 13 ਅਤੇ 15 ਸਾਲ ਹੈ।
ਜਬਰਨ ਧਰਮ ਪਰਿਵਰਤਨ ਦੀ ਗੱਲ ਨੂੰ ਖਾਰਿਜ ਕਰਦਿਆਂ ਜੱਜ ਨੇ ਕਿਹਾ ਹੈ ਕਿ ਸਿੰਧ ਦੇ ਦੇਰਖੀ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਕੁੜੀਆਂ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਮੁੰਡਿਆਂ ਤੋਂ ਵਿਆਹ ਕਰਵਾਉਂਦੀਆਂ ਹਨ।
ਕੁੜੀਆਂ ਨੇ ਅਰਜ਼ੀ ਵਿੱਚ ਕਿਹਾ ਸੀ ਕਿ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਧਰਮ ਚੁਣਨ ਦੀ ਆਜ਼ਾਦੀ ਹੈ ਅਤੇ ਅਜਿਹਾ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਹੈ।
ਅਦਾਲਤ ਨੇ ਇਹ ਵੀ ਕਿਹਾ ਸੀ ਕਿ ਦੋਵੇਂ ਕੁੜੀਆਂ ਡਿਪਟੀ ਕਮਿਸ਼ਨਰ ਦੀ ਇਜਾਜ਼ਤ ਤੋਂ ਬਿਨਾਂ ਇਸਲਾਮਾਬਾਦ ਤੋਂ ਬਾਹਰ ਨਹੀਂ ਜਾ ਸਕਦੀਆਂ। ਅਦਾਲਤ ਨੇ ਦੋਵੇਂ ਕੁੜੀਆਂ ਦੇ ਪਤੀ ਨੂੰ ਵੀ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ:
ਪਿਤਾ ਦਾ ਬਿਆਨ ਅਤੇ ਧੀਆਂ ਦਾ ਕਬੂਲਨਾਮਾ?
ਹਾਲਾਂਕਿ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋਵੇਂ ਕੁੜੀਆਂ ਨਾਬਾਲਿਗ ਹਨ। ਜਿਨ੍ਹਾਂ ਦੀ ਉਮਰ 13 ਅਤੇ 15 ਸਾਲ ਹੋ ਰਹੀ ਹੈ।
ਇੱਕ ਵੀਡੀਓ ਕਲਿੱਪ ਸਾਹਮਣੇ ਆਇਆ ਜਿਸ ਵਿੱਚ ਕੁੜੀ ਦੇ ਪਿਤਾ ਹਰੀ ਲਾਲ ਕਹਿ ਰਹੇ ਹਨ, "ਉਹ ਬੰਦੂਕ ਲੈ ਕੇ ਆਏ ਅਤੇ ਉਨ੍ਹਾਂ ਨੇ ਮੇਰੀਆਂ ਕੁੜੀਆਂ ਨੂੰ ਅਗਵਾ ਕਰ ਲਿਆ। ਇਸ ਗੱਲ ਨੂੰ ਅੱਠ ਦਿਨ ਹੋ ਗਏ ਅਤੇ ਅਜੇ ਤੱਕ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ।"
"ਮੈਨੂੰ ਕੋਈ ਨਹੀਂ ਦੱਸ ਰਿਹਾ ਕਿ ਮਾਮਲਾ ਕੀ ਹੈ ਅਤੇ ਨਾ ਹੀ ਉਨ੍ਹਾਂ ਨਾਲ ਮਿਲਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵਿੱਚੋਂ ਇੱਕ 13 ਸਾਲ ਦੀ ਹੈ ਅਤੇ ਦੂਜੀ 15 ਸਾਲ ਦੀ।"
"ਸਾਡੇ ਨਾਲ ਕੋਈ ਗੱਲ ਤੱਕ ਨਹੀਂ ਕਰ ਰਿਹਾ। ਮੈਂ ਬਸ ਇਹ ਚਾਹੁੰਦਾ ਹਾਂ ਕਿ ਕੋਈ ਜਾਏ ਅਤੇ ਮੇਰੀਆਂ ਧੀਆਂ ਨੂੰ ਲੈ ਆਵੇ। ਪੁਲਿਸ ਕਹਿ ਰਹੀ ਹੈ ਕਿ ਅੱਜ ਨਹੀਂ ਤਾਂ ਕੱਲ ਇਸ ਮਾਮਲੇ ਦਾ ਹੱਲ ਨਿਕਲ ਆਵੇਗਾ। ਪਰ ਅਜੇ ਤੱਕ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੈ।"
ਪਿਤਾ ਤੋਂ ਇਲਾਵਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਵਿੱਚ ਦਿਖਾਈ ਦੇ ਰਿਹਾ ਹੈ ਜਿਸ ਵਿੱਚ ਕਥਿਤ ਤੌਰ 'ਤੇ ਦੋਵੇਂ ਕੁੜੀਆਂ ਰੋਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਸਨ ਅਤੇ ਦੱਸ ਰਹੀਆਂ ਸਨ ਕਿ ਨਿਕਾਹ ਤੋਂ ਬਾਅਦ ਉਨ੍ਹਾਂ ਨੂੰ ਮਾਰਿਆ-ਕੁੱਟਿਆ ਜਾ ਰਿਹਾ ਹੈ।
ਪਾਕਿਸਤਾਨ ਵਿੱਚ ਬਹਿਸ
ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਵਿੱਚ ਕਾਫ਼ੀ ਬਹਿਸ ਚੱਲ ਰਹੀ ਸੀ। ਕਈ ਪਾਕਿਸਤਾਨੀ ਹੀ ਪੁੱਛ ਰਹੇ ਸਨ ਕਿ ਸਿਰਫ਼ ਘੱਟ ਉਮਰ ਦੀਆਂ ਕੁੜੀਆਂ ਹੀ ਇਸਲਾਮ ਤੋਂ ਪ੍ਰਭਾਵਿਤ ਕਿਉਂ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਅਗਵਾ ਕਿਉਂ ਕੀਤਾ ਜਾਂਦਾ ਹੈ।
ਇਸਦੇ ਨਾਲ ਹੀ ਇਹ ਵੀ ਪੁੱਛਿਆ ਜਾ ਰਿਹਾ ਸੀ ਕੁੜੀਆਂ ਨੂੰ ਮੁਸਲਮਾਨ ਬਣਾ ਕੇ ਪਤਨੀ ਕਿਉਂ ਬਣਾਇਆ ਜਾਂਦਾ ਹੈ? ਉਨ੍ਹਾਂ ਨੂੰ ਭੈਣ ਦਾਂ ਧੀ ਕਿਉਂ ਨਹੀਂ ਬਣਾਇਆ ਜਾਂਦਾ?
ਇਹ ਵੀ ਪੜ੍ਹੋ:
ਪਾਕਿਸਤਾਨ ਵਿੱਚ ਹਿੰਦੂ ਸੰਗਠਨ ਦੇ ਲੋਕ ਇਸ ਘਟਨਾ ਦੇ ਵਿਰੋਧ ਵਿੱਚ ਸੜਕ 'ਤੇ ਉੱਤਰੇ।
ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਤੋਂ ਇਸ 'ਤੇ ਰਿਪੋਰਟ ਮੰਗੀ ਸੀ।
ਇਸ ਉੱਤੇ ਤੁਰੰਤ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਦਾ ਜਵਾਬ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ "ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਅਤੇ ਇਹ ਨਰਿੰਦਰ ਮੋਦੀ ਦਾ ਭਾਰਤ ਨਹੀਂ, ਜਿੱਥੇ ਘੱਟ ਗਿਣਤੀ ਭਾਈਚਾਰੇ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।"
ਇਸ 'ਤੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਤੋਂ ਸਿਰਫ਼ ਰਿਪੋਰਟ ਹੀ ਮੰਗੀ ਸੀ ਅਤੇ ਪਾਕਿਸਤਾਨ ਦੇ ਮੰਤਰੀ ਬੇਚੈਨ ਹੋ ਗਏ, ਇਸ ਨਾਲ ਪਾਕਿਸਤਾਨ ਦੀ ਮੰਸ਼ਾ ਦਾ ਪਤਾ ਲਗਦਾ ਹੈ।
ਮਾਮਲੇ ਨੂੰ ਵਧਦਾ ਵੇਖ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ।
'ਮਜਹਬੀ ਰਿਆਸਤ ਸਹੀ ਮਾਅਨੇ ਵਿੱਚ ਲੋਕਤਾਂਤਰਿਕ ਰਿਆਸਤ ਨਹੀਂ ਹੋ ਸਕਦੀ'
ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਵਿੱਚ ਇਹ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ।
ਅਜਿਹੇ ਮਾਮਲੇ ਪਾਕਿਸਤਾਨ ਵਿੱਚ ਕਿਉਂ ਹੋ ਰਹੇ ਹਨ ਅਤੇ ਅਜਿਹਾ ਨਾ ਹੋਵੇ, ਇਸਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ?
ਇਹ ਸਵਾਲ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਨੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਆਯੋਗ ਦੇ ਪ੍ਰਧਾਨ ਡਾ. ਮਹਿੰਦੀ ਹਸਨ ਤੋਂ ਪੁੱਛਿਆ।
ਡਾ. ਹਸਨ ਨੇ ਕਿਹਾ, "ਪਾਕਿਸਤਾਨ ਇੱਕ ਮਜਹਬੀ ਰਿਆਸਤ ਹੈ। ਅਜਿਹੀਆਂ ਹਰਕਤਾਂ ਮਜਹਬੀ ਸੋਚ ਰੱਖਣ ਵਾਲੇ ਲੋਕ ਕਰਦੇ ਹਨ ਅਤੇ ਇਸ ਵਿੱਚ ਸਿਆਸੀ ਪਾਰਟੀਆਂ ਆਪਣੀ ਭੂਮਿਕਾ ਸਹੀ ਤਰ੍ਹਾਂ ਨਹੀਂ ਨਿਭਾਉਂਦੀਆਂ ਹਨ, ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ।"
"ਮੈਂ ਇਹ ਮਨੰਦਾ ਹਾਂ ਕਿ ਕੋਈ ਵੀ ਮਜਹਬੀ ਰਿਆਸਤ ਸਹੀ ਮਾਅਨੇ ਵਿੱਚ ਲੋਕਤਾਂਤਰਿਕ ਰਿਆਸਤ ਨਹੀਂ ਹੋ ਸਕਦੀ। ਜਿੱਥੇ ਜਿਹੜੇ ਲੋਕਾਂ ਦਾ ਮਜਹਬ ਦੇਸ ਦੇ ਲੋਕਾਂ ਤੋਂ ਵੱਖ ਹੋਵੇਗਾ, ਉਹ ਖ਼ੁਦ ਹੀ ਦੂਜੇ ਦਰਜੇ ਦੇ ਨਾਗਰਿਕ ਹੋ ਜਾਂਦੇ ਹਨ।"
"ਦੇਸ ਦੀਆਂ ਘੱਠ ਗਿਣਤੀਆਂ ਨੂੰ ਸੰਵਿਧਾਨ ਨੇ ਬਰਾਬਰ ਹੱਕ ਦਿੱਤਾ ਤਾਂ ਹੈ ਪਰ ਧਾਰਮਿਕ ਸੋਚ ਦੇ ਕਾਰਨ ਅਜਿਹੀਆਂ ਪ੍ਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ।"
ਇਹ ਵੀ ਪੜ੍ਹੋ:
ਮਹਿੰਦੀ ਹਸਨ ਅੱਗੇ ਕਹਿੰਦੇ ਹਨ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੋਟਿਸ ਤਾਂ ਲਿਆ ਹੈ ਪਰ ਐਨੇ ਨਾਲ ਕੰਮ ਨਹੀਂ ਚੱਲੇਗਾ ਜਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਵੇ।
ਉਹ ਕਹਿੰਦੇ ਹਨ ਕਿ ਮਾਮਲੇ ਵਿੱਚ ਮੁਲਜ਼ਮਾਂ ਦੀ ਗਿਰਫ਼ਤਾਰੀ ਹੋਣੀ ਚਾਹੀਦੀ ਹੈ।
ਉਹ ਯਾਦ ਕਰਵਾਉਂਦੇ ਹਨ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਸੰਵਿਧਾਨ ਸਭਾ ਵਿੱਚ ਆਪਣੇ ਪਹਿਲੇ ਸੰਬੋਧਨ ਵਿੱਚ ਕਿਹਾ ਸੀ ਕਿ ਮਜਹਬ ਪਾਕਿਸਤਾਨ ਦੀ ਰਿਆਸਤ ਵਿੱਚ ਕੋਈ ਕਿਰਦਾਰ ਅਦਾ ਨਹੀਂ ਕਰੇਗਾ ਅਤੇ ਅਜਿਹਾ ਨਹੀਂ ਹੁੰਦਾ ਤਾਂ ਇਹ ਜਿਨਾਹ ਦਾ ਪਾਕਿਸਤਾਨ ਨਹੀਂ ਹੋਵੇਗਾ।
ਪਾਕਿਸਤਾਨ ਵਿੱਚ ਹਿੰਦੂਆਂ ਦੀ ਤਦਾਦ ਕਰੀਬ 30 ਲੱਖ ਹੈ ਅਤੇ ਸਭ ਤੋਂ ਵੱਡੀ ਗਿਣਤੀ ਵਿੱਚ ਇਹ ਸਿੰਧ ਸੂਬੇ ਵਿੱਚ ਰਹਿੰਦੇ ਹਨ।
ਪਾਕਿਸਤਾਨ ਦੇ ਵੱਖ-ਵੱਖ ਸੰਗਠਨਾਂ ਦਾ ਦਾਅਵਾ ਕੀਤਾ ਹੈ ਕਿ ਹਾਰ ਸਾਲ ਲਗਪਗ ਇੱਕ ਹਜ਼ਾਰ ਹਿੰਦੂ ਅਤੇ ਇਸਾਈ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ