ਇੱਥੇ ਗਊਸ਼ਾਲਾਵਾਂ ਦੇ ਨਹੀਂ, ਸ਼ਮਸ਼ਾਨ ਘਾਟ ਸਹਾਰੇ ਅਵਾਰਾ ਪਸ਼ੂ

    • ਲੇਖਕ, ਗੁਰਦਰਸ਼ਨ ਸਿੰਘ ਸੰਧੂ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਦੇਸ ਦੇ ਕਈ ਖੇਤਰ ਅਜਿਹੇ ਹਨ ਜਿੱਥੇ ਅਵਾਰਾਂ ਪਸ਼ੂ ਇੱਕ ਵੱਡੀ ਸਮੱਸਿਆ ਹਨ। ਇਹ ਅਵਾਰਾ ਪਸ਼ੂ ਲੋਕਾਂ ਦੀ ਪ੍ਰੇਸ਼ਾਨੀ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ।

ਪੰਜਾਬ ਵਿੱਚ ਵੀ ਅਵਾਰਾ ਪਸ਼ੂਆਂ ਦੀ ਵੱਡੀ ਸਮੱਸਿਆ ਹੈ। ਇਨ੍ਹਾਂ ਅਵਾਰਾਂ ਪਸ਼ੂਆਂ ਖ਼ਾਸ ਕਰਕੇ ਗਊਆਂ ਦੀ ਜ਼ਿੰਮੇਦਾਰੀ ਗਊਸ਼ਾਲਾਵਾਂ ਦੀ ਬਣਦੀ ਹੈ।

ਪਰ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਅਨੋਖੀ ਹੀ ਗੱਲ ਵੇਖਣ ਨੂੰ ਮਿਲੀ ਹੈ ਜਿੱਥੇ ਅਵਾਰਾ ਪਸ਼ੂ ਸ਼ਮਸ਼ਾਨ ਘਾਟ ਵਿੱਚ ਬੱਝੇ ਹੋਏ ਨਜ਼ਰ ਆਏ।

ਫਿਰੋਜ਼ਪੁਰ ਦੇ ਬਾਰਡਰ ਰੋਡ 'ਤੇ ਵੱਸੇ ਪਿੰਡ ਬਾਰੇ ਕੇ ਦੇ ਸ਼ਮਸ਼ਾਨ ਘਾਟ ਵਿੱਚ ਕਈ ਦਿਨ ਤੱਕ ਕਈ ਅਵਾਰਾ ਪਸ਼ੂ ਭੁੱਖੇ-ਪਿਆਸੇ ਬੰਦ ਰਹੇ ਸਨ।

ਸ਼ਮਸ਼ਾਨ ਘਾਟ ਕਿਵੇਂ ਆਏ ਪਸ਼ੂ

ਕਿਸੇ ਦੇ ਸਸਕਾਰ ਵੇਲੇ ਸ਼ਮਸ਼ਾਨ ਘਾਟ ਜਾਣ 'ਤੇ ਇਸ ਸਭ ਦਾ ਪਤਾ ਲਗਿਆ।

ਇਹ ਵੀ ਪੜ੍ਹੋ:

ਸ਼ਮਸ਼ਾਨ ਘਾਟ ਵਿੱਚ 30 ਦੇ ਕਰੀਬ ਗਊਆਂ ,ਸਾਨ੍ਹ ਅਤੇ ਹੋਰ ਛੋਟੇ ਵੱਛੇ ਸਨ। ਪੁੱਛਣ 'ਤੇ ਪਤਾ ਲਗਿਆ ਕਿ ਇਲਾਕੇ ਦੇ ਕਿਸਾਨ ਫ਼ਸਲਾਂ ਬਰਬਾਦ ਹੋਣ ਦੇ ਡਰ ਕਾਰਨ ਗਊਆਂ ਨੂੰ ਇੱਥੇ ਛੱਡ ਗਏ ਸਨ।

ਜਿੱਥੇ ਕੋਈ ਪਾਣੀ ਜਾਂ ਪੱਠਿਆਂ ਦਾ ਪ੍ਰਬੰਧ ਨਹੀਂ ਤੇ ਪਸ਼ੂ ਭੁੱਖ ਦੇ ਮਾਰੇ ਕੰਧਾਂ ਨਾਲ ਲੱਗੇ ਖੜ੍ਹੇ ਸਨ। ਸੀਤ ਹਵਾ ਕਾਰਨ ਵਾਰ-ਵਾਰ ਮੱਚਦੇ ਪਸ਼ੂ ਸਿਵੇ ਵੱਲ ਆ ਰਹੇ ਸੀ ਪਰ ਕੁਝ ਨੌਜਵਾਨ ਉਨ੍ਹਾਂ ਨੂੰ ਘੇਰ ਕੇ ਖੜ੍ਹੇ ਸਨ।

ਟਰਾਲੀਆਂ 'ਤੇ ਪਸ਼ੂਆਂ ਨੂੰ ਲੱਦ ਕੇ ਸ਼ਹਿਰਛੱਡ ਜਾਂਦੇ ਕਿਸਾਨ

ਅਵਾਰਾਂ ਪਸ਼ੂਆਂ ਵੱਲੋਂ ਫਸਲਾਂ ਨੂੰ ਬਰਬਾਦ ਕਰਨ ਦੇ ਡਰ ਤੋਂ ਪਿੰਡਾਂ ਦੇ ਕਿਸਾਨ ਇਨ੍ਹਾਂ ਨੂੰ ਟਰਾਲੀਆਂ 'ਤੇ ਲੱਦ ਕੇ ਸ਼ਹਿਰ ਛੱਡ ਜਾਂਦੇ ਹਨ।

ਪਿੰਡ ਸੋਢੇ ਵਾਲਾ ਦੇ ਗੱਬਰ ਸਿੰਘ ਅਤੇ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਕਰ ਰਹੇ ਹਨ ਤੇ ਓਨ੍ਹਾਂ ਨੂੰ ਆਪਣੀਆਂ ਫ਼ਸਲਾਂ ਰਾਤਾਂ ਜਾਗ ਕੇ ਬਚਾਉਣੀਆਂ ਪੈ ਰਹੀਆਂ ਹਨ।

ਕਿਸਾਨਾਂ ਦਾ ਇਹ ਵੀ ਦੁਖੜਾ ਹੈ ਕਿ ਇਹ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਉਨ੍ਹਾਂ ਦੇ ਘਰੇਲੂ ਪਸ਼ੂਆਂ ਨੂੰ ਵੀ ਤੰਗ ਕਰਦੇ ਹਨ।

ਪਿੰਡ ਝੋਕ ਹਰੀਹਰ ਦੇ ਕਿਸਾਨ ਅਮਰ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਉਹ ਕਿਸਾਨ ਯੂਨੀਅਨ ਤੇ ਪੰਚਾਇਤ ਦੇ ਨਾਲ ਤਿੰਨ ਟਰਾਲੀਆਂ ਭਰ ਕੇ ਅਵਾਰਾ ਪਸ਼ੂ ਸ਼ਹਿਰ ਛੱਡਣ ਆਏ ਹਨ ਕਿਉਂਕਿ ਇਹ ਪਸ਼ੂ ਓਨ੍ਹਾਂ ਦੀ ਨੀਂਦ ਹਰਾਮ ਕਰ ਰਹੇ ਹਨ। ਫਸਲਾਂ ਬਰਬਾਦ ਕਰ ਰਹੇ ਹਨ।

ਕਿਸਾਨਾਂ ਦਾ ਕਹਿਣਾ ਕੇ ਸਰਕਾਰਾਂ ਇਨ੍ਹਾਂ ਦੇ ਨਾਮ ਉੱਤੇ ਟੈਕਸ ਵਸੂਲ ਰਹੀਆਂ ਨੇ ਫਿਰ ਸੰਭਾਲਦੀਆਂ ਕਿਓਂ ਨਹੀਂ।

ਗਊਸ਼ਾਲਾ ਵਾਲਿਆਂ ਦਾ ਤਰਕ

ਫਿਰੋਜ਼ਪੁਰ ਦੇ ਪਿੰਡ ਰੱਜੀ ਵਾਲਾ 'ਚ 75 ਕਿੱਲਿਆਂ ਦੀ ਜ਼ਮੀਨ ਵਾਲੀ ਗਊਸ਼ਾਲਾ ਹੈ ਪਰ ਜਾ ਕੇ ਦੇਖਣ 'ਤੇ ਪਤਾ ਲੱਗਿਆ ਕਿ ਇਸ ਗਊਸ਼ਾਲਾ ਵਿੱਚ ਸਿਰਫ਼ 50 ਪਸ਼ੂ ਹੀ ਸਨ।

ਗਊਸ਼ਾਲਾ ਵਿੱਚ ਦੁਧਾਰੂ ਪਸ਼ੂਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈ ਹਨ ਪਰ ਦੂਜੇ ਪਸ਼ੂ ਬਿਨਾਂ ਛੱਤ ਦੇ ਹੀ ਰੱਖੇ ਗਏ ਸਨ।

ਗਊਸ਼ਾਲਾ ਦੇ ਮੈਨੇਜਰ ਅਦਰਸ਼ਵੀਰ ਭੱਲਾ ਨੇ ਦੱਸਿਆ ਕੇ ਓਨ੍ਹਾਂ ਕੋਲ 75 ਕਿੱਲੇ ਜ਼ਮੀਨ ਹੈ ਜਿਸ ਵਿੱਚੋਂ 40 ਕਿੱਲਿਆਂ 'ਚ ਉਹ ਫ਼ਸਲ ਬੀਜਦੇ ਹਨ ਅਤੇ ਬਾਕੀ ਥਾਂ ਪਸ਼ੂਆਂ ਅਤੇ ਪੱਠਿਆਂ ਲਈ ਹੈ।

ਦੂਜੇ ਪਾਸੇ ਉਹ ਇਸ ਗਊਸ਼ਾਲਾ ਲਈ ਲੋਕਾਂ ਵੱਲੋ ਮਿਲਦੇ ਦਾਨ ਦੀ ਗੱਲ ਵੀ ਕਰਦੇ ਹਨ।

ਇਹ ਵੀ ਪੜ੍ਹੋ:

ਮੈਨੇਜਰ ਅਦਰਸ਼ਵੀਰ ਭੱਲਾ ਦਾ ਕਹਿਣਾ ਹੈ ਕਿ ਇਸ ਜ਼ਮੀਨ ਦੀ ਆਮਦਨ ਵਿੱਚੋਂ ਤਿੰਨ ਸਕੂਲ ਵੀ ਚੱਲਦੇ ਹਨ ਜਿਨ੍ਹਾਂ ਨੂੰ ਗਰਾਂਟ ਦਿੱਤੀ ਜਾਂਦੀ ਹੈ। ਬਾਕੀ ਪੈਸਾ ਬਿਜਲੀ ਦੇ ਬਿੱਲ ਅਤੇ ਲੇਬਰ ਦੇ ਖਰਚੇ ਵਿੱਚ ਚਲਾ ਜਾਂਦਾ ਹੈ।

ਗਊਸ਼ਾਲਾ ਦੇ ਮੈਨਜਰ ਨੇ ਸੁਝਾਅ ਦਿੰਦਿਆਂ ਕਿਹਾ ਕਿ ਹਰ ਪਿੰਡ ਵਿੱਚ ਪੰਚਾਇਤੀ ਜ਼ਮੀਨਾਂ 'ਤੇ ਗਊਸ਼ਾਲਾਵਾਂ ਬਣ ਜਾਣ ਜਾਂ ਸਰਕਾਰ ਫੰਡ ਦੇਣ।

ਉਨ੍ਹਾਂ ਦਾ ਤਰਕ ਇਹ ਸੀ ਕਿ ਇਹਨਾਂ ਨੂੰ ਛੱਡਦੇ ਤਾਂ ਪਿੰਡਾਂ ਦੇ ਕਿਸਾਨ ਹੀ ਹਨ ਸ਼ਹਿਰੀ ਲੋਕ ਨਹੀਂ।

ਗਊਸ਼ਾਲਾ ਦੇ ਪ੍ਰਬੰਧਕ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਸਾਨ ਲੜਦੇ ਹਨ ਜਿਸ ਨਾਲ ਖਾਸਾ ਨੁਕਸਾਨ ਹੁੰਦਾ ਹੈ।

ਕੀ ਕਹਿੰਦੇ ਹਨ ਅਧਿਕਾਰੀ?

ਐਨੀਮਲ ਹੱਸਬੰਡਰੀ ਦੇ ਡਿਪਟੀ ਡਾਇਰੈਕਟਰ ਭੁਪਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸ਼ਹਿਰ ਭਰ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਹਜ਼ਾਰ ਦੇ ਕਰੀਬ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਕੱਲੇ ਫਿਰੋਜ਼ਪੁਰ ਵਿੱਚ 16 ਦੇ ਕਰੀਬ ਗਊਸ਼ਾਲਾਵਾਂ ਹਨ ਪਰ ਵੱਡੇ ਸਾਨ੍ਹਾਂ ਨੂੰ ਕੋਈ ਆਪਣੀ ਗਊਸ਼ਾਲਾ ਵਿੱਚ ਰੱਖ ਕੇ ਖੁਸ਼ ਨਹੀਂ ਹੈ।

ਓਨ੍ਹਾਂ ਦੱਸਿਆ,''ਇਕੱਲੇ ਡੀਸੀ ਦਫ਼ਤਰ ਕੋਲ ਹੀ 100 ਤੋਂ ਵੱਧ ਅਵਾਰਾ ਪਸ਼ੂ ਫਿਰਦੇ ਹਨ। ਅਵਾਰਾ ਪਸ਼ੂਆਂ ਦੀ ਜੋ ਗਿਣਤੀ ਪਿਛਲੇ ਸਾਲ ਕਰਵਾਈ ਸੀ ਓਹ 700 ਦੇ ਕਰੀਬ ਸੀ ਪਰ ਹੁਣ ਗਿਣਤੀ ਸਪੱਸ਼ਟ ਰੂਪ ਵਿੱਚ ਨਹੀਂ ਦੱਸੀ ਜਾ ਸਕਦੀ ਪਰ ਹਜ਼ਾਰ ਤੋਂ ਉੱਪਰ ਹੋ ਸਕਦੀ ਹੈ।''

ਇਹ ਵੀ ਪੜ੍ਹੋ:

ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ 'ਚ ਫਿਰਦੇ ਇਹ ਪਸ਼ੂ ਜਦੋਂ ਆਪਸ ਵਿੱਚ ਭਿੜਦੇ ਹਨ ਤਾਂ ਕਈ ਵਾਹਨਾਂ ਦਾ ਨੁਕਸਾਨ ਕਰਦੇ ਹਨ ਅਤੇ ਆਮ ਲੋਕਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ।

ਅਵਾਰਾ ਪਸ਼ੂਆਂ ਬਾਰੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਕਹਿੰਦੇ ਹਨ,''ਇਹਨਾਂ ਪਸ਼ੂਆਂ ਬਾਰੇ ਐਨੀਮਲ ਹੈਸਬੰਡਰੀ ਦੇ ਡਿਪਟੀ ਡਾਇਰੈਕਟਰ ਨੂੰ ਹਦਾਇਤ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਗਊਸ਼ਾਲਾਵਾਂ ਲਈ ਆਇਆ ਡੇਢ ਕਰੋੜ ਇਨ੍ਹਾਂ ਦੀ ਸੰਭਾਲ ਲਈ ਖਰਚ ਕੀਤਾ ਜਾਵੇਗਾ।''

ਸ਼ਮਸ਼ਾਨ ਘਾਟ ਵਿੱਚ ਬੰਦ ਪਸ਼ੂਆ ਬਾਰੇ ਓਨ੍ਹਾਂ ਚਿੰਤਾ ਕਰਦੇ ਹੋਏ ਕਿਹਾ ਕਿ ਤੁਰੰਤ ਹੀ ਸੰਬੰਧਿਤ ਵਿਭਾਗ ਨੂੰ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਕਿਹਾ ਜਾਵੇਗਾ।

ਫਿਰੋਜਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਆਵਾਰਾ ਪਸ਼ੂਆਂ ਨੂੰ ਸੰਭਾਲਣ ਲਈ ਸਰਕਾਰ ਤੋਂ ਡੇਢ ਕਰੋੜ ਰੁਪਏ ਮਨਜ਼ੂਰ ਕਰਵਾ ਲਿਆ ਗਿਆ ਹੈ ਅਤੇ ਛੇਤੀ ਹੀ ਵੱਡੀਆਂ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)