ਸੁਸ਼ਮਾ ਸਵਰਾਜ ਨੇ ਪਾਕਿਸਤਾਨ 'ਚ ਹਿੰਦੂ ਕੁੜੀਆਂ ਦੇ 'ਧਰਮ ਪਰਿਵਰਤਨ' ਦੇ ਮਾਮਲੇ 'ਤੇ ਮੰਗੀ ਰਿਪੋਰਟ

"ਇਹ ਮੋਦੀ ਦਾ ਭਾਰਤ ਨਹੀਂ ਹੈ ਜਿੱਥੇ ਘੱਟ-ਗਿਣਤੀਆਂ ਨੂੰ ਤਬਾਹ ਕੀਤਾ ਜਾਂਦਾ ਹੈ, ਇਹ ਇਮਰਾਨ ਖ਼ਾਨ ਦਾ ਨਵਾਂ ਪਾਕਿਸਤਾਨ ਹੈ ਜਿੱਥੇ ਸਾਡੇ ਝੰਡੇ ਦਾ ਚਿੱਟਾ ਰੰਗ ਵੀ ਓਨਾ ਹੀ ਕੀਮਤੀ ਹੈ।"

ਇਨ੍ਹਾਂ ਸ਼ਬਦਾਂ ਦੀ ਵਰਤੋਂ ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਇੱਕ ਟਵੀਟ ਦੇ ਜਵਾਬ 'ਚ ਕੀਤੀ।

ਦਰਅਸਲ ਪਾਕਿਸਤਾਨ ਵਿੱਚ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਵਿਆਹ ਕਰਨ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੀਆਂ ਖ਼ਬਰਾਂ 'ਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਤਾਂ ਉਨ੍ਹਾਂ ਨੂੰ ਪਾਕਿਸਤਾਨ ਤੋਂ ਨਸੀਹਤ ਭਰਿਆ ਜਵਾਬ ਮਿਲਿਆ।

ਭਾਰਤੀ ਵਿਦੇਸ਼ ਮੰਤਰੀ ਸੁਸ਼ਵਾ ਸਵਰਾਜ ਨੇ ਵੀ ਟਵਿੱਟਰ 'ਤੇ ਲਿਖਿਆ, "ਮੈਂ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਇਸ ਬਾਰੇ ਰਿਪੋਰਟ ਭੇਜਣ ਲਈ ਕਿਹਾ ਹੈ।"

ਇਸ 'ਤੇ ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖਿਆ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਅਤੇ ਸਾਡੇ ਲਈ ਘੱਟ ਗਿਣਤੀ ਭਾਈਚਾਰਾ ਵੀ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ-

ਚੌਧਰੀ ਫ਼ਵਾਦ ਹੁਸੈਨ ਨੇ ਟਵਿੱਟਰ 'ਤੇ ਸੁਸ਼ਮਾ ਸਵਰਾਜ ਨੂੰ ਜਵਾਬ ਦਿੰਦਿਆਂ ਹੋਇਆਂ ਲਿਖਿਆ, "ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਮੋਦੀ ਦਾ ਭਾਰਤ ਨਹੀਂ ਹੈ ਜਿੱਥੇ ਘੱਟ-ਗਿਣਤੀਆਂ ਨੂੰ ਤਬਾਹ ਕੀਤਾ ਜਾਂਦਾ ਹੈ।"

"ਇਹ ਇਮਰਾਨ ਖ਼ਾਨ ਦਾ ਨਵਾਂ ਪਾਕਿਸਤਾਨ ਹੈ ਜਿੱਥੇ ਸਾਡੇ ਝੰਡੇ ਦਾ ਚਿੱਟਾ ਰੰਗ ਵੀ ਓਨਾ ਹੀ ਕੀਮਤੀ ਹੈ। ਉਮੀਦ ਕਰਦਾ ਹਾਂ ਕਿ ਜਦੋਂ ਉੱਥੇ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਗੱਲ ਆਵੇਗੀ ਤਾਂ ਤੁਸੀਂ ਵੀ ਇਸੇ ਹੀ ਫ਼ੁਰਤੀ ਨਾਲ ਕਾਰਵਾਈ ਕਰੋਗੇ।"

ਪਾਕਿਸਤਾਨ ਵਿਚ ਦੋ ਨਾਬਾਲਗ ਹਿੰਦੂ ਕੁੜੀਆਂ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਏ ਜਾਣ ਦੇ ਵਿਰੋਧ ਵਿਚ ਹਿੰਦੂ ਭਾਈਚਾਰੇ ਨੇ ਵੀਰਵਾਰ ਨੂੰ ਧਰਨਾ-ਪ੍ਰਦਰਸ਼ਨ ਕੀਤਾ ਸੀ। ਇਹ ਘਟਨਾ ਸਿੰਧ ਸੂਬੇ ਦੇ ਘੋਟਕੀ ਜ਼ਿਲ੍ਹੇ ਦੀ ਦਹਾਰਕੀ ਤਹਿਸੀਲ ਵਿਚ ਹੋਲੀ ਵਾਲੇ ਦਿਨ ਵਾਪਰੀ ਸੀ।

ਅਨੁਸੂਚਿਤ ਜਾਤਾਂ ਦੇ ਹਿੰਦੂ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਦੋ ਨਾਬਾਲਗ ਭੈਣਾਂ ਨੂੰ ਹੋਲੀ ਵਾਲੇ ਦਿਨ ਕੋਹਬਰ ਅਤੇ ਮਲਿਕ ਕਬੀਲਿਆਂ ਦੇ ਲੋਕਾਂ ਨੇ ਅਗਵਾ ਕਰ ਲਿਆ ਸੀ।

ਹਾਲਾਂਕਿ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਗਿਆ ਜਿਸ ਵਿਚ ਦੋ ਕੁੜੀਆਂ ਇਸਲਾਮ ਨੂੰ ਅਪਣਾਉਣ ਦਾ ਦਾਅਵਾ ਕਰਦੇ ਹੋਏ ਆਖ ਰਹੀਆਂ ਹਨ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਨੂੰ ਕਬੂਲ ਕੀਤਾ ਹੈ।

ਇਸ ਪੂਰੇ ਮਾਮਲੇ 'ਤੇ ਭਾਰਤ ਦੀ ਸਰਬ ਉੱਚ ਅਦਾਲਤ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਟਵੀਟ ਕਰ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਇਸ ਘਟਨਾ ਨੂੰ ਸ਼ਰਮਨਾਕ ਦੱਸਦੋ ਹੋਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪੁੱਛਿਆ ਕਿ ਤੁਹਾਡਾ ਨਵਾਂ ਪਾਕਿਸਤਾਨ ਕਿੱਥੇ ਹੈ?

ਕਾਟਜੂ ਨੂੰ ਵੀ ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਜਵਾਬ ਦਿੱਤਾ ਕਿ ਅਸੀਂ ਪਾਕਿਸਤਾਨ ਨੂੰ ਮੋਦੀ ਦਾ ਭਾਰਤ ਨਹੀਂ ਬਣਨ ਦਵਾਂਗੇ ਜਿੱਥੇ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਗੱਲ ਮਜ਼ਾਕ ਬਣ ਗਈ ਹੈ।

ਉਨ੍ਹਾਂ ਨੇ ਲਿਖਿਆ ਕਿ ਮਨੁੱਖੀ ਅਧਿਕਾਰ ਮੰਤਰਾਲੇ ਨੇ ਇਸ ਮਾਮਲੇ ਨੂੰ ਆਪਣੇ ਧਿਆਨ ਵਿੱਚ ਲਿਆ ਹੈ ਅਤੇ ਜਾਂਚ ਲਈ ਆਖ ਦਿੱਤਾ ਗਿਆ ਹੈ।

ਸੂਚਨਾ ਮੰਤਰੀ ਨੇ ਲਿਖਿਆ, "ਮਨੁੱਖੀ ਅਧਿਕਾਰ ਮੰਤਰਾਲੇ ਨੇ ਇਸ ਮਾਮਲੇ ਨੂੰ ਧਿਆਨ ਵਿਚ ਲਿਆ ਹੈ ਅਤੇ ਜਾਂਚ ਲਈ ਕਹਿ ਦਿੱਤਾ ਗਿਆ ਹੈ। ਬਾਕੀ ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਅਸੀਂ ਇਸ ਨੂੰ ਮੋਦੀ ਦਾ ਭਾਰਤ ਨਹੀਂ ਬਨਣ ਦੇਵਾਂਗੇ ਜਿੱਥੇ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਗੱਲ ਮਜ਼ਾਕ ਬਣ ਕੇ ਰਹਿ ਗਈ ਹੋਵੇ।"

ਇਮਰਾਨ ਖ਼ਾਨ ਨੇ ਦਿੱਤੇ ਜਾਂਚ ਦੇ ਆਦੇਸ਼

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ।

ਸੂਚਨਾ ਮੰਤਰੀ ਨੇ ਟਵੀਟ ਕੀਤਾ ਕਿ ਇਮਰਾਨ ਖ਼ਾਨ ਨੇ ਸਿੰਧ ਦੇ ਮੁੱਖ ਮੰਤਰੀ ਨੂੰ ਤੁਰੰਤ ਜਾਂਚ ਕਰਵਾਉਣ ਲਈ ਕਿਹਾ ਹੈ।

ਕੀ ਹੈ ਮੀਡੀਆ ਵਿਚ ਖ਼ਬਰ?

ਪਾਕਿਸਤਾਨ ਦੇ ਅਖ਼ਬਾਰ ਦਿ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਹਿੰਦੂ ਆਗੂ ਸ਼ਿਵ ਮੁਖੀ ਮੇਘਵਾਰ ਨੇ ਕਿਹਾ, "ਇਹ ਉਨ੍ਹਾਂ ਦੀ ਇੱਛਾ ਨਹੀਂ ਸੀ, ਅਸਲ ਵਿੱਚ ਕੁੜੀਆਂ ਨੂੰ ਅਗਵਾ ਕੀਤਾ ਗਿਆ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ।"

ਭਾਰਤ ਦੇ ਅੰਗਰੇਜ਼ੀ ਅਖ਼ਬਾਰ ਟਾਇਮਜ਼ ਆਫ਼ ਇੰਡੀਆ ਨੂੰ ਪਾਕਿਸਤਾਨ ਹਿੰਦੂ ਸੇਵਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਸੰਜੇਸ਼ ਧਨਜਾ ਨੇ ਕਰਾਚੀ ਤੋਂ ਫ਼ੋਨ 'ਤੇ ਦੱਸਿਆ ਕਿ ਦੋ ਭੈਣਾਂ ਰੀਨਾ ਅਤੇ ਰਵੀਨਾ ਨੂੰ ਅਗਵਾ ਕਰਨ ਤੋਂ ਬਾਅਦ ਵਿਆਹ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰ ਦਿੱਤਾ ਗਿਆ ਹੈ।

ਇਸ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਖ਼ੁਦ ਨੂੰ ਥੱਪੜ ਮਾਰਦੇ ਹੋਏ ਇਹ ਮੰਗ ਕਰ ਰਿਹਾ ਹੈ ਕਿ ਜਾਂ ਤਾਂ ਉਨ੍ਹਾਂ ਦੀਆਂ ਧੀਆਂ ਨੂੰ ਸੁਰੱਖਿਅਤ ਵਾਪਸ ਲਿਆ ਦਓ ਜਾਂ ਉਨ੍ਹਾਂ ਨੂੰ ਗੋਲੀ ਮਾਰ ਦਓ।

ਨਾਸਿਰ ਲਿਖਦੇ ਹਨ, "ਇਹ ਬਜ਼ੁਰਗ ਇਹ ਥੱਪੜ ਆਪਣੇ ਮੂੰਹ 'ਤੇ ਨਹੀਂ, ਸਮਾਜ ਦੇ ਮੂੰਹ 'ਤੇ ਮਾਰ ਰਿਹਾ ਹੈ।"

ਐਫ਼ਆਈਆਰ ਕੀਤੀ ਗਈ ਦਰਜ

ਇਸ ਮਾਮਲੇ ਵਿਚ ਪਾਕਿਸਤਾਨ ਦੇ ਕਾਨੂੰਨ ਦੀ ਧਾਰਾ 365 ਬੀ (ਅਗਵਾ ਕਰਨਾ, ਜ਼ਬਰਦਸਤੀ ਵਿਆਹ ਲਈ ਅਗਵਾ ਕਰਨਾ), 395 (ਡਕੈਤੀ ਲਈ ਸਜ਼ਾ), 452 (ਕੁੱਟਮਾਰ, ਅਣਅਧਿਕਾਰਤ ਰੂਪ ਵਿੱਚ ਦਬਾਉਣ ਦੇ ਉਦੇਸ਼ ਨਾਲ ਘਰ ਵਿੱਚ ਅਣਅਧਿਕਾਰਤ ਤੌਰ 'ਤੇ ਦਾਖ਼ਲ ਹੋਣਾ) ਦੇ ਤਹਿਤ ਭਰਾ ਸਲਮਾਨ ਦਾਸ, ਪੁੱਤਰ ਹਰੀ ਦਾਸ ਮੇਘਵਾਰ ਦੇ ਬਿਆਨ ਤਹਿਤ, ਦਹਾਰਕੀ ਪੁਲਿਸ ਥਾਣੇ ਵਿਚ ਰਿਪੋਰਟ ਦਰਜ ਕੀਤੀ ਗਈ ਹੈ।

ਕੀ ਹੈ ਪੂਰਾ ਮਾਮਲਾ?

ਪਾਕਿਸਤਾਨੀ ਅਖ਼ਬਾਰ ਦਿ ਐਕਸਪ੍ਰੈਸ ਟ੍ਰਿਬਿਊਨ ਨੇ ਵਿਸਥਾਰ ਵਿੱਚ ਇਸ ਕੇਸ ਵਿੱਚ ਦਰਜ ਕੀਤੀ ਗਈ ਐਫ਼ਆਈਆਰ ਵਿੱਚ ਕਹੀਆਂ ਗਈਆਂ ਗੱਲਾਂ ਦੀ ਵਿਆਖਿਆ ਕੀਤੀ ਹੈ।

ਸਭ ਤੋਂ ਪਹਿਲਾਂ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਕ ਕੁਝ ਦਿਨਾਂ ਪਹਿਲਾਂ ਉਨ੍ਹਾਂ ਦੀ ਬਰਕਤ ਮਲਿਕ ਅਤੇ ਹੁਜ਼ੂਰ ਅਲੀ ਕੋਹਬਰ ਦੇ ਨਾਲ ਕੁਝ ਬਹਿਸ ਹੋ ਗਈ ਸੀ।

ਦੋਵੇਂ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਰਹਿੰਦੇ ਸੀ। ਜਦ ਉਨ੍ਹਾਂ ਨੂੰ ਜਾਣ ਲਈ ਕਿਹਾ ਗਿਆ ਤਾਂ ਗੁੱਸੇ ਹੋ ਗਏ ਸੀ।

ਇਹ ਵੀ ਪੜ੍ਹੋ-

ਦਾਸ ਦਾਅਵਾ ਕਰਦੇ ਹਨ ਕਿ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਪਿੰਡ ਹਾਫ਼ਿਜ਼ ਸੁਲੇਮਾਨ ਵਿੱਚ ਸਨ, ਜਦੋਂ ਪਿਸਤੌਲਾਂ ਲਈ ਛੇ ਲੋਕ ਉਨ੍ਹਾਂ ਦੇ ਘਰ ਅੰਦਰ ਆ ਗਏ।

ਸ਼ਿਕਾਇਤ ਵਿੱਚ ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਛੇ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਬੰਦੂਕ ਦੀ ਨੋਕ 'ਤੇ ਬੰਧੀ ਬਣਾ ਲਿਆ।

ਸਫ਼ਦਰ ਅਲੀ ਉਨ੍ਹਾਂ ਦੀਆਂ 13 ਸਾਲਾ ਅਤੇ 15 ਸਾਲਾ ਦੋ ਭੈਣਾਂ ਨੂੰ ਫੜ੍ਹ ਕੇ ਘਸੀਟਦੇ ਹੋਏ ਘਰ ਤੋਂ ਬਾਹਰ ਲੈ ਗਏ।

ਇਸ ਵਿਚਕਾਰ ਅਹਿਮਦ ਸ਼ਾਹ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਤਿੰਨ ਅਣਪਛਾਤੇ ਸਾਥੀਆਂ ਨੇ ਗਹਿਣਿਆਂ ਦੀ ਭਾਲ ਵਿੱਚ ਘਰ ਦੀਆਂ ਸਾਰੀਆਂ ਅਲਮਾਰੀਆਂ ਦੀ ਤਲਾਸ਼ੀ ਲਈ।

ਰਿਪੋਰਟ ਮੁਤਾਬਕ ਦੋਸ਼ੀਆਂ ਨੇ ਚਾਰ ਤੋਲੇ ਸੋਨਾ ਅਤੇ 75 ਹਜ਼ਾਰ ਰੁਪਏ ਨਕਦੀ ਵੀ ਚੋਰੀ ਕੀਤੀ।

ਜਦੋਂ ਇਹ ਸਭ ਚੱਲ ਰਿਹਾ ਸੀ, ਉਸ ਦੌਰਾਨ ਪਰਿਵਾਰ ਵਾਲਿਆਂ ਦੇ ਸ਼ੋਰ ਮਚਾਉਣ ਨਾਲ ਗੁਆਂਢ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਚਚੇਰੇ ਭਰਾ ਰਮੇਸ਼ ਮੇਘਵਾਰ ਤੁਰੰਤ ਹਰਕਤ ਵਿੱਚ ਆ ਗਏ।

ਜਦੋਂ ਉਹ ਦਾਸ ਦੇ ਘਰ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਦੋਸ਼ੀ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਪਛਾਣ ਲਿਆ।

ਹਾਲਾਂਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਪਿੱਛਾ ਨਾ ਕਰਨ ਦੀ ਚਿਤਾਨਵੀ ਦਿੱਤੀ ਅਤੇ ਕਿਹਾ ਕਿ ਜੇਕਰ ਪਿੱਛਾ ਕੀਤਾ ਤਾਂ ਜਾਨ ਤੋਂ ਮਾਰ ਦਵਾਂਗੇ।

ਦਾਸ ਮੁਤਾਬਕ ਅਲੀ, ਬਰਕਤ ਅਲੀ ਅਤੇ ਅਹਿਮਦ ਸ਼ਾਹ ਆਪਣੀ ਚਿੱਟੀ ਟੋਯੋਟਾ ਕੋਰੋਲਾ ਵਿੱਚ ਉਨ੍ਹਾਂ ਦੀਆਂ ਦੋ ਭੈਣਾਂ ਨੂੰ ਅਗਵਾ ਕਰਕੇ ਲੈ ਗਏ ਜਦਕਿ ਤਿੰਨ ਅਣਪਛਾਤੇ ਲੋਕ ਆਪਣੀ ਬਾਇਕ 'ਤੇ ਸਨ।

ਜ਼ਬਰਦਸਤੀ ਧਰਮ ਪਰਿਵਰਤਨ ਬਿੱਲ ਦਾ ਕੀ ਬਣਿਆ?

ਇਸ ਘਟਨਾ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਐਫ਼ ਦੇ ਸੂਬਾਈ ਵਿਧਾਨ ਸਭਾ ਦੇ ਮੈਂਬਰ ਨੰਦ ਕੁਮਾਰ ਗੋਖਲਾਨੀ, ਜੋ ਕਿ ਜ਼ਬਰਦਸਤੀ ਧਰਮ ਪਰਿਵਰਤਨ ਕੀਤੇ ਜਾਣ ਦੇ ਖਿਲਾਫ਼ ਬਿੱਲ ਲੈ ਕੇ ਆਏ ਸਨ, ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕਾਨੂੰਨ ਨੂੰ ਛੇਤੀ ਤੋਂ ਛੇਤੀ ਪਾਸ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ, "ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੇਰੇ ਬਿੱਲ ਨੂੰ ਬਿਨ੍ਹਾਂ ਕਿਸੇ ਦੇਰੀ ਨਾਲ ਪਾਸ ਕੀਤਾ ਜਾਵੇ।"

2016 ਵਿੱਚ ਸਿੰਧ ਵਿਧਾਨ ਸਭਾ ਨੇ ਖ਼ਾਸ ਤੌਰ 'ਤੇ ਗ਼ੈਰ-ਮੁਸਲਮਾਨ ਪਰਿਵਾਰਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਏ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਜ਼ਬਰਦਸਤੀ ਧਰਮ ਪਰਿਵਰਤਨ ਦੇ ਖ਼ਿਲਾਫ਼ ਇੱਕ ਬਿੱਲ ਪਾਸ ਕੀਤਾ ਸੀ।

ਪਰ ਇਸ ਬਿੱਲ ਦੇ ਵਿਰੋਧ ਵਿੱਚ ਕਈ ਧਾਰਮਿਕ ਸਮੂਹ ਸੜਕਾਂ 'ਤੇ ਉਤਰ ਆਏ ਅਤੇ ਇਸ ਦੇ ਖ਼ਿਲਾਫ਼ ਅੰਦੋਲਨ ਦਾ ਐਲਾਨ ਕਰ ਦਿੱਤਾ।

ਜਦੋਂ ਜਮਾਤ-ਏ-ਇਸਲਾਮੀ ਪ੍ਰਧਾਨ ਸਿਰਾਜੁਲ ਹੱਕ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਪ੍ਰਧਾਨ ਆਫ਼ਿਸ ਅਲੀ ਜ਼ਰਦਾਰੀ ਨੂੰ ਬੁਲਾਇਆ ਤਾਂ ਇਸ ਬਿੱਲ ਦੇ ਪਾਸ ਹੋਣ 'ਤੇ ਇਸ ਨੂੰ 'ਇਤਿਹਾਸਕ ਉਪਲਬਧੀ' ਦੱਸਦੇ ਹੋਏ ਮਿਠਾਈਆਂ ਵੰਡਣ ਵਾਲੀ ਸੱਤਾਧਾਰੀ ਪੀਪੀਪੀ ਦੀ ਲੀਡਰਸ਼ਿਪ ਨੇ ਵੱਧਦੇ ਹੋਏ ਦਬਾਅ ਕਾਰਨ ਗੋਡੇ ਟੇਕ ਦਿੱਤੇ।

ਇਸ ਮੀਟਿੰਗ ਤੋਂ ਥੋੜ੍ਹੀ ਦੇਰ ਬਾਅਦ ਪੀਪੀਪੀ ਦੀ ਅਗਵਾਈ ਵਾਲੀ ਸਰਕਾਰ ਨੇ ਸੋਧ ਦਾ ਐਲਾਨ ਕੀਤਾ।

ਫਿਰ ਉਸ ਵੇਲੇ ਦੇ ਗਵਰਨਰ ਜਸਟਿਸ (ਰਿਟਾਇਰਡ) ਸਈਦੁਜ਼ਮਾਨ ਸਿੱਦੀਕੀ ਨੂੰ ਇਹ ਸੰਦੇਸ਼ ਭੇਜ ਦਿੱਤਾ ਗਿਆ ਕਿ ਇਸ ਬਿੱਲ ਨੂੰ ਉਹ ਮੰਜ਼ੂਰੀ ਨਹੀਂ ਦੇਣਗੇ। ਉਦੋਂ ਤੋਂ, ਇਹ ਬਿੱਲ ਵਿਧਾਨ ਸਭਾ ਦੀ ਧੂੜ 'ਚ ਫੱਸ ਕੇ ਰਹਿ ਗਿਆ ਹੈ।

ਗੋਖਲਾਨੀ ਕਹਿੰਦੇ ਹਨ, "ਇਸ ਤਰ੍ਹਾਂ ਅਗਵਾ ਕਰਨ ਦੇ ਜ਼ਿਆਦਾਤਰ ਮਾਮਲਿਆਂ ਵਿੱਚ, ਹਿੰਦੂ ਕੁੜੀਆਂ ਖ਼ਾਸ ਤੌਰ 'ਤੇ ਨਾਬਾਲਗ ਕੁੜੀਆਂ ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਹੈ।"

ਪੁਲਿਸ ਦਾ ਕੀ ਕਹਿਣਾ ਹੈ?

ਇਸ ਵਿਚਕਾਰ ਘੋਟਕੀ ਦੇ ਐੱਸਐੱਸਪੀ ਨੇ ਸਿੰਧ ਪੁਲਿਸ ਚੀਫ਼ ਆਈਜੀਪੀ ਕਲੀਮ ਇਮਾਮ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।

ਉਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦੋਨਾਂ ਕੁੜੀਆਂ ਨੇ ਆਪਣੇ ਰਿਕਾਰਡਿਡ ਵੀਡੀਓ ਬਿਆਨ ਵਿੱਚ ਕਿਹਾ ਹੈ ਕਿ ਨਾ ਤਾਂ ਕਿਸੇ ਨੇ ਉਨ੍ਹਾਂ ਨੂੰ ਅਗਵਾ ਕੀਤਾ ਹੈ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਬੰਧੀ ਬਣਾਇਆ ਹੈ।

ਐੱਸਐੱਸਪੀ ਨੇ ਦੋਨਾਂ ਭੈਣਾਂ ਦੀ ਵੀਡੀਓ ਦੇ ਮੁਤਾਬਕ ਦੱਸਿਆ ਕਿ ਦੋਵਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ।

ਜਦਕਿ ਦੂਜੇ ਪਾਸੇ ਡੀਐੱਸਪੀ ਇਜ਼ਹਾਰ ਲਾਹੌਰੀ ਆਖਦੇ ਹਨ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੁਲਿਸ ਬਾਕੀ ਦੋਸ਼ੀਆਂ ਨੂੰ ਫੜਨ ਲਈ ਖੋਜ ਕਰ ਰਹੀ ਹੈ।

ਉਨ੍ਹਾਂ ਨੇ ਭਾਈਚਾਰੇ ਦੇ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ 24 ਘੰਟੇ ਦੇ ਅੰਦਰ ਉਹ ਕੁੜੀਆਂ ਨੂੰ ਵਾਪਸ ਲਿਆਉਣਗੇ।

ਕੀ ਕਹਿੰਦੇ ਹਨ ਮਨੁੱਖੀ-ਅਧਿਕਾਰ ਕਾਰਕੁਨ?

ਪਾਕਿਸਤਾਨ ਦੀ ਅੰਗਰੇਜ਼ੀ ਅਖ਼ਬਾਰ 'ਡਾਨ' ਵਿੱਚ ਇਕ ਸਥਾਨਕ ਮਨੁੱਖੀ-ਅਧਿਕਾਰ ਕਾਰਕੁਨ ਮੁਤਾਬਕ, "ਪਾਕਿਸਤਾਨ ਵਿੱਚ ਸਿੰਧ ਦੇ ਉਮਰਕੋਟ ਜ਼ਿਲ੍ਹੇ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਤਕਰੀਬਨ 25 ਘਟਨਾਵਾਂ ਹਰ ਮਹੀਨੇ ਹੁੰਦੀਆਂ ਹਨ। ਇਹ ਬਹੁਤ ਹੀ ਪਿੱਛੜਿਆਂ ਹੋਇਆ ਇਲਾਕਾ ਹੈ।"

"ਇੱਥੇ ਰਹਿਣ ਵਾਲੇ ਲੋਕ ਘੱਟ-ਗਿਣਤੀ ਅਨੁਸੂਚਿਤ ਜਾਤੀ ਦੇ ਹਨ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੀ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਪੁਲਿਸ ਕਾਰਵਾਈ ਨਹੀਂ ਕਰਦੀ। ਇੱਥੇ ਦੇ ਰਹਿਣ ਵਾਲੇ ਇਹ ਗੱਲ ਜਾਣਦੇ ਹਨ ਅਤੇ ਉਹ ਖੁਦ ਹੀ ਰੌਲਾ ਪਾ ਲੈਂਦੇ ਹਨ, ਪੁਲਿਸ ਵਿੱਚ ਸ਼ਿਕਾਇਤ ਘੱਟ ਹੀ ਦਰਜ ਕੀਤੀ ਜਾਂਦੀ ਹੈ।"

ਉਹ ਕਹਿੰਦੇ ਹਨ, "ਇਹੀ ਕਾਰਨ ਹੈ ਕਿ ਬਹੁਤ ਘੱਟ ਗਿਣਤੀ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਖਬਰਾਂ ਮੀਡੀਆ ਵਿੱਚ ਆਉਂਦੀਆਂ ਹਨ। ਸਾਡੀ ਸੰਸਥਾ ਨੇ 2015-16 ਵਿੱਚ ਅਜਿਹੀਆਂ ਖ਼ਬਰਾਂ ਦੀਆਂ ਰਿਪਰੋਟਾਂ ਨੂੰ ਇਕੱਠਾ ਕੀਤਾ ਅਤੇ ਇਹ ਦੇਖਿਆ ਕਿ ਉਸ ਦੌਰਾਨ ਸਿਰਫ਼ 13 ਹਿੰਦੂ ਔਰਤਾਂ ਨੇ ਸਮਾਰੋ ਅਤੇ ਕੁਨਰੀ ਤਾਲੁਕਾ ਤੋਂ ਇਸਲਾਮ ਕਬੂਲ ਕੀਤਾ ਸੀ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)