ਪਾਕਿਸਤਾਨੀ ਹਿੰਦੂ ਪੁੱਛ ਰਹੇ- ਧਰਮ ਪਰਿਵਰਤਨ ਤੋਂ ਬਾਅਦ ਕੁੜੀਆਂ ਸਿਰਫ਼ ਪਤਨੀਆਂ ਹੀ ਬਣਦੀਆਂ ਹਨ, ਧੀਆਂ ਜਾਂ ਭੈਣਾਂ ਕਿਉਂ ਨਹੀਂ

ਪਾਕਿਸਤਾਨ ਵਿੱਚ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਬਦਲਵਾਉਣ 'ਤੇ ਪਾਕਿਸਤਾਨ ਦੇ ਹਿੰਦੂ ਵੀ ਸਵਾਲ ਖੜ੍ਹੇ ਕਰ ਰਹੇ ਹਨ।

ਸਿੰਧ ਦੀਆਂ ਦੋ ਨਾਬਾਲਿਗ ਹਿੰਦੂ ਕੁੜੀਆਂ ਅਤੇ ਉਨ੍ਹਾਂ ਦੇ ਪਿਤਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਮਾਮਲਾ ਵੀਰਵਾਰ ਦਾ ਹੈ ਪਰ ਐਤਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਟਵੀਟ ਤੋਂ ਬਾਅਦ ਇਹ ਹੋਰ ਸੁਰਖ਼ੀਆਂ ਵਿੱਚ ਆਇਆ।

ਪਾਕਿਸਤਾਨ ਵਿੱਚ ਲੋਕ ਸਵਾਲ ਚੁੱਕ ਰਹੇ ਹਨ ਕਿ ਆਖ਼ਰ ਘੱਟ ਉਮਰ ਦੀਆਂ ਹਿੰਦੂ ਕੁੜੀਆਂ ਹੀ ਕਿਉਂ ਇਸਲਾਮ ਤੋਂ ਪ੍ਰਭਾਵਿਤ ਹੋ ਕੇ ਧਰਮ ਪਰਿਵਰਤਨ ਕਰ ਰਹੀਆਂ ਹਨ?

ਇਹ ਵੀ ਪੜ੍ਹੋ:

ਇੱਥੋਂ ਦੇ ਪੱਤਰਕਾਰ ਕਪਿਲ ਦੇਵ ਨੇ ਸਵਾਲ ਕੀਤਾ ਹੈ, "ਆਖ਼ਰ ਨਾਬਾਲਿਗ ਹਿੰਦੂ ਕੁੜੀਆਂ ਹੀ ਇਸਲਾਮ ਤੋਂ ਕਿਉਂ ਪ੍ਰਭਾਵਿਤ ਹੁੰਦੀਆਂ ਹਨ? ਕਿਉਂ ਉਮਰਦਰਾਜ਼ ਮਰਦ ਜਾਂ ਔਰਤਾਂ ਇਸ ਤੋਂ ਪ੍ਰਭਾਵਿਤ ਨਹੀਂ ਹੁੰਦੀਆਂ? ਕਿਉਂ ਧਰਮ ਪਰਿਵਰਤਨ ਤੋਂ ਬਾਅਦ ਕੁੜੀਆਂ ਸਿਰਫ਼ ਪਤਨੀਆਂ ਹੀ ਬਣਦੀਆਂ ਹਨ, ਧੀਆਂ ਜਾਂ ਭੈਣਾਂ ਨਹੀਂ ਬਣਦੀਆਂ?"

ਕੁੜੀਆਂ ਦਾ ਵੀਡੀਓ ਵਾਇਰਲ

ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਪਾਕਿਸਤਾਨ ਵਿੱਚ ਸਿੰਧ ਸੂਬੇ ਦੇ ਘੋਟਕੀ ਜ਼ਿਲ੍ਹੇ ਤੋਂ ਅਗਵਾ ਕੀਤਾ ਗਿਆ ਸੀ।

ਕੁੜੀ ਦੇ ਭਰਾ ਅਤੇ ਪਿਤਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਆਪਣਾ ਦੁਖੜਾ ਦੱਸ ਰਹੇ ਹਨ।

ਦੂਜੇ ਪਾਸੇ ਇੱਕ ਅਜਿਹਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ ਜਿਸ ਵਿੱਚ ਉਹ ਆਪਣੀ ਇੱਛਾ ਨਾਲ ਇਸਲਾਮ ਸਵੀਕਾਰ ਕਰਨ ਦੀ ਗੱਲ ਆਖ ਰਹੀਆਂ ਹਨ।

ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੂਸੈਨ ਨੇ ਟਵੀਟ ਕਰਕੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੰਜਾਬ ਅਤੇ ਸਿੰਧ ਦੀਆਂ ਸਰਕਾਰਾਂ ਨੂੰ ਜਾਂਚ ਲਈ ਕਿਹਾ ਹੈ।

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸਲਾਮਾਬਾਦ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਹੈ।

ਇਸ ਤੋਂ ਇਲਾਵਾ ਭਾਰਤ ਨੇ ਅਧਿਕਾਰਤ ਰੂਪ ਤੋਂ ਪਾਕਿਸਤਾਨ ਨੂੰ ਠੋਸ ਕਾਰਵਾਈ ਕਾਰਵਾਈ ਕਰਨ ਲਈ ਕਿਹਾ ਹੈ।

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਇਸ ਮਾਮਲੇ 'ਤੇ ਚਿੰਤਾ ਜ਼ਾਹਰ ਕਰਨ ਦੇ ਮਾਮਲੇ 'ਤੇ ਚੌਧਰੀ ਫਵਾਦ ਹੂਸੈਨ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਕਿਹਾ,''ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸੁਸ਼ਮਾ ਸਵਰਾਜ ਨੂੰ ਦੂਜੇ ਮੁਲਕਾਂ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨਾਲ ਹੋ ਰਹੇ ਸਲੂਕ ਦੀ ਚਿੰਤਾ ਹੈ ਪਰ ਚੰਗਾ ਹੋਵੇਗਾ ਕਿ ਉਹ ਆਪਣੇ ਮੁਲਕ ਤੋਂ ਇਹ ਮਾਮਲਾ ਸ਼ੁਰੂ ਕਰਨ। ਜੇਕਰ ਸੁਸ਼ਮਾ ਸਵਰਾਜ ਆਪਣੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਬਾਰੇ ਵੀ ਉਹੀ ਜਜ਼ਬਾਤ ਰੱਖਣ ਤਾਂ ਇਹ ਬੜੀ ਚੰਗੀ ਗੱਲ ਹੈ ਪਰ ਹਿੰਦੁਸਤਾਨ ਦਾ ਰਵੱਈਆ ਦੋ ਪੱਖੀ ਹੈ, ਭਾਰਤ ਵਿੱਚ ਮੁਸਲਮਾਨਾਂ ਅਤੇ ਬੁੱਧ ਧਰਮ ਨੂੰ ਮੰਨਣਾ ਵਾਲੇ ਲੋਕਾਂ ਨਾਲ ਜੋ ਸਲੂਕ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ।''

ਪਾਕਿਸਤਾਨ ਵਿੱਚ ਟਵਿੱਟਰ 'ਤੇ #StopForcedConversions ਦਾ ਹੈਸ਼ਟੈਗ ਟਰੈਂਡ ਕਰ ਰਿਹਾ ਹੈ।

ਇੱਥੋਂ ਦੇ ਹਿੰਦੂ ਭਾਈਚਾਰੇ ਦੇ ਲੋਕ ਜ਼ਬਰਦਸਤੀ ਧਰਮ ਪਰਿਵਰਤਨ 'ਤੇ ਰੋਕ ਲਗਾਉਣ ਅਤੇ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਣ ਦੀ ਮੰਗ ਕਰ ਰਹੇ ਹਨ।

ਹਿੰਦੂ ਭਾਈਚਾਰੇ ਤੋਂ ਆਉਣ ਵਾਲੇ ਪਾਕਿਸਤਾਨ ਗੇ ਬਲੌਗਰ ਮੁਕੇਸ਼ ਮੇਘਵਾਰ ਨੇ ਟਵੀਟ ਕੀਤਾ ਹੈ, "16 ਸਾਲ ਦੀ ਉਮਰ ਵਿੱਚ ਮਲਾਲਾ ਕਿਤਾਬ ਨਹੀਂ ਲਿਖ ਸਕਦੀ ਹੈ ਪਰ 12 ਅਤੇ 14 ਸਾਲ ਦੀਆਂ ਹਿੰਦੂ ਕੁੜੀਆਂ ਇਸਲਾਮ ਕਬੂਲ ਕਰ ਸਕਦੀਆਂ ਹਨ? (ਪਿਓਰ ਨੈਸ਼ਨਜ਼ ਲੌਜਿਕ)"

ਮੁਰਤਜ਼ਾ ਸੋਲਾਂਗੀ ਨੇ ਵੀ ਸਵਾਲ ਕੀਤਾ ਹੈ, "ਕਿਉਂ ਨਾਬਾਲਿਗ ਹਿੰਦੂ ਕੁੜੀਆਂ ਹੀ ਇਸਲਾਮ ਕਬੂਲ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਤੁਰੰਤ ਪਤੀ ਮਿਲ ਜਾਂਦਾ ਹੈ? ਭਰਾ ਕਿਉਂ ਨਹੀਂ ਮਿਲਦਾ? ਉਨ੍ਹਾਂ ਨੂੰ ਹਿੰਦੂ ਮੁੰਡੇ ਜਾਂ ਵੱਡੀ ਉਮਰ ਦੇ ਲੋਕ ਕਿਉਂ ਨਹੀਂ ਮਿਲਦੇ? ਇਸ ਬਾਰੇ ਸੋਚੋ, ਇਸ ਨੂੰ ਸਮਝਣਾ ਬਹੁਤਾ ਮੁਸ਼ਕਿਲ ਵੀ ਨਹੀਂ।"

ਇੱਕ ਹੋਰ ਹਿੰਦੂ ਕੁੜੀ ਦੇ ਅਗਵਾ ਹੋਣ ਦੀ ਖ਼ਬਰ

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ ਅਤੇ ਆਮ ਲੋਕਾਂ ਨੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਗੁੱਸਾ ਜ਼ਾਹਰ ਕੀਤਾ ਹੈ।

ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁਨ ਜ਼ੈਨਬ ਬਲੋਚ ਨੇ ਦੋਵਾਂ ਕੁੜੀਆਂ ਦਾ ਇੱਕ ਵੀਡੀਓ ਟਵੀਟ ਕੀਤਾ ਹੈ।

ਇਸ ਵਿੱਚ ਇੱਕ ਕੁੜੀ ਰੋਂਦੇ ਹੋਏ ਦੱਸ ਰਹੀ ਹੈ ਕਿ ਜਿਨ੍ਹਾਂ ਮੁੰਡਿਆਂ ਨਾਲ ਉਨ੍ਹਾਂ ਦਾ ਨਿਕਾਹ ਕਰਵਾਇਆ ਗਿਆ, ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਮਾਰਦੇ-ਕੁੱਟਦੇ ਹਨ।

ਬਲੋਚ ਲਿਖਦੀ ਹੈ, "ਮੁਲਤਾਨ ਦੀਆਂ ਦੋ ਹਿੰਦੂ ਕੁੜੀਆਂ, ਜਿਨ੍ਹਾਂ ਨੂੰ ਕਥਿਤ ਰੂਪ ਨਾਲ ਅਗਵਾ ਕੀਤਾ ਗਿਆ। ਖ਼ੁਦ ਨੂੰ ਕੱਟੜਵਾਦੀਆਂ ਤੋਂ ਬਚਾਉਣ ਲਈ ਗੁਹਾਰ ਲਾ ਰਹੀਆਂ ਹਨ। ਰੀਨਾ ਅਤੇ ਰਵੀਨਾ ਨੂੰ ਸਿੰਧ ਵਿੱਚ ਅਗਵਾ ਕਰਕੇ ਉਨ੍ਹਾਂ ਦਾ ਧਰਮ ਬਦਲਾਉਣ ਤੋਂ ਬਾਅਦ ਇਹ ਖ਼ਬਰਾਂ ਆਈਆਂ ਹਨ।"

ਇਸ ਖ਼ਬਰ 'ਤੇ ਹਾਲੇ ਹੰਗਾਮਾ ਮਚਿਆ ਹੀ ਹੋਇਆ ਹੈ ਕਿ ਸਿੰਧ ਤੋਂ ਇੱਕ ਹੋਰ ਹਿੰਦੂ ਕੁੜੀ ਦੇ ਅਗਵਾ ਅਤੇ ਧਰਮ ਪਰਿਵਰਤਨ ਦੀਆਂ ਖ਼ਬਰਾਂ ਪਾਕਿਸਤਾਨੀ ਮੀਡੀਆ ਵਿੱਚ ਆਈਆਂ ਹਨ।

ਪੱਤਰਕਾਰ ਬਿਲਾਲ ਫਾਕੁਰੀ ਨੇ ਟਵੀਟ ਕੀਤਾ ਹੈ, "ਇੱਕ ਹੋਰ ਹਿੰਦੂ ਕੁੜੀ ਸੋਨੀਆ ਭੀਲ ਨੂੰ ਸਿੰਧ ਵਿੱਚ ਅਗਵਾ ਕਰ ਲਿਆ ਗਿਆ ਹੈ। ਇਹ ਉਦੋਂ ਹੋਇਆ ਜਦੋਂ ਹਾਲ ਹੀ ਵਿੱਚ ਦੋ ਹਿੰਦੂ ਕੁੜੀਆਂ ਰੀਨਾ ਅਤੇ ਰਵੀਨਾ ਦੇ ਅਗਵਾ ਅਤੇ ਧਰਮ ਪਰਿਵਰਤਨ ਦੀਆਂ ਖ਼ਬਰਾਂ ਸੁਰਖ਼ੀਆਂ ਵਿੱਚ ਹਨ। ਇਹ ਸਰਕਾਰ ਘੱਟ ਗਿਣਤੀਆਂ ਦੀ ਸੁਰੱਖਿਆ ਵਿੱਚ ਕਿਉਂ ਅਸਫਲ ਸਾਬਿਤ ਹੋ ਰਹੀ ਹੈ?"

ਪਰ ਟਵਿੱਟਰ 'ਤੇ ਕੁਝ ਪਾਕਿਸਤਾਨੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਭਾਰਤ ਵਿੱਚ ਘੱਟ ਗਿਣਤੀਆਂ ਦੀ ਹਾਲਤ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਸਿੰਧ ਵਿੱਚ ਘੱਟ ਗਿਣਤੀ ਭਾਈਚਾਰਿਆਂ ਬਾਰੇ ਮੰਤਰੀ ਹਰੀ ਰਾਮ ਕਿਸ਼ੋਰੀ ਲਾਲ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਕਿਹਾ,''ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁਝ ਗਿਰਫ਼ਤਾਰੀਆਂ ਕੀਤੀਆਂ ਹਨ। ਜਿਸ ਵਿੱਚ ਨਿਕਾਹ ਪੜ੍ਹਵਾਉਣ ਵਾਲਾ ਮੌਲਵੀ ਵੀ ਸ਼ਾਮਲ ਹੈ। ਜਦੋਂ ਤੱਕ ਪੁਲਿਸ ਵੱਲੋਂ ਪੂਰੀ ਜਾਂਚ ਰਿਪੋਰਟ ਅਤੇ ਕੁੜੀਆਂ ਨਹੀਂ ਮਿਲ ਜਾਂਦੀਆ ਉਦੋਂ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚਿਆ ਜਾ ਸਕਦਾ।''

ਭਾਰਤ ਵਿੱਚ ਹੋਲੀ ਵਾਲੇ ਦਿਨ ਦਿੱਲੀ ਦੇ ਨੇੜੇ ਗੁਰੂਗ੍ਰਾਮ ਵਿੱਚ ਇੱਕ ਮੁਸਲਿਮ ਪਰਿਵਾਰ ਨੂੰ ਕੁਝ ਗੁੰਡਿਆ ਨੇ ਘਰ ਵੜ ਕੇ ਕੁੱਟਿਆ ਸੀ, ਜਿਸ 'ਤੇ ਕਾਫ਼ੀ ਹੰਗਾਮਾ ਮਚਿਆ ਹੋਇਆ ਹੈ।

ਟਵਿੱਟਰ ਯੂਜ਼ਰ ਅਮੀਰ ਤੈਮੂਰ ਖਾਨ ਨੇ ਲਿਖਿਆ ਹੈ, "ਮਿਸਟਰ ਚੌਕੀਦਾਰ ਸੁਸ਼ਮਾ ਸਵਰਾਜ ਤੁਸੀਂ ਦੋ ਹਿੰਦੂ ਕੁੜੀਆਂ ਦੇ ਅਗਵਾ ਹੋਣ ਬਾਰੇ ਪੁੱਛਿਆ ਹੈ ਅਤੇ ਅਸੀਂ ਜਵਾਬ ਦੇ ਦਿੱਤਾ ਹੈ। ਹੁਣ ਤੁਸੀਂ ਦਿੱਲੀ ਵਿੱਚ ਮੁਸਲਿਮ ਪਰਿਵਾਰ ਦੀ ਬੇਰਹਿਮੀ ਨਾਲ ਹੋਈ ਮਾਰ-ਕੁੱਟ ਬਾਰੇ ਸਾਨੂੰ ਦੱਸੋਗੇ?"

ਅੰਗ੍ਰੇਜ਼ੀ ਅਖ਼ਬਾਰਾਂ ਦੀਆਂ ਸੁਰਖ਼ੀਆਂ

ਉੱਧਰ ਪਾਕਿਸਤਾਨੀ ਅਖ਼ਬਾਰਾਂ ਨੇ ਵੀ ਹਿੰਦੂ ਕੁੜੀਆਂ ਦੇ ਅਗਵਾ ਹੋਣ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੀ ਖ਼ਬਰ ਨੂੰ ਸੁਰਖ਼ੀਆਂ ਬਣਾਇਆ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਕੁਝ ਅੰਗ੍ਰੇਜ਼ੀ ਅਖ਼ਬਾਰਾਂ ਨੇ ਇਸ ਨੂੰ ਟੌਪ ਸਟੋਰੀ ਬਣਾਇਆ ਹੈ। ਲਗਭਗ ਸਾਰੀਆਂ ਅਖ਼ਬਾਰਾਂ ਨੇ ਇਸ ਨੂੰ ਪਹਿਲੇ ਪੇਜ ਦੀ ਲੀਡ ਖ਼ਬਰ ਬਣਾਇਆ ਹੈ।

ਦਿ ਡੌਨ ਅਖ਼ਬਾਰ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਜਾਂਚ ਦੇ ਹੁਕਮ ਦੇਣ ਦੀ ਖ਼ਬਰ ਨੂੰ ਮੁੱਖ ਤੌਰ 'ਤੇ ਛਾਪਿਆ ਹੈ।

ਅਖ਼ਬਾਰ ਨੇ ਲਿਖਿਆ ਹੈ, 'ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਸਿੰਧ ਦੀਆਂ ਸਰਕਾਰਾਂ ਨੂੰ ਕਥਿਤ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਮਾਮਲੇ ਦੇ ਹੁਕਮ ਦਿੱਤੇ ਹਨ।'

ਕੁੜੀਆਂ ਅਤੇ ਉਨ੍ਹਾਂ ਦੇ ਪਿਤਾ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਸੁਰਖ਼ੀਆਂ ਵਿੱਚ ਆਇਆ।

ਖ਼ਬਰ ਵਿੱਚ ਲਿਖਿਆ ਹੈ, 'ਹਾਲਾਂਕਿ ਕੁੜੀਆਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਨ੍ਹਾਂ ਨੇ ਆਪਣੀ ਇੱਛਾ ਨਾਲ ਇਸਲਾਮ ਧਰਮ ਕਬੂਲ ਕਰ ਲਿਆ ਹੈ।'

ਇੱਕ ਹੋਰ ਅੰਗ੍ਰੇਜ਼ੀ ਅਖ਼ਬਾਰ 'ਦਿ ਨੇਸ਼ਨ' ਨੇ ਵੀ ਜਾਂਚ ਦੇ ਹੁਕਮ ਦੀ ਖ਼ਬਰ ਆਪਣੇ ਪਹਿਲੇ ਪੰਨੇ 'ਤੇ ਛੇ ਕਾਲਮ ਵਿੱਚ ਥਾਂ ਦਿੰਦੇ ਹੋਏ ਬੈਨਰ ਬਣਾਇਆ ਹੈ।

ਅਖ਼ਬਾਰ ਮੁਤਾਬਕ, 'ਪਾਕਿਸਤਾਨ ਹਿੰਦੂ ਕਾਊਂਸਿਲ ਦੇ ਮੁਖੀਆ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਭਾਰਤ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਦੀ ਹਦਾਇਤ ਦਿੱਤੀ ਹੈ।''

ਉਰਦੂ ਅਖ਼ਬਾਰਾਂ ਵਿੱਚ ਨਹੀਂ ਮਿਲੀ ਖਾਸ ਥਾਂ

ਹਾਲਾਂਕਿ ਉਰਦੂ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਓਨੀ ਪ੍ਰਮੁੱਖਤਾ ਨਾਲ ਨਹੀਂ ਛਾਪਿਆ।

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਤੋਂ ਬਾਅਦ ਹੀ ਐਕਸਪ੍ਰੈੱਸ, ਜੰਗ, ਨਵਾ-ਏ-ਵਕਤ ਅਤੇ ਦੁਨੀਆਂ ਵਰਗੇ ਮੁੱਖ ਉਰਦੂ ਅਖ਼ਬਾਰਾਂ ਨੇ ਇਸ ਨੂੰ ਛਾਪਣਾ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ:

ਜ਼ਿਆਦਾਤਰ ਅਖ਼ਬਾਰਾਂ ਇਸ ਨੂੰ ਦੋ ਕੁੜੀਆਂ ਵੱਲੋਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲਣ ਅਤੇ ਫਿਰ ਆਪਣੀ ਪਸੰਦ ਨਾਲ ਵਿਆਹ ਕਰਵਾਉਣ ਦਾ ਮਾਮਲਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।

ਸਾਰੇ ਅਖ਼ਬਾਰ ਇੱਕ ਵੀਡੀਓ ਦਾ ਹਵਾਲਾ ਦੇ ਰਹੇ ਹਨ ਜਿਸ ਵਿੱਚ ਦੋਵੇਂ ਕੁ਼ੜੀਆਂ ਕਹਿ ਰਹੀਆਂ ਹਨ ਕਿ ਉਨ੍ਹਾ ਨੇ ਆਪਣੀ ਖੁਸ਼ੀ ਨਾਲ ਇਸਲਾਮ ਧਰਮ ਅਪਣਾਇਆ ਹੈ ਅਤੇ ਫਿਰ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਇਆ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)