IPL 2019: ਪੰਜਾਬ ਦੇ ਕਿੰਗਜ਼ ਨੇ ਦਿੱਲੀ ਦੀ ‘ਸੌਖੀ ਜਾਪਦੀ ਜਿੱਤ’ ਨੂੰ ਹਾਰ ’ਚ ਇੰਝ ਬਦਲਿਆ — 8 ਰਨ ’ਚ 7 ਵਿਕਟਾਂ!

ਬਾਕੀ ਬਚੀਆਂ ਨੇ 21 ਗੇਂਦਾਂ, ਚਾਹੀਦੇ ਨੇ 23 ਰਨ, ਸੱਤ ਵਿਕਟਾਂ ਬਾਕੀ — ਕੀ ਅੱਜ ਦੇ ਕ੍ਰਿਕਟ 'ਚ ਇੱਥੋਂ ਮੈਚ ਹਾਰਨਾ ਮੁਮਕਿਨ ਹੈ? ਦਿੱਲੀ ਕੈਪੀਟਲਜ਼ ਨੇ ਇਸ ਨੂੰ ਮੁਮਕਿਨ ਬਣਾ ਲਿਆ!

1 ਅਪ੍ਰੈਲ, ਸੋਮਵਾਰ ਨੂੰ ਹੋਏ ਆਈਪੀਐੱਲ ਦੇ 20-20 ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਸਾਹਮਣੇ ਦਿੱਲੀ ਦੀ ਟੀਮ ਦੀਆਂ ਸੱਤ ਵਿਕਟਾਂ ਤਾਂ ਅੱਠ ਦੌੜਾਂ ਬਣਾਉਣ ਦੇ ਵਕਫ਼ੇ ’ਚ ਹੀ ਡਿੱਗ ਗਈਆਂ ਅਤੇ ਟੀਮ ਜਿੱਤਿਆ ਨਜ਼ਰ ਆ ਰਿਹਾ ਮੈਚ ਹਾਰ ਗਈ।

ਪੰਜਾਬ ਟੀਮ ਲਈ ਭਾਰਤੀ ਖਿਡਾਰੀ ਮੁਹੰਮਦ ਸ਼ਮੀ ਅਤੇ ਇੰਗਲੈਂਡ ਤੋਂ ਆਏ ਸੈਮ ਕਰਨ ਨੇ ਆਖਿਰ ਦੇ ਓਵਰਾਂ ਵਿੱਚ ਬਿਹਤਰੀਨ ਗੇਂਦਬਾਜ਼ੀ ਕੀਤੀ।

ਸੈਮ ਕਰਨ ਨੇ ਹੈਟ-ਟਰਿੱਕ ਲੈ ਕੇ ਦਿੱਲੀ ਦੀ ਕਮਰ ਤੋੜ ਦਿੱਤੀ। ਸੈਮ ਨੇ 2.2 ਓਵਰਾਂ 'ਚ 11 ਰਨ ਦੇ ਕੇ ਚਾਰ ਵਿਕਟਾਂ ਲਈਆਂ।

ਦਿੱਲੀ ਟੀਮ ਦੇ ਖਿਲਰਨ ਦੀ ਸ਼ੁਰੂਆਤ ਸ਼ਮੀ ਨੇ ਕੀਤੀ ਜਦੋਂ ਉਨ੍ਹਾਂ ਨੇ ਦਿੱਲੀ ਦੇ ਰਿਸ਼ਭ ਪੰਤ ਨੂੰ 17ਵੇਂ ਓਵਰ 'ਚ ਬੋਲਡ ਕਰ ਦਿੱਤਾ ਅਤੇ ਫ਼ਿਰ ਹਨੁਮਾ ਵਿਹਾਰੀ ਨੂੰ 19ਵੇਂ ਓਵਰ 'ਚ ਬੋਲਡ ਕੀਤਾ।

18ਵੇਂ ਓਵਰ ਦੀ ਆਖਰੀ ਗੇਂਦ ’ਤੇ ਸੈਮ ਕਰਨ ਨੇ ਹਰਸ਼ਲ ਪਟੇਲ ਨੂੰ ਆਊਟ ਕੀਤਾ ਅਤੇ 20ਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ’ਤੇ ਕਾਗੀਸੋ ਰਬਾਡਾ ਅਤੇ ਸੰਦੀਪ ਨੂੰ ਆਊਟ ਕਰਕੇ ਮੈਚ ਪੰਜਾਬ ਨੂੰ ਜਿੱਤਾ ਦਿੱਤਾ।

ਰਿਪੋਰਟ ਮੁਤਾਬਕ ਮੈਚ ਦਿੱਲੀ ਤੋਂ ਪੰਜਾਬ ਵੱਲ ਉਦੋਂ ਮੁੜਿਆ ਜਦੋਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਕ੍ਰਿਸ ਮੌਰਿਸ ਨੂੰ ਰਨ-ਆਊਟ ਕੀਤਾ।

ਬੀਬੀਸੀ ਲਈ ਆਦੇਸ਼ ਕੁਮਾਰ ਗੁਪਤਾ ਨੇ ਲਿਖਿਆ ਕਿ ਪੰਜਾਬ ਦੀ ਟੀਮ ਸਹੀ ਮਾਅਨਿਆਂ ਵਿੱਚ 'ਕਿੰਗ' ਸਾਬਤ ਹੋਈ ਜਦੋਂ ਉਸ ਨੇ ਇਹ ਮੈਚ ਹੈਰਤਅੰਗੇਜ਼ ਅੰਦਾਜ਼ ਵਿੱਚ 14 ਦੌੜਾਂ ਤੋਂ ਜਿੱਤ ਲਿਆ।

ਟਾਰਗੇਟ ਕੀ ਸੀ?

ਦਿੱਲੀ ਦੀ ਟੀਮ ਸਾਹਮਣੇ ਪੰਜਾਬ ਨੇ 167 ਦੌੜਾਂ ਦਾ ਟੀਚਾ ਰੱਖਿਆ ਸੀ। ਦਿੱਲੀ ਨੇ 17ਵੇਂ ਓਵਰ ਤੱਕ 144 ਰਨ ਬਣਾ ਲਏ ਸਨ ਪਰ ਉਹ ਫ਼ਿਰ 20 ਓਵਰ ਵੀ ਨਹੀਂ ਖੇਡ ਸਕੀ ਅਤੇ 152 'ਤੇ ਢੇਰ ਹੋ ਗਈ।

ਦਿੱਲੀ ਦੀ ਸ਼ੁਰੂਆਤ ਮਾੜੀ ਹੋਈ ਸੀ ਜਦੋਂ ਪਿਛਲੇ ਮੈਚ ਦੇ ਸਟਾਰ ਪ੍ਰਿਥਵੀ ਸ਼ਾਅ ਅਸ਼ਵਿਨ ਦੀ ਪਹਿਲੀ ਗੇਂਦ ਉੱਤੇ ਹੀ ਕੈਚ ਆਊਟ ਹੋ ਗਏ।

ਬਾਅਦ ਵਿੱਚ ਸ਼ਿਖਰ ਧਵਨ, ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਨੇ ਟੀਮ ਨੂੰ ਜਿੱਤ ਦੇ ਰਾਹ ਵੱਲ ਤੋਰਿਆ ਪਰ ਫ਼ਿਰ ਤਾਂ ਮਾਹੌਲ ਹੀ ਬਦਲ ਗਿਆ।

ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ ਅਤੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 166 ਰਨ ਬਣਾਏ ਸਨ। ਡੇਵਿਡ ਮਿਲਰ ਨੇ 43 ਅਤੇ ਸਰਫਰਾਜ਼ ਖ਼ਾਨ ਨੇ 39 ਰਨ ਬਣਾਏ।

ਸੈਮ ਕਰਨ ਨੇ 20 ਰਨ ਬਣਾਏ ਅਤੇ ਆਖ਼ਿਰੀ ਓਵਰ 'ਚ ਮਨਦੀਪ ਸਿੰਘ ਨੇ 13 ਰਨ ਬਣਾ ਕੇ ਟੀਮ ਨੂੰ ਠੀਕ-ਠਾਕ ਸਕੋਰ ਤੱਕ ਪਹੁੰਚਾਇਆ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)