ਜਲ੍ਹਿਆਂਵਾਲਾ ਬਾਗ ਸਾਕਾ: ਦੋ ਆਗੂ ਜਿਨ੍ਹਾਂ ਦੀ ਗ੍ਰਿਫ਼ਤਾਰੀ ਕਰਕੇ ਲੋਕ ਸੜਕਾਂ 'ਤੇ ਉੱਤਰੇ ਸਨ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

13 ਅਪ੍ਰੈਲ 1919 ਦਾ ਜਲ੍ਹਿਆਂਵਾਲਾ ਬਾਗ ਦਾ ਗੋਲੀਕਾਂਡ ਭਾਰਤ ਦੀ ਆਜ਼ਾਦੀ ਲਹਿਰ ਦੇ ਦੋ ਆਗੂਆਂ ਦੀ ਬਰਤਾਨਵੀ ਹਕੂਮਤ ਵੱਲੋਂ ਕੀਤੀ ਗ੍ਰਿਫ਼ਤਾਰੀ ਵਿਰੋਧੀ ਅੰਦੋਲਨ ਨੂੰ ਦਬਾਉਣ ਦਾ ਵੀ ਨਤੀਜਾ ਸੀ।

ਇਹ ਦੋਵੇਂ ਆਗੂ ਰੌਲੇਟ ਐਕਟ ਵਰਗੇ ਬਰਤਾਨਵੀ ਕਾਨੂੰਨਾਂ ਦੇ ਵਿਰੋਧੀ ਅੰਦੋਲਨਾਂ ਦੀ ਅਗਵਾਈ ਕਰ ਰਹੇ ਸਨ।

ਇਹ ਦੋ ਆਗੂ ਸਨ ਡਾਕਟਰ ਸਤਿਆਪਾਲ ਅਤੇ ਸੈਫ਼ੂਦੀਨ ਕਿਚਲੂ । ਅੰਮ੍ਰਿਤਸਰ ਇਨ੍ਹਾ ਦੀ ਕਰਮਭੂਮੀ ਸੀ ਅਤੇ ਇਹ ਦੋਵੇਂ ਕਾਂਗਰਸ ਦੇ ਅਹਿੰਸਕ ਅੰਦੋਲਨਾਂ ਦੇ ਚਿਹਰਾ ਮੁਹਰਾ ਸਨ।

ਆਓ ਜਾਣਦੇ ਹਾਂ ਕੌਣ ਸਨ ਡਾਕਟਰ ਸਤਿਆਪਾਲ ਅਤੇ ਸੈਫ਼ੂਦੀਨ ਕਿਚਲੂ

ਇਹ ਵੀ ਪੜ੍ਹੋ:

ਫੌਜੀ ਡਾਕਟਰ ਸਤਿਆਪਾਲ

ਡਾਕਟਰ ਸਤਿਆਪਾਲ 1910ਵਿਆਂ ਦੌਰਾਨ ਪੰਜਾਬ ਦੇ ਵੱਡੇ ਆਗੂਆਂ ਵਿੱਚੋਂ ਸਨ। ਉਹ ਆਪਣੇ ਜ਼ਮਾਨੇ ਦੇ ਅੰਮ੍ਰਿਤਸਰ ਦੇ ਜਾਣੇ-ਪਛਾਣੇ ਡਾਕਟਰ ਅਤੇ ਸਰਜਨ ਸਨ।

1885 ਵਿੱਚ ਜੰਮੇ ਡਾਕਟਰ ਸਤਿਆਪਾਲ ਪਹਿਲੀ ਵਿਸ਼ਵ ਜੰਗ ਦੌਰਾਨ ਬਰਤਾਨਵੀਂ-ਭਾਰਤੀ ਫੌਜ ਵਿੱਚ ਮੈਡੀਕਲ ਸੇਵਾ ਕਮਿਸ਼ਨ ਰਾਹੀਂ ਭਰਤੀ ਹੋਏ ਸਨ ਪਰ ਜੰਗ ਖ਼ਤਮ ਹੋਣ ਤੋਂ ਬਾਅਦ ਉਹ ਨੌਕਰੀ ਤੋਂ ਫਾਰਗ ਹੋ ਗਏ।

ਪ੍ਰਿੰਸੀਪਲ ਪ੍ਰਿਥੀ ਪਾਲ ਸਿੰਘ ਕਪੂਰ ਦੀ ਕਿਤਾਬ 'ਪੰਜਾਬ ਵਿੱਚ ਸੁੰਤਤਰਤਾ ਸੰਗਰਾਮ ਦੀਆਂ ਮੁੱਖ ਧਾਰਾਵਾਂ' ਵਿੱਚ ਉਹ ਲਿਖਦੇ ਹਨ, ''ਫੌਜ ਵਿੱਚੋਂ ਵਾਪਸ ਆ ਕੇ ਡਾਕਟਰ ਸਤਿਆਪਾਲ ਨੇ ਆਪਣੇ ਲੋਕਾਂ ਦੀ ਬੇਚੈਨੀ ਨੂੰ ਬਹੁਤ ਹੀ ਨੇੜਿਓ ਅਤੇ ਸ਼ਿੱਦਤ ਨਾਲ ਮਹਿਸੂਸ ਕੀਤਾ। ਲੋਕਾਂ ਦੀਆਂ ਆਰਥਿਕ ਤੰਗੀਆਂ ਉੱਤੋਂ ਬਰਤਾਨਵੀਂ ਹਕੂਮਤ ਦਾ ਦਮਨ ਅਸਹਿ ਹੋ ਗਿਆ।''

''ਇਸ ਹਾਲਾਤ ਨੇ ਡਾਕਟਰ ਸੱਤਿਆਪਾਲ ਨੂੰ ਦੇਸ ਭਗਤ ਅਤੇ ਰਾਸ਼ਟਰਵਾਦੀ ਬਣਾ ਦਿੱਤਾ ਅਤੇ ਉਹ ਰੌਲੇਟ ਐਕਟ ਵਰਗੇ ਬਰਤਾਨਵੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿੱਚ ਕੁੱਦ ਪਏ।''

ਰੇਲਵੇ ਅੰਦੋਲਨ ਨੇ ਬਣਾਇਆ ਆਗੂ

1918 ਵਿੱਚ ਡਾਕਟਰ ਸੱਤਿਆਪਾਲ ਨੇ ਰੇਲਵੇ ਅਫਸਰਾਂ ਵੱਲੋਂ ਭਾਰਤੀਆਂ ਨੂੰ ਪਲੇਟ ਫਾਰਮ ਟਿਕਟਾਂ ਨਾ ਦੇਣ ਖ਼ਿਲਾਫ਼ ਅੰਮ੍ਰਿਤਸਰ ਵਿੱਚ ਵੱਡਾ ਅੰਦੋਲਨ ਵਿੱਢਿਆ ਗਿਆ ।

ਇਸ ਅੰਦੋਲਨ ਦੀ ਅਗਵਾਈ ਡਾਕਟਰ ਸਤਿਆਪਾਲ ਨੇ ਕੀਤੀ। ਪ੍ਰਸਾਸ਼ਨ ਨੂੰ ਝੁਕਣਾ ਪਿਆ ਅਤੇ ਡਾਕਟਰ ਸਤਿਆਪਾਲ ਪਾਲ ਸ਼ਹਿਰ ਦੇ ਵੱਡੇ ਆਗੂ ਵਜੋਂ ਉਭਰੇ।

ਇਸ ਅੰਦੋਲਨ ਦੀ ਖਾਸੀਅਤ ਇਹ ਸੀ ਕਿ ਇਹ ਪੂਰੀ ਤਰ੍ਹਾਂ ਅਹਿੰਸਕ ਸੰਘਰਸ਼ ਸੀ ਜਿਸ ਕਾਰਨ ਪੁਲਿਸ ਨੂੰ ਲੋਕਾਂ ਉੱਤੇ ਦਮਨ ਕਰਨ ਦਾ ਮੌਕਾ ਨਹੀਂ ਮਿਲਿਆ ਸੀ।

ਮੌਤ ਦੀ ਸਜ਼ਾ ਪਰ ਰਿਹਾਈ

10 ਅਪ੍ਰੈਲ 1919 ਨੂੰ ਡਾਕਟਰ ਸੱਤਿਆਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਡਾਕਟਰ ਸੈਫੂਦੀਨ ਕਿਚਲੂ ਨਾਲ ਧਰਮਸ਼ਾਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।

ਡਾਕਟਰ ਸਤਿਆਪਾਲ ਉੱਤੇ ਮਾਰਸ਼ਲ ਲਾਅ ਕਮਿਸ਼ਨ ਨੇ ਮੁਕੱਦਮਾ ਚਲਾਇਆ ਅਤੇ ਮੌਤ ਦੀ ਸਜ਼ਾ ਸੁਣਾਈ ਸੀ। ਪਰ ਦਸੰਬਰ 1919 ਵਿੱਚ ਆਮ ਮੁਆਫ਼ੀ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ

1921 ਵਿੱਚ ਉਨ੍ਹਾਂ ਨਾ-ਮਿਲਵਰਤਨ ਲਹਿਰ ਵਿੱਚ ਹਿੱਸਾ ਲਿਆ ਅਤੇ ਪਿੱਛੋਂ ਕਾਂਗਰਸ ਦੇ ਸਾਰੇ ਹੀ ਅੰਦੋਲਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ।

ਡਾਕਟਰ ਸਤਿਆਪਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ । ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ 1952 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ ਸਨ। ਉਹ 1954 ਤੱਕ ਆਪਣੇ ਦੇਹਾਂਤ ਤੱਕ ਇਸ ਅਹੁਦੇ ਉੱਤੇ ਰਹੇ ਸਨ।

ਸੈਫ਼-ਉਦ-ਦੀਨ-ਕਿਚਲੂ

ਡਾਕਟਰ ਸੈਫ਼-ਉਦ-ਦੀਨ-ਕਿਚਲੂ ਦੂਜੇ ਰਾਸ਼ਟਰਵਾਦੀ ਭਾਰਤੀ ਆਗੂ ਸਨ। ਡਾਕਟਰ ਸੈਫ਼-ਉਦ-ਦੀਨ-ਕਿਚਲੂ ਫਰੀਦਕੋਟ ਦੇ ਜੰਮਪਲ਼ ਸਨ ਅਤੇ ਉਹ ਆਪਣੀ ਉਚੇਰੀ ਪੜ੍ਹਾਈ ਲਈ ਇੰਗਲੈਂਡ ਗਏ ਸਨ।

ਕੈਂਬਰਿਜ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਡਿਗਰੀ ਹਾਸਲ ਕੀਤੀ ਸੀ। ਉਹ ਕਾਨੂੰਨ ਦੇ ਵਿਦਿਆਰਥੀ ਸਨ ਅਤੇ ਜਰਮਨ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ ਸੀ।

ਵਕਾਲਤ ਦੇ ਪੇਸ਼ੇ ਅਤੇ ਗ਼ੈਰ-ਫ਼ਿਰਕੂ ਤੇ ਰਾਸ਼ਟਰਵਾਦੀ ਮੁਹਿੰਮ ਲਈ ਉਨ੍ਹਾਂ ਅੰਮ੍ਰਿਤਸਰ ਸ਼ਹਿਰ ਨੂੰ ਆਪਣੀ ਕਰਮ ਭੂਮੀ ਬਣਾਇਆ ਸੀ।

ਰੌਲੇਟ ਐਕਟ ਵਿਰੋਧੀ ਅੰਦੋਲਨ ਦੌਰਾਨ ਉਭਾਰ

ਰੌਲੇਟ ਐਕਟ ਵਿਰੁੱਧ ਅੰਦੋਲਨ ਦੇ ਦਿਨਾਂ ਦੌਰਾਨ ਸੈਫ਼-ਉਦ-ਦੀਨ-ਕਿਚਲੂ ਮੁਹਰਲੀ ਕਤਾਰ ਦੇ ਆਗੂਆਂ ਵਿੱਚ ਆ ਗਏ ਸਨ।

ਸੈਫ਼-ਉਦ-ਦੀਨ-ਕਿਚਲੂ ਤੇ ਡਾਕਟਰ ਸਤਿਆਪਾਲ ਦੀ ਜੋੜੀ ਦੇ ਜ਼ੋਰਦਾਰ ਭਾਸ਼ਣਾਂ ਕਾਰਨ ਉਨ੍ਹਾਂ ਦੋਵਾਂ ਉੱਤੇ ਜਲਸਿਆਂ ਵਿੱਚ ਤਕਰੀਰਾਂ ਕਰਨ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।

ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਡਾਕਟਰ ਕਿਚਲੂ ਉੱਤੇ ਮੁਕੱਦਮਾ ਚਲਾ ਕੇ ਉਮਰ ਭਰ ਲਈ ਦੇਸ ਨਿਕਾਲੇ ਦੀ ਸਜ਼ਾ ਸੁਣਾਈ ਗਈ ਸੀ। ਪਰ ਜਦੋਂ ਦਸੰਬਰ 1919 ਵਿੱਚ ਆਮ ਮਾਫ਼ੀ ਹੋਈ ਤਾਂ ਸੈਫ਼-ਉਦ-ਦੀਨ-ਕਿਚਲੂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ

ਜੈਤੋਂ ਮੋਰਚੇ ਦੌਰਾਨ ਗ੍ਰਿਫ਼ਤਾਰੀ

ਡਾਕਟਰ ਸੈਫ਼-ਉਦ-ਦੀਨ-ਕਿਚਲੂ ਨੇ ਕਾਂਗਰਸ ਦੇ 1921-22 ਦੀ ਨਾ-ਮਿਲਵਰਤਨ ਲਹਿਰ ਅਤੇ 1930-33 ਦੀ ਸਿਵਲ ਨਾ ਫ਼ਰਮਾਨ ਲਹਿਰ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਸੀ।

ਉਨ੍ਹਾਂ ਦੀ ਅਕਾਲੀਆਂ ਦੀ ਗੁਰਦੁਆਰਾ ਸੁਧਾਰ ਲਹਿਰ ਨਾਲ ਹਮਦਰਦੀ ਸੀ। ਜੈਤੋਂ ਦੇ ਮੋਰਚੇ ਸਮੇਂ 1924 ਵਿੱਚ ਉਨ੍ਹਾਂ ਨੇ ਗ੍ਰਿਫ਼ਤਾਰੀ ਵੀ ਦਿੱਤੀ ਸੀ।

1929 ਦੇ ਕਾਂਗਰਸ ਦੇ ਲਾਹੌਰ ਵਿੱਚ ਪਾਸ ਕੀਤੇ ਪੂਰਨ ਸਵਰਾਜ ਦੇ ਮਤੇ ਦੀ ਸੈਫ਼-ਉਦ-ਦੀਨ-ਕਿਚਲੂ ਨੇ ਤਈਦ ਕੀਤੀ ਸੀ।

ਸਟਾਲਿਨ ਅਮਨ ਐਵਾਰਡ

ਸੈਫ਼-ਉਦ-ਦੀਨ-ਕਿਚਲੂ ਨੇ ਬਤੌਰ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਕਈ ਸਾਲ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਕੀਤੀ।

ਭਾਰਤ ਦੀ ਅਜ਼ਾਦੀ ਤੋਂ ਬਾਅਦ ਉਹ ਵਿਸ਼ਵ ਅਮਨ ਕੌਂਸਲ ਵਿੱਚ ਸਰਗਰਮ ਰਹੇ ਅਤੇ ਇਸ ਵੱਕਾਰੀ ਸੰਸਥਾ ਵਿੱਚ ਕੀਤੇ ਗਏ ਕਾਰਜਾਂ ਸਦਕਾ ਉਨ੍ਹਾਂ ਨੂੰ ਸਟਾਲਿਨ ਅਮਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)