IPL: 'ਪੰਜਾਬੀ' ਗੇਅਲ ਤੋਂ ਦਿੱਲੀ ਨੂੰ ਕੌਣ ਬਚਾਏਗਾ?

ਕਈ ਹਾਰਾਂ ਤੋਂ ਬਾਅਦ ਦਿੱਲੀ ਡੇਅਰਡੇਵਿਲਜ਼ ਦੀ ਟੀਮ ਨੂੰ ਅੱਜ ਆਪਣੀ ਘਰੇਲੂ ਪਿਚ 'ਤੇ ਜਿੱਤਣ ਦੀ ਆਸ ਹੈ।

ਪੀਟੀਆਈ ਮੁਤਾਬਕ ਅੱਜ ਆਈਪੀਐੱਲ ਮੈਚ ਦੌਰਾਨ ਦਿੱਲੀ ਦੀ ਟੀਮ ਕਿੰਗਸ XI ਪੰਜਾਬ ਟੀਮ ਦੇ ਕ੍ਰਿਸ ਗੇਅਲ ਦਾ ਸਾਹਮਣਾ ਕਰਨ ਲਈ ਤਿਆਰ ਹੈ।

ਪਰ ਸਵਾਲ ਇਹ ਹੈ ਕਿ 'ਦਿੱਲੀ' ਨੂੰ 'ਪੰਜਾਬੀ ਗੇਅਲ' ਤੋਂ ਕੌਣ ਬਚਾਏਗਾ?

ਪਿਛਲੇ ਕਈ ਸੀਜ਼ਨਜ਼ ਤੋਂ ਦਿੱਲੀ ਡੇਅਰਡੇਵਿਲਜ਼ ਟੀਮ ਦਾ ਪ੍ਰਦਰਸ਼ਨ ਬਾਕੀ ਟੀਮਾਂ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ ਹੈ।

ਪਿਛਲੇ ਦੋ ਸੀਜ਼ਨ 'ਚ ਡੇਅਰਡੇਵਿਲਜ਼ ਨੇ ਆਪਣੀ ਕੈਂਪੇਨ 6ਵੀਂ ਥਾਂ 'ਤੇ ਦਰਜ ਕੀਤੀ ਹੈ।

ਇਸ ਸੀਜ਼ਨ ਵਿੱਚ ਪ੍ਰਦਰਸ਼ਨ ਦੇ ਤੌਰ 'ਤੇ ਦਿੱਲੀ ਡੇਅਰਡੇਵਿਲਜ਼ ਦੀ ਕਹਾਣੀ ਪਹਿਲਾਂ ਵਾਂਗ ਹੀ ਰਹੀ ਹੈ।

ਪੰਜਾਬੀ ਗੇਅਲ ਪਾਉਣਗੇ ਭਾਜੜਾਂ!

ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਵੀਰਵਾਰ ਨੂੰ ਮੋਹਾਲੀ ਵਿੱਚ ਮੈਚ ਦੇ ਬਾਅਦ ਕਮਾਲ ਦੇ ਬੱਲੇਬਾਜ਼ ਕ੍ਰਿਸ ਗੇਅਲ 'ਮੈਨ ਆਫ਼ ਦਾ ਮੈਚ' ਟ੍ਰੌਫ਼ੀ ਲੈਣ ਤੋਂ ਤਿੰਨ ਘੰਟੇ ਪਹਿਲਾਂ ਕਮਾਲ ਦੀ ਬੱਲੇਬਾਜ਼ੀ ਕਰ ਰਹੇ ਸਨ।

ਇਸ ਬੱਲੇਬਾਜ਼ੀ ਦੌਰਾਨ ਮੋਹਾਲੀ ਦੇ ਮੈਦਾਨ 'ਚ ਉਨ੍ਹਾਂ ਦਾ ਬੱਲਾ ਬੋਲ ਰਿਹਾ ਸੀ ਅਤੇ ਗੇਂਦਬਾਜ਼ ਲੁਕਣ ਦੀ ਥਾਂ ਦੀ ਤਲਾਸ਼ ਕਰ ਰਹੇ ਸਨ।

63 ਗੇਂਦਾ ਵਿੱਚ 11 ਛੱਕੇ ਅਤੇ ਇੱਕ ਚੌਕੇ ਦੀ ਮਦਦ ਨਾਲ ਕ੍ਰਿਸ ਗੇਅਲ ਨੇ ਨਾਬਾਦ 104 ਦੌੜਾਂ ਬਣਾਈਆਂ ਅਤੇ ਉਨ੍ਹਾਂ ਦੀ ਇਸ ਪਾਰੀ ਦੇ ਦਮ 'ਤੇ ਕਿੰਗਸ XI ਪੰਜਾਬ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਜਿੱਤ ਦੀ ਗੱਡੀ ਨੂੰ ਰੋਕ ਦਿੱਤਾ।

IPL ਯਾਨਿ ਕਿ ਫਟਾਫਟ ਕ੍ਰਿਕੇਟ ਦੇ ਇਸ ਫਾਰਮੇਟ 'ਚ 10,000 ਦੌੜਾਂ ਦੇ ਮੁਕਾਮ ਤੱਕ ਪਹੁੰਚਣ ਵਾਲੇ ਕ੍ਰਿਸ ਗੇਅਲ ਪਹਿਲੇ ਕ੍ਰਿਕੇਟਰ ਬਣ ਗਏ।

ਟੀ-ਟਵੰਟੀ ਕ੍ਰਿਕੇਟ 'ਚ ਇਸ ਮੀਲ ਦੇ ਪੱਥਰ ਨੂੰ ਛੂਹਣ ਵਾਲੇ ਕ੍ਰਿਸ ਗੇਅਲ ਨੇ ਗੁਜਰਾਤ ਲਾਇੰਨਜ਼ ਦੇ ਖ਼ਿਲਾਫ਼ ਰਾਜਕੋਟ ਦੀ ਪਿਚ 'ਤੇ ਇਹ ਰਿਕਾਰਡ ਆਪਣੇ ਨਾਮ ਕੀਤਾ।

ਦਿੱਲੀ ਡੇਅਰਡੇਵਿਲਜ਼ ਨੂੰ ਵੱਡੀਆਂ ਆਸਾਂ

ਹੁਣ ਡੇਅਰਡਿਵਲਜ਼ ਟੀਮ ਦਾ ਪੂਰਾ ਜ਼ੋਰ ਕ੍ਰਿਸ ਗੇਅਲ ਦੀ ਸਟ੍ਰੈਟਜੀ 'ਤੇ ਰਹੇਗਾ, ਜਿਸ ਨੇ ਇਸ ਸਾਲ ਦੇ ਆਈਪੀਐੱਲ 'ਚ ਹੁਣ ਤੱਕ ਸਭ ਤੋਂ ਵੱਖਰਾ ਤੇ ਤੇਜ਼ ਰਫ਼ਤਾਰ ਨਾਲ ਪ੍ਰਦਰਸ਼ਨ ਦਿਖਾਉਂਦੇ ਹੋਏ ਆਪਣਾ ਕਮਾਲ ਦਿਖਾਇਆ।

ਕਿੰਗਸ XI ਪੰਜਾਬ ਟੀਮ ਟੋਪ ਆਰਡਰ ਦੇ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ ਹੈ।

ਉਧਰ ਦਿੱਲੀ ਡੇਅਰਡੇਵਿਲਜ਼ ਦੀ ਇੱਕੋ ਜਿੱਤ ਮੁੰਬਈ ਇੰਡੀਅਨਜ਼ ਟੀਮ ਦੇ ਖ਼ਿਲਾਫ਼ ਰਹੀ ਹੈ।

ਵਿਕੇਟਕੀਪਰ ਰਿਸ਼ਭ ਪੰਤ ਦਿੱਲੀ ਦੀ ਟੀਮ ਦੇ ਇਸ ਸੀਜ਼ਨ ਦੌਰਾਨ ਹੁਣ ਤੱਕ ਬਿਹਤਰੀਨ ਬੱਲੇਬਾਜ਼ ਰਹੇ ਹਨ ਅਤੇ ਉਨ੍ਹਾਂ ਇਸ ਸੀਜ਼ਨ ਵਿੱਚ ਪੰਜ ਮੈਚਾਂ 'ਚ 223 ਦੌੜਾਂ ਬਣਾਈਆਂ ਹਨ।

ਉਧਰ ਸਕਿੱਪਰ ਗੌਤਮ ਗੰਭੀਰ ਵੀ ਆਪਣੇ ਬਿਹਤਰੀਨ ਪ੍ਰਦਰਸ਼ਨ ਲਈ ਤਿਆਰ ਹਨ।

ਰਾਇਲ ਚੈਲੇਂਜਰਸ ਬੰਗਲੋਰ ਖ਼ਿਲਾਫ਼ ਵਧੀਆ ਪ੍ਰਦਰਸ਼ਨ ਕਰਦਿਆਂ ਅੱਧਾ ਸ਼ਤਕ ਮਾਰਨ ਵਾਲੇ ਗਲੇਨ ਮੈਕਸਵੈਲ, ਸ਼ਰੇਅਸ ਅਈਅਰ ਵੀ ਹੋਰ ਵਧੀਆ ਪ੍ਰਦਰਸ਼ਨ ਲਈ ਬੇਕਰਾਰ ਹਨ।

ਮੁਹੰਮਦ ਸ਼ਮੀ ਦੇ ਨਾ ਹੋਣ ਕਰਕੇ ਦਿੱਲੀ ਡੇਅਰਡੇਵਿਲਜ਼ ਦੀ ਗੇਂਦਬਾਜ਼ੀ ਟੀਮ ਲਈ ਵੱਡਾ ਮੁੱਦਾ ਹੈ।

ਕੁੱਲ ਮਿਲਾ ਕੇ ਅੱਜ ਦੇ ਮੈਚ ਵਿੱਚ ਕ੍ਰਿਸ ਗੇਅਲ ਤੇ ਉਨ੍ਹਾਂ ਦੀ ਟੀਮ ਦਾ ਸਾਹਮਣਾ ਕਰਨਾ ਦਿੱਲੀ ਦੀ ਟੀਮ ਲਈ ਕਾਫ਼ੀ ਮੁਸ਼ਕਿਲ ਰਹਿਣ ਵਾਲਾ ਹੈ।

ਪੰਜਾਬ ਦੀ ਟੀਮ ਵਿੱਚੋਂ ਕੇ ਐਲ ਰਾਹੁਲ ਅਤੇ ਯੁਵਰਾਜ ਸਿੰਘ ਤੋਂ ਵੀ ਚੰਗੀਆਂ ਦੌੜਾਂ ਦੀ ਉਮੀਦ ਹੈ।

ਕਿੰਗ XI ਪੰਜਾਬ ਟੀਮ ਦੇ ਕਪਤਾਨ ਅਤੇ ਆਲ-ਰਾਊਂਡਰ ਰਵੀਚੰਦਰਨ ਅਸ਼ਵਿਨ ਦੇ ਨਾਲ-ਨਾਲ ਮੋਹਿਤ ਸ਼ਰਮਾ ਤੇ ਟੀਮ ਦੇ ਹੋਰ ਖਿਡਾਰੀਆਂ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਲਗਾਈ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)