ਪਾਕਿਸਤਾਨ 'ਤੇ ਇਲਜ਼ਾਮ: ਭਾਰਤੀ ਸਫ਼ਾਰਤਖਾਨੇ ਦੀ ਪਾਰਟੀ 'ਚ ਮਹਿਮਾਨਾਂ ਨੂੰ ਆਉਣ ਤੋਂ ਰੋਕਿਆ

ਭਾਰਤ ਨੇ ਇਸਲਾਮਾਬਾਦ ਵਿੱਚ ਭਾਰਤੀ ਸਫ਼ਾਰਤਖਾਨੇ ਵੱਲੋਂ ਰੱਖੀ ਗਈ ਇਫ਼ਤਾਰ ਪਾਰਟੀ ਵਿੱਚ ਪਹੁੰਚੇ ਮਹਿਮਾਨਾਂ ਨੂੰ ਜਾਂਚ ਦੇ ਨਾਂ 'ਤੇ ਤੰਗ ਕਰਨ ਦੇ ਇਲਜ਼ਾਮ ਪਾਕਿਸਤਾਨ 'ਤੇ ਲਾਏ ਹਨ।

ਭਾਰਤੀ ਰਾਜਦੂਤ ਅਜੇ ਬਿਸਾਰੀਆ ਨੇ ਇਸਲਾਮਾਬਾਦ ਦੇ ਸਰੀਨਾ ਹੋਟਲ ਵਿੱਚ ਇਫ਼ਤਾਰ ਪਾਰਟੀ ਰੱਖੀ ਸੀ।

ਇਹ ਵੀ ਪੜ੍ਹੋ:

ਭਾਰਤੀ ਸਫ਼ਾਰਤਖਾਨੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਹਿਮਾਨਾਂ ਦੀ ਸਖ਼ਤ ਸੁਰੱਖਿਆ ਜਾਂਚ ਕੀਤੀ ਗਈ।

ਬਿਆਨ ਮੁਤਾਬਕ, ਮਹਿਮਾਨਾਂ ਨੂੰ ਇਫ਼ਤਾਰ ਦਾਅਵਤ ਵਿੱਚ ਪਹੁੰਚਣ ਤੋਂ ਰੋਕਣ ਲਈ ਧਮਕੀਆਂ ਵੀ ਦਿੱਤੀਆਂ ਗਈਆਂ।

ਬਿਆਨ ਵਿੱਚ ਕਿਹਾ ਗਿਆ, "ਜੋ ਮਹਿਮਾਨ ਪਹੁੰਚੇ ਉਨ੍ਹਾਂ ਵਿੱਚੋਂ ਕੁਝ ਲਾਹੌਰ ਤੇ ਕਰਾਚੀ ਤੋਂ ਵੀ ਆਏ ਸਨ, ਉਨ੍ਹਾਂ ਨੂੰ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਰੋਕਣ ਦਾ ਯਤਨ ਕੀਤਾ। ਸੁਰੱਖਿਆ ਏਜੰਸੀਆਂ ਨੇ ਇੱਕ ਤਰ੍ਹਾਂ ਨਾਲ ਘੇਰਾ ਪਾ ਲਿਆ ਸੀ।"

ਭਾਰਤ ਦਾ ਕਹਿਣਾ ਹੈ ਕਿ ਮਹਿਮਾਨਾਂ ਨੂੰ ਦਰਪੇਸ਼ ਤੰਗੀ ਨੂੰ ਰੋਕਣ ਦੇ ਯਤਨ ਕਰ ਰਹੇ ਭਾਰਤੀ ਅਧਿਕਾਰੀਆਂ ਨਾਲ ਵੀ ਬਦਸਲੂਕੀ ਕੀਤੀ ਗਈ ਅਤੇ ਕਈਆਂ ਦੇ ਮੋਬਾਈਲ ਖੋਹ ਲਏ ਗਏ।

ਭਾਰਤ ਨੇ ਇਸ ਘਟਨਾਕ੍ਰਮ ਨੂੰ ਸ਼ਰਮਨਾਕ ਦੱਸਦਿਆਂ ਪਾਕਿਸਤਾਨ ਨੂੰ ਇਸ ਬਾਰੇ ਜਾਂਚ ਕਰਨ ਲਈ ਵੀ ਕਿਹਾ ਸੀ।

ਪਾਕਿਸਤਾਨੀ ਪੱਤਰਕਾਰ ਮਹਿਰੀਨ ਜ਼ਹਰਾ ਮਲਿਕ ਨੇ ਟਵੀਟ ਵਿੱਚ ਲਿਖਿਆ, ਸਰੀਨਾ ਹੋਟਲ ਵਿੱਚ ਜੋ ਕੁਝ ਹੋਇਆ ਅਜਿਹਾ ਵਤੀਰਾ ਪਹਿਲਾਂ ਕਦੇ ਨਹੀਂ ਵਾਪਰਿਆ। ਭਾਰਤੀ ਸਫ਼ਾਰਤਖ਼ਾਨੇ ਦਾ ਇਫ਼ਤਾਰ ਹੋ ਰਿਹਾ ਹੈ ਤੇ ਪੁਲਿਸ ਤੇ ਐਂਟੀ ਟੈਰੋਰਿਜ਼ਮ ਫੋਰਸ ਹੋਟਲ ਵਿੱਚ ਜਾ ਰਹੇ ਲੋਕਾਂ ਨਾਲ ਬਦਸਲੂਕੀ ਕਰ ਰਹੀ ਹੈ।"

ਦਿੱਲੀ ਵਿੱਚ ਪਾਕਿਸਤਾਨੀ ਸਫ਼ਾਰਤਖ਼ਾਨੇ ਨੇ ਵੀ 28 ਮਈ ਨੂੰ ਇਫ਼ਤਾਰ ਦਾਅਵਤ ਰੱਖੀ ਸੀ। ਇਸ ਇਫ਼ਤਾਰ ਵਿੱਚ ਭਾਰਤ ਦੇ ਸਿਆਸੀ ਤੇ ਸਮਾਜਿਕ ਜਗਤ ਦੇ ਵੱਡੇ ਲੋਕਾਂ ਨੇ ਹਿੱਸਾ ਲਿਆ ਸੀ। ਪਾਕਿਸਾਤਾਨੀ ਵਿਦਿਆਰਥੀ ਵੀ ਇਸ ਵਿੱਚ ਸ਼ਾਮਲ ਹੋਏ ਸਨ।

ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਅਧਿਕਾਰੀਆਂ ਨੇ ਵੀ ਮਹਿਮਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਇਸ ਬਾਰੇ ਪਾਕਿਸਤਾਨ ਵੱਲੋਂ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਸੀ ਕੀਤਾ ਗਿਆ।

ਭਾਰਤ ਤੇ ਪਾਕਿਸਤਾਨ ਇੱਕ ਦੂਸਰੇ ਉੱਪਰ ਆਪੋ-ਆਪਣੇ ਅਧਿਕਾਰੀਆਂ ਨੂੰ ਤੰਗ ਕਰਨ ਦੇ ਇਲਜ਼ਾਮ ਲਾਉਂਦੇ ਰਹੇ ਹਨ।

ਹਾਲਾਂਕਿ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਫੋਨ ਕਰਕੇ ਵਧਾਈ ਦਿੱਤੀ ਸੀ, ਪਰ ਦੋਹਾਂ ਦੇਸਾਂ ਦੇ ਰਿਸ਼ਤੇ ਕਿਸੇ ਵੀ ਤਰ੍ਹਾਂ ਸਹਿਜ ਨਹੀਂ ਹਨ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)