ਜਦੋਂ ਅੰਗਰੇਜ਼ਾਂ ਨੇ ਕਿੰਨਰਾਂ ਦੀ ਹੋਂਦ ‘ਖ਼ਤਮ ਕਰਨ’ ਲਈ ਪੂਰੀ ਵਾਹ ਲਾਈ ਸੀ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਸਾਲ 1852 ਦੀ ਗੱਲ ਹੈ ਜਦੋਂ ਉੱਤਰ ਪ੍ਰਦੇਸ਼ ਦੀ ਇੱਕ ਕਿੰਨਰ ਭੂਰਾ ਦਾ ਬੇ ਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਭੂਰਾ ਮੈਨਪੁਰੂ ਵਿੱਚ ਆਪਣੇ ਚੇਲਿਆਂ-ਬਾਲਕਿਆਂ ਨਾਲ ਰਹਿੰਦੇ ਸਨ। ਇੱਕ ਪੁਰਸ਼ ਉਨ੍ਹਾਂ ਦਾ ਪ੍ਰੇਮੀ ਵੀ ਸੀ। ਭੂਰਾ ਆਂਢ-ਗੁਆਂਢ ਵਿੱਚ ਦਿਨ-ਤਿਉਹਾਰ ਜਿਵੇਂ ਬੱਚੇ ਦੇ ਜਨਮ ਤੇ ਵਿਆਹਾਂ ਮੌਕੇ ਨੱਚਣ-ਗਾਉਣ ਦਾ ਕੰਮ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ।

ਬਰਤਾਨਵੀ ਜੱਜਾਂ ਦਾ ਮੰਨਣਾ ਸੀ ਕਿ ਸਾਬਕਾ ਪ੍ਰੇਮੀ ਨੇ ਬਦਲੇ ਦੀ ਭਾਵਨਾ ਨਾਲ ਭੂਰਾ ਦਾ ਕਤਲ ਕੀਤਾ ਸੀ।

ਇਹ ਵੀ ਪੜ੍ਹੋ:

ਮੁਕੱਦਮੇ ਦੀ ਸੁਣਵਾਈ ਦੌਰਾਨ ਕਿੰਨਰਾਂ ਬਾਰੇ ਉਹ ਕੁਝ ਵੀ ਕਿਹਾ ਗਿਆ ਜੋ ਨਹੀਂ ਕਿਹਾ ਜਾਣਾ ਚਾਹੀਦਾ ਸੀ।

ਉਨ੍ਹਾਂ ਨੂੰ ਸਮਲਿੰਗੀ, ਭਿਖਾਰੀ ਤੇ ਗ਼ੈਰ-ਕੁਦਰਤੀ ਵੇਸਵਾ ਤੱਕ ਕਿਹਾ ਗਿਆ। ਇੱਕ ਜੱਜ ਨੇ ਕਿੰਨਰ ਭਾਈਚਾਰੇ ਨੂੰ ਬਸਤੀਵਾਦੀ ਰਾਜ ਲਈ ਕਲੰਕ ਤੱਕ ਕਹਿ ਦਿੱਤਾ।

ਇੱਕ ਹੋਰ ਜੱਜ ਨੇ ਇਸ ਭਾਈਚਾਰੇ ਦੀ ਹੋਂਦ ਨੂੰ ਬਰਤਾਨਵੀਂ ਸਰਕਾਰ ਲਈ ਨਿਰਾਸ਼ਾਜਨਕ ਦੱਸਿਆ। ਇਨ੍ਹਾਂ ਸਾਰੀਆਂ ਰਾਵਾਂ ਬਾਰੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਸਭ ਇੱਕ ਕਿੰਨਰ ਉੱਪਰ ਹੋਏ ਜ਼ੁਲਮ ਦੀ ਸੁਣਵਾਈ ਦੌਰਾਨ ਕਹੀਆਂ ਗਈਆਂ।

ਨੈਤਿਕ ਆਤੰਕ

ਇਤਿਹਾਸਕਾਰ ਜੈਸਿਕਾ ਹਿੰਕੀ ਮੁਤਾਬਕ ਇਸ ਕਤਲ ਨਾਲ ਬਰਤਾਨਵੀਂ ਸਮਾਜ ਵਿੱਚ ਕਿੰਨਰਾਂ ਪ੍ਰਤੀ ਫੈਲੇ ਆਤੰਕ ਦਾ ਪਤਾ ਚਲਦਾ ਹੈ।

ਜੈਸਿਕਾ ਦੱਸਦੇ ਹਨ, "ਉਨ੍ਹਾਂ ਦਾ ਕਤਲ ਹੋਇਆ ਸੀ ਪਰ ਉਨ੍ਹਾਂ ਦੀ ਮੌਤ ਨੂੰ ਕਿੰਨਰਾਂ ਦੇ ਜੁਰਮਾਂ ਤੇ ਭਾਈਚਾਰੇ ਦੀ ਨੈਤਿਕਤਾ ਨਾਲ ਜੋੜ ਦਿੱਤਾ ਗਿਆ।"

ਵਿਦੇਸ਼ੀ ਹਾਕਮਾਂ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਕਿੰਨਰ ਰਾਜ ਕੀਤੇ ਜਾਣ ਦੇ ਯੋਗ ਨਹੀਂ ਹਨ। ਵਿਸ਼ਲੇਸ਼ਕਾਂ ਨੇ ਉਨ੍ਹਾਂ ਨੂੰ ਗੰਦਾ, ਬੀਮਾਰ, ਲਾਗ ਦੇ ਮਰੀਜ਼ ਅਤੇ ਗੰਦੇ ਸਮਾਜ ਵਜੋਂ ਪੇਸ਼ ਕੀਤਾ।

ਕਿੰਨਰਾਂ ਨੂੰ ਮਰਦਾਂ ਨਾਲ ਸੈਕਸ ਕਰਨ ਦੇ ਆਦੀ ਲੋਕਾਂ ਵਜੋਂ ਪੇਸ਼ ਕੀਤਾ ਗਿਆ। ਬਸਤੀਵਾਦੀ ਅਧਿਕਾਰੀਆਂ ਨੇ ਕਿਹਾ ਕਿ ਉਹ ਭਾਈਚਾਰਾ ਨਾ ਸਿਰਫ਼ ਆਮ ਲੋਕਾਂ ਲਈ ਖ਼ਤਰਨਾਕ ਹੈ ਸਗੋਂ ਸਾਮਰਾਜ ਦੀ ਸਿਆਸੀ ਸੁਤੰਤਰਤਾ ਲਈ ਵੀ ਖ਼ਤਰਾ ਹੈ।

ਸਿੰਗਾਪੁਰ ਦੇ ਨਾਯਨਯਾਂਗ ਟੈਕਨੌਲੋਜੀਕਲ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ਼ ਹਿੰਕੀ ਨੇ ਕਿੰਨਰਾਂ ਨਾਲੇ ਜੁੜੇ ਅੰਗਰੇਜ਼ੀ ਰਾਜ ਦੇ ਸਾਰੇ ਕਾਗਜ਼ਾਂ ਨੂੰ ਵਾਚਿਆ ਅਤੇ ਉਸ ਕਾਲ ਦੇ ਕਾਨੂੰਨਾਂ ਦਾ ਇਸ ਭਾਈਚਾਰੇ ਉੱਪਰ ਪੈਣ ਵਾਲੇ ਅਸਰ ਦਾ ਅਧਿਐਨ ਕੀਤਾ।

ਇਸ ਆਧਾਰ 'ਤੇ ਉਨ੍ਹਾਂ ਨੇ ਬਸਤੀਵਾਦੀ ਭਾਰਤ ਦੇ ਕਿੰਨਰਾਂ ਦੇ ਪਹਿਲੇ ਇਤਿਹਾਸ ਵਜੋਂ ਗਵਰਨਿੰਗ ਜੈਂਡਰ ਐਂਡ ਸੈਕਸ਼ੂਏਲਿਟੀ ਇਨ ਕੌਲੋਨੀਅਲ ਇੰਡੀਆ ਦੀ ਰਚਨਾ ਕੀਤੀ ਹੈ।

ਹਿਜੜੇ ਆਮ ਕਰਕੇ ਔਰਤਾਂ ਵਾਲੇ ਕੱਪੜੇ ਪਾਉਂਦੇ ਹਨ ਅਤੇ ਆਪਣੇ-ਆਪ ਨੂੰ ਨਿਪੁੰਸਕ ਦਸਦੇ ਹਨ।

ਇਹ ਭਾਈਚਾਰਾ ਗੁਰੂ-ਸ਼ਿਸ਼ ਪ੍ਰੰਪਰਾ ਦੇ ਆਧਾਰ 'ਤੇ ਆਧਾਰਿਤ ਹੈ ਅਤੇ ਕਈ ਸੰਸਕ੍ਰਿਤੀਆਂ ਵਿੱਚ ਇਨ੍ਹਾਂ ਦੀ ਅਹਿਮ ਥਾਂ ਹੈ।

ਰਾਜਿਆਂ-ਮਹਾਰਾਜਿਆਂ ਦੇ ਹਰਮਾਂ ਦੇ ਰਖਵਾਲਿਆਂ ਤੋਂ ਲੈ ਕੇ ਨੱਚ-ਗਾ ਕੇ ਮਨੋਰੰਜਨ ਕਰਨ ਵਾਲਿਆਂ ਦੀ ਭੂਮਿਕਾ ਕਿੰਨਰ ਜਾਂ ਹਿਜੜੇ ਹੀ ਨਿਭਾਉਂਦੇ ਸਨ।

ਦੱਖਣ ਏਸ਼ੀਆਈ ਦੇਸ਼ਾਂ ਵਿੱਚ ਵੀ ਮੰਨਿਆ ਜਾਂਦਾ ਹੈ ਕਿ ਪ੍ਰਜਨਨ ਸਮਰੱਥਾ ਨੂੰ ਪ੍ਰਭਾਵਿਤ ਕਰਨ ਦਾ ਵਰ ਤੇ ਸਰਾਪ ਇਹ ਭਾਈਚਾਰਾ ਦੇ ਸਕਦਾ ਹੈ।

ਇਸ ਭਾਈਚਾਰੇ ਦੇ ਲੋਕ ਗੋਦ ਲਏ ਹੋਏ ਬੱਚਿਆਂ ਤੋਂ ਇਲਾਵਾ ਆਪਣੇ ਪੁਰਸ਼ ਸਾਥੀਆਂ ਨਾਲ ਜੀਵਨ ਬਤੀਤ ਕਰਦੇ ਹਨ।

ਜਰਾਇਮ-ਪੇਸ਼ਾ ਦੱਸਣ ਵਾਲਾ ਕਾਨੂੰਨ

ਅੱਜੋਕੇ ਸਮੇਂ ਵਿੱਚ ਹਿਜੜਿਆਂ ਨੂੰ ਟਰਾਂਸਜੈਂਡਰ ਕਿਹਾ ਜਾਂਦਾ ਹੈ। ਉਹ ਵਿਅਕਤੀ ਜੋ ਜੈਂਡਰ ਤੋਂ ਪਰੇ ਹੈ। ਟਰਾਂਸਜੈਂਡਰਾਂ ਵਿੱਚ ਇੰਟਰਸੈਕਸ ਲੋਕ ਵੀ ਸ਼ਾਮਲ ਹਨ। ਸਾਲ 2014 ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਅਧਿਕਾਰਿਤ ਤੌਰ 'ਤੇ ਹਿਜੜਿਆਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦਿੱਤੀ।

ਉਸ ਸਮੇਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਅਧਿਕਾਰਿਤ 2500 ਕਿੰਨਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਕਤਲ ਤੋਂ ਬਾਅਦ ਕਿੰਨਰਾਂ ਦੀ ਸੰਖਿਆ ਘਟਾਉਣ ਲਈ ਸੂਬਾਈ ਪੱਧਰ ਤੇ ਇੱਕ ਮੁੰਹਮ ਚਲਾਈ ਗਈ। ਇਸ ਲਹਿਰ ਦਾ ਮਕਸਦ ਇਸ ਭਾਈਚਾਰੇ ਨੂੰ ਖ਼ਤਮ ਕਰਨਾ ਸੀ।

ਇਨ੍ਹਾਂ ਲੋਕਾਂ ਨੂੰ 1871 ਦੇ ਵਿਵਾਦਿਤ ਕਾਨੂੰਨ ਤਹਿਤ ਜਰਾਇਮ-ਪੇਸ਼ਾ ਭਾਈਚਾਰਾ ਗਿਣਿਆ ਗਿਆ। ਇਸ ਕਾਨੂੰਨ ਵਿੱਚ ਕੁਝ ਜਾਤੀਆਂ ਦੇ ਲੋਕਾਂ ਨੂੰ ਰਵਾਇਤੀ ਤੌਰ ਤੇ ਜਰਾਇਮ-ਪੇਸ਼ਾ ਲੋਕ ਮੰਨਿਆ ਗਿਆ ਸੀ।

ਇਹ ਵੀ ਪੜ੍ਹੋ:

ਇਸ ਕਾਨੂੰਨ ਦੇ ਸਦਕਾ ਪੁਲਿਸ ਨੇ ਇਸ ਭਾਈਚਾਰੇ 'ਤੇ ਚੌਕਸੀ ਵਧਾ ਦਿੱਤੀ। ਪੁਲਿਸ ਨੇ ਕਿੰਨਰਾਂ ਦੀ ਨਿੱਜੀ ਜਾਣਕਾਰੀ ਨੂੰ ਰਜਿਸਟਰ ਕਰਨਾ ਸ਼ੁਰੂ ਕਰ ਦਿੱਤਾ, ਦਸਤਾਵੇਜ਼ਾਂ ਵਿੱਚ ਕਿੰਨਰਾਂ ਨੂੰ ਮੁਲਜ਼ਮ ਤੇ ਲਿੰਗਕ ਵਿਗਾੜ ਵਾਲੇ ਲੋਕਾਂ ਵਜੋਂ ਸੰਬੋਧਨ ਕੀਤਾ ਜਾਣ ਲੱਗਿਆ।

ਡਾ. ਹਿੰਕੀ ਦੱਸਦੇ ਹਨ, "ਰਜਿਸਟਰ ਕਰਨ ਦਾ ਭਾਵ ਉਨ੍ਹਾਂ 'ਤੇ ਨਿਗਰਾਨੀ ਰੱਖਣਾ ਤਾਂ ਹੈ ਹੀ ਸੀ, ਇਸ ਦੇ ਨਾਲ ਹੀ ਹਿਜੜਿਆਂ ਦੀ ਅਬਾਦੀ ਨੂੰ ਰੋਕਣਾ ਵੀ ਸੀ।"

ਤਸੀਹੇ

ਹਿਜੜਿਆਂ ਨੂੰ ਔਰਤਾਂ ਦੇ ਕੱਪੜੇ ਪਾਉਣ ਦੀ ਆਜ਼ਾਦੀ ਨਹੀਂ ਸੀ ਅਤੇ ਨਾ ਹੀ ਉਹ ਜਨਤਕ ਰੂਪ ਵਿੱਚ ਨੱਚ-ਗਾ ਸਕਦੇ ਸਨ। ਅਜਿਹਾ ਕੁਝ ਵੀ ਕਰਨ 'ਤੇ ਉਨ੍ਹਾਂ ਨੂੰ ਜੁਰਮਾਨਾ ਤੇ ਕੈਦ ਦੋਵੇਂ ਹੋ ਸਕਦੇ ਸਨ।

ਜੇ ਕੋਈ ਔਰਤਾਂ ਦੇ ਲਿਬਾਸ ਵਿੱਚ ਮਿਲ ਜਾਂਦਾ ਸੀ ਤਾਂ ਪੁਲਿਸ ਉਸਦੇ ਲੰਬੇ ਵਾਲ ਕੱਟ ਦਿੰਦੀ ਸੀ ਤੇ ਕਈ ਵਾਰ ਤਾਂ ਕੱਪੜੇ ਵੀ ਲੁਹਾ ਲੈਂਦੀ ਸੀ।

ਡਾ. ਹਿੰਕੀ ਦੱਸਦੇ ਹਨ, "ਹਿਜੜਿਆਂ ਨੂੰ ਪੁਲਿਸ ਦੀ ਧਮਕੀ ਅਤੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਉਨ੍ਹਾਂ ਖ਼ਿਲਾਫ ਹੋਈ ਹਿੰਸਾ ਦਾ ਕੋਈ ਸਪਸ਼ਟ ਪੈਟਰਨ ਨਹੀਂ ਮਿਲਦਾ।"

ਹਿਜੜਿਆਂ ਨੇ ਇੱਕ ਵਾਰ ਮੇਲਿਆਂ ਵਿੱਚ ਪੇਸ਼ਕਾਰੀਆਂ ਕਰਨ ਤੇ ਜਨਤਕ ਤੌਰ 'ਤੇ ਨੱਚਣ-ਗਾਉਣ ਦਾ ਆਪਣਾ ਹੱਕ ਬਹਾਲ ਕਰਨ ਦੀ ਅਪੀਲ ਵੀ ਕੀਤੀ ਸੀ।

ਡਾ. ਹਿੰਕੀ ਦਸਦੇ ਹਨ ਕਿ ਇਹ ਅਰਜੀ ਆਰਥਿਕ ਤੰਗੀ ਅਤੇ ਮੰਦੇਹਾਲੀ ਕਾਰਨ ਦਿੱਤੀ ਗਈ ਸੀ। 1870 ਦੇ ਅੱਧ ਵਿੱਚ ਗਾਜ਼ੀਪੁਰ ਦੇ ਹਿਜੜਿਆਂ ਨੇ ਭੁੱਖ ਨਾਲ ਮਰਨ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਉਸ ਮੌਕੇ ਅਧਿਕਾਰੀਆਂ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਫੁਰਮਾਨ ਸੁਣਾਇਆ। ਉਨ੍ਹਾਂ ਨੇ ਹਿਜੜਿਆਂ ਨਾਲ ਰਹਿਣ ਵਾਲੇ ਬੱਚਿਆਂ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ।

ਅਧਿਕਾਰੀਆਂ ਦਾ ਤਰਕ ਸੀ ਕਿ ਉਹ ਬੱਚਿਆਂ ਨੂੰ ਬਦਨਾਮੀ ਵਾਲੇ ਜੀਵਨ ਤੋਂ ਬਚਾ ਰਹੇ ਹਨ। ਜੇ ਕੋਈ ਕਿੰਨਰ ਕਿਸੇ ਬੱਚੇ ਨਾਲ ਫੜਿਆ ਜਾਂਦਾ ਤਾਂ ਉਸ ਉੱਪਰ ਜੇਲ੍ਹ ਜਾਣ ਜਾਂ ਜ਼ੁਰਮਾਨੇ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਸੀ।

ਇਨ੍ਹਾਂ ਬੱਚਿਆਂ ਵਿੱਚ ਬਹੁਗਿਣਤੀ ਚੇਲੇ ਹੁੰਦੇ ਸਨ। ਇਸ ਤੋਂ ਬਾਅਦ ਅਨਾਥ ਬੱਚੇ, ਗੋਦ ਲਏ ਹੋਏ ਬੱਚੇ ਅਤੇ ਗੁਲਾਮੀ ਕਰਨ ਵਾਲੇ ਬੱਚੇ ਸ਼ਾਮਲ ਹੁੰਦੇ ਸਨ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਉਨ੍ਹਾਂ ਸਾਜਿੰਦਿਆਂ ਦੇ ਬੱਚੇ ਵੀ ਹੁੰਦੇ ਸਨ ਜੋ ਹਿਜੜਿਆਂ ਨਾਲ ਕੰਮ ਕਰਦੇ ਸਨ।

ਕੁਝ ਬੱਚੇ ਉਨ੍ਹਾਂ ਵਿਧਵਾ ਔਰਤਾਂ ਦੇ ਹੁੰਦੇ ਸਨ ਜਿਨ੍ਹਾਂ ਨਾਲ ਕਿੰਨਰ ਰਹਿੰਦੇ ਸਨ।

ਹੋਂਦ ਬਚਾਉਣ ਦਾ ਖ਼ਤਰਾ

ਬਰਤਾਨਵੀ ਅਧਿਕਾਰੀਆਂ ਨੇ ਹਿਜੜਿਆਂ ਨਾਲ ਰਹਿਣ ਵਾਲੇ ਬੱਚਿਆਂ ਨੂੰ ਲਾਗ ਦੀ ਬਿਮਾਰੀ ਦੇ ਏਜੰਟ ਅਤੇ ਨੈਤਿਕਤਾ ਲਈ ਖ਼ਤਰਾ ਮੰਨਿਆ ਸੀ।

ਡਾ. ਹਿੰਕੀ ਮੁਤਾਬਕ, "ਹਿਜੜਿਆਂ ਤੋਂ ਭਾਰਤੀ ਮੁੰਡਿਆਂ ਨੂੰ ਖ਼ਤਰੇ ਬਾਰੇ ਬਸਤੀਵਾਦੀ ਦੌਰ ਵਿੱਚ ਐਨੀ ਫਿਕਰ ਸੀ ਕਿ ਭਾਈਚਾਰੇ ਨਾਲ ਰਹਿਣ ਵਾਲੇ ਬੱਚਿਆਂ ਦੀ ਗਿਣਤੀ ਵੀ ਵਧਾ-ਚੜਾਅ ਕੇ ਦੱਸੀ ਗਈ ਸੀ।"

ਆਂਕੜਿਆਂ ਮੁਤਾਬਕ, 1860 ਤੋਂ 1880 ਦੇ ਦੋ ਦਹਾਕਿਆਂ ਵਿੱਚ, ਹਿਜੜਿਆਂ ਨਾਲ ਲਗਭਗ 90 ਤੋਂ 100 ਮੁੰਡੇ ਰਹਿ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਨੂੰ ਹੀ ਨਿਪੁੰਸਕ ਬਣਾਇਆ ਗਿਆ ਸੀ ਅਤੇ ਜ਼ਿਆਦਾਤਰ ਆਪਣੇ ਅਸਲੀ ਮਾਂ-ਬਾਪ ਨਾਲ ਰਹਿੰਦੇ ਸਨ।

ਡਾ. ਹਿੰਕੀ ਮੁਤਾਬਕ, "ਉਸ ਕਾਨੂੰਨ ਦਾ ਸ਼ਾਰਟ ਟਰਮ ਉਦੇਸ਼ ਜਨਤਕ ਤੌਰ 'ਤੇ ਹਿਜੜਿਆਂ ਦੀ ਹੋਂਦ ਨੂੰ ਖ਼ਤਮ ਕਰਕੇ ਉਨ੍ਹਾਂ ਦਾ ਸਭਿਆਚਾਰਕ ਖ਼ਾਤਮਾ ਕਰਨਾ ਸੀ। ਅਜਿਹੇ ਵਿੱਚ ਇਹ ਸਮਝਣਾ ਮੁਸ਼ਕਲ ਨਹੀਂ ਕਿ ਲਾਂਗ ਟਰਮ ਉਦੇਸ਼ ਹਿਜੜਿਆਂ ਦੀ ਹੋਂਦ ਖ਼ਤਮ ਕਰਨਾ ਸੀ।"

ਐਨਾ ਹੀ ਨਹੀਂ, ਬਰਤਾਨਵੀ ਅਧਿਕਾਰੀਆਂ ਨੇ ਉਨ੍ਹਾਂ ਲੋਕਾਂ ਦੀ ਵੀ ਚੌਕਸੀ ਰੱਖਣੀ ਸ਼ੁਰੂ ਕਰ ਦਿੱਤੀ ਜੋ ਔਰਤ-ਮਰਦ ਦੇ ਚੌਖਟੇ ਵਿੱਚ ਪੂਰੇ ਨਹੀਂ ਆਉਂਦੇ ਸਨ।

ਇਸ ਵਿੱਚ ਔਰਤਾਂ ਵਾਲੇ ਕੱਪੜੇ ਪਾਉਣ ਵਾਲੇ ਮਰਦ ਸਨ ਜੋ ਆਸ-ਪਾਸ ਦੇ ਘਰਾਂ ਵਿੱਚ ਨੱਚਣ ਗਾਉਣ ਦਾ ਕੰਮ ਕਰਦੇ ਸਨ। ਇਹ ਲੋਕ ਡਰਾਮਿਆਂ ਵਿੱਚ ਔਰਤਾਂ ਦੀ ਭੂਮਿਕਾ ਵੀ ਨਿੁਭਾਉਂਦੇ ਸਨ।

ਡਾ. ਹਿੰਕੀ ਦੇ ਮੁਤਾਬਕ ਪੁਲਿਸ ਕਾਨੂੰਨ ਦੀ ਵਰਤੋਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਵੀ ਕਰਨ ਲੱਗ ਪਈ ਸੀ ਜਿਨ੍ਹਾਂ ਦੇ ਜੈਂਡਰ ਦੀ ਸਪਸ਼ਟ ਪਹਿਚਾਣ ਕਰਨ ਵਿੱਚ ਮੁਸ਼ਕਲ ਹੁੰਦੀ ਸੀ।

ਲੜਾਈ ਤੇ ਜਿੱਤ

ਹਿਜੜਿਆਂ ਬਾਰੇ ਬਰਤਾਨਵੀ ਅਤੇ ਅੰਗੇਰਜ਼ੀ ਬੋਲਣ ਵਾਲੇ ਲੋਕਾਂ ਦੀ ਭਾਵਨਾ ਕਈ ਵਾਰ ਭਾਰਤੀ ਸਭਿਆਚਾਰ ਨਾਲ ਮੇਲ ਖਾਂਦੀ ਸੀ ਜਿਸ ਨੂੰ ਬਸਤੀਵਾਦੀ ਹੁਕਮਰਾਨ ਨਫ਼ਰਤਯੋਗ ਮੰਨਦੇ ਸਨ।

ਭਾਰਤੀਅਤਾ ਬਾਰੇ ਚਰਚਿਤ ਕਿਤਾਬਾਂ ਲਿੱਖ ਚੁੱਕੀ ਵੈਂਡੀ ਡੋਂਗਿਯਰ ਨੇ ਲਿਖਿਆ ਹੈ ਕਿ ਕਿਵੇਂ ਬਰਤਾਨਵੀ ਹੁਕਮਰਾਨਾਂ ਨੇ ਹਿੰਦੁਤਵ ਨੂੰ ਬੁੱਤ-ਪੂਜਾ ਨਾਲ ਜੋੜ ਕੇ ਰੱਦ ਕੀਤਾ।

ਫਿਰ ਵੀ ਹਿਜੜਿਆਂ ਨੂੰ ਰੱਦ ਕਰਨ ਵਿੱਚ ਧਰਮ ਦੀ ਕੋਈ ਭੂਮਿਕਾ ਨਹੀਂ ਸੀ, ਉਹ ਉਨ੍ਹਾਂ ਦੇ ਰਹਿਣ-ਸਹਿਣ, ਜਨਤਕ ਮੌਜੂਦਗੀ, ਲਿੰਗਕ ਸਰਗਰਮੀ, ਗੰਦਗੀ, ਅਤੇ ਮਲੀਨਤਾ ਨਾਲ ਸੰਬੰਧਿਤ ਸੀ।

ਇਸ ਕਾਲੇ ਅਤੀਤ ਦੇ ਬਾਵਜ਼ੂਦ, ਹਿਜੜੇ ਆਪਣੀ ਹੋਂਦ ਬਚਾਈ ਰੱਖਣ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਨੇ ਪੁਲਿਸ ਨੂੰ ਚਕਮਾ ਦਿੱਤਾ। ਆਪਣੀ ਜਨਤਕ ਮੌਜੂਦਗੀ ਕਾਇਮ ਰੱਖੀ ਅਤੇ ਆਪਣੀ ਹੋਂਦ ਬਚਾਈ ਰੱਖਣ ਬਾਰੇ ਰਣਨੀਤੀ 'ਤੇ ਕੰਮ ਕਰਦੇ ਰਹੇ।

ਡਾ. ਹਿੰਕੀ ਮੁਤਾਬਕ ਹਿਜੜੇ ਕਾਨੂੰਨ ਤੋੜਨ, ਪੁਲਿਸ ਨੂੰ ਚਕਮਾ ਦੇਣ ਅਤੇ ਲਗਾਤਾਰ ਘੁੰਮਦੇ ਰਹਿਣ ਵਿੱਚ ਨਿਪੁੰਨ ਹੁੰਦੇ ਚਲੇ ਗਏ। ਉਨ੍ਹਾਂ ਨੇ ਆਪਣੀਆਂ ਸਭਿਆਚਾਰਕ ਸਰਗਮੀਆਂ ਨੂੰ ਆਪਣੇ ਡੇਰਿਆਂ ਤੱਕ ਮਹਿਦੂਦ ਰੱਖ ਕੇ ਬਚਾਈ ਰੱਖਿਆ, ਜੋ ਕਿ ਗੈਰ-ਕਾਨੂੰਨੀ ਵੀ ਸੀ।

ਉਹ ਆਪਣੀ ਜਾਇਦਾਦ ਲਕੋ ਕੇ ਰੱਖਣ ਵਿੱਚ ਹੋਰ ਮਾਹਰ ਹੁੰਦੇ ਚਲੇ ਗਏ।

ਉਹ ਆਪਣੀ ਹੋਂਦ ਬਚਾਈ ਰੱਖਣ ਵਿੱਚ ਸਫ਼ਲ ਰਹੇ ਉਹ ਵੀ ਉਸ ਸਮੇਂ ਜਦੋਂ ਉਨ੍ਹਾਂ ਨੂੰ ਵਿਗੜੇ ਹੋਏ ਤੇ ਗੈਰ-ਸੰਗਠਿਤ ਭਾਈਚਾਰੇ ਵਜੋਂ ਪੇਸ਼ ਕੀਤਾ ਜਾ ਰਿਹਾ ਸੀ।

ਹਿੰਕੀ ਮੁਤਾਬਕ, ਦੱਖਣ ਏਸ਼ੀਆ ਵਿੱਚ ਜਨਤਕ ਥਾਵਾਂ ਤੇ ਲੋਕ ਸੰਸਕ੍ਰਿਤੀ, ਐਕਟੀਵਿਜ਼ਮ ਅਤੇ ਸਿਆਸੀ ਸਾਰਿਆਂ ਖੇਤਰਾਂ ਵਿੱਚ ਕਿੰਨਰਾਂ ਦੀ ਮੈਜੂਦਗੀ ਕਾਇਮ ਹੈ।

ਭਾਰਤ ਵਿੱਚ ਉਹ ਵਿਆਹ ਅਤੇ ਹੋਰ ਸਮਾਗਮਾਂ ਵਿੱਚ ਨੱਚ-ਗਾ ਕੇ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਨੂੰ ਵਿਤਕਰੇ ਦੇ ਸ਼ਿਕਾਰ ਹੋਣਾ ਪੈਂਦਾ ਹੈ। ਫਿਰ ਵੀ ਉਨ੍ਹਾਂ ਦੀ ਕਹਾਣੀ ਆਪਣੀ ਹੋਂਦ ਨੂੰ ਬਚਾਉਣ ਤੇ ਕਾਇਮ ਰੱਖਣ ਦੀ ਦਮਦਾਰ ਕਹਾਣੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)