ਤਸਵੀਰਾਂ: ਜਦੋਂ ਫੈਸ਼ਨ ਮਾਡਲਾਂ ਕੈਦੀਆਂ ਦੇ ਤਿਆਰ ਕੀਤੇ ਕੱਪੜੇ ਪਾ ਜੇਲ੍ਹ ਦੀ ਛੱਤ ’ਤੇ ਤੁਰੀਆਂ

ਆਮ ਕਰਕੇ ਫੈਸ਼ਨ ਮਾਡਲਾਂ ਵੱਡੇ ਫੈਸ਼ਨ ਮੇਲਿਆਂ ਤੇ ਹੀ ਜਾਂਦੀਆਂ ਹਨ ਅਤੇ ਨਾਮੀ ਤੇ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਦੇ ਬਣਾਏ ਕੱਪੜੇ ਪਾ ਕੇ ਰੈਂਪ ਤੇ ਤੁਰਦੀਆਂ ਹਨ।

ਪਰ ਬੀਤੇ ਬੁੱਧਵਾਰ ਕੁਝ ਖ਼ਾਸ ਵਾਪਰਿਆ। ਫੈਸ਼ਨ ਮਾਡਲਾਂ ਨੇ ਕੈਟ ਵਾਕ ਕੀਤੀ, ਡਿਜ਼ਾਈਨਰ ਕੱਪੜੇ ਵੀ ਪਏ ਪਰ ਇਹ ਕੱਪੜੇ ਕਿਸੇ ਵੱਡੇ ਫੈਸ਼ਨ ਡਿਜ਼ਾਈਨਰ ਨੇ ਨਹੀਂ ਸਗੋਂ ਬ੍ਰਾਜ਼ੀਲ ਦੀ ਐਡਰੀਆਨੋ ਮੈਰੀ ਮੈਕਸੀਮਮ ਸਕਿਉਰਿਟੀ ਜੇਲ੍ਹ ਦੇ ਕੈਦੀਆਂ ਨੇ ਤਿਆਰ ਕੀਤੇ ਸਨ।

ਇਨ੍ਹਾਂ ਕੱਪੜਿਆ ਨੂੰ ਪਾਕੇ ਮਾਡਲਾਂ ਨੇ ਜੇਲ੍ਹ ਦੀ ਛੱਤ 'ਤੇ ਕੈਟਵਾਕ ਕੀਤੀ।

ਇਹ ਵੀ ਪੜ੍ਹੋ:

ਇਸ ਫੈਸ਼ਨ ਸ਼ੋਅ ਦੇ ਦਰਸ਼ਕ ਸਨ ਜੇਲ੍ਹ ਦੀ ਖਾਖੀ ਪੈਂਟ ਤੇ ਚਿੱਟੀਆਂ ਟੀ-ਸ਼ਰਟਾਂ ਪਾ ਕੇ ਬੈਠੇ ਜੇਲ੍ਹ ਦੇ ਕੈਦੀ।

ਉਨ੍ਹਾਂ ਲਈ ਇਹ ਮਾਡਲ ਰੰਗਾਂ ਦੀ ਇੱਕ ਛਟਾ ਬਣ ਕੇ ਆਈਆਂ ਸਨ ਜਿਸ ਨੇ ਉਨ੍ਹਾਂ ਦੀ ਰੰਗਹੀਣ ਚਿੱਟੀਆਂ ਕੰਧਾਂ ਵਾਲੀ ਜ਼ਿੰਦਗੀ ਵਿੱਚ ਕੁਝ ਦੇਰ ਰੰਗ ਬਿਖੇਰ ਦਿੱਤੇ ਸਨ।

ਇਹ ਕੈਦੀ ਇੱਕ ਦੂਸਰੇ ਦੇ ਕੰਮ ਦੀ ਸ਼ਲਾਘਾ ਕਰ ਰਹੇ ਸਨ ਤੇ ਆਪਣੇ ਤਿਆਰ ਕੀਤੇ ਕੱਪੜਿਆਂ ਵਿੱਚ ਤੁਰਦੀਆਂ ਮਾਡਲਾਂ ਨੂੰ ਦੇਖ ਰਹੇ ਸਨ।

ਜਦਕਿ ਕੁੱਝ ਕੈਦੀ ਹਾਲੇ ਆਪਣੇ ਡਿਜ਼ਾਈਨਾਂ ਨੂੰ ਤਿਆਰ ਕਰ ਰਹੇ ਸਨ ਤੇ ਅੰਤਿਮ ਰੂਪ ਦੇ ਰਹੇ ਸਨ।

ਇਹ ਫੈਸ਼ਨ ਸ਼ੋਅ ਕੈਦੀਆਂ ਦੇ ਮੁੜ ਵਸੇਬੇ ਲਈ ਚਲਾਏ ਜਾ ਰਹੇ ਪ੍ਰੋਜੈਕਟ ਦਾ ਹਿੱਸਾ ਸੀ। ਇਸ ਪ੍ਰੋਜੈਕਟ ਰਾਹੀਂ ਕੈਦੀਆਂ ਨੂੰ ਕਰੋਸ਼ੀਆ ਬੁਣਨਾ ਸਿਖਾਇਆ ਜਾ ਰਿਹਾ ਹੈ ਤਾਂ ਜੋ ਬਾਹਰ ਜਾ ਕੇ ਉਹ ਆਤਮ ਨਿਰਭਰ ਹੋ ਸਕਣ।

ਇਹ ਪ੍ਰੋਗਰਾਮ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ। ਇਹ ਬ੍ਰਾਜ਼ੀਲੀਅਨ ਫੈਸ਼ਨ ਡਿਜ਼ਾਈਨਰ ਗੁਸਤਾਵ ਸਿਲਸਤਰੇ ਦੇ ਮਨ ਦੀ ਉਪਜ ਹੈ।

ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕੈਦੀਆਂ ਦੀ ਸਜ਼ਾ ਵਿੱਚ ਵੀ ਕਟੌਤੀ ਕੀਤੀ ਜਾਂਦੀ ਹੈ। 12 ਘੰਟਿਆਂ ਦੇ ਹਰੇਕ ਕੋਰਸ ਨੂੰ ਪੂਰਾ ਕਰਨ ਤੇ ਉਨ੍ਹਾਂ ਦੀ 1 ਘੰਟਾ ਸਜ਼ਾ ਘਟਾ ਦਿੱਤੀ ਜਾਂਦੀ ਹੈ।

ਇਸ ਜੇਲ੍ਹ ਦੇ ਬਹੁਤੇ ਕੈਦੀ ਨਸ਼ੇ ਦੀ ਤਸਕਰੀ ਅਤੇ ਠੱਗੀ ਵਰਗੇ ਜੁਰਮਾਂ ਦੀ ਸਜ਼ਾ ਪੂਰੀ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਸ ਕਰੋਸ਼ੀਆ ਪ੍ਰੋਗਰਾਮ ਵਿੱਚ ਫਿਲਿਪ ਸੈਂਟੋਜ਼ ਡਾ ਸਿਲਵੀਆ ਵੀ ਸ਼ਾਮਲ ਹਨ। ਫਿਲਪ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ ਕਿ ਕਰੋਸ਼ੀਏ ਨੇ "ਮੈਨੂੰ ਸ਼ਾਂਤ ਰਹਿਣ ਵਿੱਚ, ਨਸ਼ਾ ਛੱਡਣ ਵਿੱਚ ਮਦਦ ਕੀਤੀ ਹੈ।"

ਇੱਕ ਹੋਰ 41 ਸਾਲਾ ਕੈਦੀ ਫਿਡਿਲਸਨ ਬੋਰਗੇਜ਼ ਨੇ ਦੱਸਿਆ ਕਿ ਇਸ ਫੈਸ਼ਨ ਸ਼ੋਅ ਨਾਲ ਉਨ੍ਹਾਂ ਦੀ ਸੈਲਫ਼ ਇਸਟੀਮ ਵਿੱਚ ਸੁਧਾਰ ਹੋਇਆ ਹੈ।

ਫਿਡਿਲਸਨ ਠੱਗੀ ਦੇ ਜੁਰਮ ਵਿੱਚ ਸਜ਼ਾ ਪੂਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮਾਡਲਾਂ ਨੇ ਉਨ੍ਹਾਂ ਦੇ ਕੱਪੜਿਆਂ ਦੀ ਨੁਮਾਇਸ਼ ਕੀਤੀ ਤਾਂ ਉਨ੍ਹਾਂ ਨੂੰ ਬੜਾ ਮਾਣ ਮਹਿਸੂਸ ਹੋਇਆ ਤੇ ਇਸ ਤੋਂ ਵੀ ਜ਼ਿਆਦਾ ਮਾਣ ਮਹਿਸੂਸ ਉਨ੍ਹਾਂ ਨੂੰ ਇਹ ਜਾਣ ਕੇ ਹੋਇਆ ਕਿ ਲੋਕ ਉਨ੍ਹਾਂ ਦੇ ਤਿਆਰ ਕੀਤੇ ਕੱਪੜਿਆਂ ਨੂੰ ਪਸੰਦ ਕਰ ਰਹੇ ਸਨ।

ਸਾਰੀਆਂ ਤਸਵੀਰਾਂ ਕਾਪੀ ਰਾਈਟ ਹੱਕਾਂ ਦੇ ਅਧੀਨ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)