ਪੰਜਾਬ - ਹਰਿਆਣਾ ’ਚ ਰਿਕਾਰਡ ਤੋੜ ਗਰਮੀ ਕਰਕੇ ਘਰੋਂ ਨਿਕਲਣਾ ਹੋਇਆ ਮੁਸ਼ਕਿਲ, ਕਿਸਾਨਾਂ ਲਈ ਵੀ ਆਫਤ

ਰਾਜਧਾਨੀ ਦਿੱਲੀ ਤੋਂ ਲੈ ਕੇ ਦੇਸ ਭਰ ਦੇ ਕਈ ਸੂਬਿਆਂ ਵਿੱਚ ਹੱਦੋਂ ਵੱਧ ਗਰਮੀ ਪੈ ਰਹੀ ਹੈ। ਇਸ ਤਪਦੀ ਗਰਮੀ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ।

ਦਿੱਲੀ ਵਿੱਚ ਬੀਤੇ ਦਿਨੀਂ 46.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਮੌਸਮ ਵਿਭਾਗ ਵੱਲੋਂ 'ਰੈੱਡ ਕੋਡ' ਚੇਤਾਵਨੀ ਜਾਰੀ ਕੀਤੀ ਗਈ।

ਰਾਜਧਾਨੀ ਦਿੱਲੀ ਤੋਂ ਇਲਾਵਾ ਦੇਸ ਦੇ ਕਈ ਸੂਬਿਆਂ ਵਿੱਚ ਕੁਝ ਅਜਿਹਾ ਹੀ ਹਾਲ ਹੈ।

ਪੰਜਾਬ ਵਿੱਚ ਗਰਮੀ ਦਾ ਹਾਲ

ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਸ਼ਹਿਰ ਅੰਮ੍ਰਿਤਸਰ ਵਿੱਚ ਬੀਤੇ ਦਿਨੀਂ 45 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਅੰਮ੍ਰਿਤਸਰ ਪੰਜਾਬ ਦੇ ਸਭ ਤੋਂ ਵੱਧ ਗਰਮ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ:

ਐਨੀ ਗਰਮੀ ਵਿੱਚ ਲੋਕ ਘਰਾਂ ਵਿੱਚ ਕੈਦ ਰਹਿਣ ਨੂੰ ਮਜਬੂਰ ਹਨ। ਦੁਪਹਿਰ ਵੇਲੇ ਬਾਜ਼ਾਰ ਵੀ ਸੁੰਨਸਾਨ ਹੀ ਨਜ਼ਰ ਆਉਂਦੇ ਹਨ।

ਸ਼ਹਿਰ ਵਿੱਚ ਘੁੰਮਣ-ਫਿਰਨ ਆਏ ਲੋਕ ਵੀ ਹੋਟਲਾਂ ਵਿੱਚ ਰਹਿਣ ਨੂੰ ਹੀ ਤਵੱਜੋ ਦੇ ਰਹੇ ਹਨ।

ਮੋਗਾ ਤੋਂ ਸੁਰਿੰਦਰ ਮਾਨ ਦੀ ਰਿਪੋਰਟ ਮੁਤਾਬਕ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਵਗਣ ਵਾਲੀ ਪਿੰਡਾਂ ਲੂਹੰਦੀ ਗਰਮ ਹਵਾ ਨੇ ਸ਼ਹਿਰੀ ਖੇਤਰਾਂ 'ਚ ਵੀ ਕਾਰੋਬਾਰ ਨੂੰ ਬਰੇਕ ਲਾ ਦਿੱਤੀ ਹੈ।

ਕਿਸਾਨਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ

ਇੱਕ ਨਿੱਜੀ ਕੰਪਨੀ 'ਚ ਬਤੌਰ ਸੇਲਜ਼ਮੈਨ ਕੰਮ ਕਰਨ ਵਾਲੇ ਗਗਨਦੀਪ ਮਿੱਤਲ ਕਹਿੰਦੇ ਹਨ, ''ਗਰਮੀ ਨੇ ਬੁਰਾ ਹਾਲ ਕਰ ਦਿੱਤਾ ਹੈ। ਮੇਰਾ ਕੰਮ ਦਫ਼ਤਰ ਤੋਂ ਬਾਜ਼ਾਰ ਅਤੇ ਬਾਜ਼ਾਰ ਤੋਂ ਦਫ਼ਤਰ ਆਉਣ-ਜਾਣ ਦਾ ਹੈ। ਮੇਰੇ ਦੋ ਬੱਚਿਆਂ ਦੀ ਚਮੜੀ ਗਰਮੀ ਕਾਰਨ ਲੂਹੀ ਗਈ ਹੈ। ਮੇਰਾ ਨਵ-ਜੰਮਿਆ ਬੱਚਾ ਵੀ ਗਰਮੀ ਕਾਰਨ ਬਿਮਾਰ ਹੋ ਗਿਆ ਹੈ। ਮੇਰੀ ਸਮਝ ਤੋਂ ਬਾਹਰ ਹੈ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਦਾ ਕੀ ਬਣੇਗਾ।''

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਰਾਜਸਥਾਨ ਦੇ ਪੰਜਾਬ ਨਾਲ ਲਗਦੇ ਖੇਤਰਾਂ 'ਚੋਂ ਰੇਤ ਭਰਪੂਰ ਹਵਾਵਾਂ ਤੇਜ਼ ਵਗਣ ਕਾਰਨ ਪੰਜਾਬ ਦੇ ਸਮੁੱਚੇ ਹਿੱਸਿਆਂ 'ਚ ਗਰਮੀ ਤੇ ਗਰਮਾਹਟ ਹੋਰ ਵਧੇਗੀ।

ਦੁਕਾਨਦਾਰ ਪ੍ਰਿਤਪਾਲ ਸਿੰਘ ਪੈ ਰਹੀ ਸਖ਼ਤ ਗਰਮੀ ਨਾਲ ਆਪਣੇ ਪ੍ਰਭਾਵਿਤ ਹੁੰਦੇ ਕਾਰੋਬਾਰ ਦਾ ਜ਼ਿਕਰ ਕਰਦੇ ਹਨ।

ਉਹ ਕਹਿੰਦੇ ਹਨ, ''ਬਾਜ਼ਾਰਾਂ ਦੀ ਰੌਣਕ ਗੁੰਮ ਹੋ ਗਈ ਹੈ। ਲੋਕ ਖਰੀਦਦਾਰੀ ਲਈ ਘਰੋਂ ਨਹੀਂ ਨਿਕਲ ਰਹੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਰਮੀ ਨੇ ਹਰ ਬੰਦੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੇ ਵਿੱਚ ਸਮਾਜ ਸੇਵੀ ਸੰਗਠਨ ਅੱਗੇ ਆਉਣ 'ਤੇ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਛਬੀਲਾਂ ਵਗੈਰਾ ਦਾ ਪ੍ਰਬੰਧ ਕਰਨ।''

ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਤੱਤੀ ਲੋਅ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਪਹਿਲਾਂ ਮੌਸਮ ਵਿਭਾਗ ਦੀ ਅਨੁਮਾਨਾਂ ਤੋਂ ਤੁਰੰਤ ਬਾਅਦ ਹੀ ਸ਼ੁਰੂ ਕਰ ਦਿੱਤੀ ਸੀ।

ਮੋਗਾ ਦੇ ਡਾ. ਮਨੀਸ਼ ਅਰੋੜਾ ਕਹਿੰਦੇ ਹਨ, ''ਹੀਟ ਵੇਵ ਆਉਣ ਵਾਲੇ ਦਿਨਾਂ 'ਚ ਵਧਣੀ ਹੀ ਹੈ। ਇਸ ਦਾ ਮਨੁੱਖੀ ਸਰੀਰ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਇਸ ਨਾਲ ਆਦਮੀ ਬੇਹੋਸ਼ ਹੋ ਸਕਦਾ ਹੈ। ਘਬਰਾਹਟ ਹੋ ਸਕਦੀ ਹੈ। ਸਿਹਤ ਵਿਭਾਗ ਦਾ ਸੁਝਾਅ ਹੈ ਕਿ ਬਗੈਰ ਕਿਸੇ ਲੋੜ ਦੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਵਧੇਰੇ ਸਥਿਤੀ ਵਿਗੜਦੀ ਹੈ ਤਾਂ ਤੁਰੰਤ ਹਸਪਤਾਲ ਜਾਣਾ ਜ਼ਰੂਰੀ ਹੈ।''

ਗਰਮ ਹਵਾ ਵਗਣ ਕਾਰਨ ਕਿਸਾਨਾਂ ਦੀ ਝੋਨੇ ਦੀ ਪਨੀਰੀ ਤੇ ਮੂੰਗੀ ਦੀ ਫ਼ਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗੀ ਹੈ।

ਪਿੰਡ ਕੋਟਲਾ ਰਾਏਕਾ ਦੇ ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੀ ਮੂੰਗ ਦੀ ਫ਼ਸਲ ਪਿਛਲੇ ਤਿੰਨ ਦਿਨਾਂ ਤੋਂ ਵਗ ਰਹੀ ਗਰਮ ਹਵਾ ਕਾਰਨ ਮੁਰਝਾਉਣ ਲੱਗੀ ਹੈ।

''ਮੈਂ ਤਿੰਨ ਏਕੜ ਰਕਬੇ 'ਚ ਮੂੰਗੀ ਦੀ ਬਿਜਾਈ ਕੀਤੀ ਹੈ। ਵਗ ਰਹੀ ਲੋਅ ਕਾਰਨ ਪਾਣੀ ਲਾਉਣ ਦਾ ਵੀ ਫ਼ਸਲ 'ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਇਸੇ ਤਰ੍ਹਾਂ ਝੋਨੇ ਦੀ ਪਨੀਰੀ ਵੀ ਸੁੱਕਣ ਲੱਗੀ ਹੈ। ਜੇਕਰ ਮੈਂ ਮੂੰਗੀ ਤੇ ਪਨੀਰੀ ਨੂੰ ਲੋੜ ਤੋਂ ਵੱਧ ਪਾਣੀ ਲਾਉਂਦਾ ਤਾਂ ਫ਼ਸਲ ਦੀਆਂ ਜੜ੍ਹਾਂ ਗਲ ਜਾਣਗੀਆਂ।''

ਪੰਜਾਬ ਦੇ ਹੋਰ ਸ਼ਹਿਰਾਂ ਦਾ ਤਾਪਮਾਨ

ਪੰਜਾਬ ਦੇ ਬਠਿੰਡਾ 'ਚ ਤਾਪਮਾਨ 44.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਫਿਰੋਜਪੁਰ 'ਚ 44 ਡਿਗਰੀ, ਪਠਾਨਕੋਟ 'ਚ 43.1 ਡਿਗਰੀ, ਮੋਗਾ 'ਚ 44 ਡਿਗਰੀ, ਲੁਧਿਆਣਾ 'ਚ 43.2 ਡਿਗਰੀ, ਮਾਨਸਾ 'ਚ 43.8 ਡਿਗਰੀ, ਫਰੀਦਕੋਟ 'ਚ 42 ਡਿਗਰੀ ਅਤੇ ਪਟਿਆਲਾ 'ਚ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਰਿਆਣਾ ਦੇ ਲੋਕ ਵੀ ਹੋਏ ਬੇਹਾਲ

ਰੋਹਤਕ ਤੋਂ ਸਤ ਸਿੰਘ ਦੀ ਰਿਪੋਰਟ ਮੁਤਾਬਕ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੀਤੇ ਦਿਨੀਂ 44.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਸੂਬੇ ਦੇ ਸਭ ਤੋਂ ਵੱਡੇ ਸਿਹਤ ਕੇਂਦਰ PGIMS ਵਿੱਚ ਗਰਮੀ ਕਾਰਨ ਬਿਮਾਰ ਪਏ ਲੋਕਾਂ ਦੀ ਖਾਸੀ ਭੀੜ ਇਕੱਠੀ ਹੋ ਰਹੀ ਹੈ ਜਿਸ ਕਾਰਨ ਅਥਾਰਿਟੀ ਨੇ ਇਸਦੇ ਲਈ ਵੱਖਰਾ ਸਪੈਸ਼ਲ ਐਮਰਜੈਂਸੀ ਕਮਰਾ ਤਿਆਰ ਕੀਤਾ ਹੈ।

ਇਹ ਵੀ ਪੜ੍ਹੋ:

PGIMS ਰੋਹਤਕ ਵਿੱਚ ਮੈਡੀਸੀਨ ਵਿਭਾਗ ਦੇ ਮੁਖੀ ਡਾ. ਵੀਕੇ ਕਟਿਆਲ ਨੇ ਬੀਬੀਸੀ ਨੂੰ ਦੱਸਿਆ, “ਤੇਜ਼ ਬੁਖ਼ਾਰ, ਸਰੀਰ ਵਿੱਚ ਦਰਦ, ਕਮਜ਼ੋਰੀ ਅਤੇ ਚੱਕਰ ਆਉਣ ਵਾਲੇ ਮਰੀਜ਼ ਓਪੀਡੀ ਵਿੱਚ ਜ਼ਿਆਦਾ ਆ ਰਹੇ ਹਨ। ਬਜ਼ੁਰਗ ਅਤੇ ਨਵੇਂ ਜੰਮੇ ਬੱਚੇ ਨੌਜਵਾਨਾਂ ਦੇ ਮੁਕਾਬਲੇ ਵਧੇਰੇ ਗਰਮੀ ਕਾਰਨ ਬਿਮਾਰ ਹੁੰਦੇ ਹਨ। ਅਜਿਹੇ ਕੇਸਾਂ ਨਾਲ ਨਿਪਟਣ ਲਈ ਅਸੀਂ ਵੱਖਰਾ ਸੈੱਟਅਪ ਲਗਾਇਆ ਹੈ ਜਿੱਥੇ ਏਸੀ ਦੀ ਸਹੂਲਤ ਵੀ ਹੈ।''

62 ਸਾਲਾ ਰਾਮ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ ਖੇਤਾਂ ਵਿੱਚ ਕੰਮ ਕਰ ਰਹੇ ਸਨ ਅਤੇ ਗਰਮੀ ਕਾਰਨ ਉਨ੍ਹਾਂ ਨੂੰ ਦਿਮਾਗੀ ਅਤੇ ਸਰੀਰਕ ਪ੍ਰੇਸ਼ਾਨੀ ਹੋ ਰਹੀ ਸੀ ਅਤੇ ਦੂਜੇ ਕਿਸਾਨ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਆਏ।

ਰੋਹਤਕ ਅਤੇ ਸੋਨੀਪਤ ਰੋਡ 'ਤੇ ਫਲ ਵੇਚਣ ਵਾਲੇ ਓਮ ਪ੍ਰਕਾਸ਼ ਇਸ ਵਧਦੀ ਗਰਮੀ ਵਿੱਚ ਖੁਸ਼ ਨਜ਼ਰ ਆਏ। ਉਨ੍ਹਾਂ ਮੁਤਾਬਕ ਇਸ ਗਰਮੀ ਵਿੱਚ ਤਰਬੂਜਾਂ ਦੀ ਵਿਕਰੀ 100 ਫ਼ੀਸਦ ਹੋ ਗਈ ਹੈ। ਉਹ ਕਹਿੰਦੇ ਹਨ ਪਿਛਲੇ ਦੋ ਦਿਨਾਂ ਵਿੱਚ ਤਰਬੂਜਾਂ ਦੀ ਵਿਕਰੀ ਦੁੱਗਣੀ ਹੋ ਗਈ ਹੈ।

''ਜਿੱਥੇ ਮੈਂ ਇੱਕ ਦਿਨ ਦੇ 2500 ਰੁਪਏ ਕਮਾਉਂਦੇ ਸੀ, ਹੁਣ 5000 ਕਮਾਉਣ ਲੱਗਾ ਹਾਂ।''

ਸਿਰਸਾ ਤੋਂ ਪ੍ਰਭੂ ਦਿਆਲ ਦੀ ਰਿਪੋਰਟ ਮੁਤਾਬਕ ਦਿਨ ਚੜ੍ਹਦੇ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਜਾਂਦਾ ਹੈ ਜਿਸਦੇ ਨਾਲ ਦੁਪਹਿਰ ਹੁੰਦੇ ਹੁੰਦੇ ਇਲਾਕਾ ਤੰਦੂਰ ਵਾਂਗ ਤਪਣ ਲੱਗ ਜਾਂਦਾ ਹੈ।

ਇਲਾਕੇ ਵਿੱਚ ਪੈ ਰਹੀ ਗਰਮੀ ਦਾ ਕਹਿਰ ਸਭ ਤੋਂ ਜਿਆਦਾ ਬੱਚਿਆਂ ਉੱਤੇ ਪੈ ਰਿਹਾ ਹੈ। ਬੱਚਿਆਂ ਵਿੱਚ ਦਸਤ, ਉਲਟੀਆਂ ਤੇ ਪਾਣੀ ਦੀ ਕਮੀ ਦੇ ਮਰੀਜ਼ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਆ ਰਹੇ ਹਨ।

ਗਰਮੀ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰ ਰਹੇ ਹਨ। ਤਰਲ ਪਦਾਰਥਾਂ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ।

ਗਰਮੀ ਕਾਰਨ ਮਰੀਜ਼ਾਂ ਦੀ ਵਧੀ ਗਿਣਤੀ

ਸਿਵਲ ਸਜਰਨ ਡਾ. ਗੋਬਿੰਦ ਗੁਪਤਾ ਨੇ ਦੱਸਿਆ ਹੈ ਕਿ ਹਸਪਤਾਲ ਵਿੱਚ ਪਹਿਲਾਂ ਨਾਲੋਂ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕ ਗਰਮੀ ਵਿੱਚ ਘਰੋਂ ਬਾਹਰ ਨਾ ਨਿਕਲਣ। ਜੇ ਕੋਈ ਜ਼ਰੂਰੀ ਕੰਮ ਹੈ ਤਾਂ ਉਹ ਆਪਣੇ ਪੂਰੇ ਸਰੀਰ ਨੂੰ ਹੀ ਢੱਕ ਕੇ ਬਾਹਰ ਜਾਣ।

ਬੱਚਿਆਂ ਦੇ ਮਾਹਿਰ ਡਾ. ਅਸ਼ੀਸ਼ ਖੁਰਾਣਾ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਹਸਪਤਾਲ ਵਿੱਚ ਦਸਤ, ਉਲਟੀਆਂ ਤੇ ਪਾਣੀ ਦੀ ਕਮੀ ਨਾਲ ਜੂਝ ਰਹੇ ਬੱਚੇ ਆ ਰਹੇ ਹਨ।

ਅਸ਼ੀਸ਼ ਖੁਰਾਣਾ ਅਨੁਸਾਰ ਗਰਮੀ ਕਾਰਨ ਕਈ ਤਰ੍ਹਾਂ ਦੀ ਇਨਫੈਕਸ਼ਨ ਨਾਲ ਪੀੜਤ ਬੱਚੇ ਵੀ ਹਸਪਤਾਲ ਆ ਰਹੇ ਹਨ।

ਰਾਜਸਥਾਨ ਦੀ ਹੱਦ ਨਾਲ ਲਗਦੇ ਇਲਾਕੇ ਵਿੱਚ ਦੁਪਹਿਰ ਵੇਲੇ ਸੜਕਾਂ 'ਤੇ ਸੁੰਨਸਾਨ ਪੈ ਜਾਂਦੀ ਹੈ।

ਸ਼ਹਿਰ ਸਿਰਸਾ ਵਿੱਚ ਔਰਤਾਂ ਆਪਣੇ ਬੱਚਿਆਂ ਨੂੰ ਆਪਣੀਆਂ ਚੂੰਨੀਆਂ ਨਾਲ ਢੱਕ ਕੇ ਚਲਦੀਆਂ ਨਜ਼ਰ ਆਈਆਂ।

ਲੂ ਤੇ ਗਰਮੀ ਤੋਂ ਬਚਣ ਲਈ ਬਾਜ਼ਾਰ ਵਿੱਚ ਮੁਟਿਆਰਾਂ ਨੇ ਜਿੱਥੇ ਸਿਰ ਨੂੰ ਦੁਪੱਟੇ ਨਾਲ ਢੱਕਿਆ ਹੋਇਆ ਸੀ ਉਥੇ ਹੀ ਆਪਣੇ ਹੱਥਾਂ 'ਤੇ ਵੀ ਪੂਰੇ ਕੱਪੜੇ ਦੇ ਦਸਤਾਨੇ ਪਾਏ ਹੋਏ ਸਨ।

ਇਹ ਵੀ ਪੜ੍ਹੋ:

ਨਰਮ ਦੀ ਫਸਲ ਅਸਰ ਹੇਠ

ਕਿਸਾਨ ਸਭਾ ਦੇ ਆਗੂ ਰਾਜਕੁਮਾਰ ਸ਼ੇਖੁਪੁਰੀਆ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਗਰਮੀ ਨਾਲ ਝੁਲਸ ਰਹੀ ਹੈ। ਕਿਸਾਨ ਆਪਣੇ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਬੂਟਿਆਂ ਨੂੰ ਗਿਲਾਸਾਂ ਨਾਲ ਪਾਣੀ ਪਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਦੱਸਿਆ ਹੈ ਕਿ ਗਰਮੀ ਤੇ ਲੂ ਦੇ ਕਹਿਰ ਨਾਲ ਕਈ ਥਾਵਾਂ 'ਤੇ ਪੁੰਗਰਦੇ ਨਰਮੇ ਦੀ ਫ਼ਸਲ 'ਤੇ ਅਸਰ ਪੈ ਰਿਹਾ ਹੈ।

ਅਮਰੂਦ ਦੇ ਬਾਗ ਦੇ ਮਾਲਕ ਭੁਪਿੰਦਰ ਪੰਨੀਵਾਲੀਆ ਨੇ ਦੱਸਿਆ ਹੈ ਕਿ ਬਾਗ ਨੂੰ ਗਰਮੀ ਤੋਂ ਬਚਾਉਣ ਲਈ ਜਿੱਥੇ ਇਸ ਦੇ ਚੁਫੇਰੇ ਦੂਜੇ ਰੁੱਖ ਲਾਏ ਹੋਏ ਹਨ ਉੱਥੇ ਹੀ ਲਗਾਤਾਰ ਪਾਣੀ ਨਾਲ ਇਸ ਨੂੰ ਬਚਾਇਆ ਜਾ ਰਿਹਾ ਹੈ।

ਗਰਮੀ ਦੇ ਕਹਿਰ ਤੇ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਹਦਾਇਤ ਕੀਤੀ ਹੈ ਕਿ 15 ਜੂਨ ਤੋਂ ਪਹਿਲਾਂ ਕੋਈ ਕਿਸਾਨ ਆਪਣੇ ਖੇਤ ਵਿੱਚ ਝੋਨਾ ਨਾ ਲਾਵੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)