ਫਰੀਦਕੋਟ - 'ਮੇਰਾ ਪੁੱਤ ਜ਼ਿੰਦਾ ਨਹੀਂ ਦੇ ਸਕਦੇ ਤਾਂ ਲਾਸ਼ ਹੀ ਦੇ ਦਿਓ'

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

''ਮੇਰੇ ਜਸਪਾਲ ਨੂੰ ਜੇ ਜਿਉਂਦਾ ਨਹੀਂ ਦੇ ਸਕਦੇ ਤਾਂ ਲਾਸ਼ ਹੀ ਦੇ ਦੇਣ। ਮਰੇ ਪੁੱਤ ਦਾ ਮੂੰਹ ਦੇਖ ਕੇ ਮੇਰੇ ਕਾਲਜੇ ਨੂੰ ਇਹ ਧਰਵਾਸ ਤਾਂ ਮਿਲ ਜਾਵੇਗਾ ਕਿ ਮੇਰੇ ਜਿਗਰ ਦਾ ਟੁਕੜਾ ਹੁਣ ਇਸ ਜਹਾਨ 'ਚ ਨਹੀਂ ਰਿਹਾ।''

ਇਹ ਸ਼ਬਦ ਉਸ ਮਾਂ ਦੇ ਹਨ ਜਿਹੜੀ ਪੁਲਿਸ ਹਿਰਾਸਤ 'ਚ ਮਰੇ ਆਪਣੇ ਪੁੱਤ ਦੀ ਲਾਸ਼ ਲੈਣ ਲਈ ਪਿਛਲੇ 10 ਦਿਨਾਂ ਤੋਂ ਪਰਿਵਾਰ ਸਮੇਤ ਫਰੀਦਕੋਟ ਦੇ ਐਸਐਸਪੀ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਹੈ।

ਜਸਪਾਲ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਜਾਵਾ ਦਾ ਰਹਿਣ ਵਾਲਾ ਸੀ। ਘਟਨਾ ਵਾਲੇ ਦਿਨ ਉਹ ਪਿੰਡ ਰੱਤੀਰੋੜੀ ਆਪਣੇ ਦੋਸਤ ਨੂੰ ਮਿਲਣ ਲਈ ਆਇਆ ਹੋਇਆ ਸੀ।

ਚਰਨਜੀਤ ਕੌਰ ਦੇ ਨੌਜਵਾਨ ਪੁੱਤਰ ਜਸਪਾਲ ਸਿੰਘ ਦੀ 18 ਮਈ ਨੂੰ ਫਰੀਦਕੋਟ ਦੇ ਸੀਆਈਏ ਸਟਾਫ਼ ਵਿੱਚ ਕਥਿਤ ਤੌਰ 'ਤੇ ਫਾਹਾ ਲੈਣ ਨਾਲ ਮੌਤ ਹੋ ਗਈ ਸੀ। ਪਰ ਉਸ ਦੀ ਲਾਸ਼ ਅੱਜ ਤੱਕ ਬਰਾਮਦ ਨਹੀਂ ਹੋ ਸਕੀ ਹੈ।

ਜਸਪਾਲ ਸਿੰਘ ਨੂੰ ਪੁਲਿਸ ਨੇ ਇੱਕ ਜਾਣਕਾਰੀ ਮਿਲਣ 'ਤੇ ਪਿੰਡ ਰੱਤੀ ਰੋੜੀ ਦੇ ਇੱਕ ਗੁਰਦੁਆਰੇ ਤੋਂ ਦੋ ਹੋਰ ਨੌਜਵਾਨਾਂ ਦੇ ਸਣੇ ਹਿਰਾਸਤ 'ਚ ਲਿਆ ਸੀ।

ਜਸਪਾਲ ਸਿੰਘ ਦੀ ਮੌਤ ਤੋਂ ਬਾਅਦ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਨੇ ਵੀ ਕਥਿਤ ਤੌਰ 'ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

ਆਈਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ੱਕ ਸੀ ਕਿ ਇਨ੍ਹਾਂ ਨੌਜਵਾਨਾਂ ਕੋਲ ਹਥਿਆਰ ਸਨ ਪਰ ਬਾਅਦ ਵਿੱਚ ਇਨ੍ਹਾਂ ਕੋਲੋ ਕੁਝ ਵੀ ਬਰਾਮਦ ਨਹੀਂ ਹੋਇਆ ਸੀ।

ਇਹ ਵੀ ਪੜ੍ਹੋ:

ਜਸਪਾਲ ਸਿੰਘ ਦੀ ਮਾਂ ਚਰਨਜੀਤ ਕੌਰ ਦਾ ਕਹਿਣਾ ਹੈ, ''ਮੇਰੇ ਪੁੱਤ ਦਾ ਹਥਿਆਰਾਂ ਨਾਲ ਕੋਈ ਵਾਸਤਾ ਨਹੀਂ ਸੀ। ਪਹਿਲਾਂ ਉਹ ਟੋਲ ਪਲਾਜ਼ੇ 'ਤੇ ਕੰਮ ਕਰਦਾ ਸੀ ਪਰ ਹੁਣ ਬੇਰੁਜ਼ਗਾਰ ਸੀ। ਇਸ ਲਈ ਉਹ ਵਿਦੇਸ਼ ਜਾ ਕੇ ਕਮਾਈ ਕਰਨਾ ਚਾਹੁੰਦਾ ਸੀ ਪਰ ਹੋਰ ਹੀ ਭਾਣਾ ਵਰਤ ਗਿਆ।"

"ਜਿਨ੍ਹਾਂ ਨੇ ਮੇਰੇ ਜਸਪਾਲ ਨੂੰ ਪੁਲਿਸ ਕੋਲ ਫੜਵਾਇਆ ਸੀ, ਉਹ ਮੇਰੇ ਪੁੱਤ ਦੇ ਦੋਸਤ ਹੀ ਸਨ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ, ਫਿਰ ਮੇਰਾ ਪੁੱਤ ਨੂੰ ਕਿਉਂ ਮਾਰਿਆ, ਇਸ ਦਾ ਮੈਨੂੰ ਪਤਾ ਨਹੀਂ ਹੈ।''

ਐਸਆਈਟੀ ਦਾ ਗਠਨ

ਘਟਨਾ ਤੋਂ ਦਸ ਦਿਨ ਬਾਅਦ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਹੁਕਮ 'ਤੇ ਇਸ ਮਾਮਲੇ ਦੀ ਜਾਂਚ ਲਈ ਆਈਜੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ 'ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦਾ ਗਠਨ ਕੀਤਾ ਗਿਆ ਹੈ।

ਇਸ ਸਿਟ ਵਿੱਚ ਫਰੀਦਕੋਟ ਤੇ ਮੁਕਤਸਰ ਦੇ ਐਸਐਸਪੀਜ਼ ਤੋਂ ਇਲਾਵਾ ਫਰੀਦਕੋਟ ਦੇ ਐਸਪੀ (ਸਥਾਨਕ) ਨੂੰ ਸ਼ਾਮਲ ਕੀਤਾ ਗਿਆ ਹੈ।

ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਤੋਂ ਬਾਅਦ ਸੀਆਈਏ ਸਟਾਫ਼ ਦੇ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਵੀ ਦਿੱਤੇ ਹਨ।

'ਪੁੱਤ ਦੀ ਲਾਸ਼ ਮਿਲ ਜਾਏ ਤਾਂ ਧਾਰਮਿਕ ਰਸਮਾਂ ਨਿਭਾ ਸਕਾਂ'

ਜਸਪਾਲ ਦੇ ਪਿਤਾ ਹਰਬੰਸ ਸਿੰਘ ਆਪਣੇ ਛੋਟੇ ਪੁੱਤ (15 ਸਾਲਾ) ਅਤੇ ਧੀ ਨਾਲ ਧਰਨੇ 'ਤੇ ਬੈਠੇ ਹਨ।

ਹਰਬੰਸ ਸਿੰਘ ਦਾ ਕਹਿਣਾ ਹੈ, "ਮੇਰਾ ਮੁੰਡਾ ਇੱਕ ਸਾਜ਼ਸ ਤਹਿਤ ਮਾਰ ਦਿੱਤਾ ਗਿਆ ਹੈ। ਲਾਸ਼ ਖੁਰਦ-ਬੁਰਦ ਹੈ। ਮੈਂ ਨਿਆਂ ਦੀ ਮੰਗ ਨੂੰ ਲੈ ਕੇ ਬੈਠਾ ਹਾਂ।"

"ਮੇਰੇ ਲਾਡਲੇ ਦੀ ਲਾਸ਼ ਹੀ ਮਿਲ ਜਾਵੇ ਤਾਂ ਜੋ ਘਰ ਜਾ ਕੇ ਉਸ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਰਸਮਾਂ ਨਿਭਾ ਸਕਾਂ। ਜੇ ਪੁਲਿਸ ਮੇਰੇ ਪੁੱਤ ਦਾ ਖੁਰਾ-ਖੋਜ ਨਹੀਂ ਲੱਭ ਸਕਦੀ ਤਾਂ ਜਾਂਚ ਦਾ ਕੰਮ ਸੀਬੀਆਈ ਨੂੰ ਹੀ ਦੇ ਦਿੱਤਾ ਜਾਵੇ।''

ਆਈਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਹੈ, ''ਜਸਪਾਲ ਸਿੰਘ ਦੇ ਪੁਲਿਸ ਹਿਰਾਸਤ 'ਚ ਫਾਹਾ ਲੈਣ ਤੋਂ ਬਾਅਦ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕਵਾਇਦ ਚੱਲੀ।"

"ਅਸੀਂ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਥਾਂ ਦੀ ਨਿਸ਼ਾਨਦੇਹੀ ਕਰ ਲਈ ਹੈ ਜਿੱਥੇ ਜਸਪਾਲ ਸਿੰਘ ਦੀ ਲਾਸ਼ ਨਹਿਰ ਵਿੱਚ ਸੁੱਟੀ ਗਈ ਸੀ।"

"ਗੋਤਾਖੋਰਾਂ ਦੀ ਮਦਦ ਨਾਲ ਪੰਜਾਬ ਪੁਲਿਸ ਦੀਆਂ 12 ਟੀਮਾਂ ਲਾਸ਼ ਦੀ ਭਾਲ ਵਿੱਚ ਹਨ ਤੇ ਰਾਜਸਥਾਨ ਪੁਲਿਸ ਨਾਲ ਵੀ ਅਸੀਂ ਸੰਪਰਕ ਵਿੱਚ ਹਾਂ।''

ਆਈਜੀ ਨੇ ਦੱਸਿਆ ਕਿ ਜਸਪਾਲ ਸਿੰਘ ਕੋਲ ਹਥਿਆਰ ਹੋਣ ਬਾਰੇ ਸੂਚਨਾ ਕਿਸੇ ਵਿਅਕਤੀ ਨੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਟੈਲੀਫ਼ੋਨ ਰਾਹੀਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਸੀ।

''ਚੋਣਾਂ ਦਾ ਸਮਾਂ ਹੋਣ ਕਾਰਨ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਤਾਂ ਜੋ ਕਿਸੇ ਵੀ ਸੰਭਾਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।"

"ਬਦਕਿਸਮਤੀ ਨਾਲ ਜਸਪਾਲ ਨੇ ਖੁਦਕੁਸ਼ੀ ਕਰ ਲਈ ਤੇ ਲਾਸ਼ ਖੁਰਦ-ਬੁਰਦ ਕਰਨ ਬਾਰੇ ਖੁਲਾਸਾ ਹੋਣ ਡਰੋਂ ਇੰਸਪੈਕਟਰ ਨਰਿੰਦਰ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਹਾਰਾਸ਼ਟਰ ਤੋਂ ਸੂਚਨਾ ਦੇਣ ਵਾਲੇ ਵਿਅਕਤੀ ਦੀ ਸ਼ਨਾਖ਼ਤ ਕਰ ਲਈ ਹੈ।''

ਇਹ ਵੀ ਪੜ੍ਹੋ:

ਉੱਧਰ ਜਸਪਾਲ ਸਿੰਘ ਦੀ ਲਾਸ਼ ਨਾ ਮਿਲਣ ਤੋਂ ਭੜਕੇ ਕਈ ਜਮਹੂਰੀ ਸੰਗਠਨਾਂ ਨੇ ਫਰੀਦਕੋਟ 'ਚ ਰੋਸ ਮੁਜ਼ਾਹਰਾ ਕੀਤਾ ਤੇ ਐਸਐਸਪੀ ਦਫ਼ਤਰ ਸਾਹਮਣੇ ਧਰਨਾ ਲਾਇਆ।

ਪੀੜਤ ਪਰਿਵਾਰ ਦੇ ਨਾਲ ਧਰਨੇ 'ਤੇ ਬੈਠੀ ਪੀਡੀਏ ਦੀ ਆਗੂ ਨਵਜੋਤ ਕੌਰ ਲੰਬੀ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ, ''ਜਸਪਾਲ ਸਿੰਘ ਤੇ ਇੰਸਪੈਕਟਰ ਨਰਿੰਦਰ ਸਿੰਘ ਦੀ ਮੌਤ ਕੋਈ ਸਧਾਰਨ ਮਾਮਲਾ ਨਹੀਂ ਹੈ। ਜਾਂਚ ਨਿਰਪੱਖ ਹੋਵੇ ਤਾਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ। ਇਸ ਲਈ ਸੀਬੀਆਈ ਜਾਂਚ ਕਰਵਾਉਣੀ ਚਾਹੀਦੀ ਹੈ।''

ਇਹ ਵੀ ਪੜ੍ਹੋ:

ਸਮਾਜਿਕ ਕਾਰਕੁਨ ਸੁਮੇਲ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਫਰੀਦਕੋਟ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।

ਉਨ੍ਹਾਂ ਕਿਹਾ, ''ਬੜੀ ਨਮੋਸ਼ੀ ਦੀ ਗੱਲ ਹੈ ਕਿ ਜਸਪਾਲ ਸਿੰਘ ਦੀ ਲਾਸ਼ ਲੈਣ ਲਈ ਪਰਿਵਾਰ 10 ਦਿਨਾਂ ਤੋਂ ਧਰਨੇ 'ਤੇ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਫਰੀਦਕੋਟ ਵਿੱਚ ਸ਼ਰੁਤੀ ਕਾਂਡ ਹੋਇਆ ਸੀ ਜਿਸ ਕਰਕੇ ਧਰਨੇ ਲੱਗੇ।''

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)