ਰੂਸੀ ਕੁੜੀ ਨਾਲ ਆਗੂ ਦੀ ਵੀਡੀਓ ਵਾਇਰਲ, ਡਿੱਗੀ ਆਸਟਰੀਆ ਦੀ ਸਰਕਾਰ

ਰੂਸੀ ਕੁੜੀ ਦੇ ਨਾਲ ਆਸਟਰੀਆ ਦੀ ਫਰੀਡਮ ਪਾਰਟੀ ਦੇ ਆਗੂ ਦੇ ਲੀਕ ਹੋਈ ਵੀਡੀਓ ਤੋਂ ਬਾਅਦ ਸ਼ੁਰੂ ਹੋਇਆ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਇਸ ਸਕੈਂਡਲ ਕਾਰਨ ਆਸਟਰੀਆ ਦੀ ਮੌਜੂਦਾ ਸਰਕਾਰ ਡਿੱਗ ਗਈ ਹੈ। ਆਸਟਰੀਆ ਦੇ ਚਾਂਸਲਰ ਸੈਬੇਸਟੀਅਨ ਕੁਰਜ਼ ਦੀ ਅਹੁਦੇ ਤੋਂ ਛੁੱਟੀ ਹੋ ਗਈ।

ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ, ਜਿਸ ਵਿਚ ਬੇ-ਭਰੋਗਸੀ ਮਤੇ ਉੱਤੇ ਕੁਰਜ਼ ਬਹੁਮਤ ਹਾਸਿਲ ਨਹੀਂ ਕਰ ਸਕੇ।

ਉਨ੍ਹਾਂ ਦੇ ਸਾਬਕਾ ਸਹਿਯੋਗੀ ਫਰੀਡਮ ਪਾਰਟੀ ਅਤੇ ਵਿਰੋਧੀ ਦਲ ਸੋਸ਼ਲ ਡੈਮੋਕ੍ਰੇਟਸ ਨੇ ਬੇਭਰੋਸਗੀ ਮਤੇ ਦਾ ਸਮਰਥਨ ਕੀਤਾ ਸੀ।

ਆਸਟਰੀਆ ਦੇ ਰਾਸ਼ਟਰਪਤੀ ਅਲੈਗਜ਼ੇਂਡਰ ਵੈਨ ਡੇਰ ਬੇਲਨ ਨੇ ਮੌਜੂਦਾ ਵਾਈਸ ਚਾਂਸਲਰ ਹਰਟਵਿਗ ਲੌਗਰ ਨੂੰ ਅੰਤਰਿਮ ਨੇਤਾ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ-

ਵੀਡੀਓ ਤੋਂ ਸ਼ੁਰੂ ਹੋਇਆ ਵਿਵਾਦ

ਦਰਅਸਲ ਇਹ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਜਰਮਨ ਮੀਡੀਆ 'ਚ ਇੱਕ ਵੀਡੀਓ ਜਾਰੀ ਹੋਇਆ ਸੀ।

ਇਹ ਵੀਡੀਓ ਚੁੱਪ-ਚਪੀਤੇ ਢੰਗ ਨਾਲ 2017 'ਚ ਸਪੇਨ ਦੇ ਦੀਪ ਇਬੀਸਾ 'ਚ ਰਿਕਾਰਡ ਕੀਤਾ ਗਿਆ ਸੀ। ਇਹ 2017 'ਚ ਦੇਸ ਵਿੱਚ ਹੋਈਆਂ ਚੋਣਾਂ ਤੋਂ ਪਹਿਲਾਂ ਦਾ ਵੀਡੀਓ ਹੈ।

ਜਰਮਨ ਮੀਡੀਆ 'ਚ ਜਾਰੀ ਇਸ ਵੀਡੀਓ ਦੀ ਫੁਟੇਜ 'ਚ ਇਹ ਨਜ਼ਰ ਆ ਰਿਹਾ ਹੈ ਕਿ ਫਰੀਡਮ ਪਾਰਟੀ ਦੇ ਨੇਤਾ ਅਤੇ ਜਰਮਨੀ ਦੇ ਮੌਜੂਦਾ ਸਰਕਾਰ 'ਚ ਚਾਂਸਲਰ ਰਹੇ ਹੈਨਿਜ਼ ਕ੍ਰਿਸ਼ਚੀਅਨ ਸਟਾਰਕ ਆਪਣੀ ਹੀ ਪਾਰਟੀ ਦੇ ਅਹਿਮ ਨੇਤਾ ਜੋਹੰਨਾ ਗੁ਼ਡੈਨਸ ਦੇ ਨਾਲ ਗੱਲ ਕਰ ਰਹੇ ਹਨ।

ਇਸ ਵੀਡੀਓ 'ਚ ਦੋਵੇਂ ਨੇਤਾ ਇੱਕ ਰੂਸੀ ਔਰਤ ਦੇ ਨਾਲ ਬੈਠੇ ਸਨ ਅਤੇ ਦਾਰੂ ਪੀਂਦੇ ਹੋਏ ਵੀ ਦੇਖੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਕਿਸੇ ਰੂਸੀ ਕਾਰੋਬਾਰੀ ਦੀ ਭਤੀਜੀ ਹੈ।

ਇਸ ਵੀਡੀਓ 'ਚ ਸਟਾਰਕੇ ਉਸ ਔਰਤ ਨਾਲ ਆਸਟਰੀਆਈ ਸਮਾਚਾਰ ਪੱਤਰ ਕੋਰੇਨੈਨ ਜਿਟੁੰਗ 'ਚ ਵੱਡੀ ਹਿੱਸੇਦਾਰੀ ਖਰੀਦ ਕੇ ਫ਼ਰੀਡਮ ਪਾਰਟੀ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਹਨ ਅਤੇ ਇਸ ਦੇ ਬਦਲੇ ਮਦਦ ਦੇਣ ਦੀ ਗੱਲ ਕਰ ਰਹੇ ਹਨ।

ਇਸ ਵੀਡੀਓ ਨੂੰ ਕਿਸ ਨੇ ਸ਼ੂਟ ਕੀਤਾ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਦੇ ਸਾਹਮਣੇ ਆਉਣ ਤੋਂ ਕੁਝ ਘੰਟਿਆਂ ਬਾਅਦ ਕੁਰਜ਼ ਨੇ ਸਟਾਰਕੇ ਨੂੰ ਹਟਾਉਣ ਦਾ ਫ਼ੈਸਲਾ ਲਿਆ। ਜਿਸ ਤੋਂ ਬਾਅਦ ਸਟਾਰਕੇ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।

ਇਸ ਦੇ ਨਾਲ ਹੀ ਫਰੀਡਮ ਪਾਰਟੀ ਦੇ ਦੂਜੇ ਮੰਤਰੀਆਂ ਨੇ ਵੀ ਅਸਤੀਫ਼ਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਤੋਂ ਹੀ ਸਰਕਾਰ ਨੇ ਆਪਣਾ ਬਹੁਮਤ ਗੁਆ ਲਿਆ।

ਕੀ ਹੋਇਆ ਸੰਸਦ 'ਚ

ਆਸਟਰੀਆ ਦੀ ਪੀਪਲਜ਼ ਪਾਰਟੀ ਦੇ ਮੁਖੀ ਸੈਲੇਸਟੀਅਨ ਕੁਰਜ਼, ਆਸਟਰੀਆ ਦੇ ਅਜਿਹੇ ਪਹਿਲੇ ਚਾਂਸਲਰ ਬਣ ਗਏ ਹਨ, ਜਿਨ੍ਹਾਂ ਦੀ ਸਰਕਾਰ ਬੇ-ਭਰੋਸਗੀ ਮਤੇ ਨਾਲ ਡਿੱਗੀ ਹੈ। 2017 'ਚ ਉਹ ਮਹਿਜ਼ 31 ਸਾਲ ਦੀ ਉਮਰ 'ਚ ਆਸਟਰੀਆ ਦੇ ਚਾਂਸਲਰ ਬਣੇ।

ਸੰਸਦ ਅੰਦਰ ਵਿਰੋਧੀ ਦਲਾਂ ਨੇ ਦੋ ਬੇਭਰੋਸਗੀ ਮਤੇ ਪੇਸ਼ ਕੀਤੇ ਸਨ-ਇੱਕ ਤਾਂ ਕੁਰਜ਼ ਦੇ ਖ਼ਿਲਾਫ ਸੀ ਅਤੇ ਦੂਜਾ ਸਰਕਾਰ ਦੇ ਖ਼ਿਲਾਫ਼ ਅਤੇ ਇਹ ਦੋਵੇਂ ਹੀ ਪਾਸ ਹੋ ਗਏ।

ਹਾਲਾਂਕਿ ਯੂਰਪੀ ਸੰਘ ਦੀਆਂ ਐਤਵਾਰ ਨੂੰ ਹੋਈਆਂ ਚੋਣਾਂ 'ਚ ਕੁਰਜ਼ ਨੂੰ ਕਰੀਬ 35 ਫੀਸਦ ਵੋਟਾਂ ਮਿਲੀਆਂ ਸਨ ਪਰ ਇਹ ਸਮਰਥਨ ਸਰਕਾਰ ਨੂੰ ਬਚਾਉਣ ਲਈ ਕਾਫੀ ਸਾਬਿਤ ਨਾ ਹੋ ਸਕਿਆ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)