ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਕਦੋਂ-ਕਿਵੇਂ ਮਰਨ ਵਾਲੇ ਹੋ ਤਾਂ...

    • ਲੇਖਕ, ਰੇਚੇਲ ਨਿਊਵਾ
    • ਰੋਲ, ਬੀਬੀਸੀ

'ਜ਼ਿੰਦਗੀ ਤਾਂ ਬੇਵਫ਼ਾ ਹੈ, ਇੱਕ ਦਿਨ ਠੁਕਰਾ ਦੇਵੇਗੀ, ਮੌਤ ਮਹਿਬੂਬਾ ਹੈ ਆਪਣੇ ਨਾਲ ਲੈ ਕੇ ਜਾਵੇਗੀ'

ਤੁਸੀਂ ਮੁਕੱਦਰ ਦੇ ਕਿੰਨੇ ਹੀ ਵੱਡੇ ਸਿਕੰਦਰ ਕਿਉਂ ਨਾ ਹੋਵੋ, ਤੁਸੀਂ ਅਤੇ ਤੁਹਾਡੇ ਚਾਹੁਣ ਵਾਲੇ ਸਾਰੇ ਲੋਕਾਂ ਦੀ ਇੱਕ ਨਾ ਇੱਕ ਦਿਨ ਮੌਤ ਜ਼ਰੂਰ ਹੋਵੇਗੀ।

ਕੁਝ ਮਨੋਵਿਗਿਆਨੀਆਂ ਮੁਤਾਬਕ ਇਹ ਹਕੀਕਤ ਅਕਸਰ ਲੋਕਾਂ ਦੇ ਜ਼ਿਹਨ 'ਚ ਰਹਿੰਦੀ ਹੈ ਅਤੇ ਪ੍ਰੇਸ਼ਾਨੀ ਦਾ ਸਬੱਬ ਬਣਦੀ ਰਹਿੰਦੀ ਹੈ। ਇਸ ਸੱਚਾਈ ਨਾਲ ਹੀ ਇਨਸਾਨ ਚੱਲਦਾ ਹੈ।

ਸਾਡੀਆਂ ਰੋਜ਼ਾਨਾ ਦੀਆਂ ਬਹੁਤ ਸਾਰੀਆਂ ਗੱਲਾਂ ਜਿਵੇਂ ਪੂਜਾ-ਪਾਠ ਕਰਨਾ, ਸਬਜ਼ੀਆਂ ਅਤੇ ਹੋਰ ਸਿਹਤਮੰਦ ਚੀਜ਼ਾਂ ਖਾਣਾ, ਕਸਰਤ ਕਰਨਾ, ਕਿਤਾਬਾਂ ਪੜ੍ਹਣਾ ਅਤੇ ਲਿਖਣਾ, ਨਵੀਆਂ ਕੰਪਨੀਆਂ ਬਣਾਉਣਾ ਅਤੇ ਪਰਿਵਾਰ ਵਧਾਉਣਾ, ਇਸੇ ਹਕੀਕਤ ਨੂੰ ਝੁਠਲਾਉਣ ਦੀ ਕੋਸ਼ਿਸ਼ ਹੁੰਦੀ ਹੈ।

ਜਿਹੜੇ ਲੋਕ ਸਿਹਤਮੰਦ ਹੁੰਦੇ ਹਨ ਉਨ੍ਹਾਂ ਦੇ ਮਨ 'ਚ ਕਿਤੇ ਨਾ ਕਿਤੇ ਮੌਤ ਦਾ ਖ਼ਿਆਲ ਤਾਂ ਰਹਿੰਦਾ ਹੀ ਹੈ ਪਰ ਉਹ ਜ਼ਿਹਨ ਤੋਂ ਉਤਰਿਆ ਰਹਿੰਦਾ ਹੈ।

ਅਮਰੀਕਾ ਦੀ ਪੇਨਸਲਵੇਨੀਆ ਯੂਨੀਵਰਸਿਟੀ ਦੇ ਡਾਕਟਰ ਕ੍ਰਿਸ ਫਿਊਡਟਨਰ ਕਹਿੰਦੇ ਹਨ, ''ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਇੰਨੇ ਮਸਰੂਫ਼ ਹੋ ਜਾਂਦੇ ਹਾਂ ਕਿ ਮੌਤ ਦੀ ਸੱਚਾਈ ਨੂੰ ਭੁੱਲ ਜਾਂਦੇ ਹਾਂ। ਜਿਹੜੀਆਂ ਚੁਣੌਤੀਆਂ ਸਾਹਮਣੇ ਹੁੰਦੀਆਂ ਹਨ, ਉਨ੍ਹਾਂ ਨਾਲ ਨਜਿੱਠਣ ਲਈ ਸਾਡੀ ਜ਼ਿਆਦਾਤਰ ਊਰਜਾ ਖਰਚ ਹੁੰਦੀ ਹੈ।''

ਜੇ ਮੌਤ ਦਾ ਦਿਨ ਪਤਾ ਲੱਗ ਜਾਵੇ?

ਕੀ ਹੋਵੇ ਜੇ ਸਾਡੀ ਮੌਤ ਦਾ ਦਿਨ, ਸਮਾਂ ਅਤੇ ਤਾਰੀਖ ਸਾਨੂੰ ਪਤਾ ਲੱਗ ਜਾਵੇ?

ਹਾਲਾਂਕਿ, ਇਹ ਨਾਮੁਮਕਿਨ ਹੈ ਫਿਰ ਵੀ ਜੇ ਮੌਤ ਦੇ ਦਿਨ ਅਤੇ ਸਮੇਂ ਨੂੰ ਜਾਣ ਜਾਈਏ, ਤਾਂ ਸ਼ਾਇਦ ਅਸੀਂ ਬਿਹਤਰ ਕੰਮ ਕਰਨ ਜਾਂ ਆਪਣੀ ਜ਼ਿੰਦਗੀ ਨੂੰ ਨਵੇਂ ਮਾਅਨੇ ਦੇਣ ਲਈ ਜ਼ਿਆਦਾ ਪ੍ਰੇਰਿਤ ਹੋ ਜਾਵਾਂਗੇ।

ਪਹਿਲਾਂ ਤਾਂ ਸਾਨੂੰ ਮੌਤ ਦੇ ਮਨੋਵਿਗਿਆਨ ਨੂੰ ਸਮਝਣਾ ਹੋਵੇਗਾ।

1980 ਦੇ ਦਹਾਕੇ 'ਚ ਦੁਨੀਆਂ ਦੇ ਕਈ ਦੇਸਾਂ 'ਚ ਇਸ ਗੱਲ ਦੀ ਖੋਜ ਕੀਤੀ ਗਈ ਸੀ ਕਿ ਮੌਤ ਦਾ ਅਹਿਸਾਸ ਕਿਸ ਤਰ੍ਹਾਂ ਲੋਕਾਂ ਦੇ ਵਤੀਰੇ 'ਤੇ ਅਸਰ ਪਾਉਂਦਾ ਹੈ। ਇਸ ਦੀ ਚਿੰਤਾ ਅਤੇ ਪ੍ਰੇਸ਼ਾਨੀ ਨਾਲ ਸਾਡੀ ਸ਼ਖ਼ਸੀਅਤ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ?

ਨਿਊਯਾਰਕ ਦੇ ਸਕਿਡਮੋਰ ਕਾਲਜ ਦੀ ਮਨੋਵਿਗਿਆਨ ਦੀ ਪ੍ਰੋਫ਼ੈਸਰ ਸ਼ੇਲਡਨ ਸੋਲੋਮਨ ਕਹਿੰਦੀ ਹੈ, ''ਅਸੀਂ ਬਾਕੀ ਜੀਵਾਂ ਦੀ ਤਰ੍ਹਾਂ ਹੀ ਸਾਹ ਲੈਣ ਵਾਲੇ, ਖਾਣ ਵਾਲੇ ਜਾਂ ਮੱਲ-ਮੂਤਰ ਤਿਆਗਣ ਵਾਲੇ ਅਤੇ ਖ਼ੁਦ ਬਾਰੇ ਮਹਿਸੂਸ ਕਰਨ ਵਾਲੇ ਮਾਸ ਦੇ ਲੋਥੜੇ ਹੀ ਹਾਂ, ਜੋ ਕਿਸੇ ਵੀ ਸਮੇਂ ਖ਼ਤਮ ਹੋ ਸਕਦਾ ਹੈ।''

ਸ਼ੇਲਡਨ ਸੋਲੋਮਨ ਕਹਿੰਦੀ ਹੈ ਕਿ ਇਨਸਾਨ ਟੈਰਰ ਮੈਨੇਜਮੈਂਟ ਥਿਊਰੀ ਨਾਲ ਚਲਦਾ ਹੈ। ਉਹ ਆਪਣੇ ਆਲੇ-ਦੁਆਲੇ ਦੇ ਮਾਹੌਲ, ਸੋਚ, ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਮੌਤ ਦੇ ਡਰ ਦਾ ਸਾਹਮਣਾ ਕਰਦਾ ਹੈ।

ਉਹ ਖ਼ੁਦ ਇਸ ਦੁਨੀਆਂ ਲਈ ਅਹਿਮ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਇਨਸਾਨ ਖ਼ੁਦ ਨੂੰ ਸਮਝਾਉਂਦਾ ਹੈ ਕਿ ਉਸਦੀ ਜ਼ਿੰਦਗੀ ਦੇ ਵੀ ਮਾਅਨੇ ਹਨ, ਨਹੀਂ ਤਾਂ ਮੌਤ ਦਾ ਅਹਿਸਾਸ ਇਨਸਾਨ ਨੂੰ ਜ਼ਿਉਂਦਿਆਂ ਜੀਅ ਹੀ ਮਾਰ ਦੇਵੇਗਾ।

ਕਰੀਬ ਇੱਕ ਹਜ਼ਾਰ ਤਜਰਬੇ ਇਸ ਗੱਲ ਦੇ ਹੋਏ ਹਨ ਕਿ ਸਾਡੀ ਸੋਚ ਉੱਤੇ ਮੌਤ ਦੀ ਸੱਚਾਈ ਕਿਹੋ ਜਿਹਾ ਅਸਰ ਪਾਉਂਦੀ ਹੈ। ਇਸਦੇ ਨਤੀਜੇ ਕਹਿੰਦੇ ਹਨ ਕਿ ਜਿਵੇਂ ਹੀ ਸਾਨੂੰ ਮੌਤ ਦੀ ਅਟਲ ਸੱਚਾਈ ਦਾ ਅਹਿਸਾਸ ਹੁੰਦਾ ਹੈ, ਅਸੀਂ ਡਰ ਕੇ ਉਨ੍ਹਾਂ ਬੁਨਿਆਦੀ ਸਿਧਾਂਤਾਂ ਦਾ ਸਹਾਰਾ ਲੈਂਦੇ ਹਾਂ, ਜਿਨ੍ਹਾਂ ਵਿਚਕਾਰ ਅਸੀਂ ਵੱਡੇ ਹੋਏ ਹਾਂ।

ਲੋਕ ਖ਼ੁਦ ਨੂੰ ਯਕੀਨ ਦਿਵਾਉਣ ਲਗਦੇ ਹਨ ਕਿ ਉਹ ਦੁਨੀਆਂ ਦੇ ਲਈ ਅਹਿਮ ਹਨ, ਜੋ ਸਾਡੀ ਸੋਚ ਨੂੰ ਚੁਣੌਤੀ ਦਿੰਦਾ ਹੈ, ਉਸ ਪ੍ਰਤੀ ਅਸੀਂ ਸਖ਼ਤ ਹੋ ਜਾਂਦੇ ਹਾਂ।

ਮੌਤ ਸ਼ਬਦ ਜੇ ਕੰਪਿਊਟਰ ਦੀ ਸਕਰੀਨ ਉੱਤੇ 42.8 ਮਿਲੀਸਕਿੰਟ ਲਈ ਵੀ ਦਿੱਖ ਜਾਵੇ, ਜਾਂ ਅੰਤਿਮ ਸੰਸਕਾਰ ਸਮੇਂ ਮੌਤ ਉੱਤੇ ਲੰਬੀ ਚਰਚਾ ਹੋਵੇ, ਦੋਵੇਂ ਹਾਲਾਤ 'ਚ ਲੋਕਾਂ ਦਾ ਵਤੀਰਾ ਇਸ ਕੌੜੀ ਸੱਚਾਈ ਦਾ ਸਾਹਮਣਾ ਕਰਨ ਨਾਲ ਬਦਲ ਜਾਂਦਾ ਹੈ।

ਜਦੋਂ ਸਾਨੂੰ ਮੌਤ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਤਾਂ ਅਸੀਂ ਉਨ੍ਹਾਂ ਲੋਕਾਂ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਦਿਖਣ ਵਿੱਚ, ਖਾਣ-ਪੀਣ ਅਤੇ ਰਹਿਣ-ਸਹਿਣ 'ਚ ਸਾਡੇ ਵਰਗੇ ਹਨ। ਜਿਨ੍ਹਾਂ ਦੇ ਧਾਰਮਿਕ ਅਤੇ ਸਿਆਸੀ ਖ਼ਿਆਲ ਸਾਡੇ ਵਰਗੇ ਹਨ, ਜੋ ਸਾਡੇ ਇਲਾਕੇ 'ਚ ਹੀ ਰਹਿੰਦੇ ਹਨ।

ਮੌਤ ਦੀ ਗੱਲ ਜ਼ਿਹਨ 'ਚ ਆਉਂਦੇ ਹੀ ਅਸੀਂ ਆਪਣੇ ਤੋਂ ਵੱਖਰੇ ਦਿਖਣ ਵਾਲਿਆਂ ਦੇ ਪ੍ਰਤੀ ਸਖ਼ਤ ਅਤੇ ਹਿੰਸਕ ਹੋ ਜਾਂਦੇ ਹਨ। ਅਸੀਂ ਆਪਣੇ ਸਾਥੀ ਪ੍ਰਤੀ ਜ਼ਿਆਦਾ ਵਫ਼ਾਦਾਰੀ ਦਾ ਵਾਅਦਾ ਕਰਨ ਲਗਦੇ ਹਾਂ।

ਮੌਤ ਦੇ ਅਹਿਸਾਸ ਨਾਲ ਕਈ ਵਾਰ ਅਸੀਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋ ਜਾਂਦੇ ਹਾਂ। ਵੱਧ ਸ਼ਰਾਬ ਪੀਣ ਲਗਦੇ ਹਾਂ, ਸਿਗਰਟਨੋਸ਼ੀ ਕਰਨ ਲਗਦੇ ਹਾਂ। ਖਾਣ-ਪੀਣ ਅਤੇ ਖ਼ਰੀਦਦਾਰੀ ਸਮੇਂ ਸੰਜਮ ਵਰਤਣਾ ਛੱਡ ਦਿੰਦੇ ਹਾਂ। ਫ਼ਿਰ ਸਾਨੂੰ ਵਾਤਾਵਾਰਣ ਦੀ ਵੀ ਫ਼ਿਕਰ ਨਹੀਂ ਹੁੰਦੀ।

ਤਾਂ ਇਸਦਾ ਮਤਲਬ ਨਿਕਲਦਾ ਹੈ ਕਿ ਕੀ ਮੌਤ ਦਾ ਵਕਤ ਪਤਾ ਲੱਗਣ 'ਤੇ ਸਮਾਜ ਜ਼ਿਆਦਾ ਨਸਲਵਾਦੀ, ਡਰਾਵਨਾ, ਹਿੰਸਕ, ਲੜਾਈ ਦੀਆਂ ਗੱਲਾਂ ਕਰਨ ਵਾਲਾ, ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲਾ ਅਤੇ ਵਾਤਾਵਰਣ ਦੇ ਲਈ ਹੋਰ ਵੀ ਵੱਡਾ ਖ਼ਤਰਾ ਬਣ ਜਾਵੇਗਾ?

ਮਨੋਵਿਗਿਆਨੀ ਕਹਿੰਦੇ ਹਨ ਕਿ ਇੰਨਾ ਵੀ ਡਰਨ ਦੀ ਗੱਲ ਨਹੀਂ। ਸ਼ੇਲਡਨ ਸੋਲੋਮਨ ਵਰਗੇ ਤਮਾਮ ਖੋਜੀ ਮੰਨਦੇ ਹਨ ਕਿ ਮੌਤ ਦਾ ਅਹਿਸਾਸ ਹੋਣ ਤੋਂ ਬਾਅਦ ਇਨਸਾਨ ਹੋਰ ਸਮਝਦਾਰ ਹੋ ਜਾਵੇਗਾ। ਇਸਦੇ ਡਰ ਨਾਲ ਉਹ ਬਿਹਤਰ ਹੋਣ ਦੀ ਕੋਸ਼ਿਸ਼ ਕਰੇਗਾ।

ਵਿਗਿਆਨੀ ਇਸ ਲਈ ਦੱਖਣੀ ਕੋਰੀਆ ਦੇ ਬੌਧ ਭਿਕਸ਼ੂਆਂ ਦੀ ਮਿਸਾਲ ਦਿੰਦੇ ਹਨ। ਮੌਤ ਦੀ ਯਾਦ ਦਿਵਾਉਣ ਉੱਤੇ ਉਨ੍ਹਾਂ ਦਾ ਵਤੀਰਾ ਹੋਰ ਵੀ ਸ਼ਾਂਤ ਹੋ ਜਾਂਦਾ ਹੈ।

ਜਦੋਂ ਲੋਕਾਂ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ ਦਾ ਪਰਿਵਾਰ ਉੱਤੇ ਕਿਹੋ ਜਿਹਾ ਅਸਰ ਹੋਵੇਗਾ, ਤਾਂ ਵੀ ਉਨ੍ਹਾਂ ਦੀ ਸੋਚ ਬਦਲ ਜਾਂਦੀ ਹੈ। ਉਦੋਂ ਉਹ ਹੋਰ ਵੀ ਪਰਉਪਕਾਰੀ ਸੋਚ ਵਾਲੇ ਹੋ ਜਾਂਦੇ ਹਨ।

ਖ਼ੂਨ ਦੇਣ ਦੇ ਲਈ ਜਲਦੀ ਤਿਆਰ ਹੋ ਜਾਂਦੇ ਹਨ, ਉਨ੍ਹਾਂ ਨੂੰ ਲਗਦਾ ਹੈ ਕਿ ਉਹ ਸਮਾਜ ਲਈ ਕੁਝ ਬਿਹਤਰ ਕਰ ਸਕਣ, ਤਾਂ ਜ਼ਿੰਦਗੀ ਨੂੰ ਮਕਸਦ ਮਿਲ ਜਾਵੇਗਾ।

ਹੁਣ ਇਨ੍ਹਾਂ ਤਜਰਬਿਆਂ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਮੌਤ ਦੀ ਤਾਰੀਖ ਪਤਾ ਲੱਗਣ 'ਤੇ ਸ਼ਾਇਦ ਇਨਸਾਨ ਹੋਰ ਸਮਝਦਾਰ ਹੋ ਜਾਵੇ। ਜ਼ਿਆਦਾ ਜ਼ਿੰਮੇਵਾਰੀ ਭਰੀ ਜ਼ਿੰਦਗੀ ਜੀਉਣ ਦੀ ਤਮੰਨਾ ਕਰਨ ਲੱਗੇ।

ਆਸਟ੍ਰੀਆ ਦੀ ਸਾਲਜ਼ਬਰਗ ਯੂਨੀਵਰਸਿਟੀ ਦੀ ਮਨੋਵਿਗਿਆਨੀ ਇਨਾ ਯੋਨਾਸ ਕਹਿੰਦੀ ਹੈ, ''ਜੇ ਅਸੀਂ ਲੋਕਾਂ ਨੂੰ ਇਹ ਸੱਚਾਈ ਸਵੀਕਾਰ ਕਰਨ ਲਈ ਪ੍ਰੇਰਿਤ ਕਰੀਏ ਕਿ ਮੌਤ ਤਾਂ ਜ਼ਿੰਦਗੀ ਦਾ ਹੀ ਹਿੱਸਾ ਹੈ ਤਾਂ ਸਾਡਾ ਰੋਜ਼ਾਨਾ ਦਾ ਵਤੀਰਾ ਕਾਫ਼ੀ ਬਦਲ ਜਾਵੇਗਾ। ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵੀ ਬਦਲ ਜਾਵੇਗਾ।''

ਜਦੋਂ ਇਹ ਅਹਿਸਾਸ ਹੋਵੇਗਾ ਕਿ ਹਰ ਇਨਸਾਨ ਇੱਕ ਹੀ ਕਿਸ਼ਤੀ ਉੱਤੇ ਸਵਾਰ ਹੈ ਤਾਂ ਮਰਨ-ਮਾਰਨ ਅਤੇ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਖ਼ਿਆਲ ਬਦਲਣਗੇ।

ਮੌਤ ਨੂੰ ਧੋਖਾ ਦੇਣ ਦਾ ਰਾਹ

ਸਮਾਜ ਦੇ ਤੌਰ 'ਤੇ ਅਸੀਂ ਮੌਤ ਨੂੰ ਕਿਸ ਤਰ੍ਹਾਂ ਲਵਾਂਗੇ, ਇਹ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਨਿੱਜੀ ਤੌਰ 'ਤੇ ਇਨਸਾਨ ਮੌਤ ਨੂੰ ਕਿਸ ਨਜ਼ਰ ਨਾਲ ਦੇਖੇਗਾ ਅਤੇ ਇਹ ਨਿੱਜੀ ਸੋਚ ਹਰ ਇਨਸਾਨ ਦੀ ਸ਼ਖ਼ਸੀਅਤ ਦੇ ਹਿਸਾਬ ਨਾਲ ਬਦਲ ਜਾਵੇਗੀ।

ਬ੍ਰਿਟੇਨ ਦੀ ਨੌਟਿੰਘਮ ਯੂਨੀਵਰਸਿਟੀ ਦੀ ਲਾਰਾ ਬਲੈਕੀ ਕਹਿੰਦੀ ਹੈ, ''ਲੋਕ ਜਿੰਨੇ ਹੀ ਫ਼ਿਕਰਮੰਦ ਮਿਜਾਜ਼ ਦੇ ਹੋਣਗੇ, ਉਤਨੀ ਹੀ ਉਨ੍ਹਾਂ ਦੀ ਸੋਚ ਮੌਤ ਵੱਲ ਜਾਵੇਗੀ। ਅਜਿਹੇ ਲੋਕ ਜ਼ਿੰਦਗੀ ਨੂੰ ਨਵੇਂ ਮਾਅਨੇ ਨਹੀਂ ਦੇ ਸਕਣਗੇ। ਪਰ ਜੇ ਕਿਸੇ ਨੂੰ ਇਹ ਦੱਸਿਆ ਜਾਵੇ ਕਿ ਉਹ 90 ਸਾਲ ਦੀ ਉਮਰ ਵਿੱਚ ਸੌਂਦੇ ਹੋਏ ਸ਼ਾਂਤੀ ਨਾਲ ਮਰੇਗਾ ਤਾਂ ਸ਼ਾਇਦ ਉਹ ਕਹੇਗਾ ਕਿ ਇਹ ਤਾਂ ਠੀਕ ਹੈ ਅਤੇ ਜ਼ਿੰਦਗੀ ਦੇ ਸਫ਼ਰ ਉੱਤੇ ਅੱਗੇ ਵਧ ਜਾਵੇਗਾ।''

ਜ਼ਿੰਦਗੀ 13 ਸਾਲਾਂ ਵਿੱਚ ਖ਼ਤਮ ਹੋਵੇਗੀ ਜਾਂ 113 ਵਿੱਚ, ਇਸ ਨੂੰ ਲੈ ਕੇ ਇਨਸਾਨ ਦੀ ਸੋਚ ਉੱਤੇ ਬਿਮਾਰ ਲੋਕਾਂ ਦੀ ਮਾਨਸਿਕਤਾ ਨਾਲ ਕਾਫ਼ੀ ਰੋਸ਼ਨੀ ਪੈ ਸਕਦੀ ਹੈ।

ਬਿਮਾਰ ਲੋਕ ਅਕਸਰ ਦੋ ਤਰ੍ਹਾਂ ਦੇ ਵਿਚਾਰ ਦੇ ਸ਼ਿਕਾਰ ਹੁੰਦੇ ਹਨ, ਪਹਿਲਾਂ ਤਾਂ ਉਹ ਆਪਣੀ ਬਿਮਾਰੀ ਦੀ ਪੜਤਾਲ ਨੂੰ ਲੈ ਕੇ ਹੀ ਸ਼ੰਕਾ ਜ਼ਾਹਿਰ ਕਰਦੇ ਹਨ, ਸਵਾਲ ਚੁੱਕਦੇ ਹਨ ਕਿ ਆਖ਼ਿਰ ਇਸ 'ਚ ਕਿੰਨੀ ਸੱਚਾਈ ਹੈ।

ਫਿਰ ਉਹ ਸੋਚਦੇ ਹਨ ਕਿ ਬਚੀ ਹੋਈ ਜ਼ਿੰਦਗੀ ਦਾ ਕਿਵੇਂ ਬਿਹਤਰ ਇਸਤੇਮਾਲ ਕਰ ਸਕਦੇ ਹਾਂ, ਜਾਂ ਤਾਂ ਉਹ ਆਪਣੀ ਸਾਰੀ ਊਰਜਾ ਬਿਮਾਰੀ ਨੂੰ ਹਰਾਉਣ ਜਾਂ ਕੁਝ ਨਵਾਂ ਕਰਨ 'ਚ ਲਗਾਉਂਦੇ ਹਨ ਜਾਂ ਫ਼ਿਰ ਸ਼ਾਂਤੀ ਨਾਲ ਹੁਣ ਤੱਕ ਬਿਤਾਈ ਹੋਈ ਜ਼ਿੰਦਗੀ ਦੇ ਚੰਗੇ-ਭੈੜੇ ਪਹਿਲੂਆਂ ਨੂੰ ਯਾਦ ਕਰਨ, ਆਪਣੇ ਕਰੀਬੀ ਲੋਕਾਂ ਨਾਲ ਖ਼ੁਸ਼ਨੁਮਾ ਸਮਾਂ ਬਿਤਾਉਣ 'ਚ ਬਿਹਤਰੀ ਸਮਝਦੇ ਹਨ।

ਪੈਨਸਿਲਵੇਨੀਆ ਯੂਨੀਵਰਸਿਟੀ ਦੇ ਕ੍ਰਿਸ ਫਿਊਡਟਨਰ ਕਹਿੰਦੇ ਹਨ ਕਿ ਜਦੋਂ ਲੋਕ ਮੌਤ ਦੀ ਘੜੀ ਨੇੜੇ ਦੇਖਦੇ ਹਨ, ਤਾਂ ਉਨ੍ਹਾਂ ਦੇ ਦੋ ਵੱਖ-ਵੱਖ ਦਿਸ਼ਾਵਾਂ ਵੱਲ ਚੱਲਣ ਦਾ ਅੰਦੇਸ਼ਾ ਰਹਿੰਦਾ ਹੈ। ਜਿਹੜੇ ਲੋਕ ਇਸ ਨੂੰ ਹਰਾਉਣ ਦੀ ਦਿਸ਼ਾ 'ਚ ਜਾਣਾ ਚਾਹੁੰਦੇ ਹਨ, ਉਹ ਪੂਰੀ ਤਾਕਤ ਨਾਲ ਮੌਤ ਨੂੰ ਟਾਲਣ ਦੀ ਜੁਗਤ 'ਚ ਰਹਿੰਦੇ ਹਨ।

ਜਿਵੇਂ ਕਿਸੇ ਨੂੰ ਇਹ ਦੱਸਿਆ ਜਾਵੇ ਕਿ ਉਹ ਡੁੱਬਣ ਨਾਲ ਮਰੇਗਾ, ਤਾਂ ਉਹ ਸ਼ਖ਼ਸ ਤੈਰਾਕੀ ਦੀ ਜ਼ੋਰਦਾਰ ਟ੍ਰੇਨਿੰਗ 'ਚ ਲੱਗ ਜਾਂਦਾ ਹੈ। ਇਸ ਤਰ੍ਹਾਂ ਹੀ ਜੇ ਕਿਸੇ ਨੂੰ ਕਿਹਾ ਜਾਵੇ ਕਿ ਉਹ ਸੜਕ ਹਾਦਸੇ 'ਚ ਮਰੇਗਾ, ਤਾਂ ਉਹ ਸ਼ਾਇਦ ਘਰੋਂ ਬਾਹਰ ਨਿਕਲਣ ਤੋਂ ਹੀ ਡਰੇਗਾ।

ਕ੍ਰਿਸ ਮੁਤਾਬਕ, ਕੁਝ ਲੋਕ ਮੌਤ ਨੂੰ ਧੋਖਾ ਦੇਣ ਦੀ ਰਾਹ ਉੱਤੇ ਵੀ ਚੱਲ ਪੈਂਦੇ ਹਨ, ਇਸ ਨਾਲ ਉਨ੍ਹਾਂ ਨੂੰ ਹਾਲਾਤ 'ਤੇ ਖ਼ੁਦ ਦੇ ਕਾਬੂ ਹੋਣ ਦਾ ਅਹਿਸਾਸ ਹੁੰਦਾ ਹੈ।

ਮੌਤ ਦੀ ਸਜ਼ਾ ਪਾਉਣ ਵਾਲੇ ਜੋ ਲੋਕ ਇਸ ਨੂੰ ਸਵੀਕਾਰ ਕਰ ਲੈਂਦੇ ਹਨ, ਉਹ ਬਚੇ ਹੋਏ ਸਮੇਂ ਦੀ ਬਿਹਤਰ ਵਰਤੋਂ ਕਰਨ ਦੀ ਸੋਚਦੇ ਹਨ। ਸਮਾਜਿਕ ਅਤੇ ਸੱਭਿਆਚਾਰਕ ਤੌਰ 'ਤੇ ਵੱਧ ਕਲਾਤਮਕ ਹੋ ਜਾਂਦੇ ਹਨ।

ਕ੍ਰਿਸ ਕਹਿੰਦੇ ਹਨ, ''ਮੌਤ ਦਾ ਦਿਨ ਪਤਾ ਹੋਣ 'ਤੇ ਇਨਸਾਨ ਦਾ ਬਿਹਤਰ ਕਿਰਦਾਰ ਸਾਹਮਣੇ ਆਵੇਗਾ, ਉਦੋਂ ਅਸੀਂ ਆਪਣੇ ਪਰਿਵਾਰ ਅਤੇ ਸਮਾਜ ਲਈ ਵੱਧ ਯੋਗਦਾਨ ਦੇਣ ਲਈ ਪ੍ਰੇਰਿਤ ਹੋਵਾਂਗੇ।''

ਲਾਰਾ ਬਲੈਕੀ ਕਹਿੰਦੀ ਹੈ ਕਿ ਭਿਆਨਕ ਤਜਰਬਿਆਂ ਤੋਂ ਲੰਘਣ ਵਾਲਿਆਂ 'ਚ ਇਹ ਸਕਾਰਾਤਮਕ ਬਦਲਾਅ ਦੇਖੇ ਗਏ ਹਨ। ਉਹ ਜ਼ਿੰਦਗੀ ਦੀ ਅਹਿਮੀਅਤ ਨੂੰ ਵੱਧ ਸ਼ਿੱਦਤ ਨਾਲ ਸਮਝਣ ਲਗਦੇ ਹਨ।

ਵੈਸੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਮੌਤ ਨੂੰ ਨੇੜੇ ਦੇਖ ਕੇ ਹਥਿਆਰ ਸੁੱਟ ਦਿੰਦੇ ਹਨ, ਉਨ੍ਹਾਂ ਨੂੰ ਲਗਦਾ ਹੈ ਕਿ ਜਦੋਂ ਮਰ ਹੀ ਜਾਣਾ ਹੈ, ਤਾਂ ਕੁਝ ਵੀ ਕਰਨ ਦਾ ਕੀ ਫਾਇਦਾ...ਉਨ੍ਹਾਂ ਦਾ ਸ਼ਰਾਬ ਪੀਣਾ ਅਤੇ ਸਿਗਰਟਨੋਸ਼ੀ ਕਰਨਾ ਤੇਜ਼ ਹੋ ਜਾਂਦਾ ਹੈ। ਕਈ ਲੋਕ ਡਰੱਗ ਵੀ ਲੈਣ ਲਗਦੇ ਹਨ, ਫਿਰ ਉਹ ਸਿਹਤ ਦਾ ਖ਼ਿਆਲ ਘੱਟ ਕਰਨ ਲਗਦੇ ਹਨ।

ਸ਼ੇਲਡਨ ਸੋਲੋਮਨ ਕਹਿੰਦੀ ਹੈ ਕਿ ਜ਼ਿਆਦਾਤਰ ਲੋਕ ਮੌਤ ਦਾ ਦਿਨ ਜਾਨਣ ਤੋਂ ਬਾਅਦ ਵਿਚਾਲੇ ਦਾ ਰਾਹ ਚੁਣਨਗੇ। ਕਦੀ ਉਹ ਬੇਤਰਤੀਬ ਖਾਣ-ਪਾਣ ਕਰਨਗੇ, ਤਾਂ ਕਦੇ ਉਨ੍ਹਾਂ ਦਾ ਵਤੀਰਾ ਸਮਾਜ ਅਤੇ ਪਰਿਵਾਰ ਦੇ ਪ੍ਰਤੀ ਵੱਧ ਜ਼ਿੰਮੇਵਾਰੀ ਭਰਿਆ ਵੀ ਹੋਵੇਗਾ।

ਕ੍ਰਿਸ ਫਿਊਡਟਨਰ ਕਹਿੰਦੇ ਹਨ ਕਿ ਇਨਸਾਨ ਆਮ ਤੌਰ ਉੱਤੇ ਬਦਲਾਅ ਨਾਲ ਤਣਾਅ 'ਚ ਆ ਜਾਂਦਾ ਹੈ। ਇੱਥੇ ਤਾਂ ਜ਼ਿੰਦਗੀ ਦੇ ਮਾਅਨੇ ਹੀ ਬਦਲ ਜਾਣਗੇ।

ਧਾਰਮਿਕ ਸੋਚ ਉੱਤੇ ਅਸਰ

ਅਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਰਹਿੰਦੇ ਹੋਈਏ, ਮੌਤ ਦਾ ਦਿਨ ਪਤਾ ਚਲ ਗਿਆ ਤਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗਾ। ਕਈ ਲੋਕ ਮਨੋਰੋਗ ਮਾਹਿਰਾਂ ਦੀ ਮਦਦ ਲੈਣਗੇ, ਤਾਂ ਕੁਝ ਧਰਮ ਦਾ ਸਹਾਰਾ ਲੈਣਗੇ। ਧਾਰਮਿਕ ਕਰਮਕਾਂਡ 'ਚ ਉਨ੍ਹਾਂ ਦੀ ਆਸਥਾ ਵਧ ਜਾਵੇਗੀ। ਚਰਚ, ਮੰਦਰ ਜਾਂ ਮਸਜਿਦ ਜਾਣ ਦਾ ਸਿਲਸਿਲਾ ਤੇਜ਼ ਹੋ ਜਾਵੇਗਾ।

ਕੁਝ ਜਾਣਕਾਰ ਕਹਿੰਦੇ ਹਨ ਕਿ ਸਾਡੀਆਂ ਮੌਜੂਦਾ ਧਾਰਮਿਕ ਆਸਥਾਵਾਂ ਦੀ ਬੁਨਿਆਦ ਹੀ ਹਿੱਲ ਜਾਵੇਗੀ, ਹੋ ਸਕਦਾ ਹੈ ਕਿ ਉਦੋਂ ਨਵੇਂ ਧਰਮ ਦਾ ਆਗਾਜ਼ ਹੋਵੇ।

ਮੌਤ ਦਾ ਦਿਨ ਤੈਅ ਹੋਣ ਦਾ ਸਾਡੇ ਰਿਸ਼ਤਿਆਂ ਉੱਤੇ ਵੀ ਡੂੰਘਾ ਅਸਰ ਪਵੇਗਾ, ਹੋ ਸਕਦਾ ਹੈ ਕਿ ਲੋਕ ਅਜਿਹੇ ਜੀਵਨ ਸਾਥੀ ਦੀ ਤਲਾਸ਼ ਕਰਨ, ਜਿਸ ਦੀ ਮੌਤ ਦਾ ਦਿਨ ਉਨ੍ਹਾਂ ਦੀ ਮੌਤ ਦੇ ਦਿਨ ਦੇ ਨੇੜੇ ਹੋਵੇ।

ਹੋ ਸਕਦਾ ਹੈ ਕਿ ਡੇਟਿੰਗ ਐਪਸ ਅਜਿਹੇ ਫ਼ਿਲਟਰ ਲਗਾਉਣ, ਜਿਸ ਨਾਲ ਤੁਹਾਨੂੰ ਤੁਹਾਡੇ ਰੋਮਾਂਟਿਕ ਸਾਥੀ ਦੀ ਮੌਤ ਦੀ ਤਾਰੀਖ ਨਾਲ ਆਪਣਾ ਮਿਲਾਨ ਕਰਨ 'ਚ ਸਹੂਲਤ ਹੋਵੇ।

ਮੌਤ ਦੇ ਅਹਿਸਾਸ ਨਾਲ ਸਭ ਤੋਂ ਵੱਧ ਤਕਲੀਫ਼ ਆਪਣਿਆਂ ਤੋਂ ਜੁਦਾ ਹੋਣ ਦੇ ਖ਼ਿਆਲ ਕਾਰਨ ਹੁੰਦੀ ਹੈ। ਅਜਿਹੇ ਹਾਲਾਤ 'ਚ ਲੋਕ ਉਸ ਨਾਲ ਕਿਉਂ ਰਹਿਣਾ ਚਾਹੁਣਗੇ ਜੋ 40 ਦੀ ਉਮਰ 'ਚ ਹੀ ਜੁਦਾ ਹੋ ਜਾਵੇਗਾ ਜਦੋਂਕਿ ਉਨ੍ਹਾਂ ਦੀ ਖ਼ੁਦ ਦੀ ਜ਼ਿੰਦਗੀ 89 ਸਾਲ ਦੀ ਹੋਵੇਗੀ?

ਮੌਤ ਦਾ ਦਿਨ ਪਤਾ ਹੋਣ 'ਤੇ ਹੋ ਸਕਦਾ ਹੈ ਕਿ ਬਹੁਤੇ ਮਾਪੇ ਆਪਣਾ ਗਰਭਪਾਤ ਦਾ ਕੰਮ ਵੀ ਕਰਨ, ਕਿਉਂਕਿ ਜਦੋਂ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਬੱਚੇ ਦੀ ਆਮਦ ਤੋਂ ਕੁਝ ਦਿਨ ਬਾਅਦ ਹੀ ਉਹ ਉਸ ਤੋਂ ਦੂਰ ਚਲੇ ਜਾਣਗੇ, ਤਾਂ ਅਜਿਹੇ ਬੱਚੇ ਨੂੰ ਦੁਨੀਆਂ 'ਚ ਲੈ ਕੇ ਆਉਣ ਦੀ ਵਿਅਰਥਤਾ ਦਾ ਅਹਿਸਾਸ ਸ਼ਿੱਦਤ ਨਾਲ ਹੋਵੇਗਾ। ਹੋ ਸਕਦਾ ਹੈ ਕਿ ਕੁਝ ਲੋਕ ਆਪਣੀ ਮੌਤ ਦਾ ਦਿਨ ਜਾਣਨ ਤੋਂ ਬਾਅਦ ਬੱਚੇ ਹੀ ਨਾ ਪੈਦਾ ਕਰਨ ਜਾਂ ਇਹ ਵੀ ਹੋ ਸਕਦਾ ਹੈ ਕਿ ਬਹੁਤ ਸਾਰੇ ਬੱਚੇ ਪੈਦਾ ਕਰਨ।

ਉਦੋਂ ਸ਼ਾਇਦ ਸਾਨੂੰ ਨਵੇਂ ਨਿਯਮ-ਕਾਨੂੰਨ ਵੀ ਬਣਾਉਣੇ ਪੈ ਸਕਦੇ ਹਨ। ਕਰਮਚਾਰੀਆਂ ਦੀ ਮੌਤ ਦੇ ਦਿਨ ਨੂੰ ਪ੍ਰਾਈਵੇਸੀ ਦਾ ਹਿੱਸਾ ਬਣਾਉਣ ਦਾ ਨਿਯਮ ਤਾਂ ਸਭ ਤੋਂ ਜ਼ਰੂਰੀ ਹੋਵੇਗਾ ਤਾਂ ਜੋ ਉਸਦੇ ਰੁਜ਼ਗਾਰ ਉੱਤੇ ਅਸਰ ਨਾ ਪਵੇ, ਇਸ ਆਧਾਰ ਉੱਤੇ ਭੇਦਭਾਵ ਨਾ ਹੋਵੇ।

ਉਧਰ, ਚੋਣ ਲੜਨ ਵਾਲਿਆਂ ਨੂੰ ਉਮੀਦਵਾਰੀ ਤੋਂ ਪਹਿਲਾਂ ਮੌਤ ਦੀ ਤਾਰੀਖ ਦੱਸਣੀ ਹੋਵੇਗੀ, ਨਾ ਦੱਸਣ ਕਾਰਨ ਹੰਗਾਮਾ ਖੜਾ ਹੋ ਸਕਦਾ ਹੈ, ਹੁਣ ਕੋਈ ਰਾਸ਼ਟਰਪਤੀ ਬਣਨ ਦੇ ਤਿੰਨ ਦਿਨ ਬਾਅਦ ਹੀ ਮਰਨ ਵਾਲਾ ਹੋਵੇ, ਤਾਂ ਉਸਨੂੰ ਕੋਈ ਕਿਉਂ ਚੁਣੇਗਾ?

ਹੋ ਸਕਦਾ ਹੈ ਕਿ ਕੁਝ ਲੋਕ ਆਪਣੀ ਮੌਤ ਦਾ ਦਿਨ ਟੈਟੂ ਦੇ ਤੌਰ ਉੱਤੇ ਸਰੀਰ 'ਤੇ ਬਣਵਾ ਲੈਣ। ਜਿਸ ਨਾਲ ਕਿਸੇ ਹਾਦਸੇ ਦੀ ਸੂਰਤ ਵਿੱਚ ਲੋਕਾਂ ਨੂੰ ਇਹ ਅੰਦਾਜ਼ਾ ਹੋਵੇ ਕਿ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਜਾਂ ਇਸ 'ਚ ਸਮਾਂ ਬਰਬਾਦ ਨਾ ਕਰਨ।

ਅੰਤਿਮ ਸੰਸਕਾਰ 'ਤੇ ਵੀ ਇਸਦਾ ਡੂੰਘਾ ਅਸਰ ਹੋਵੇਗਾ। ਕਿਉਂਕਿ ਕਿਸੇ ਇਨਸਾਨ ਦੇ ਦੁਖ 'ਚ ਇਸਦਾ ਕਾਰੋਬਾਰ ਕਰਨ ਵਾਲੇ ਵਿਛੜਨ ਦੇ ਦਰਦ ਨੂੰ ਸਹਿ ਨਹੀਂ ਸਕਣਗੇ, ਭਾਵ ਗਾਹਕਾਂ ਕੋਲ ਵੱਧ ਤਾਕਤ ਹੋਵੇਗੀ।

ਮੌਤ ਦੇ ਦਿਨ ਹੋ ਸਕਦਾ ਹੈ ਬਹੁਤੇ ਲੋਕ ਜਸ਼ਨ ਮਨਾਉਣ। ਵੱਡੀਆਂ-ਵੱਡੀਆਂ, ਸ਼ਾਨਦਾਰ ਪਾਰਟੀਆਂ ਦੇਣ, ਜਲਸੇ ਕਰਨ। ਠੀਕ ਉਸੇ ਤਰ੍ਹਾਂ ਹੀ ਜਿਵੇਂ ਅੱਜ ਲੋਕ ਖ਼ੁਦ ਮੌਤ ਨੂੰ ਚੁਣਨ ਤੋਂ ਬਾਅਦ ਕਰਦੇ ਹਨ। ਜਿਨ੍ਹਾਂ ਨੂੰ ਇਹ ਪਤਾ ਹੋਵੇਗਾ ਕਿ ਉਨ੍ਹਾਂ ਦੀ ਮੌਤ ਦੇ ਤਰੀਕੇ ਨਾਲ ਲੋਕਾਂ ਨੂੰ ਸੱਟ ਪਹੁੰਚੇਗੀ ਉਹ ਸ਼ਾਇਦ ਅਫ਼ਸੋਸ ਕਰਨ। ਖ਼ੁਦ ਨੂੰ ਵੱਖਰਾ ਰੱਖਣ।

ਇਸ ਵਿੱਚ ਕੋਈ ਦੋ-ਰਾਵਾਂ ਨਹੀਂ ਕਿ ਮੌਤ ਦਾ ਦਿਨ ਪਤਾ ਲੱਗਣ ਉੱਤੇ ਮਨੁੱਖਤਾ ਬਹੁਤ ਬਦਲ ਜਾਵੇਗੀ।

ਲੇਖਿਕਾ ਕੈਟਲਿਨ ਡਾਉਟੀ ਕਹਿੰਦੀ ਹੈ ਕਿ ਇਨਸਾਨੀ ਸੱਭਿਅਤਾ ਮੌਤ ਦੇ ਵਿਚਾਰ ਦੇ ਆਲੇ-ਦੁਆਲੇ ਵਿਕਸਿਤ ਹੋਈ ਹੈ, ਅਜਿਹੇ 'ਚ ਜੇ ਸਭ ਨੂੰ ਮੌਤ ਦਾ ਦਿਨ ਅਤੇ ਸਮਾਂ ਪਤਾ ਲਗ ਜਾਵੇਗਾ, ਤਾਂ ਸਾਡੀ ਸੱਭਿਅਤਾ ਦੀ ਬੁਨਿਆਦ ਹਿੱਲ ਜਾਵੇਗੀ।

(ਬੀਬੀਸੀ ਫਿਊਚਰ 'ਤੇ ਇਸ ਕਹਾਣੀ ਨੂੰ ਅੰਗਰੇਜ਼ੀ 'ਚ ਪੜ੍ਹਣ ਲਈ ਇੱਥੇ ਕਲਿੱਕ ਕਰੋ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)