ਕੀ ਪਾਕਿਸਤਾਨ ਵਿੱਚ ਭਾਜਪਾ ਦੀ ਪਹਿਲੀ ਸ਼ਾਖਾ ਖੁੱਲ੍ਹੀ - ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਸਭਾ ਚੋਣਾਂ ਵਿੱਚ ਮਿਲੀ ਜਿੱਤ ਦੇ ਜਸ਼ਨ ਨਾਲ ਜੋੜ ਕੇ ਕਈ ਵੀਡੀਓ ਸਾਂਝੇ ਕੀਤੇ ਜਾ ਰਹੇ ਹਨ।

ਹਾਲ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐੱਨਡੀਏ ਨੇ ਸ਼ਾਨਦਾਰ ਕਾਮਯਾਬੀ ਹਾਸਿਲ ਕੀਤੀ ਹੈ।

2014 ਵਿੱਚ ਮਿਲੀ ਜਿੱਤ ਪਿੱਛੇ ਤਾਂ ਕਾਂਗਰਸ ਦੀ ਤਤਕਾਲੀ ਸਰਕਾਰ ਵੇਲੇ ਦਾ ਗੁੱਸਾ ਸੀ। ਪਰ ਇਸ ਵਾਰ ਦੀ ਜਿੱਤ ਮੋਦੀ ਦੇ ਹੱਕ ਵਿੱਚ ਹੈ।

1971 ਤੋਂ ਬਾਅਦ ਉਹ ਪਹਿਲੇ ਲੀਡਰ ਬਣੇ ਹਨ ਜਿਨ੍ਹਾਂ ਦੀ ਅਗਵਾਈ ਵਿੱਚ ਇੱਕੋ ਪਾਰਟੀ ਨੂੰ ਲਗਾਤਾਰ ਦੋ ਵਾਰ ਪੂਰਨ ਬਹੁਮਤ ਮਿਲਿਆ ਹੋਵੇ।

ਇਹ ਵੀ ਪੜ੍ਹੋ:

ਭਾਜਪਾ ਤੇ ਮੋਦੀ ਦੇ ਹਮਾਇਤੀ ਨਰਿੰਦਰ ਮੋਦੀ ਦੀ ਜਿੱਤ ਦਾ ਜਸ਼ਨ ਵਧ-ਚੜ੍ਹ ਕੇ ਸੋਸ਼ਲ ਮੀਡੀਆ 'ਤੇ ਮਨ੍ਹਾ ਰਹੇ ਹਨ।

ਸਾਡੀ ਪੜਤਾਲ ਵਿੱਚ ਪਤਾ ਲਗਿਆ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਇੱਕ ਲੱਖ ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ ਹੈ। ਪਰ ਇਹ ਵੀਡੀਓਜ਼ ਲੋਕ ਸਭਾ ਚੋਣਾਂ ਨਾਲ ਜੁੜੀਆਂ ਹੋਈਆਂ ਨਹੀਂ ਸਨ।

ਇੱਕ ਭਾਰਤੀ ਕਾਰੋਬਾਰੀ ਨੇ ਕੀਤੀ ਨੋਟਾਂ ਦੀ ਬਾਰਿਸ਼

ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ 'ਕਰੋੜਪਤੀ ਭਾਰਤੀ' ਨੇ ਮੋਦੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇੱਕ ਲੱਖ ਡਾਲਰ ਦਿੱਤੇ ਸਨ।

ਉਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਆਪਣੇ ਆਲੇ-ਦੁਆਲੇ ਖੜ੍ਹੀ ਭੀੜ 'ਤੇ ਨੋਟਾਂ ਦਾ ਮੀਂਹ ਵਰਸਾ ਰਿਹਾ ਹੈ।

ਕਈ ਲੋਕਾਂ ਦਾ ਇਹ ਦਾਅਵਾ ਹੈ ਕਿ ਇਹ ਵੀਡੀਓ ਕੈਨੇਡਾ ਦਾ ਹੈ।

ਭਾਵੇਂ ਇਹ ਵੀਡੀਓ ਸਹੀ ਹੈ ਪਰ ਇਸ ਨਾਲ ਕੀਤਾ ਦਾਅਵਾ ਝੂਠਾ ਹੈ। ਜੋ ਆਦਮੀ ਨੋਟਾਂ ਦਾ ਮੀਂਹ ਵਰਸਾ ਰਿਹਾ ਹੈ ਉਸ ਦਾ ਨਾਂ ਜੋ ਕੁਸ਼ ਹੈ। ਉਹ ਇੱਕ ਮਿਊਜ਼ਿਕ ਪ੍ਰੋਡੀਊਸਰ ਤੇ ਵੀਡੀਓ ਇੰਜੀਨੀਅਰ ਹੈ ਅਤੇ ਕੋਈ 'ਭਾਰਤੀ ਕਰੋੜਪਤੀ' ਨਹੀਂ ਹੈ।

ਰਿਵਰਸ ਸਰਚ ਈਮੇਜ ਨਾਲ ਪਤਾ ਲਗਿਆ ਕਿ ਇਹ ਤਸਵੀਰ ਇੰਸਟਾਗਰਾਮ ਐਕਾਊਂਟ ਕੋਲਹੋਲਮ ਦੀ ਹੈ। ਉਸ ਨੇ ਇਹ ਵੀਡੀਓ 16 ਮਈ ਨੂੰ ਪੋਸਟ ਕੀਤਾ ਸੀ। ਉਸ ਵੇਲੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਵੀ ਨਹੀਂ ਹੋਇਆ ਸੀ।

ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ, "ਇੱਕ ਆਦਮੀ ਮੈਨਹੈਟਨ ਦੀ 47 ਨੰਬਰ ਸੜਕ 'ਤੇ ਪੈਸੇ ਸੁੱਟਦਾ ਵੇਖਿਆ ਗਿਆ। ਸ਼ਾਇਦ ਉਹ ਕਿਸੇ ਵੀਡੀਓ ਸ਼ੂਟ ਲਈ ਕਰ ਰਿਹਾ ਹੋਣਾ ਹੈ।"

ਕਮੈਂਟ ਵਿੱਚ ਵੀਡੀਓ ਦਾ ਕਰੈਡਿਟ ਵੀ ਜੋ ਕੁਸ਼ (thegod_joekush) ਨੂੰ ਹੀ ਦਿੱਤਾ ਗਿਆ ਹੈ।

ਉਨ੍ਹਾਂ ਨੇ ਇਸ ਵੀਡੀਓ ਦੀ ਲੋਕੇਸ਼ਨ 'ਟਰੈਕਸ ਐੱਨਵਾਈਸੀ ਕਸਮਟਮ ਜੁਵੈਲਰੀ' ਦਿੱਤੀ ਹੋਈ ਸੀ।

ਸਾਨੂੰ ਪਤਾ ਲਗਿਆ ਕਿ ਜੋ ਕੁਸ਼ ਨੇ ਆਪਣੇ ਇੰਸਟਾਗ੍ਰਾਮ ਐਕਾਊਂਟ ਤੋਂ ਕੁਝ ਹੋਰ ਵੀ ਅਜਿਹੇ ਨੋਟ ਉਡਾਉਣ ਦੇ ਵੀਡੀਓਜ਼ ਪੋਸ ਕੀਤੇ ਹਨ।

ਬਲੋਚਿਸਤਾਨ ਵਿੱਚ ਮੋਦੀ ਦੀ ਜਿੱਤ ਦਾ ਜਸ਼ਨ?

ਇਸ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲੋਚਿਸਤਾਨ ਵਿੱਚ ਵੀ ਮੋਦੀ ਦੀ ਵੱਡੀ ਜਿੱਤ ਦਾ ਜਸ਼ਨ ਮਨਾਇਆ ਗਿਆ।

ਇਸ ਵਾਇਰਲ ਵੀਡੀਓ ਵਿੱਚ ਕੁਝ ਬੁਰਕਾਨਸ਼ੀਂ ਔਰਤਾਂ ਗਾਣੇ ਗਾਉਂਦੀਆਂ ਅਤੇ 'ਮੋਦੀ-ਮੋਦੀ' ਦੇ ਨਾਅਰੇ ਲਗਾਉਂਦੇ ਨਜ਼ਰ ਆਉਂਦੀਆਂ ਹਨ। ਜਦਕਿ ਭੀੜ ਵਿੱਚ ਕੁਝ ਲੋਕ ਨਜ਼ਰ ਆਉਂਦੇ ਹਨ ਜਿਨ੍ਹਾਂ ਨੇ ਭਾਜਪਾ ਦੇ ਝੰਡੇ ਫੜ੍ਹੇ ਹੋਏ ਹਨ।

ਵੀਡੀਓ ਦੇ ਨਾਲ ਲਿਖਿਆ ਜਾ ਰਿਹਾ ਹੈ, "ਭਾਜਪਾ ਨੇ ਪਾਕਿਸਤਾਨ ਵਿੱਚ ਆਪਣੀ ਪਹਿਲੀ ਸ਼ਾਖਾ ਖੋਲ੍ਹ ਦਿੱਤੀ ਹੈ। ਭਾਰਤ ਵਿੱਚ ਰਹਿਣ ਵਾਲੇ ਗੱਦਾਰ ਅਕਸਰ ਪਾਕਿਸਤਾਨ ਦੇ ਝੰਡੇ ਲਹਿਰਾਉਂਦੇ ਹਨ ਪਰ ਪਾਕਿਸਤਾਨ ਵਿੱਚ ਅਜਿਹਾ ਹੁੰਦਾ ਦੇਖ ਕੇ ਅੱਜ ਤਬੀਅਤ ਖੁਸ਼ ਹੋ ਗਈ।"

ਪਰ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਇਹ ਦਾਅਵਾ ਬਿਲਕੁੱਲ ਫਰਜ਼ੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਿਆ ਹੈ ਅਤੇ ਉਸ ਵਕਤ ਇਹ ਦਾਅਵਾ ਕੀਤਾ ਗਿਆ ਸੀ ਕਿ ਮੋਦੀ ਦੇ ਹਮਇਤੀਆਂ ਨੇ ਬਲੋਚਿਸਤਾਨ ਵਿੱਚ ਭਾਜਪਾ ਦਾ ਝੰਡਾ ਲਹਿਰਾਇਆ ਸੀ।

20 ਅਪ੍ਰੈਲ 2019 ਨੂੰ ਬੀਬੀਸੀ ਦੀ ਫੈਕਟ ਚੈੱਕ ਟੀਮ ਨੇ ਇਸ ਵੀਡੀਓ 'ਤੇ ਇੱਕ ਰਿਪੋਰਟ ਕੀਤੀ ਸੀ ਅਤੇ ਉਸ ਵਿੱਚ ਪਤਾ ਲਗਿਆ ਕਿ ਇਹ ਵੀਡੀਓ ਬਲੋਚਿਸਤਾਨ ਦਾ ਨਹੀਂ ਬਲਕਿ ਭਾਰਤ ਸ਼ਾਸਿਤ ਕਸ਼ਮੀਰ ਦੇ ਅਨੰਤਨਾਗ ਸੰਸਦੀ ਖੇਤਰ ਦਾ ਹੈ।

ਭਾਜਪਾ ਦੇ ਜੰਮੂ-ਕਸ਼ਮੀਰ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਇਹ ਵੀਡੀਓ 31 ਮਾਰਚ 2019 ਨੂੰ ਟਵੀਟ ਕੀਤਾ ਗਿਆ ਸੀ।

ਨਾਲ ਹੀ ਅਨੰਤਨਾਗ ਸੰਸਦੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਹੇ ਸੋਫੀ ਯੂਸੁਫ ਨੇ ਪਰਚਾ ਦਾਖਿਲ ਕਰਨ ਤੋਂ ਬਾਅਦ ਇਹ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਅਤੇ ਟਵਿੱਟਰ 'ਤੇ ਪੋਸਟ ਕੀਤਾ ਸੀ।

ਲੰਦਨ ਦੀ ਬੱਸਾਂ 'ਤੇ 'ਮੋਦੀ ਜੀ'!

ਬੀਤੇ ਤਿੰਨ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਇਹ ਤਸਵੀਰ 50 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤੀ ਗਈ ਹੈ।

ਤਸਵੀਰ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਣ ਜਿੱਤਣ ਤੋਂ ਬਾਅਦ ਨਰਿੰਦਰ ਮੋਦੀ ਦੇ ਸਵਾਗਤ ਲਈ ਲੰਡਨ ਦੀਆਂ ਬੱਸਾਂ 'ਤੇ ਸੰਦੇਸ਼ ਲਿਖੇ ਗਏ ਹਨ।

ਜਿਨ੍ਹਾਂ ਲੋਕਾਂ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ, ਉਨ੍ਹਾਂ ਨੇ ਲਿਖਿਆ ਹੈ, "ਵੇਖੋ, ਦੁਨੀਆਂ ਪੀਐੱਮ ਮੋਦੀ ਨੂੰ ਕਿੰਨਾ ਸਨਮਾਨ ਦੇ ਰਹੀ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।"

ਪਰ ਰਿਵਰਸ ਈਮੇਜ ਸਰਚ ਤੋਂ ਵੱਖ ਹੀ ਕਹਾਣੀ ਸਾਹਮਣੇ ਆਈ ਹੈ। ਸਾਨੂੰ ਪਤਾ ਲਗਿਆ ਕਿ ਇਸ ਤਸਵੀਰ ਦਾ ਲੋਕ ਸਭ ਚੋਣਾਂ-2019 ਨਾਲ ਕੋਈ ਸਬੰਧ ਨਹੀਂ ਹੈ।

ਅਕਤੂਬਰ 2015 ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਯੂਕੇ ਦੀ ਸਰਕਾਰ ਨੇ ਨਹੀਂ, ਬਲਕਿ ਯੂਕੇ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੇ ਕੁਝ ਬੱਸਾਂ (ਮੋਦੀ ਐੱਕਸਪ੍ਰੈੱਸ) ਕਿਰਾਏ 'ਤੇ ਲਈਆਂ ਸਨ।

ਇੱਕ ਮਹੀਨੇ ਤੱਕ ਇਨ੍ਹਾਂ ਨੂੰ ਸੈਲਾਨੀਆਂ ਨੂੰ ਘੁੰਮਾਉਣ ਲਈ ਲੰਡਨ ਸ਼ਹਿਰ ਵਿੱਚ ਚਲਾਇਆ ਗਿਆ ਸੀ।

ਇਨ੍ਹਾਂ ਵਿੱਚੋਂ ਕੁਝ ਬੱਸਾਂ 'ਤੇ ਲਿਖਿਆ ਸੀ, 'ਵੈਲਕਮ ਮੋਦੀ ਜੀ'

ਨਰਿੰਦਰ ਮੋਦੀ ਨਵੰਬਰ 2015 ਵਿੱਚ ਤਿੰਨ ਦਿਨੀਂ ਲੰਡਨ ਦੌਰੇ 'ਤੇ ਗਏ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)