ਲੁਧਿਆਣਾ: ਬਾਂਹ 'ਤੇ 'ਫੀਸ ਜਮਾਂ ਕਰਾਓ' ਦੀ ਮੋਹਰ ਲੱਗਣ ਤੋਂ ਬਾਅਦ ਆਟੋ ਚਾਲਕ ਦੇ ਬੱਚੇ ਦਾ ਸਕੂਲ ਜਾਣਾ ਬੰਦ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਸਮੇਂ ਸਿਰ ਫ਼ੀਸ ਦੀ ਅਦਾਇਗੀ ਨਾ ਹੋਣ ਤੋਂ 'ਖਿਝੇ' ਇੱਕ ਨਿੱਜੀ ਸਕੂਲ ਦੇ ਅਧਿਆਪਕ ਨੇ ਸੱਤਵੀਂ ਜਮਾਤ 'ਚ ਪੜ੍ਹਦੇ ਬੱਚੇ ਹਰਸ਼ਦੀਪ ਸਿੰਘ ਦੀ ਬਾਂਹ 'ਤੇ ਹੀ 'ਪਲੀਜ਼ ਡਿਪਾਜ਼ਿਟ ਦਿ ਫੀ' ਦੀ ਮੋਹਰ ਹੀ ਲਾ ਦਿੱਤੀ।

ਭਾਵੇਂ ਪੰਜਾਬ ਦੇ ਸਿੱਖਿਆ ਵਿਭਾਗ ਨੇ ਇਸ ਘਟਨਾ ਨੂੰ ਗੰਭੀਰਤਾਂ ਨਾਲ ਲੈਂਦੇ ਹੋਏ ਜਾਂਚ ਦੇ ਹੁਕਮ ਦੇ ਦਿੱਤੇ ਹਨ ਪਰ ਬੱਚਾ 'ਤੇ ਉਸ ਦੇ ਵਾਰਿਸ ਇਸ ਘਟਨਾ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹਨ।

ਲੁਧਿਆਣਾ ਦੇ ਐਸਡੀਐਨ ਸਕੂਲ 'ਚ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਸੀ ਤੇ ਸਿੱਖਿਆ ਵਿਭਾਗ ਨੇ ਇਸ ਸਬੰਧੀ ਜਾਂਚ ਸੋਮਵਾਰ ਸ਼ਾਮ ਤੱਕ ਮੁਕੰਮਲ ਕਰਨ ਦੀ ਗੱਲ ਕਹੀ ਹੈ। ਪਰ ਫੀਸ ਜਮ੍ਹਾਂ ਕਰਾਉਣ ਦੀ ਬਾਂਹ ਉੱਤੇ ਮੋਹਰ ਲੱਗਣ ਤੋਂ ਬਾਅਦ ਬੱਚੇ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ :

ਐਸਡੀਐਨ ਸਕੂਲ ਦੀ ਘਟਨਾ

13 ਸਾਲਾ ਹਰਸ਼ਦੀਪ ਸਿੰਘ ਐਸਡੀਐਨ ਸਕੂਲ ਵਿੱਚ ਪੜ੍ਹ ਰਿਹਾ ਹੈ। ਉਸ ਦੀ ਖੱਬੀ ਬਾਂਹ 'ਤੇ ਫੀਸ ਅਦਾ ਕਰਨ ਦੀ ਮੋਹਰ ਲਾਈ ਗਈ ਹੈ।

ਬੱਚੇ ਦੇ ਪਿਤਾ ਕੁਲਦੀਪ ਸਿੰਘ ਦਾ ਕਹਿਣਾ ਹੈ,''ਹਰਸ਼ਦੀਪ ਸਿੰਘ ਦੀ ਮਹੀਨਾਵਾਰ ਫ਼ੀਸ ਤਾਂ ਉਸ ਨੇ ਦੇਣੀ ਹੀ ਹੈ ਪਰ ਬੱਚੇ ਦੀ ਬਾਂਹ 'ਤੇ ਇਸ ਤਰ੍ਹਾਂ ਮੋਹਰ ਲਾਉਣ ਨਾਲ ਸਾਡਾ ਪਰਿਵਾਰ ਬਦਨਾਮੀ ਮਹਿਸੂਸ ਕਰ ਰਿਹਾ ਹੈ। ਉਂਝ, ਫ਼ੀਸ ਮੰਗਣ ਦਾ ਇਹ ਤਰੀਕਾ ਤਾਂ ਮੂਲੋਂ ਹੀ ਗਲਤ ਹੈ।''

ਕੁਲਦੀਪ ਸਿੰਘ ਨੇ ਦੱਸਿਆ,''ਮੈਂ ਆਟੋ ਰਿਕਸ਼ਾ ਚਲਾ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹਾਂ। ਫੀਸ ਲੇਟ ਜਮ੍ਹਾਂ ਕਰਵਾਉਣ ਬਾਬਤ ਮੈਂ ਸਕੂਲ ਦੇ ਪ੍ਰਬੰਧਕਾਂ ਨੂੰ ਬਾਕਾਇਦਾ ਤੌਰ 'ਤੇ ਸੂਚਿਤ ਕਰ ਦਿੱਤਾ ਸੀ। ਪਰ ਸਕੂਲ ਵਾਲਿਆਂ ਨੇ ਬੱਚੇ ਨਾਲ ਅਜਿਹਾ ਕਿਉਂ ਕੀਤਾ, ਇਹ ਮੇਰੀ ਸਮਝ ਤੋਂ ਪਰੇ ਹੈ।''

ਇਹ ਵੀ ਪੜ੍ਹੋ-

ਸਕੂਲ ਦਾ ਸਪੱਸ਼ਟੀਕਰਨ

ਸਕੂਲ ਪ੍ਰਿੰਸੀਪਲ ਸ਼ਾਮਾ ਦੁੱਗਲ ਨੇ ਇਸ ਸਬੰਧੀ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਬਕਾਇਆ ਫੀਸ ਜਮਾਂ ਕਰਵਾਉਣ ਦਾ ਇਹ ਢੰਗ ਠੀਕ ਤਾਂ ਨਹੀਂ ਹੈ।

ਪਰ ਹਰਸ਼ਦੀਪ ਸਿੰਘ ਦੀ ਦੋ ਮਹੀਨਿਆਂ ਦੀ ਫ਼ੀਸ ਬਕਾਇਆ ਹੈ। ਸਕੂਲ ਵੱਲੋਂ ਇਹ ਬਕਾਇਆ ਫ਼ੀਸ ਭਰਨ ਲਈ ਕਈ ਵਾਰ ਬੱਚੇ ਦੇ ਵਾਰਸਾਂ ਨੂੰ ਫੋਨ ਕੀਤੇ ਗਏ ਸਨ, ਪਰ ਕੋਈ ਵੀ ਫ਼ੀਸ ਭਰਨ ਲਈ ਨਹੀਂ ਆਇਆ।

ਸ਼ੁੱਕਰਵਾਰ ਨੂੰ ਬਕਾਇਆ ਫ਼ੀਸ ਵਾਲੇ ਵਿਦਿਆਰਥੀਆਂ ਦੀਆਂ ਕਾਪੀਆਂ 'ਤੇ ਫ਼ੀਸ ਭਰਨ ਦੀਆਂ ਇੱਕ ਨੋਟ ਦੇ ਰੂਪ 'ਚ ਮੋਹਰਾਂ ਲਈਆਂ ਗਈਆਂ ਸਨ। ਇਸੇ ਤਰ੍ਹਾਂ ਜਦੋਂ ਹਰਸ਼ਦੀਪ ਸਿੰਘ ਤੋਂ ਨੋਟ ਬੁੱਕ ਮੰਗੀ ਗਈ ਤਾਂ ਉਸ ਨੇ ਕਹਿ ਦਿੱਤਾ ਕਿ ਉਸ ਦੇ ਕੋਲ ਨਹੀਂ ਹੈ। ਫਿਰ ਅਜਿਹੇ ਵਿੱਚ ਅਧਿਆਪਕ ਨੇ ਇਹ ਮੋਹਰ ਬਾਂਹ 'ਤੇ ਹੀ ਲਾ ਦਿੱਤੀ।''

ਹਰਸ਼ਦੀਪ ਸਿੰਘ ਦੇ ਵੱਡੇ ਭਰਾ ਯੁਵਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਚਾਨਕ ਹੀ ਸ਼ੁੱਕਰਵਾਰ ਨੂੰ ਘਰ ਵਿੱਚ ਹੀ ਨੋਟ ਬੁੱਕ ਭੁੱਲ ਗਿਆ ਸੀ, ਜਿਸ ਮਗਰੋਂ ਉਸ ਦੀ ਖੱਬੀ ਬਾਂਹ 'ਤੇ ਫ਼ੀਸ ਬਾਬਤ ਮੋਹਰ ਲਾ ਦਿੱਤੀ ਗਈ।

ਜਾਂਚ ਲਈ ਕਮੇਟੀ ਗਠਿਤ

ਸਕੂਲ ਵਾਲਿਆਂ ਦਾ ਕਹਿਣਾ ਹੈ ਕਿ ਇਹ ਮੋਹਰ ਪਾਣੀ ਨਾਲ ਸੌਖੀ ਦੀ ਧੋਤੀ ਜਾ ਸਕਦੀ ਹੈ।

ਇਸ ਸੰਦਰਭ ਵਿੱਚ ਜ਼ਿਲਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਅਸਲੀਅਤ ਪਤਾ ਕਰਨ ਲਈ ਬਾਕਾਇਦਾ ਤੌਰ 'ਤੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਕਮੇਟੀ ਆਪਣੀ ਜਾਂਚ ਮੁਕੰਮਲ ਕਰਕੇ ਆਪਣੀ ਰਿਪੋਰਟ ਸੋਮਵਾਰ ਤੱਕ ਪੇਸ਼ ਕਰ ਦੇਵੇਗੀ।

ਜ਼ਿਲਾ ਸਿੱਖਿਆ ਅਫ਼ਸਰ ਨੇ ਕਿਹਾ, ''ਵਿਦਿਆਰਥੀ ਦੀ ਬਾਂਹ 'ਤੇ ਫੀਸ ਸਬੰਧੀ ਮੋਹਰ ਵਗੈਰਾ ਲਾਉਣਾ ਪੂਰੀ ਤਰ੍ਹਾਂ ਨਾਲ ਗ਼ਲਤ ਹੈ। ਜਾਂਚ ਕਮੇਟੀ ਦੀ ਰਿਪੋਰਟ ਵਿੱਚ ਜਿਹੜਾ ਵੀ ਇਸ ਘਟਨਾ ਲਈ ਜ਼ਿੰਮੇਵਾਰ ਸਾਬਤ ਹੋਵੇਗਾ, ਉਸ ਵਿਰੁੱਧ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।''

ਬੱਚੇ ਨੇ ਸਕੂਲ ਛੱਡਿਆ

ਬੱਚੇ ਦੇ ਭਰਾ ਯੁਵਰਾਜ ਸਿੰਘ ਕਹਿੰਦੇ ਹਨ, ''ਪਾਪਾ ਆਟੋ ਰਿਕਸ਼ਾ ਚਲਾਉਂਦੇ ਹਨ ਤੇ ਮੈਂ ਇੱਕ ਜੁੱਤੀਆਂ ਵਾਲੀ ਦਕਾਨ 'ਤੇ ਕੰਮ ਕਰਦਾ ਹਾਂ। ਮੈਂਨੂੰ ਤਨਖ਼ਾਹ ਮਹੀਨਾ ਪੂਰਾ ਹੋਣ 'ਤੇ ਮਿਲਦੀ ਹੈ।

ਅਸੀਂ ਘਰ ਵਿੱਚ ਮਸ਼ਵਰਾ ਕਰਕੇ ਹੀ ਸਕੂਲ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ ਕਿ ਫ਼ੀਸ ਭਰਨ ਲਈ ਥੋੜ੍ਹਾ ਸਮਾਂ ਦੇ ਦਿੱਤਾ ਜਾਵੇ। ਪਰ ਆਖ਼ਰਕਾਰ ਮੋਹਰ ਲੱਗ ਹੀ ਗਈ।''

''ਹੁਣ ਅਸੀਂ ਸਿੱਖਿਆ ਵਿਭਾਗ ਦੇ ਅਫ਼ਸਰਾਂ ਨੂੰ ਬੇਨਤੀ ਕਰਦੇ ਹਾਂ ਕਿ ਮੇਰੇ ਭਰਾ ਦੀ ਪੜ੍ਹਾਈ ਦਾ ਸਾਲ ਬਰਬਾਦ ਹੋਣ ਤੋਂ ਬਚਾਇਆ ਜਾਵੇ। ਬਾਂਹ 'ਤੇ ਮੋਹਰ ਲੱਗਣ ਤੋਂ ਬਾਅਦ ਹਰਸ਼ਦੀਪ ਸਿੰਘ ਸਕੂਲ ਨਹੀਂ ਜਾ ਰਿਹਾ ਹੈ। ਸਰਕਾਰ ਮੇਰੇ ਭਰਾ ਨੂੰ ਕਿਸੇ ਸਰਕਾਰੀ ਸਕੂਲ 'ਚ ਦਾਖ਼ਲਾ ਦੇ ਦੇਵੇ ਤਾਂ ਜੋ ਉਹ ਨਿਰਾਸ਼ ਹੋ ਕੇ ਪੜ੍ਹਾਈ ਨਾ ਛੱਡੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।