ਬਾਲਾਕੋਟ 'ਤੇ ਭਾਰਤੀ ਹਮਲਾ ਇਮਰਾਨ ਖ਼ਾਨ ਲਈ ਕਿੰਨੀ ਵੱਡੀ ਚੁਣੌਤੀ?

    • ਲੇਖਕ, ਹਾਰੂਨ ਰਸ਼ੀਦ
    • ਰੋਲ, ਪਾਕਿਸਤਾਨ ਤੋਂ, ਬੀਬੀਸੀ ਦੇ ਲਈ

ਭਾਰਤ ਨੇ 'ਸਰਜੀਕਲ ਸਟਰਾਈਕ' (ਸਤੰਬਰ 2016) ਕਰਕੇ ਸ਼ਾਇਦ ਵੇਖ ਲਿਆ ਸੀ ਕਿ ਪਾਕਿਸਤਾਨ ਦੀ ਪ੍ਰਤੀਕਿਰਿਆ ਕੀ ਹੋਵੇਗੀ। ਉਸ ਵੇਲੇ ਤਾਂ ਹਮਲਾ ਸ਼ਾਇਦ ਛੋਟੇ ਅਤੇ ਸਥਾਨਕ ਪੱਧਰ 'ਤੇ ਸੀ, ਤਾਂ 'ਕੁਝ ਅਜਿਹਾ ਨਹੀਂ ਹੋਇਆ' ਕਹਿਣ ਦਾ ਸਹਾਰਾ ਲੈਣਾ ਸਹਾਇਕ ਸਾਬਿਤ ਹੋਇਆ।

ਪਰ, ਇਸ ਵਾਰ ਤਾਂ ਭਾਰਤੀ ਜਹਾਜ਼ ਨਾ ਸਿਰਫ਼ ਪਾਕਿਸਤਾਨ ਸ਼ਾਸਿਤ ਕਸ਼ਮੀਰ ਸਗੋਂ ਪਾਕਿਸਤਾਨ ਦੇ ਖ਼ੈਬਰ ਪਖਤੂਨਖ਼ਵਾਹ ਸੂਬੇ ਦੇ ਬਾਲਾਕੋਟ ਇਲਾਕੇ ਤੱਕ ਆ ਪੁੱਜੇ। ਕੋਈ ਕੈਂਪ ਤਬਾਹ ਹੋਇਆ ਜਾਂ ਨਹੀਂ- ਇਹ ਬਾਅਦ ਦੀ ਗੱਲ ਹੈ, ਅਸਲ ਚਿੰਤਾ 'ਦੁਸ਼ਮਣ' ਦੇ ਜਹਾਜ਼ਾਂ ਦਾ ਦੇਸ ਦੀਆਂ ਹਵਾਈ ਸਰਹੱਦਾਂ ਵਿੱਚ ਦਾਖਲ ਹੋਣਾ ਹੈ।

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਲਈ ਇਹ ਕਿੰਨੀ ਵੱਡੀ ਚੁਣੌਤੀ ਹੈ? ਅਤੇ ਇਸ ਨਾਲ ਪਾਕਿਸਤਾਨ ਕਿਵੇਂ ਨਿਪਟੇਗਾ? ਉਨ੍ਹਾਂ ਦੇ ਕੋਲ ਕੀ ਬਦਲ ਹਨ?

ਪਾਕਿਸਤਾਨੀ ਹਵਾਈ ਸਰਹੱਦਾਂ ਦਾ ਉਲੰਘਣ ਪਿਛਲੇ 10 ਸਾਲਾਂ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਪਾਕਿਸਤਾਨ ਨੇ ਸਪੱਸ਼ਟ ਧਮਕੀਆਂ ਦਿੱਤੀਆਂ ਹਨ ਕਿ ਸਰਹੱਦ ਪਾਰ ਕਰਨਾ ਰੈੱਡ ਲਾਈਨ ਨੂੰ ਕਰੋਸ ਕਰਨਾ ਮੰਨਿਆ ਜਾਵੇਗਾ, ਪਰ ਇਸਦੇ ਬਾਵਜੂਦ ਅਮਰੀਕੀ ਫੌਜ ਨੇ ਦੋ ਵਾਰ ਇਸਦਾ ਬਿਲਕੁਲ ਖਿਆਲ ਨਹੀਂ ਰੱਖਿਆ।

ਇਹ ਵੀ ਪੜ੍ਹੋ:

2011 ਵਿੱਚ ਦੇਸ ਦੀ ਪੱਛਮੀ ਸਰਹੱਦ 'ਤੇ ਪਹਿਲਾਂ ਪੁਰਾਣੇ ਕਬਾਇਲੀ ਇਲਾਕੇ ਮਹਿਮੰਦ ਏਜੰਸੀ ਵਿੱਚ ਅਮਰੀਕੀ ਹੈਲੀਕਾਪਟਰਾਂ ਨੇ ਇੱਕ ਪਾਕਿਸਤਾਨੀ ਚੌਕੀ 'ਤੇ ਹਮਲਾ ਕਰਕੇ ਗਿਆਰਾ ਪਾਕਿਸਤਾਨੀ ਸਿਪਾਹੀਆਂ ਨੂੰ ਮਾਰਿਆ ਸੀ।

ਇਸਦੇ ਜਵਾਬ ਵਿੱਚ ਪਾਕਿਸਤਾਨ ਨੇ ਅਮਰੀਕਾ ਤੋਂ ਮਾਫ਼ੀ ਮੰਗਣ ਤੱਕ ਅਫ਼ਗਾਨਿਸਤਾਨ ਵਿੱਚ ਮੌਜੂਦ ਨੈਟੋ ਫੌਜਾਂ ਦੀ ਰਸਦ ਦਾ ਰਸਤਾ ਕਈ ਮਹੀਨੇ ਤੱਕ ਰੋਕ ਕੇ ਰੱਖਿਆ। ਅਫ਼ਗਾਨਿਸਤਾਨ ਵਿੱਚ ਪਹੁੰਚਾਏ ਜਾਣ ਵਾਲੇ ਰਸਦ ਦਾ ਦੋ ਤਿਹਾਈ ਹਿੱਸਾ ਸੜਕ ਮਾਰਗ ਤੋਂ ਹੋ ਕੇ ਜਾਂਦਾ ਸੀ ਅਤੇ ਇਹ ਸੜਕ ਪਾਕਿਸਤਾਨ ਤੋਂ ਹੋ ਕੇ ਲੰਘਦੀ ਹੈ।

ਦੂਜੀ ਵਾਰ ਅਮਰੀਕਾ ਨੇ ਹੀ ਐਬਟਾਬਾਦ ਵਰਗੇ ਵੱਡੇ ਸ਼ਹਿਰ 'ਤੇ ਹਮਲਾ ਕੀਤਾ ਅਤੇ ਓਸਾਮਾ ਬਿਨ ਲਾਦੇਨ ਨੂੰ ਮਾਰਨ ਵਿੱਚ ਉਹ ਕਾਮਯਾਬ ਹੋਇਆ। ਇਸ 'ਤੇ ਵੀ ਵਿਰੋਧ ਅਤੇ ਸਪੱਸ਼ਟੀਕਰਨ ਤੋਂ ਇਲਾਵਾ ਪਾਕਿਸਤਾਨ ਕੁਝ ਜ਼ਿਆਦਾ ਨਹੀਂ ਕਰ ਸਕਿਆ।

ਪਰ ਭਾਰਤ ਦੇ ਨਾਲ ਸਥਿਤੀ ਥੋੜ੍ਹੀ ਵੱਖਰੀ ਹੈ। ਪਾਕਿਸਤਾਨ ਫੌਜ ਅੱਜ ਵੀ ਭਾਰਤ ਨੂੰ ਆਪਣਾ ਦੁਸ਼ਮਣ ਨੰਬਰ ਵੰਨ ਮੰਨਦੀ ਹੈ। ਆਮ ਧਾਰਨਾ ਇਹੀ ਹੈ ਕਿ ਭਾਰਤ ਵਾਲੇ ਪਾਸਿਓਂ ਹੋਇਆ ਐਨਾ ਵੱਡਾ ਹਮਲਾ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੱਛਮ ਤੋਂ ਬਾਅਦ ਪੂਰਬ ਤੋਂ ਵੀ ਸਰਹੱਦ ਦਾ ਉਲੰਘਣ ਆਸਾਨੀ ਨਾਲ ਹਜ਼ਮ ਨਹੀਂ ਹੋਵੇਗਾ।

ਸਿਬਤੇ ਅਲੀ ਸਬਾ ਦਾ ਕਿਹਾ ਯਾਦ ਆਉਂਦਾ ਹੈ:

ਦੀਵਾਰ ਕਿਆ ਗਿਰੀ ਮੇਰੀ ਖ਼ਸਤਾ ਮਕਾਨ ਕੀ

ਲੋਗੋਂ ਨੇ ਮੇਰੇ ਸੇਹਨ ਮੇਂ ਰਸਤਾ ਬਨਾ ਲੀਆ…

ਸ਼ਾਇਦ ਇਮਰਾਨ ਖ਼ਾਨ ਸਰਕਾਰ ਲਈ ਇਹ ਸਹੀ ਸਮਾਂ ਹੈ ਕੁਝ ਅਜਿਹਾ ਕਰਕੇ ਦੁਨੀਆਂ ਨੂੰ ਦਿਖਾਉਣ ਦਾ ਕਿ ਆਖ਼ਰ ਉਹ ਇੱਕ ਮੁਲਕ ਹੈ ਜਿਸਦੀ ਕੋਈ ਇੱਜ਼ਤ ਵੀ ਹੈ ਅਤੇ ਮੁਲਕ ਤੋਂ ਵੱਧ ਸ਼ਾਇਦ ਇਹ ਪਾਕਿਸਤਾਨੀ ਫੌਜ ਦੀ ਇੱਜ਼ਤ ਦਾ ਵੀ ਮਾਮਲਾ ਹੈ।

ਇਸ ਇਤਬਾਰ ਤੋਂ ਪਾਕਿਸਤਾਨ ਦਾ ਬਿਆਨ ਕਾਫ਼ੀ ਚਿੰਤਾ ਦਾ ਕਾਰਨ ਹੈ ਕਿ ਉਹ " ਜਵਾਬ ਦਾ ਹੱਕ ਰਖਦਾ ਹੈ ਅਤੇ ਆਪਣੀ ਪਸੰਦ ਦੇ ਸਮੇਂ ਅਤੇ ਸਥਾਨਕ 'ਤੇ ਜਵਾਬ ਦੇਵੇਗਾ।"

ਜਵਾਬ ਦੇਵੇਗਾ ਪਾਕਿਸਤਾਨ

ਮਾਹਰਾਂ ਦਾ ਮੰਨਣਾ ਹੈ ਕਿ ਇੱਕ ਜਵਾਬ ਤਾਂ ਯਕੀਨਨ ਪਾਕਿਸਤਾਨ ਫੌਜੀ ਤਰੀਕੇ ਨਾਲ ਦੇਵੇਗਾ। ਉਹ ਕਸ਼ਮੀਰ ਵਿੱਚ ਹੋਵੇਗਾ ਜਾਂ ਕਿਤੇ ਹੋਰ, ਇਸਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਸਦੀ ਤਿਆਰੀ ਯਕੀਨਨ ਸ਼ੁਰੂ ਕਰ ਦਿੱਤੀ ਗਈ ਹੋਵੇਗੀ।

ਨੈਸ਼ਨਲ ਕਮਾਂਡ ਅਥਾਰਿਟੀ ਜੋ ਕਿ ਮੁਲਕ ਦੇ ਪਰਮਾਣੂ ਜਾਇਦਾਦ ਦੀ ਜ਼ਿੰਮੇਵਾਰੀ ਸੰਭਾਲਦੀ ਹੈ, ਉਸਦਾ ਇਸ ਸਬੰਧ ਵਿੱਚ ਬੈਠਕ ਬੁਲਾਉਣਾ ਕਾਫ਼ੀ ਖ਼ਤਰਨਾਕ ਕਦਮ ਹੈ। ਜੰਗ ਦੇ ਵਿਰੋਧੀ ਉਮੀਦ ਕਰ ਰਹੇ ਹਨ ਕਿ ਇਮਰਾਨ ਖ਼ਾਨ ਹੋਰ ਕਿਸੇ ਗੱਲ 'ਤੇ ਆਪਣਾ ਮਸ਼ਹੂਰ ਯੂ-ਟਰਨ ਨਾ ਲੈਣ, ਘੱਟੋ-ਘੱਟ ਜੰਗ ਦੇ ਮਾਮਲੇ 'ਤੇ ਯੂ-ਟਰਨ ਲਵੇ ਨਾ ਲਵੇ, ਘੱਟੋ-ਘੱਟ ਜੰਗ ਦੇ ਮਾਮਲੇ 'ਤੇ ਯੂ-ਟਰਨ ਜ਼ਰੂਰ ਲੈ ਲਵੇ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਵਿਚਾਰ ਹੈ ਕਿ ਜੰਗ ਕੋਈ ਪਿਕਨਿਕ ਨਹੀਂ ਜਿਸ 'ਤੇ ਜਾਈਏ। ਇਹ ਵੱਖਰੀ ਗੱਲ ਹੈ ਕਿ ਭਾਰਤ ਇਨ੍ਹਾਂ ਨੂੰ ਬੰਦ ਗਲੀ ਵਿੱਚ ਘੇਰ ਲਿਆ ਹੈ।

ਹੁਣ ਫ਼ੈਸਲਾ ਇਮਰਾਨ ਖ਼ਾਨ ਨੇ ਕਰਨਾ ਹੈ ਕਿ ਉਹ 'ਪਲੇਅ ਟੂ ਦਿ ਗੈਲਰੀ' ਕਰਦੇ ਹਨ ਜਾਂ ਜ਼ਿਆਦਾ ਵਿਕਸਿਤ ਪਾਲਿਸੀ ਅਖ਼ਤਿਆਰ ਕਰਦੇ ਹਨ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਕਹਿ ਦਿੱਤਾ ਕਿ ''ਜਵਾਬ ਜ਼ਰੂਰ ਦਿੱਤਾ ਜਾਵੇਗਾ ਅਤੇ ਇਹ ਵੱਖਰਾ ਹੋਵੇਗਾ।"

ਸਿਆਸੀ ਫਰੰਟ 'ਤੇ ਕੋਸ਼ਿਸ਼ਾਂ

ਜੰਗ ਦੀ ਰਣਨੀਤੀ ਤੋਂ ਇਲਾਵਾ ਇਮਰਾਨ ਖ਼ਾਨ ਨੇ ਸਿਆਸੀ ਫਰੰਟ 'ਤੇ ਕੋਸ਼ਿਸ਼ਾਂ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਫ਼ੈਸਲਾ ਹੋਇਆ ਹੈ ਕਿ ਦੁਨੀਆਂ ਦੇ ਨੇਤਾਵਾਂ ਨੂੰ ਵੀ ਭਾਰਤ ਦੀ 'ਗ਼ੈਰ-ਜ਼ਿੰਮੇਦਾਰਾਨਾ' ਪਾਲਿਸੀ ਬਾਰੇ ਜਾਣੂ ਕਰਵਾਇਆ ਜਾਵੇਗਾ। ਇਹ ਬਹਿਤਰੀਨ ਰਣਨੀਤੀ ਹੋ ਸਕਦੀ ਹੈ।

ਹਾਲਾਂਕਿ, ਭਾਰਤ ਵਾਲੇ ਪਾਸਿਓਂ ਬਾਲਾਕੋਟ ਕਾਰਵਾਈ ਤੋਂ ਬਾਅਦ ਕਿੰਨੇ ਵਿਸ਼ਵ ਭਰ ਦੇ ਨੇਤਾਵਾਂ ਨੂੰ ਭਰੋਸੇ ਵਿੱਚ ਲਿਆ ਗਿਆ ਇਸਦੀ ਜਾਣਕਾਰੀ ਨਹੀਂ ਹੈ। ਜੇਕਰ ਇਸ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਰਜ਼ਾਮੰਦੀ ਸ਼ਾਮਲ ਹੈ ਤਾਂ ਫਿਰ ਪਾਕਿਸਤਾਨ ਦੇ ਕੋਲ ਇੱਕ ਚੀਨ ਹੀ ਬਚ ਜਾਂਦਾ ਹੈ ਜਿਸ ਤੋਂ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਦੇ ਸਮਰਥਨ ਦੀ ਉਮੀਦ ਹੋਵੇਗੀ।

ਹਾਲਾਂਕਿ, ਆਮ ਖਿਆਲ ਇਹੀ ਹੈ ਕਿ ਫੌਜੀ ਹਮਲੇ ਦੀ ਰਵਾਇਤੀ ਨਿੰਦਾ ਵਾਲਾ ਬਿਆਨ ਸ਼ਾਇਦ ਸਾਰੇ ਹੀ ਦੇਣ।

ਇਹ ਵੀ ਪੜ੍ਹੋ:

ਭਾਰਤ ਤਾਂ ਕਦੋਂ ਤੋਂ ਪਾਕਿਸਤਾਨ ਨੂੰ ਸਿਆਸੀ ਤੌਰ 'ਤੇ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਮਰਾਨ ਖ਼ਾਨ ਤੋਂ ਵੱਧ ਕੇ ਕਈ ਲੋਕਾਂ ਦਾ ਮੰਨਣਾ ਹੈ ਕਿ ਹੁਣ ਸਵਾਲ ਹੈ ਕਿ ਬਾਜਵਾ (ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ) ਡਾਕਟਰੀਨ ਦਾ ਕੀ ਹੋਵੇਗਾ?

ਇਸ ਡਾਕਟਰੀਨ ਦੇ ਮੁਤਾਬਕ ਪਾਕਿਸਤਾਨੀ ਫੌਜ ਦੇ ਮੁਖੀ ਕਮਰਕ ਜਾਵੇਦ ਬਾਜਵਾ ਸਥਾਨਕ ਅਮਨ ਦੇ ਸਮਰਥਕ ਕਰਾਰ ਦਿੱਤੇ ਗਏ। ਇਸ ਪਾਲਿਸੀ ਦੇ ਤਹਿਤ ਭਾਰਤ ਦੇ ਨਾਲ ਦਿੱਕਤਾਂ ਨੂੰ ਇੱਕ ਪਾਸੇ ਰੱਖ ਕੇ ਦੋਵੇਂ ਦੇਸ ਚੰਗੇ ਸਬੰਧਾਂ ਦੀ ਕੋਸ਼ਿਸ਼ ਕਰਨਗੇ। ਹੁਣ ਕੀ ਬਾਜਵਾ ਡਾਕਟਰੀਨ ਪੁਰਾਣੀ ਕਹਾਣੀ ਬਣ ਜਾਵੇਗਾ?

ਜੰਗ ਅਤੇ ਕੂਟਨੀਤਕ ਮੋਰਚਿਆਂ 'ਤੇ ਜੋ ਵੀ ਹੋਵੇ, ਅਸਲ ਚਿੰਤਾ ਦੀ ਗੱਲ ਇਮਰਾਨ ਖ਼ਾਨ ਅਤੇ ਜਨਤਾ ਲਈ ਮੁਲਕ ਦੀ ਖ਼ਰਾਬ ਆਰਥਿਕ ਸਥਿਤੀ ਹੈ। ਇਸ ਜੰਗੀ ਜਨੂਨ ਤੋਂ ਅਰਥਵਿਵਸਥਾ ਦੇ ਹੋਰ ਮਾੜੇ ਹੋਣ ਦੀ ਹਾਲਤ ਵਿੱਚ ਹੁਣ ਇਮਰਾਨ ਖ਼ਾਨ ਕੋਲ ਕੀ ਬਦਲ ਬਚਦੇ ਹਨ। ਕੀ ਇਹ ਮੁਲਕ ਮੌਜੂਦਾ ਸਮੇਂ ਵਿੱਚ ਜੰਗ ਦਾ ਬੋਝ ਬਰਦਾਸ਼ਤ ਕਰ ਸਕਦਾ ਹੈ?

ਮੰਗਲਵਾਰ ਨੂੰ ਸੰਸਦ ਵਿੱਚ ਵੀ ਤਮਾਮ ਸਿਆਸੀ ਪਾਰਟੀਆਂ ਨੇ ਸਰਕਾਰ ਨੂੰ ਪੂਰੇ ਸਮਰਥਨ ਦੀ ਗੱਲ ਦੁਹਰਾਈ ਹੈ। ਦੋਵੇਂ ਪਾਸਿਓਂ ਆ ਰਹੇ ਬਿਆਨਾਂ ਤੋਂ ਨਹੀਂ ਲਗਦਾ ਕਿ ਹਾਲਾਤ ਛੇਤੀ ਬਿਹਤਰ ਹੋਣਗੇ। ਇਸ ਮਾਮਲੇ 'ਤੇ ਪੂਰੀ ਦੁਨੀਆਂ ਦੀਆਂ ਤਾਕਤਾਂ ਦੀ ਚੁੱਪੀ ਵੀ ਸਮਝ ਤੋਂ ਪਰੇ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)