ਮੁਹੰਮਦ ਬਿਨ ਸਲਮਾਨ, ਸਾਊਦੀ ਦੇ 'ਅਸਲ ਬਾਦਸ਼ਾਹ', ਸੁਧਾਰਕ ਜਾਂ ਕਰੂਰ ਸ਼ਾਸਕ

ਸਾਊਦੀ ਅਰਬ ਦੇ ਯੁਵਰਾਜ, ਮੁਹੰਮਦ ਬਿਨ ਸਲਮਾਨ ਪਾਕਿਸਤਾਨ ਤੋਂ ਬਾਅਦ ਭਾਰਤ ਦਾ ਦੌਰਾ ਵੀ ਕਰ ਰਹੇ ਹਨ। ਇਸ ਯੁਵਰਾਜ ਦਾ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਵਿੱਚ ਕੀ ਸਥਾਨ ਹੈ, ਜਾਣੋ ਉਨ੍ਹਾਂ ਦੇ ਜੀਵਨ ਦੀ ਕਹਾਣੀ:

ਜਦੋਂ ਤੱਕ ਉਨ੍ਹਾਂ ਦੇ ਪਿਤਾ ਸਾਊਦੀ ਅਰਬ ਦੇ ਬਾਦਸ਼ਾਹ ਨਹੀਂ ਬਣੇ ਸਨ, ਮੁਹੰਮਦ ਬਿਨ ਸਲਮਾਨ ਨੂੰ ਉਨ੍ਹਾਂ ਦੇ ਦੇਸ ਤੋਂ ਬਾਹਰ ਸ਼ਾਇਦ ਹੀ ਕੋਈ ਜਾਣਦਾ ਸੀ।

ਹੁਣ ਤਾਂ ਗੱਦੀ ਦੇ ਅਗਲੇ ਹੱਕਦਾਰ, ਇਸ 33-ਸਾਲਾ ਯੁਵਰਾਜ ਨੂੰ ਤੇਲ ਦੇ ਧਨੀ ਇਸ ਮੁਲਕ ਦਾ 'ਅਸਲ' ਬਾਦਸ਼ਾਹ ਹੀ ਸਮਝਿਆ ਜਾਂਦਾ ਹੈ।

ਪੱਛਮੀ ਦੇਸਾਂ ਦੇ ਆਗੂ ਉਨ੍ਹਾਂ ਦੇ ਸਮਾਜਕ ਸੁਧਾਰਾਂ ਕਰਕੇ ਖੁਸ਼ ਹਨ। ਸਲਮਾਨ ਨੇ ਆਪਣੇ ਰੂੜ੍ਹੀਵਾਦੀ ਦੇਸ ਵਿੱਚ ਔਰਤਾਂ ਨੂੰ ਗੱਡੀ ਚਲਾਉਣ ਦਾ ਹੱਕ ਦਿੱਤਾ ਹੈ ਅਤੇ ਅਰਥਚਾਰੇ 'ਚ ਤੇਲ ਤੋਂ ਇਲਾਵਾ ਹੋਰਨਾਂ ਕਾਰੋਬਾਰਾਂ ਲਈ ਖੁਲ੍ਹਾਂ ਦਿੱਤੀਆਂ ਹਨ।

ਇਹ ਵੀ ਜ਼ਰੂਰ ਪੜ੍ਹੋ

ਇਸ ਦੇ ਨਾਲ ਹੀ ਗੁਆਂਢੀ ਮੁਲਕ ਯਮਨ ਵਿੱਚ ਜੰਗ ਛੇੜਨ ਕਰਕੇ ਉਨ੍ਹਾਂ ਦੀ ਨਿਖੇਧੀ ਹੋਈ ਹੈ। ਉਨ੍ਹਾਂ ਨੂੰ ਇੱਕ ਹੋਰ ਖਾੜੀ ਮੁਲਕ, ਕਤਰ ਨਾਲ ਝਗੜੇ ਲਈ ਅਤੇ ਆਪਣੇ ਵਿਰੋਧੀਆਂ ਖਿਲਾਫ ਸਖਤ ਕਾਰਵਾਈ ਲਈ ਵੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ।

ਅਕਤੂਬਰ 2018 ਵਿੱਚ ਜਦੋਂ ਉਨ੍ਹਾਂ ਦੀ ਸਰਕਾਰ ਦੇ ਵੱਡੇ ਆਲੋਚਕ, ਸਾਊਦੀ ਪੱਤਰਕਾਰ ਜਮਾਲ ਖਾਸ਼ੋਜੀ ਦਾ ਕਥਿਤ ਤੌਰ 'ਤੇ ਸਾਊਦੀ ਖੂਫੀਆ ਏਜੰਟਾਂ ਨੇ ਤੁਰਕੀ ਵਿੱਚ ਕਤਲ ਕੀਤਾ ਤਾਂ ਇਹ ਵੀ ਆਵਾਜ਼ਾਂ ਉੱਠੀਆਂ ਕਿ ਸਲਮਾਨ ਤੋਂ ਸ਼ਾਹੀ ਗੱਦੀ ਦਾ ਹੱਕ ਖੋਹ ਲਿਆ ਜਾਵੇ।

ਸੱਤਾ ਵੱਲ ਚੜ੍ਹਾਈ

ਮੁਹੰਮਦ ਬਿਨ ਸਲਮਾਨ ਦਾ ਜਨਮ 31 ਅਗਸਤ 1985 ਨੂੰ ਹੋਇਆ। ਉਹ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ ਦੀ ਤੀਜੀ ਪਤਨੀ ਦੇ ਵੱਡੇ ਪੁੱਤਰ ਹਨ। ਅਬਦੁਲ ਅਜ਼ੀਜ਼ ਉਸ ਵੇਲੇ ਯੁਵਰਾਜ ਸਨ ਅਤੇ ਫਿਰ ਬਾਦਸ਼ਾਹ ਬਣ ਗਏ।

ਮੁਹੰਮਦ ਬਿਨ ਸਲਮਾਨ ਨੇ ਰਿਆਸਤ ਦੀ ਰਾਜਧਾਨੀ ਰਿਆਦ ਵਿੱਚ ਕਿੰਗ ਸਾਊਦ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਸਨਾਤਕ ਡਿਗਰੀ ਹਾਸਲ ਕੀਤੀ।

ਰਿਆਸਤ ਦੇ ਕਈ ਮਹਿਕਮਿਆਂ ਵਿੱਚ ਕੰਮ ਕਰਨ ਤੋਂ ਬਾਅਦ 2019 ਵਿੱਚ ਉਨ੍ਹਾਂ ਨੂੰ ਪਿਤਾ ਦਾ ਸਪੈਸ਼ਲ ਐਡਵਾਈਜ਼ਰ (ਖਾਸ ਸਲਾਹਕਾਰ) ਲਗਾ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਉਸ ਵੇਲੇ ਰਿਆਦ ਸੂਬੇ ਦੇ ਗਵਰਨਰ ਸਨ।

ਇਹ ਵੀ ਜ਼ਰੂਰ ਪੜ੍ਹੋ

ਮੁਹੰਮਦ ਬਿਨ ਸਲਮਾਨ ਦੀ ਸੱਤਾ ਵੱਲ ਚੜ੍ਹਾਈ 2013 ਵਿੱਚ ਸ਼ੁਰੂ ਹੋਈ ਜਦੋਂ ਉਨ੍ਹਾਂ ਨੂੰ ਵਜ਼ੀਰ ਦਾ ਅਹੁਦਾ ਦੇ ਕੇ ਇੱਕ ਅਦਾਲਤ ਦਾ ਮੁਖੀ ਬਣਾਇਆ ਗਿਆ। ਇਹ ਅਦਾਲਤ ਉਨ੍ਹਾਂ ਦੇ ਪਿਤਾ ਦੀ ਸੀ ਜੋ ਕਿ ਉਸ ਤੋਂ ਪਿਛਲੇ ਸਾਲ ਹੀ ਗੱਦੀ ਦੇ ਅਗਲੇ ਹੱਕਦਾਰ ਐਲਾਨੇ ਗਏ ਸਨ।

ਜਨਵਰੀ 2015 ਵਿੱਚ ਉਸ ਵੇਲੇ ਦੇ ਬਾਦਸ਼ਾਹ, ਅਬਦੁੱਲਾਹ ਬਿਨ ਅਬਦੁਲ ਅਜ਼ੀਜ਼ ਦੀ ਮੌਤ ਹੋਈ ਤਾਂ ਮੁਹੰਮਦ ਬਿਨ ਸਲਮਾਨ ਦੇ ਪਿਤਾ ਨੂੰ 79 ਸਾਲ ਦੀ ਉਮਰ 'ਚ ਗੱਦੀ ਮਿਲ ਗਈ।

ਨਵੇਂ ਬਾਦਸ਼ਾਹ ਨੇ ਸਭ ਤੋਂ ਪਹਿਲਾਂ ਦੋ ਫੈਸਲੇ ਕੀਤੇ — ਆਪਣੇ ਪੁੱਤਰ ਸਲਮਾਨ ਨੂੰ ਰੱਖਿਆ ਮੰਤਰੀ ਬਣਾਇਆ ਅਤੇ ਭਤੀਜੇ ਮੁਹੰਮਦ ਬਿਨ ਨਾਏਫ ਨੂੰ ਸਲਮਾਨ ਤੋਂ ਬਾਅਦ ਗੱਦੀ ਦਾ ਅਗਲਾ ਹੱਕਦਾਰ ਐਲਾਨ ਦਿੱਤਾ।

ਜੰਗ ਦਾ ਫੈਸਲਾ

ਰੱਖਿਆ ਮੰਤਰੀ ਬਣਨ ਤੋਂ ਬਾਅਦ ਮੁਹੰਮਦ ਬਿਨ ਸਲਮਾਨ ਦਾ ਪਹਿਲਾ ਵੱਡਾ ਫੈਸਲਾ ਮਾਰਚ 2015 ਵਿੱਚ ਯਮਨ ਨਾਲ ਜੰਗ ਛੇੜਨ ਦਾ ਸੀ।

ਉਨ੍ਹਾਂ ਦਾ ਟੀਚਾ ਹੋਰਨਾਂ ਅਰਬ ਮੁਲਕਾਂ ਨਾਲ ਰਲ ਕੇ ਸਰਕਾਰ-ਵਿਰੋਧੀ ਹੂਥੀ ਲੜਾਕਿਆਂ ਨੂੰ ਹਰਾਉਣ ਦਾ ਸੀ। ਉਹ ਇਨ੍ਹਾਂ ਵਿਰੋਧੀਆਂ ਨੂੰ ਈਰਾਨ ਦਾ ਹਥਕੰਡਾ ਸਮਝਦੇ ਸਨ।

ਇਨ੍ਹਾਂ ਵਿਰੋਧੀਆਂ ਨੇ ਯਮਨ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਰਾਸ਼ਟਰਪਤੀ ਨੂੰ ਮੁਲਕ ਛੱਡਣ 'ਤੇ ਮਜਬੂਰ ਕਰ ਦਿੱਤਾ ਸੀ।

ਹੁਣ ਤੱਕ ਚੱਲ ਰਹੀ ਜੰਗ ਵਿੱਚ ਸਾਊਦੀ ਅਰਬ ਅਤੇ ਸਾਥੀ ਦੇਸਾਂ ਨੂੰ ਬਹੁਤੀ ਕਾਮਯਾਬੀ ਨਹੀਂ ਮਿਲੀ ਹੈ, ਸਗੋਂ ਇਨ੍ਹਾਂ ਉੱਪਰ ਜੰਗ ਦੌਰਾਨ ਲੋਕਾਂ ਉੱਤੇ ਤਸ਼ੱਦਦ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਹਨ। ਇਲਜ਼ਾਮ ਇਹ ਵੀ ਹੈ ਕਿ ਯਮਨ ਵਿੱਚ ਇਸ ਜੰਗ ਕਰਕੇ ਸੋਕਾ ਪੈ ਗਿਆ ਹੈ।

ਇਹ ਵੀ ਜ਼ਰੂਰ ਪੜ੍ਹੋ

ਆਰਥਕ ਕੌਂਸਲ ਦੀ ਪ੍ਰਧਾਨਗੀ

ਮੁਹੰਮਦ ਬਿਨ ਸਲਮਾਨ ਵੱਲੋਂ ਜੰਗ ਛੇੜਨ ਦੇ ਇੱਕ ਮਹੀਨੇ ਬਾਅਦ, ਅਪ੍ਰੈਲ 2015 ਵਿੱਚ ਬਾਦਸ਼ਾਹ ਨੇ ਗੱਦੀ ਦੇ ਹੱਕ ਵਿੱਚ ਭਤੀਜੇ ਮੁਹੰਮਦ ਬਿਨ ਨਾਏਫ ਨੂੰ ਪਹਿਲਾਂ ਅੱਗੇ ਕਰ ਦਿੱਤਾ ਅਤੇ ਪੁੱਤਰ ਮੁਹੰਮਦ ਬਿਨ ਸਲਮਾਨ ਨੂੰ ਉਸ ਤੋਂ ਬਾਅਦ ਦਾ ਅਹੁਦਾ ਦਿੱਤਾ। ਇਸ ਦੇ ਨਾਲ ਹੀ ਮੁਹੰਮਦ ਬਿਨ ਸਲਮਾਨ ਨੂੰ ਦੋ ਹੋਰ ਅਹੁਦੇ ਮਿਲੇ, ਇੱਕ ਉਪ ਪ੍ਰਧਾਨ ਮੰਤਰੀ ਦਾ ਅਤੇ ਦੂਜਾ ਆਰਥਕ ਤੇ ਵਿਕਾਸ ਦੇ ਮਾਮਲਿਆਂ ਦੇ ਕੌਂਸਲ ਪ੍ਰਧਾਨ ਦਾ।

ਇਸ ਤੋਂ ਇੱਕ ਸਾਲ ਬਾਅਦ ਹੀ ਮੁਹੰਮਦ ਬਿਨ ਸਲਮਾਨ ਨੇ ਰਿਆਸਤ ਵਿੱਚ ਵੱਡੇ ਆਰਥਕ ਅਤੇ ਸਮਾਜਕ ਬਦਲਾਅ ਲਿਆਉਣ ਦਾ ਫੈਸਲਾ ਕੀਤਾ ਅਤੇ ਤੇਲ ਉੱਪਰ ਨਿਰਭਰਤਾ ਘਟਾਉਣ ਵੱਲ ਕਦਮ ਚੁੱਕੇ।

ਇਸ ਯੋਜਨਾ ਨੂੰ 'ਵਿਜਨ 2030' ਨਾਂ ਦਿੱਤਾ ਗਿਆ ਹੈ।

ਯੁਵਰਾਜ ਸਲਮਾਨ ਦਾ ਇਰਾਦਾ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਦੌਲਤ ਦਾ ਭੰਡਾਰ ਬਣਾਇਆ ਜਾਵੇ ਅਤੇ ਮੁਲਕ ਦੀ ਤੇਲ ਕੰਪਨੀ ਦਾ ਕੁਝ ਹੱਦ ਤੱਕ ਨਿੱਜੀਕਰਣ ਕੀਤਾ ਜਾਵੇ।

ਸਮਾਜਕ ਬਦਲਾਅ

ਇਸੇ ਯੋਜਨਾ ਤਹਿਤ ਪੜ੍ਹਾਈ ਵਿੱਚ ਬਦਲਾਅ ਲਿਆਏ ਜਾਣਗੇ, ਔਰਤਾਂ ਨੂੰ ਹੋਰ ਅਧਿਕਾਰ ਦਿੱਤੇ ਜਾਣਗੇ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ, ਅਤੇ ਮਨੋਰੰਜਨ ਦੇ ਕਾਰੋਬਾਰ ਵਿੱਚ ਪੈਸੇ ਲਗਾ ਕੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ।

ਅਪ੍ਰੈਲ 2017 ਵਿੱਚ ਰਿਆਸਤ ਨੇ ਫੈਸਲਾ ਕੀਤਾ ਕਿ 334 ਸੁਕੇਅਰ ਕਿਲੋਮੀਟਰ ਦੇ ਖੇਤਰ ਵਿੱਚ ਰਿਆਦ ਨੇੜੇ ਇੱਕ 'ਐਂਟਰਟੇਨਮੈਂਟ ਸਿਟੀ' ਬਣਾਈ ਜਾਵੇਗੀ।

ਜੂਨ 2017 ਵਿੱਚ ਸਾਊਦੀ ਅਰਬ ਅਤੇ ਉਸ ਦੇ ਤਿੰਨ ਸਾਥੀ ਮੁਲਕਾਂ ਨੇ ਕ਼ਤਰ ਦਾ ਆਰਥਕ ਬਾਈਕਾਟ ਸ਼ੁਰੂ ਕੀਤਾ ਜਿਸ ਪਿੱਛੇ ਵਜ੍ਹਾ ਸਲਮਾਨ ਨੂੰ ਹੀ ਮੰਨਿਆ ਗਿਆ। ਇਸ ਦਾ ਕਰਨ ਇਹ ਦੱਸਿਆ ਗਿਆ ਕਿ ਕਤਰ ਨੇ ਦਹਿਸ਼ਤਗਰਦੀ ਨੂੰ ਹੁੰਗਾਰਾ ਦਿੱਤਾ ਸੀ, ਹਾਲਾਂਕਿ ਕਤਰ ਨੇ ਇਸ ਤੋਂ ਇਨਕਾਰ ਕੀਤਾ ਹੈ।

ਗੱਦੀ ਉੱਪਰ ਹੱਕ

ਇਸੇ ਮਹੀਨੇ ਬਾਦਸ਼ਾਹ ਨੇ ਮੁੜ ਆਪਣੇ ਪੁੱਤਰ ਮੁਹੰਮਦ ਬਿਨ ਸਲਮਾਨ ਨੂੰ ਗੱਦੀ ਉੱਪਰ ਪਹਿਲਾ ਹੱਕ ਦੇ ਦਿੱਤਾ।

ਉਨ੍ਹਾਂ ਨੇ ਭਤੀਜੇ ਮੁਹੰਮਦ ਬਿਨ ਨਾਏਫ ਨੂੰ ਨਾ ਕੇਵਲ ਗੱਦੀ ਦੀ ਕਤਾਰ ਵਿੱਚੋਂ ਬਾਹਰ ਕੱਢਿਆ ਸਗੋਂ ਹੋਰਨਾਂ ਅਹੁਦਿਆਂ ਉਤੋਂ ਵੀ ਹਟਾ ਦਿੱਤਾ ਅਤੇ ਕਥਿਤ ਤੌਰ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ।

ਇਸ ਤੋਂ ਬਾਅਦ ਤਾਂ ਮੁਹੰਮਦ ਬਿਨ ਸਲਮਾਨ ਨੇ ਗੱਦੀ ਉੱਪਰ ਹੱਕ ਪੱਕਾ ਕਰਨ ਲਈ ਕਈ ਕਦਮ ਚੁੱਕੇ।

ਤੇਲ ਦੀਆਂ ਡਿਗਦੀਆਂ ਕੀਮਤਾਂ ਦੇ ਮੱਦੇਨਜ਼ਰ ਅਫਸਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ।

ਇਸ ਤੋਂ ਬਾਅਦ ਵਿਰੋਧੀਆਂ ਨੂੰ ਦੱਬਣ ਲਈ ਕਾਰਵਾਈ ਸ਼ੁਰੂ ਕੀਤੀ। ਘੱਟੋਘੱਟ 20 ਧਾਰਮਕ ਆਗੂਆਂ ਅਤੇ ਬੁੱਧੀਜੀਵੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਵਿਰੋਧੀਆਂ ਨੂੰ ਇੱਕ ਹੋਟਲ ਕੈਦ ਕਰਨ ਦੀ ਕਹਾਣੀ: ਬੀਬੀਸੀ ਦਾ ਵੀਡੀਓ ਜ਼ਰੂਰ ਦੇਖੋ

ਅਧਿਕਾਰ ਤੇ 'ਸੁਧਾਰ'

ਸਤੰਬਰ 2017 ਵਿੱਚ ਬਾਦਸ਼ਾਹ ਨੇ ਐਲਾਨ ਕੀਤਾ ਕਿ ਔਰਤਾਂ ਦੁਆਰਾ ਗੱਡੀ ਚਲਾਉਣ ਦੀ ਮਨਾਹੀ ਜੂਨ 2018 ਆਉਣ ਤੱਕ ਹਟਾ ਲਈ ਜਾਵੇਗੀ। ਇਸ ਸਮਾਜਕ ਸੁਧਾਰ ਦਾ ਸਿਹਰਾ ਮੁਹੰਮਦ ਬਿਨ ਸਲਮਾਨ ਦੇ ਸਿਰ ਬੰਨ੍ਹਿਆ ਗਿਆ।

ਫਿਰ ਮੁਹੰਮਦ ਬਿਨ ਸਲਮਾਨ ਨੇ ਐਲਾਨ ਕੀਤਾ ਕਿ ਸਾਊਦੀ ਅਰਬ ਆਧੁਨਿਕ ਦੌਰ ਵਿੱਚ ਹਿੱਸਾ ਪਾਉਣ ਲਈ "ਉਦਾਰਵਾਦੀ ਇਸਲਾਮ" ਵੱਲ ਮੁੜੇਗਾ।

ਇਸ ਤੋਂ ਬਾਅਦ ਉਨ੍ਹਾਂ ਨੇ "ਭ੍ਰਿਸ਼ਟਾਚਾਰ-ਵਿਰੋਧੀ ਲਹਿਰ" ਦੇ ਤਹਿਤ 381 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਵਿਸ਼ਲੇਸ਼ਕਾਂ ਮੁਤਾਬਕ ਉਨ੍ਹਾਂ ਨੇ ਇਸ ਰਾਹੀਂ ਵਿਰੋਧੀਆਂ ਨੂੰ ਪਾਸੇ ਕਰ ਦਿੱਤਾ।

ਜਨਵਰੀ 2018 ਤੱਕ ਸਰਕਾਰ ਨੇ ਐਲਾਨ ਕੀਤਾ ਕਿ ਜ਼ਿਆਦਾਤਰ ਹਿਰਾਸਤੀਆਂ ਨੇ ਆਪਣੇ ਉੱਪਰ ਲੱਗੇ ਦੋਸ਼ ਮੰਨ ਲਏ ਹਨ ਅਤੇ 107 ਅਰਬ ਡਾਲਰ ਦੀ ਜਾਇਦਾਦ ਸਰਕਾਰ ਨੂੰ ਦੇ ਦਿੱਤੀ ਹੈ।

ਮੁਹੰਮਦ ਬਿਨ ਸਲਮਾਨ ਨੇ ਇਸ ਕਾਰਵਾਈ ਨੂੰ "ਭ੍ਰਿਸ਼ਟਾਚਾਰ ਦਾ ਕੈਂਸਰ" ਮੁਕਾਉਣ ਲਈ ਜ਼ਰੂਰੀ ਦੱਸਿਆ ਪਰ ਕਈ ਬਾਹਰਲੇ ਦੇਸਾਂ ਦੇ ਨਿਵੇਸ਼ਕ ਇਸ ਕਰਕੇ ਡਰ ਵੀ ਗਏ।

ਨਿਵੇਸ਼ ਉੱਪਰ ਹੋਰ ਅਸਰ ਉਦੋਂ ਪਿਆ ਜਦੋਂ ਸਾਊਦੀ ਸਰਕਾਰ ਨੇ ਚੀਨ ਨਾਲ ਵਪਾਰਕ ਰਿਸ਼ਤੇ ਭੰਗ ਕਰ ਦਿੱਤੇ। ਇਸ ਪਿੱਛੇ ਕਾਰਨ ਸੀ ਕਿ ਚੀਨ ਨੇ ਸਾਊਦੀ ਅਰਬ ਵੱਲੋਂ ਹਿਰਾਸਤ ਵਿੱਚ ਲਏ ਮਨੁੱਖੀ ਅਧਿਕਾਰਾਂ ਦੇ ਕੁਝ ਕਾਰਕੁਨਾਂ ਦੀ ਰਿਹਾਈ ਦੀ ਮੰਗ ਕੀਤੀ ਸੀ।

ਇੱਕ ਕੁੜੀ ਦੇ ਆਉਦੀ ਅਰਬ ਤੋਂ ਭੱਜਣ ਦੀ ਕਹਾਣੀ: ਵੀਡੀਓ ਜ਼ਰੂਰ ਦੇਖੋ

ਹੱਕਾਂ ਉੱਪਰ ਅਸਰ

ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਕਰੀਬ 1500 ਲੋਕਾਂ ਨੂੰ ਬੋਲਣ ਦੀ ਆਜ਼ਾਦੀ ਦੀ ਦੁਰਵਰਤੋਂ ਕਰਨ ਕਰਕੇ ਹਿਰਾਸਤ ਵਿੱਚ ਲਿਆ ਗਿਆ ਹੈ।

ਉਨ੍ਹਾਂ ਨੇ ਅਕਤੂਬਰ 2018 ਵਿੱਚ ਕਿਹਾ, "ਮੈਂ ਆਪਣੇ ਆਪ ਨੂੰ ਸਾਊਦੀ ਅਰਬ ਦਾ ਸੁਧਾਰਕ ਨਹੀਂ ਆਖਦਾ। ਮੈਂ ਰਿਆਸਤ ਦਾ ਯੁਵਰਾਜ ਹਾਂ ਅਤੇ ਜੋ ਵੀ ਮੇਰੇ ਮੁਲਕ ਲਈ ਸਹੀ ਹੋਵੇਗਾ ਮੈਂ ਉਹੀ ਕਰਾਂਗਾ।"

ਉਨ੍ਹਾਂ ਨੇ ਅੱਗੇ ਦਾਅਵਾ ਕੀਤਾ, "ਅਸੀਂ ਅੱਤਵਾਦ ਅਤੇ ਦਹਿਸ਼ਦਗਰਦੀ ਨੂੰ ਬਿਨਾਂ ਘਰੇਲੂ ਜੰਗ ਛੇੜੇ ਮੁਕਾਉਣਾ ਚਾਹੁੰਦੇ ਹਾਂ। ਇਹ ਵੀ ਚਾਹੁੰਦੇ ਹਾਂ ਕਿ ਇਸ ਦਾ ਅਸਰ ਅਰਥਚਾਰੇ ਉੱਪਰ ਨਾ ਪਵੇ।"

"ਇਸ ਲਈ ਕੁਝ ਮਸਲਿਆਂ ਉੱਪਰ ਜ਼ਰਾ ਕੀਮਤ ਚੁਕਾਉਣੀ ਪਵੇ ਤਾਂ ਠੀਕ ਹੀ ਹੈ, ਬਜਾਇ ਕਿ ਕੋਈ ਵੱਡਾ ਕਰਜ਼ਾ ਚੁੱਕਣਾ ਪੈ ਜਾਵੇ।"

ਇਸੇ ਇੰਟਰਵਿਊ ਵਿੱਚ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਪੱਤਰਕਾਰ ਜਮਾਲ ਖਸ਼ੋਜੀ ਨਾਲ ਕੀ ਹੋਇਆ।

ਬਾਅਦ ਵਿੱਚ ਇਹ ਸਾਫ ਪਤਾ ਲੱਗਿਆ ਕਿ ਪੱਤਰਕਾਰ ਨੂੰ ਤੁਰਕੀ ਵਿੱਚ ਕਤਲ ਕਰਨ ਵਾਲੇ ਏਜੰਟਾਂ ਵਿੱਚ ਕੁਝ ਅਜਿਹੇ ਅਫਸਰ ਵੀ ਸ਼ਾਮਲ ਸਨ ਜੋ ਕਿ ਯੁਵਰਾਜ ਸਲਮਾਨ ਦੇ ਖਾਸ ਸੁਰੱਖਿਆ ਦਸਤੇ ਦਾ ਹਿੱਸਾ ਸਨ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)