You’re viewing a text-only version of this website that uses less data. View the main version of the website including all images and videos.
ਨਾ ਢਿੱਡ ਨਿਕਲਿਆ, ਨਾ ਮਾਹਵਾਰੀ ਰੁਕੀ ਫਿਰ ਵੀ ਦਿੱਤਾ ਬੱਚੀ ਨੂੰ ਜਨਮ
ਬਰਤਾਨੀਆ ਦੇ ਗ੍ਰੇਟਰ ਮੈਨਚੈਸਟਰ ਦੇ ਇੱਕ ਸ਼ਹਿਰ ਓਲਡਹੈਮ ਦੀ ਅੱਲੜ੍ਹ ਕੁੜੀ ਨੂੰ ਉਮੀਦ ਵੀ ਨਹੀਂ ਸੀ ਕਿ ਉਹ ਗਰਭਵਤੀ ਸੀ।
ਐਬਨੀ ਸਟੀਵਨਸਨ (18) ਦਾ ਰਾਤ ਨੂੰ ਸਿਰ ਦਰਦ ਹੋਇਆ ਅਤੇ ਕੋਮਾ ਵਿੱਚ ਚਲੀ ਗਈ।
ਜਦੋਂ ਚਾਰ ਦਿਨਾਂ ਬਾਅਦ ਕੋਮਾ 'ਚੋਂ ਜਾਗੀ ਤਾਂ ਦੇਖਿਆ ਕਿ ਉਸ ਨੇ ਇੱਕ ਪੂਰਨ ਵਿਕਸਿਤ ਬੱਚੀ ਨੂੰ ਜਨਮ ਦਿੱਤਾ।
ਐਬਨੀ ਸਟੀਵਨਸਨ ਦੀ ਤਬੀਅਤ ਖ਼ਰਾਬ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਉਹ ਗਰਭਵਤੀ ਹੈ।
ਅਸਲ ਵਿੱਚ ਉਨ੍ਹਾਂ ਦਾ ਬੱਚਾ ਉਨ੍ਹਾਂ ਦੀਆਂ ਦੋ ਕੁੱਖਾਂ ਚੋਂ ਇੱਕ ਕੁੱਖ ਵਿੱਚ ਲੁਕਿਆ ਹੋਇਆ ਸੀ। ਇਸ ਸਥਿਤੀ ਨੂੰ ਯੂਟਰਸ ਡਿਡੇਲਫ਼ਸ ਕਿਹਾ ਜਾਂਦਾ ਹੈ।
ਉਨ੍ਹਾਂ ਦੀ ਇੱਕ ਕੁੱਖ ਵਿੱਚੋਂ ਮਾਹਵਾਰੀ ਆ ਰਹੀ ਸੀ ਅਤੇ ਦੂਸਰੇ ਵਿੱਚ ਬੱਚਾ ਪਲ ਰਿਹਾ ਸੀ।
ਇਹ ਵੀ ਪੜ੍ਹੋ:
ਦੂਸਰੀ ਕੁੱਖ ਉਨ੍ਹਾਂ ਦੀ ਪਿੱਠ ਵੱਲ ਸੀ ਜਿਸ ਕਾਰਨ ਉਨ੍ਹਾਂ ਦੇ ਗਰਭਵਤੀ ਹੋਣ ਦਾ ਪਤਾ ਨਹੀਂ ਚੱਲ ਸਕਿਆ।
ਸਪੋਰਟਸ ਫੀਜ਼ੀਓਥੈਰਿਪੀ ਦੀ ਵਿਦਿਆਰਥਣ ਈਬੋਨੀ ਸਟੀਵਨਸਨ ਦੀ 6 ਦਸੰਬਰ ਨੂੰ ਜਦੋਂ ਅੱਖ ਖੁੱਲ੍ਹੀ ਤਾਂ ਉਨ੍ਹਾਂ ਦੀ ਗੋਦ ਵਿੱਚ 3.45 ਕਿਲੋ ਦੀ ਧੀ ਸੀ।
ਉਨ੍ਹਾਂ ਦਾ ਨਾ ਕਦੇ ਪੇਟ ਨਿਕਲਿਆ, ਨਾ ਕਦੇ ਜੀਅ ਕੱਚਾ ਹੋਇਆ ਅਤੇ ਨਾ ਹੀ ਕਦੇ ਮਾਹਵਾਰੀ ਵਿੱਚ ਨਾਗਾ ਪਿਆ।
“ਬਿਲਕੁਲ ਕ੍ਰਿਸ਼ਮਾ”
ਪਹਿਲੀ ਵਾਰ ਮਾਂ ਬਣਨ ਵਾਲੀ ਐਬੋਨੀ ਦਾ ਕਹਿਣਾ ਸੀ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।
ਉਨ੍ਹਾਂ ਕਿਹਾ, "ਮੇਰੇ ਬੱਚੇ ਨੂੰ ਮਿਲਣਾ ਇੱਕ ਅਜੀਬ ਅਨੁਭਵ ਸੀ। ਇਹ ਇੱਕ ਚਮਤਕਾਰੀ ਅਨੁਭਵ ਸੀ।"
ਇਸ ਬੱਚੀ ਦਾ ਨਾਮ ਇਲੌਡੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, "ਮੈਂ ਇਲੌਡੀ ਨੂੰ ਪੂਰੀ ਦੁਨੀਆਂ ਵੱਟੇ ਨਾ ਵਟਾਵਾਂ।"
ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਸਟੀਵਨਸਨ ਦੀ ਮਾਂ ਨੂੰ ਦੱਸਿਆ ਕਿ ਇਨ੍ਹਾਂ ਦੌਰਿਆਂ ਦੀ ਵਜ੍ਹਾ ਪ੍ਰੀਕਲੈਂਪਸੀਆ ਕਾਰਨ ਸਨ ਅਤੇ ਉਸ ਤੋਂ ਬਾਅਦ ਦੱਸਿਆ ਕਿ ਉਹ ਗਰਭਵਤੀ ਹਨ ਅਤੇ ਬੱਚੇ ਨੂੰ ਜਨਮ ਦੇਣਾ ਜਰੂਰੀ ਹੈ।
ਉਨ੍ਹਾਂ ਦਾ ਦੌਰੇ ਤੋਂ ਤਿੰਨ ਘੰਟਿਆਂ ਬਾਅਦ ਇੱਕ ਸਿਜ਼ੇਰੀਅਨ ਕੀਤਾ ਗਿਆ।
ਐਬਨੀ ਦੀ 39 ਸਾਲਾ ਮਾਂ ਨੇ ਹੀ ਉਨ੍ਹਾਂ ਦੇ ਘਰ ਦੇ ਬਾਥਰੂਮ ਵਿੱਚ ਡਿੱਗ ਜਾਣ ਤੋਂ ਬਾਅਦ ਐਂਬੂਲੈਂਸ ਬੁਲਾਈ ਸੀ।
”ਅਚਾਨਕ ਨਜ਼ਰ ਆਇਆ ਪੇਟ”
ਉਨ੍ਹਾਂ ਦੀ ਮਾਂ ਨੇ ਕਿਹਾ ਕਿ ਹਾਲਾਂਕਿ ਮੈਂ ਕਹਿ ਰਹੀ ਸੀ ਕਿ ਉਹ ਗਰਭਵਤੀ ਨਹੀਂ ਹੋ ਸਕਦੀ ਪਰ ਡਾਕਟਰਾਂ ਨੂੰ ਇਸ ਬਾਰੇ ਯਕੀਨ ਸੀ, ਮੈਂ ਹੈਰਾਨ ਸੀ ਕਿ ਉਸ ਦਾ ਪੇਟ ਅਚਾਨਕ ਨਿਕਲ ਆਇਆ ਸੀ।"
"ਉਨ੍ਹਾਂ ਦਾ ਕਹਿਣਾ ਹੈ ਕਿ ਦੌਰਿਆਂ ਦੇ ਜ਼ੋਰ ਕਾਰਨ ਬੱਚਾ ਹਿੱਲਿਆ ਹੋਵੇਗਾ ਜਿਸ ਕਾਰਨ ਪੇਟ ਨਿਕਲ ਆਇਆ।"
ਐਬਨੀ ਦੇ ਉੱਠਣ ’ਤੇ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੀ ਛਾਤੀ ਤੇ ਰੱਖ ਦਿੱਤਾ ਗਿਆ।
"ਇਹ ਹੁਣ ਅਜੀਬ ਲੱਗ ਸਕਦਾ ਹੈ ਪਰ ਮੈਂ ਉਨ੍ਹਾਂ ਨੂੰ ਬੱਚੀ ਹਟਾਉਣ ਲਈ ਕਿਹਾ, ਮੈਂ ਇਨੀਂ ਸ਼ਸ਼ੋਪੰਜ ਵਿੱਚ ਸੀ ਤੇ ਮੈਨੂੰ ਯਕੀਨ ਸੀ ਕਿ ਉਹ ਗਲਤੀ ਕਰ ਰਹੇ ਹਨ।"
ਇਹ ਵੀ ਪੜ੍ਹੋ:
ਫੇਰ ਐਬਨੀ ਦੀ ਮਾਂ ਨੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਤੇ ਸਹੀ ਤਰੀਕੇ ਨਾਲ ਬੱਚੀ ਉਨ੍ਹਾਂ ਦੀ ਗੋਦ ਵਿੱਚ ਦਿੱਤੀ।
ਬੱਚੀ ਦੇ ਭਾਰ ਤੋਂ ਡਾਕਟਰਾਂ ਦਾ ਅੰਦਾਜ਼ਾ ਹੈ ਕਿ ਇਲੌਡੀ ਪੂਰੇ ਨੌਂ ਮਹੀਨੇ ਆਪਣੀ ਮਾਂ ਦੀ ਕੁੱਖ ਵਿੱਚ ਰਹੀ ਹੈ।
ਇਸ ਤੋਂ ਪਹਿਲਾਂ ਜਦੋਂ ਤਿੰਨ ਬੱਚਿਆਂ ਦਾ ਜਨਮ ਹੋਇਆ ਸੀ
ਸਾਲ 2006 ਵਿੱਚ ਬਰਤਾਨੀਆ ਦੀ ਹੀ ਹਨ੍ਹਾ ਕੈਲੀ ਜਿਨ੍ਹਾਂ ਦੀਆਂ ਦੋ ਕੁੱਖਾਂ ਸਨ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ।
ਇਨ੍ਹਾਂ ਬੱਚਿਆਂ ਨੂੰ ਹਾਲਾਂਕਿ ਤਕਨੀਕੀ ਪੱਖ ਤੋਂ ਜੌੜੇ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਦੇ ਦੋ ਬੱਚੇ ਇੱਕ ਕੁੱਖ ਵਿੱਚ ਸਨ ਅਤੇ ਇੱਕ ਦੂਸਰੀ ਕੁੱਖ ਵਿੱਚ।
ਕਿਸੇ ਦੋ ਕੁੱਖਾਂ ਵਾਲੀ ਔਰਤ ਦੇ ਤਿੰਨ ਬੱਚਿਆਂ ਨੂੰ ਜਨਮ ਦੇਣ ਦੀ ਸੰਭਾਵਨਾ 25 ਮਿਲੀਅਨ ਔਰਤਾਂ ਮਗਰ 1 ਹੁੰਦੀ ਹੈ।
ਜਦਕਿ ਇੱਕ ਦੋ ਕੁੱਖਾਂ ਵਾਲੀ ਔਰਤ ਦੇ ਦੋ ਜਣੇਪੇ ਹੋਣ ਜਾਂ ਜੌੜੇ ਬੱਚੇ ਹੋਣ ਦੀ ਸੰਭਾਵਨਾ 50 ਲੱਖ ਮਗਰ 1 ਹੁੰਦੀ ਹੈ।
ਤਿੰਨ੍ਹਾਂ ਬੱਚੀਆਂ ਦਾ ਸੱਤਵੇਂ ਮਹੀਨੇ ਵਿੱਚ ਸਿਜ਼ੇਰੀਅਨ ਰਾਹੀਂ ਜਨਮ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਰੱਖਿਆ ਗਿਆ ਸੀ।
ਗਾਇਨੋਕਾਲਿਜੀ ਦੇ ਮਾਹਰ ਪੀਟਰ ਬੋਵਿਨ-ਸਿੰਪਕਨ ਨੇ ਦੱਸਿਆ, "ਦੋ ਕੁੱਖਾਂ ਵਿੱਚ ਬੱਚਾ ਠਹਿਰਨਾ ਅਤੇ ਉਨ੍ਹਾਂ ਨੂੰ ਜਨਮ ਦੇਣਾ ਬਹੁਤ ਦੁਰਲੱਭ ਹੈ। ਉਹ ਵਾਕਈ ਖ਼ੁਸ਼ਕਿਸਮਤ ਹਨ।"
ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੀ ਮਾਂ ਅਤੇ ਭੈਣ ਦੇ ਵੀ ਦੋ ਕੁੱਖਾਂ ਸਨ।
ਯੂਟਰਸ ਡਿਡੇਲਫ਼ਸ ਕੀ ਹੁੰਦਾ ਹੈ?
ਇਹ ਬੱਚੇਦਾਨੀ ਦੇ ਵਿਕਾਸ ਦੌਰਾਨ ਪੈਦਾ ਹੋਏ ਵਿਗਾੜ ਦਾ ਨਤੀਜਾ ਹੁੰਦਾ ਹੈ। ਇਸ ਦੀ ਗੰਭੀਰਤਾ ਵੱਖੋ-ਵੱਖ ਹੋ ਸਕਦੀ ਹੈ।
ਇਸ ਨਾਲ ਗਰਭ ਠਹਿਰਨ ਵਿੱਚ ਸਮੱਸਿਆ ਹੋ ਸਕਦੀ ਹੈ। ਕਈ ਵਾਰ ਇਨ੍ਹਾਂ ਕੁੱਖਾਂ ਦੇ ਸਰਵੀਕਸ ਵੀ ਵੱਖੋ-ਵੱਖ ਹੋ ਸਕਦੇ ਹਨ।
ਬਹੁਤੀ ਵਾਰ ਇਹ ਸਰਵੀਕਸ ਅੰਦਰੋਂ ਤਾਂ ਵੱਖਰੇ-ਵੱਖਰੇ ਹੁੰਦੇ ਹਨ ਪਰ ਕਈ ਵਾਰ ਇਨ੍ਹਾਂ ਦੇ ਸਰੀਰ ਤੋਂ ਬਾਹਰ ਦੁਆਰ ਵੀ ਵੱਖੋ-ਵੱਖ ਹੋ ਸਕਦੇ ਹਨ।
ਇਸ ਸਥਿਤੀ ਲਈ ਜ਼ਿੰਮੇਵਾਰ ਜੀਨਾਂ ਦੀ ਪਹਿਚਾਣ ਮੁਸ਼ਕਿਲ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: