ਖਿਡਾਰੀਆਂ 'ਚ ਲੋਕ ਭਲਾਈ ਦਾ ਐਨਾ ਜੋਸ਼ ਕਿਉਂ ਹੈ

ਤਸਵੀਰ ਸਰੋਤ, Getty Images
- ਲੇਖਕ, ਬਿਲ ਵਿਲਸਨ
- ਰੋਲ, ਬਿਜ਼ਨਸ ਰਿਪੋਰਟਰ, ਬੀਬੀਸੀ ਨਿਊਜ਼
ਨਵਾਂ ਸਾਲ, ਨਵੇਂ ਵਿਚਾਰ, ਤੁਹਾਡੇ ਦਿਸਹੱਦੇ ਨੂੰ ਵੱਡਾ ਕਰਨ ਦਾ ਸਮਾਂ? ਖੇਡ ਸਿਤਾਰਿਆਂ ਲਈ, ਸ਼ਾਇਦ ਇਹ ਇੱਕ ਉੱਚ-ਪੱਧਰੀ ਦਾਨ ਮੁਹਿੰਮ ਵਿੱਚ ਸ਼ਾਮਿਲ ਹੋਣਾ ਹੈ। ਆਖ਼ਰ ਤੁਹਾਡੇ ਮਹਾਨ ਖਿਡਾਰੀ ਹੋਣ ਦਾ ਇਸ ਤੋਂ ਬਿਹਤਰ ਐਲਾਨ ਕੋਈ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਚੰਗੇ ਕਾਜ ਨਾਲ ਜੁੜ ਜਾਵੋ।
ਚੋਟੀ ਦੇ ਸਾਬਕਾ ਫੁੱਟਬਾਲ ਖਿਡਾਰੀ ਜਿਵੇਂ ਕਿ ਡੇਵਿਡ ਬੈਖਮ ਅਤੇ ਡੀਡੀਅਰ ਡਰੋਗਬਾ, ਅਫ਼ਰੀਕਾ ਵਿੱਚ ਵਿਆਪਕ ਤੌਰ 'ਤੇ ਮਸ਼ਹੂਰ ਉੱਦਮਾਂ ਵਿੱਚ ਸ਼ਾਮਿਲ ਹਨ, ਜਦੋਂ ਕਿ ਮੁੱਕੇਬਾਜ਼ ਟਾਇਸਨ ਫਿਊਰੀ ਨੇ ਹਾਲ ਹੀ ਵਿੱਚ ਦਿਓਂਤੇ ਵਾਈਲਡਰ ਦੀ ਲੜਾਈ ਵਿੱਚੋਂ ਮਿਲਣ ਵਾਲੀ ਇਨਾਮ ਰਾਸ਼ੀ ਨੂੰ ਬੇਘਰ ਲੋਕਾਂ ਨੂੰ ਦਾਨ ਕਰਨ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਨੇ ਪਿਛਲੇ ਮਹੀਨੇ ਅਮਰੀਕਾ ਵਿੱਚ ਕਿਹਾ ਸੀ, "ਜਦੋਂ ਮੈਂ ਘਰ ਜਾਵਾਂਗਾ ਤਾਂ ਮੈਂ ਬੇਘਰ ਲੋਕਾਂ ਲਈ ਕੁਝ ਘਰ ਬਣਾਵਾਂਗਾ ਅਤੇ ਨਸ਼ੇੜੀਆਂ ਅਤੇ ਸ਼ਰਾਬੀਆਂ ਲਈ ਕੁਝ ਫੰਡ ਸਥਾਪਿਤ ਕਰਾਂਗਾ।"
ਦੂਸਰੇ, ਜਿਵੇਂ ਕਿ ਅਥਲੀਟ ਡੈਮ ਕੈਲੀ ਹੋਮਸ ਨੇ ਸਮਾਜਿਕ ਸੰਮਿਲਨ ਜਾਂ ਸਾਖਰਤਾ ਵਰਗੇ ਚੁਣੇ ਹੋਏ ਕੰਮਾਂ ਵਿੱਚ ਮਦਦ ਕਰਨ ਲਈ ਆਪਣੀ ਫ਼ਾਊਂਡੇਸ਼ਨ ਜਾਂ ਫੰਡ ਸਥਾਪਤ ਕੀਤਾ ਹੈ।
ਦਰਅਸਲ ਆਧੁਨਿਕ ਦੁਨੀਆਂ ਵਿੱਚ ਕਿਸੇ ਵੀ ਇੱਕ ਮਸ਼ਹੂਰ ਸੈਲਿਬ੍ਰਿਟੀ (ਕ੍ਰਿਸਟੀਆਨੋ ਰੋਨਾਲਡੋ ਤੋਂ ਸੇਰੇਨਾ ਵਿਲੀਅਮਜ਼ ਤੱਕ) ਨੂੰ ਲੱਭਣਾ ਬਹੁਤ ਮੁਸ਼ਕਲ ਹੈ ਜਿਸ ਨੇ ਦਾਨ (ਚੈਰਿਟੀ) ਦੇ ਕੰਮਾਂ ਵਿੱਚ ਆਪਣੇ ਪੈਸੇ ਜਾਂ ਸਮੇਂ ਨੂੰ ਨਾ ਲਗਾਇਆ ਹੋਵੇ।
ਇਹ ਵੀ ਪੜ੍ਹੋ:
ਰੋਨਾਲਡੋ ਨੇ ਭੂਚਾਲ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ ਹੈ ਅਤੇ ਸੇਰੇਨਾ ਨੇ ਪੂਰਬੀ ਅਫ਼ਰੀਕਾ ਵਿੱਚ ਸਿੱਖਿਆ ਦੇ ਕੇਂਦਰਾਂ ਨੂੰ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ, ਦੋਵਾਂ ਨੇ ਆਪਣੇ ਵੱਖ-ਵੱਖ ਲੋਕ ਭਲਾਈ ਉੱਦਮਾਂ ਰਾਹੀਂ ਭਲਾ ਕੀਤਾ ਹੈ।
ਪ੍ਰੇਰਣਾ ਕੀ ਹੈ?
ਪਰ ਵਾਧੂ ਪੈਸਾ ਕਮਾਉਣ ਵਾਲੇ ਅਤੇ ਨਾਮੀ ਖਿਡਾਰੀ ਜਿਹੜੇ ਚੰਗੇ ਲਾਈਫ ਸਟਾਈਲ, ਪ੍ਰਸ਼ੰਸਾ ਅਤੇ ਵੱਡੀ ਧਨ ਦੌਲਤ ਲਈ ਜਾਣੇ ਜਾਂਦੇ ਹਨ, ਉਹ ਲੋਕ ਭਲਾਈ ਦੇ ਕੰਮਾਂ ਵਿੱਚ ਸ਼ਾਮਲ ਹੋਣਾ ਕਿਉਂ ਪਸੰਦ ਕਰਦੇ ਹਨ?

ਤਸਵੀਰ ਸਰੋਤ, Getty Images
ਕੀ ਉਹ ਸਿਰਫ਼ ਪੀ.ਆਰ. ਅਤੇ ਬਰਾਂਡ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਹਨ, ਜੋ ਆਵਾਮ ਦੀਆਂ ਧਾਰਨਾਵਾਂ ਨੂੰ ਤੋੜਨ ਲਈ ਇੱਕ ਜ਼ਰੀਆ ਹਨ ਕਿ ਖਿਡਾਰੀ ਜ਼ਿਆਦਾ ਵਿਗੜੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਨੂੰ ਵੱਧ ਅਦਾਇਗੀ ਮਿਲਦੀ ਹੈ?
ਪ੍ਰੋਫ਼ੈਸਰ ਜੇਨ ਸ਼ਾਂਗ ਪਲਾਈਮਾਥ ਯੂਨੀਵਰਸਿਟੀ ਵਿੱਚ ਲੋਕ ਹਿਤੇਸ਼ੀ ਮਨੋਵਿਗਿਆਨੀ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਭਲਾਈ ਕਰਨ ਲਈ ਬਹੁਤ ਪੇਚੀਦਾ ਕਾਰਨ ਹੋ ਸਕਦੇ ਹਨ, ਅਤੇ ਆਮ ਤੌਰ 'ਤੇ ਇਹ ਆਰਥਿਕ ਲਾਭ ਜਾਂ ਪ੍ਰਸਿੱਧੀ ਲੈਣ ਜਿਹੇ ਕਾਰਨਾ ਕਰਕੇ ਨਹੀਂ ਹੁੰਦੀ। ਉਹ ਕਹਿੰਦੀ ਹੈ, "ਖੇਡਾਂ ਅਤੇ ਹੋਰ ਪੇਸ਼ਿਆਂ ਵਿੱਚ ਪਰਉਪਕਾਰੀ ਵੱਲ ਦੇਖਦੇ ਹੋਏ, ਕੋਈ ਵਿਅਕਤੀ ਆਪਣੇ ਕਰੀਅਰ ਵਿੱਚ ਪੈਸਾ ਜਾਂ ਸਨਮਾਨ ਵਰਗੇ ਬਾਹਰੀ ਕਾਰਕਾਂ ਕਰਕੇ ਵੀ ਪ੍ਰੇਰਿਤ ਹੋ ਸਕਦਾ ਹੈ। ਕੁਝ ਸਮੇਂ ਬਾਅਦ ਇਨਾਮ-ਸਨਮਾਨ ਪ੍ਰੇਰਨਾ ਨਹੀਂ ਬਣਦੇ ਸਗੋਂ ਆਤਮਿਕ ਕਾਰਨ ਜ਼ਿਆਦਾ ਮਾਅਨੇ ਰੱਖਦੇ ਹਨ।"
"ਉੱਘੇ ਖਿਡਾਰੀ ਆਪਣੇ ਆਪ ਨੂੰ ਕਹਿ ਸਕਦੇ ਹਨ, 'ਮੈਂ ਆਪਣੀ ਨਿਯਮਿਤ ਭੂਮਿਕਾ ਵਿੱਚ ਐਨਾ ਜ਼ਿਆਦਾ ਹਾਸਲ ਕਰ ਰਿਹਾ ਹਾਂ, ਮੈਂ ਵੱਡੇ ਤੌਰ 'ਤੇ ਦੇਖਣਾ ਚਾਹੁੰਦਾ ਹਾਂ ਕਿ ਦੁਨੀਆਂ ਵਿੱਚ ਕੀ ਹੈ।''
"ਜਦੋਂ ਉਹ ਲੋਕ ਭਲਾਈ ਕਰਨ ਲਗਦੇ ਹਨ, ਤਾਂ ਉਨ੍ਹਾਂ ਨੂੰ ਉਹੋ ਜਿਹੇ ਇਨਾਮ ਦੀ ਭਾਵਨਾ ਮਹਿਸੂਸ ਹੁੰਦੀ ਹੈ ਜਦੋਂ ਉਨ੍ਹਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ।"
'ਭਲਾਈ'
ਪ੍ਰੋ. ਸ਼ਾਂਗ ਅੱਗੇ ਕਹਿੰਦੀ ਹੈ,"ਲੋਕ ਕਿਸੇ ਅਜਿਹੇ ਕਾਰਨ ਲਈ ਪੈਸਾ ਦੇਣਾ ਪਸੰਦ ਕਰਦੇ ਹਨ ਜੋ ਉਨ੍ਹਾਂ ਨੂੰ ਲਾਭ ਨਹੀਂ ਪਹੁੰਚਾ ਰਿਹਾ, ਇਸਦੇ ਪਿੱਛੇ ਕਾਰਨ ਇਹ ਹੈ ਕਿ ਇਹ ਕੁਝ 'ਲੋੜਾਂ' ਨੂੰ ਪੂਰਾ ਕਰ ਰਿਹਾ ਹੈ।
"ਮੇਰੀ ਆਪਣੀ ਖੋਜ ਵਿੱਚ 'ਲੋੜ' ਲਈ ਮੈਂ ਮਨੋਵਿਗਿਆਨਿਕ ਭਲਾਈ ਦੀ ਪਰਿਭਾਸ਼ਾ ਦੀ ਵਰਤੋਂ ਕਰਦੀ ਹਾਂ। ਕਿਸੇ ਦੀ ਦਾਨ-ਭਾਵਨਾ ਦੂਜਿਆਂ ਲਈ ਨਹੀਂ, ਸਗੋਂ ਖ਼ੁਦ ਲਈ ਵੱਡੀ ਤਬਦੀਲੀ ਲਿਆ ਸਕਦੀ ਹੈ।"

ਤਸਵੀਰ ਸਰੋਤ, TULLIO M PUGLIA/GETTY IMAGES
ਪ੍ਰੋ. ਸ਼ਾਂਗ ਕਹਿੰਦੀ ਹੈ ਕਿ ਜੇ ਖਿਡਾਰੀ ਲੋਕ ਇੱਛਾ ਰੱਖਦੇ ਹੋਣ ਤਾਂ ਉਹ ਆਪਣੇ ਖੇਡ ਜੀਵਨ ਵਿੱਚ ਹਾਸਿਲ ਕੀਤੇ ਹੁਨਰ ਦੀ ਵਰਤੋਂ ਕਰਕੇ 'ਪੁਰਉਪਕਾਰੀ ਕੰਮਾਂ ਦੀ ਲਗਾਤਾਰਤਾ' ਕਾਇਮ ਕਰ ਸਕਦੇ ਹਨ। ਉਹ ਖੇਡ ਜੀਵਨ ਦੌਰਾਨ ਜੋਖ਼ਮ ਅਤੇ ਕਾਰੋਬਾਰ ਦੇ ਇੰਤਜ਼ਾਮ ਦੇ ਨਾਲ-ਨਾਲ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਹੁਨਰ ਸਿੱਖ ਲੈਂਦੇ ਹਨ।
ਉਹ ਅੱਗੇ ਦੱਸਦੇ ਹਨ, "ਉਹ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਜੋ ਉਨ੍ਹਾਂ ਨੂੰ ਆਪਣੇ ਆਮ ਮਾਹੌਲ ਵਿੱਚ ਨਹੀਂ ਮਿਲਦੀਆਂ। ਜੇ ਉਹ ਆਪਣੇ ਉੱਦਮਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਅਕਸਰ ਉਨ੍ਹਾਂ ਨੂੰ ਪੈਸਾ, ਸਮਾਂ ਅਤੇ ਬਹੁਤ ਸਾਰੀ ਦ੍ਰਿੜ੍ਹਤਾ ਪ੍ਰਦਾਨ ਕਰਨੀ ਪੈਂਦੀ ਹੈ।''
"ਸਮੱਸਿਆਵਾਂ ਵਧੇਰੇ ਗੁੰਝਲਦਾਰ ਹੋ ਸਕਦੀਆਂ ਹਨ, ਇਸੇ ਕਰਕੇ ਉਨ੍ਹਾਂ ਨੂੰ ਅਕਸਰ ਆਪਣੀਆਂ ਲੋਕ ਭਲਾਈ ਵਾਲੀਆਂ ਪਛਾਣਾਂ ਨੂੰ ਵਿਕਸਿਤ ਕਰਨ ਲਈ ਸਮੇਂ ਅਤੇ ਸਥਾਨ ਦੀ ਲੋੜ ਹੁੰਦੀ ਹੈ।"
ਇੱਕ ਚੈਰੀਟੇਬਲ ਫਾਊਂਡੇਸ਼ਨ: ਲੀਵਰਪੂਲ ਦਾ ਫੁੱਟਬਾਲਰ ਜੇਮਸ ਮਿਲਨਰ
ਜੇਮਸ ਮਿਲਨਰ ਨੇ ਸਰਕਾਰੀ ਤੌਰ 'ਤੇ 2011-12 ਦੇ ਸੀਜ਼ਨ ਵਿੱਚ ਆਪਣੀ ਚੈਰੀਟੇਬਲ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ, ਅਤੇ ਉਦੋਂ ਤੋਂ ਲੈ ਕੇ ਲਿਊਕਾਈਮੀਆ (ਲਹੂ ਦਾ ਕੈਂਸਰ) ਸੰਸਥਾ, NSPCC ਅਤੇ ਹੈਲਪ ਫ਼ਾਰ ਹੀਰੋਜ਼ ਨੂੰ ਚੈਰੀਟੇਬਲ ਕਾਰਨਾਂ ਕਰਕੇ ਪੰਜ ਲੱਖ ਪਾਊਂਡ ਦਾਨ ਕੀਤੇ ਹਨ।

ਤਸਵੀਰ ਸਰੋਤ, Getty Images
ਹਾਲ ਦੇ ਦੋ ਉੱਚ-ਪੱਧਰੀ ਪ੍ਰੋਗਰਾਮਾਂ ਦੀਆਂ ਘਟਨਾਵਾਂ ਵਿੱਚ 20,000 ਪ੍ਰਸ਼ੰਸਕਾਂ ਦੇ ਸਾਹਮਣੇ ਕੇਲਟਿਕ ਪਾਰਕ ਵਿੱਚ ਕੇਲਟਿਕ ਬਨਾਮ ਲਿਵਰਪੂਲ ਦੇ ਵਿਚਾਲੇ ਇੱਕ ਮੈਚ 'ਮੈਚ ਫ਼ਾਰ ਕੈਂਸਰ' ਖੇਡਿਆ ਗਿਆ ਜਿਸ ਵਿੱਚ ਲਿਵਰਪੂਲ ਦੇ ਟੀਮ ਖਿਡਾਰੀਆਂ ਅਤੇ ਮੈਨੇਜਰ ਜੁਰਗਨ ਕਲੋਪ ਵੱਲੋਂ ਹਿੱਸਾ ਲਿਆ ਗਿਆ।
ਹਰੇਕ ਪ੍ਰੋਗਰਾਮ ਵਿੱਚ ਕੁਝ 170,000 ਪਾਊਂਡ ਜੋੜੇ ਗਏ।
ਇਹ ਵੀ ਪੜ੍ਹੋ:
ਪੀ.ਐੱਫ਼.ਏ. ਦੇ ਖਿਡਾਰੀਆਂ ਦੀ ਯੂਨੀਅਨ ਦੇ ਅਧਿਕਾਰੀ ਜੌਨ ਹਡਸਨ ਜੋ ਖਿਡਾਰੀਆਂ ਦੀ ਫ਼ਾਉਂਡੇਸ਼ਨ ਦਾ ਇੱਕ ਟਰੱਸਟੀ ਹੈ, ਉਸ ਨੇ ਕਿਹਾ, "ਉਸ ਨੇ ਚੁੱਪੀ ਧਾਰੀ ਹੋਈ ਹੈ ਅਤੇ ਆਮ ਤੌਰ 'ਤੇ ਖ਼ਬਰਾਂ ਵਿੱਚ ਨਹੀਂ ਰਹਿੰਦਾ, ਪਰ ਹੁਣ ਉਹ ਇੱਕ ਮਾਡਲ ਪੇਸ਼ੇਵਰ ਅਤੇ ਬਹੁਤ ਸਤਿਕਾਰਯੋਗ ਖਿਡਾਰੀ ਦੇ ਰੂਪ ਵਿੱਚ ਕੁਝ ਮਾਨਤਾ ਪ੍ਰਾਪਤ ਕਰ ਰਿਹਾ ਹੈ, ਇਹ ਦੇਖ ਕੇ ਚੰਗਾ ਲੱਗ ਰਿਹਾ ਹੈ।"
ਪਿੱਚ ਤੋਂ ਬਾਹਰ ਉਹ ਕੁਝ ਵਾਪਸ ਦੇਣ ਦਾ ਇੱਕ ਵੱਡਾ ਹਿਮਾਇਤੀ ਹੈ। ਜੇਮਸ ਸੱਚਮੁੱਚ ਇਸ ਰਸਤੇ ਉੱਤੇ ਚੱਲਣ ਲਈ ਬਹੁਤ ਉਤਸੁਕ ਹੈ|"
'ਲਗਾਤਾਰ ਪ੍ਰਤੀਬੱਧਤਾ'
ਫੁੱਟਬਾਲ ਖਿਡਾਰੀ ਅਕਸਰ ਇੱਕ ਲਾਭ ਵਾਲੇ ਸਾਲ ਤੋਂ ਬਾਅਦ ਚੈਰਿਟੀਆਂ (ਲੋਕ ਭਲਾਈ) ਬਣਾ ਸਕਦੇ ਹਨ, ਜਾਂ ਵੱਖ-ਵੱਖ ਕਾਰਨਾਂ ਲਈ ਉਨ੍ਹਾਂ ਨੂੰ ਆਈਆਂ ਕਈ ਚੈਰੀਟੇਬਲ ਬੇਨਤੀਆਂ ਦਾ ਪ੍ਰਬੰਧ ਕਰਨ ਦੇ ਯਤਨ ਵਜੋਂ ਵੀ ਕਰ ਸਕਦੇ ਹਨ|

ਤਸਵੀਰ ਸਰੋਤ, Getty Images
"ਮੈਨੂੰ ਏਜੰਟਾਂ ਦੇ ਬਹੁਤ ਸਾਰੇ ਫ਼ੋਨ ਆਉਂਦੇ ਹਨ। ਫੁੱਟਬਾਲਰ ਯੂਨੀਅਨ ਪੀ.ਐੱਫ਼.ਏ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਨਿਰਦੇਸ਼ਕ ਜੌਹਨ ਹਡਸਨ ਨੇ ਕਿਹਾ,''ਮੇਰਾ ਖਿਡਾਰੀ ਇੱਕ ਚੈਰਿਟੀ ਸਥਾਪਤ ਕਰਨਾ ਚਾਹੁੰਦਾ ਹੈ।''
"ਮੈਂ ਉਨ੍ਹਾਂ ਨੂੰ ਕਿਹਾ ਕਿ ਖਿਡਾਰੀ ਨੂੰ ਕਹੋ ਕਿ ਮੈਨੂੰ ਫ਼ੋਨ ਕਰ ਲਵੇ ਅਤੇ ਅਤੇ ਇਹ ਸਹੀ ਕਾਰਨਾਂ ਕਰਕੇ ਕੀਤੀਆਂ ਜਾ ਰਹੀਆਂ ਚੀਜ਼ਾਂ ਬਾਰੇ ਹੈ ਕਿਉਂਕਿ ਤੁਸੀਂ ਕਿਸੇ ਅਜਿਹੇ ਕਾਰਨ ਵਿੱਚ ਦਿਲਚਸਪੀ ਰੱਖਦੇ ਹੋ।"
ਪਰ ਜਿਵੇਂ ਹਡਸਨ, ਜੋ ਪਿਛਲੇ ਪੰਜ ਸਾਲਾਂ ਤੋਂ ਚੈਰਿਟੀਆਂ ਅਤੇ ਵਿਆਪਕ ਸਮਾਜਿਕ ਜ਼ਿੰਮੇਵਾਰੀ ਦੇ ਮੁੱਦਿਆਂ ਬਾਰੇ ਖਿਡਾਰੀਆਂ ਨੂੰ ਸਲਾਹ ਦੇ ਰਹੇ ਹਨ, ਕਹਿੰਦੇ ਹਨ, ਇਹ ਅਜਿਹਾ ਕੁਝ ਨਹੀਂ ਹੈ ਜੋ ਸਰਸਰੀ ਤੌਰ ਉੱਤੇ ਕੀਤਾ ਜਾਣਾ ਚਾਹੀਦਾ ਹੈ।
"ਚੈਰਿਟੇਬਲ ਫਾਊਂਡੇਸ਼ਨਾਂ ਹਮੇਸ਼ਾਂ ਖਿਡਾਰੀ ਲਈ ਸਹੀ ਚੀਜ਼ ਨਹੀਂ ਹੋ ਸਕਦੀਆਂ। ਅਕਸਰ ਉਹ ਇਹ ਨਹੀਂ ਸਮਝਦੇ ਕਿ ਇਸ ਵਿੱਚ ਟਰੱਸਟੀਜ਼, ਕੰਪਨੀ ਦਿਸ਼ਾ-ਨਿਰਦੇਸ਼, ਚੈਰਿਟੀ ਕਮਿਸ਼ਨ ਦੇ ਦਿਸ਼ਾ-ਨਿਰਦੇਸ਼, ਵਿੱਤੀ ਅਤੇ ਕਾਨੂੰਨੀ ਰੂਪ ਰੇਖਾ ਸ਼ਾਮਲ ਹੈ।
"ਇਹ ਬਹੁਤ ਅਹਿਮ ਹੈ ਕਿ ਇਸ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ। ਅਸੀਂ ਉਨ੍ਹਾਂ ਖਿਡਾਰੀਆਂ ਲਈ ਫੰਡਿੰਗ ਵਿੱਚ ਮਦਦ ਕਰਦੇ ਹਾਂ ਜੋ ਇੱਕ ਚੈਰਿਟੀ ਸਥਾਪਤ ਕਰਨਾ ਚਾਹੁੰਦੇ ਹਨ, ਅਸੀਂ ਸਹੀ ਰੈਗੂਲੇਟਰੀ ਸਥਾਪਤ ਕਰਨ ਲਈ ਕਾਨੂੰਨੀ ਖਰਚਿਆਂ ਦਾ ਭੁਗਤਾਨ ਕਰਦੇ ਹਾਂ।"
"ਜੇ ਉਹ ਅੱਗੇ ਵਧਣਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਨੂੰ ਦੱਸਾਂਗਾ ਕਿ ਉਨ੍ਹਾਂ ਨੂੰ ਟਰੱਸਟੀਜ਼ ਲਈ ਸਹੀ ਲੋਕਾਂ ਦੀ ਲੋੜ ਹੋਵੇਗੀ। ਫਿਰ ਉੱਥੇ ਲਗਾਤਾਰ ਪ੍ਰਤੀਬੱਧਤਾ ਦੀ ਲੋੜ ਹੈ। ਕਿਸੇ ਸੁਸਤ ਚੈਰਿਟੀ ਤੋਂ ਮਾੜੀ ਕੋਈ ਚੀਜ਼ ਨਹੀਂ ਹੈ।''
'ਜਾਗਰੂਕਤਾ ਵਧਾਉਣਾ'
ਉਹ ਉਨ੍ਹਾਂ ਚੈਰਿਟੇਬਲ ਸੰਸਥਾਵਾਂ ਵੱਲ ਇਸ਼ਾਰਾ ਕਰਦੇ ਹਨ ਜੋ ਉਨ੍ਹਾਂ ਫੁਟਬਾਲਰਾਂ ਵੱਲੋਂ ਚਲਾਈਆਂ ਜਾਂਦੀਆਂ ਹਨ ਜੋ ਚਮਕ-ਦਮਕ ਤੋਂ ਦੂਰ ਚੰਗੇ ਕੰਮ ਕਰਨ ਵਾਲੇ ਹਨ, ਜਿਨ੍ਹਾਂ ਕੋਲ ਬਹੁਤ ਸਾਰੇ ਪ੍ਰਤੀਬੱਧਤਾ ਵਾਲੇ ਸਮਰਥਕ ਹਨ।

ਤਸਵੀਰ ਸਰੋਤ, Getty Images
ਇਨ੍ਹਾਂ ਵਿੱਚ ਰਸਲ ਮਾਰਟਿਨ ਫਾਊਂਡੇਸ਼ਨ ਜਿਸ ਨੂੰ ਵਾਲਸਲ ਖਿਡਾਰੀ ਅਤੇ ਸਾਬਕਾ ਸਕੌਟਲੈਂਡ ਇੰਟਰਨੈਸ਼ਨਲ ਵੱਲੋਂ ਚਲਾਇਆ ਜਾਂਦਾ ਹੈ ਅਤੇ ਜੇਸਨ ਰੌਬਰਟਸ ਫਾਊਂਡੇਸ਼ਨ, ਜਿਸ ਨੂੰ ਸਾਬਕਾ ਗ੍ਰੇਨਾਡਾ ਇੰਟਰਨੈਸ਼ਨਲ ਵੱਲੋਂ ਚਲਾਇਆ ਜਾਂਦਾ ਹੈ, ਅਤੇ ਵੈਸਟ ਬਰੋਮ, ਪੋਰਟਸਮਾਊਥ ਅਤੇ ਬਲੈਕਬਰਨ ਸਟਾਰ ਸ਼ਾਮਲ ਹਨ।
ਇਹ ਵੀ ਪੜ੍ਹੋ:
ਪੀ.ਐੱਫ਼.ਏ. ਹੁਣ ਸਾਬਕਾ ਲਿਵਰਪੂਲ, ਬਰਾਡਫੋਰਡ ਅਤੇ ਬੋਲਟਨ ਖਿਡਾਰੀ ਸਟੀਫਨ ਡਾਰਬੀ ਨਾਲ ਕੰਮ ਕਰ ਰਿਹਾ ਹੈ, ਜਿਸਦੇ ਕਰੀਅਰ ਵਿੱਚ ਮੋਟਰ ਨਯੂਰੋਨ ਬਿਮਾਰੀ ਕਾਰਨ 29 ਸਾਲ ਦੀ ਉਮਰ ਵਿੱਚ ਹੀ ਰੁਕਾਵਟ ਪੈਦਾ ਹੋ ਗਈ ਸੀ।
ਮਿਸਟਰ ਹਡਸਨ ਕਹਿੰਦੇ ਹਨ, "ਅਸੀਂ ਉਸ ਨਾਲ ਇੱਕ ਫਾਊਂਡੇਸ਼ਨ ਬਣਾਉਣ ਦੀ ਸੋਚ ਰਹੇ ਹਾਂ, ਕਿਉਂਕਿ ਉਹ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦਾ ਹੈ।"
"ਇਸਦੇ ਨਾਲ ਹੀ ਉਹ ਖ਼ਾਸ ਫਿਜ਼ੀਓਸ ਲਈ ਵੀ ਪੈਸਾ ਇਕੱਠਾ ਕਰਨਾ ਚਾਹੁੰਦਾ ਹੈ।"
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












