ਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰ

ਤਸਵੀਰ ਸਰੋਤ, Getty Images
- ਲੇਖਕ, ਵੇਰੋਨਿਕ ਗ੍ਰੀਨਵੁਡ
- ਰੋਲ, ਬੀਬੀਸੀ ਫਿਊਚਰ
ਨਵੇਂ ਸਾਲ ਨੇ ਦਸਤਕ ਦੇ ਦਿੱਤੀ ਹੈ। ਬਹੁਤ ਸਾਰੇ ਲੋਕ ਆਪਣੇ ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹਨ। ਇਸ ਦੌਰਾਨ ਸ਼ਰਾਬ ਕੁਝ ਜ਼ਿਆਦਾ ਹੀ ਪੀ ਲਈ ਜਾਂਦੀ ਹੈ।
ਨਤੀਜਾ ਇਹ ਹੁੰਦਾ ਹੈ ਕਿ ਰਾਤ ਨੂੰ ਪਾਰਟੀ ਦਾ ਨਸ਼ਾ ਉਤਰਦੇ ਹੀ ਸਿਰ ਭਾਰੀ ਹੁੰਦਾ ਹੈ। ਉਲਟੀਆਂ ਅਤੇ ਚੱਕਰ ਆਉਂਦੇ ਹਨ। ਥਕਾਵਟ ਮਹਿਸੂਸ ਹੁੰਦੀ ਹੈ।
ਲੋਕ ਕਹਿੰਦੇ ਹਨ ਕਿ ਇਹ ਪੀਣ ਦਾ ਹੈਂਗਓਵਰ ਹੈ। ਹਿਲਸਾ ਮੱਛੀ ਦਾ ਆਚਾਰ ਖਾਓ, ਅੰਡੇ ਖਾਓ ਜਾਂ ਫਿਰ ਓਇਸਟਰ (ਸਿੱਪੀਆਂ) ਖਾ ਲਓ। ਇਸ ਨਾਲ ਉਤਰ ਜਾਵੇਗਾ ਇਹ ਖੁਮਾਰ।
ਵਧੇਰੇ ਸ਼ਰਾਬ ਪੀਣ ਤੋਂ ਬਾਅਦ ਅਕਸਰ ਲੋਕਾਂ ਨੂੰ ਹੈਂਗਓਵਰ ਦੀ ਸ਼ਿਕਾਇਤ ਹੁੰਦੀ ਹੈ। ਫਿਰ, ਜਿਹੜੇ ਦੋਸਤ ਜ਼ਿੱਦ ਕਰਕੇ ਵਾਧੂ ਸ਼ਰਾਬ ਪੀਂਦੇ ਹਨ, ਉਹ ਅਗਲੇ ਦਿਨ ਦਾ ਨਸ਼ਾ ਉਤਾਰਣ ਲਈ ਨੁਸਖੇ ਦੱਸਣ ਲੱਗਦੇ ਹਨ।
ਇਹ ਵੀ ਪੜ੍ਹੋ:
ਪਰ, ਕਿਹੜਾ ਨੁਸਖਾ, ਜਿਹੜਾ ਤੁਹਾਡਾ ਹੈਂਗਓਵਰ ਉਤਾਰ ਦੇਵੇ? ਅਜਿਹਾ ਕੋਈ ਨੁਸਖਾ ਹੈ ਵੀ ਜਾਂ ਨਹੀਂ?
ਹਜ਼ਾਰਾਂ ਸਾਲ ਪੁਰਾਣੀ ਹੈ ਇਹ ਚੁਣੌਤੀ
ਹੈਂਗਓਵਰ ਕਿਵੇਂ ਉਤਰੇ, ਇਹ ਸਵਾਲ ਅੱਜ ਦਾ ਨਹੀਂ ਹੈ, ਹਜ਼ਾਰਾਂ ਸਾਲ ਪੁਰਾਣਾ ਹੈ। ਮਿਸਰ ਵਿੱਚ ਮਿਲੀਆਂ 1900 ਸਾਲ ਪੁਰਾਣੀਆਂ ਲਿਖਤਾਂ 'ਤੇ ਸ਼ਰਾਬ ਦੇ ਨਸ਼ੇ ਤੋਂ ਬਾਹਰ ਆਉਣ ਦੇ ਨੁਸਖੇ ਲਿਖੇ ਮਿਲੇ ਹਨ।

ਤਸਵੀਰ ਸਰੋਤ, Getty Images
ਯਾਨਿ ਉਸ ਦੌਰ ਵਿੱਚ ਵੀ ਲੋਕ ਵਧੇਰੇ ਸ਼ਰਾਬ ਪੀਣ ਦੀ ਖੁਮਾਰੀ ਉਤਾਰਣ ਦੀ ਚੁਣੌਤੀ ਤੋਂ ਪ੍ਰੇਸ਼ਾਨ ਸਨ ਅਤੇ ਇਸਦਾ ਹੱਲ ਲੱਭ ਰਹੇ ਸਨ। ਉਨ੍ਹਾਂ ਲਿਖਤਾਂ ਵਿੱਚ ਜਿਹੜਾ ਨੁਸਖਾ ਦਿੱਤਾ ਗਿਆ ਸੀ, ਉਹ ਅੱਜ ਅਮਲ ਵਿੱਚ ਲਿਆ ਸਕਣਾ ਬਹੁਤ ਮੁਸ਼ਕਿਲ ਹੈ।
ਪਰ, ਅੱਜ ਵੀ ਨਸ਼ੇ ਦੀ ਖੁਮਾਰੀ ਤੋਂ ਬਾਹਰ ਆਉਣ ਲਈ ਤਮਾਮ ਨੁਸਖੇ ਦੱਸੇ ਜਾਂਦੇ ਹਨ, ਜਿਵੇਂ ਕਿ ਭੁੰਨੀ ਹੋਈ ਕੈਨੇਰੀ ਚਿੜੀ ਦਾ ਮਾਸ ਖਾਣਾ। ਨਮਕੀਨ ਬੇਰ ਖਾਣਾ ਜਾਂ ਫਿਰ ਕੱਚੇ ਆਂਡਿਆਂ, ਟਮਾਟਰ ਦੇ ਜੂਸ, ਸੌਸ ਅਤੇ ਦੂਜੀਆਂ ਚੀਜ਼ਾਂ ਮਿਲਾ ਕੇ ਤਿਆਰ ਪ੍ਰੇਅਰੀ ਓਇਸਟਰ।
ਪਰ, ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਨੁਸਖਾ ਜਾਂ ਤਰਕੀਬ ਹੈਂਗਓਵਰ ਤੋਂ ਨਿਜਾਤ ਦਿਵਾਉਣ ਦਾ ਪੱਕਾ ਵਾਅਦਾ ਨਹੀਂ ਕਰਦੀ।
ਸਿਰਫ਼, ਸਮਾਂ ਹੀ ਸਾਨੂੰ ਵੱਧ ਸ਼ਰਾਬ ਪੀਣ ਦੀ ਖੁਮਾਰੀ ਵਿੱਚੋਂ ਬਾਹਰ ਕੱਢਦਾ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਹੁਣ ਤੱਕ ਹੈਂਗਓਵਰ ਕਿਉਂ ਹੁੰਦਾ ਹੈ, ਇਹ ਨਹੀਂ ਪਤਾ।
ਕਿਉਂ ਹੁੰਦਾ ਹੈ ਹੈਂਗਓਵਰ?
ਵਿਗਿਆਨ ਕਹਿੰਦਾ ਹੈ ਕਿ ਸਾਨੂੰ ਵੱਧ ਸ਼ਰਾਬ ਪੀਣ ਨਾਲ ਹੈਂਗਓਵਰ ਮਹਿਸੂਸ ਹੁੰਦਾ ਹੈ। ਯਾਨਿ ਜਦੋਂ ਸਿਰ ਭਾਰਾ ਹੋਣਾ, ਚੱਕਰ ਆਉਣਾ ਅਤੇ ਥਕਾਵਟ ਮਹਿਸੂਸ ਹੁੰਦੀ ਹੈ, ਉਦੋਂ ਤੱਕ ਤਾਂ ਸ਼ਰਾਬ ਸਾਡੇ ਸਰੀਰ ਵਿੱਚੋਂ ਨਿਕਲ ਚੁੱਕੀ ਹੁੰਦੀ ਹੈ।
ਤਾਂ, ਆਖ਼ਰ ਹੈਂਗਓਵਰ ਹੁੰਦਾ ਕਿਉਂ ਹੈ?
ਇਹ ਵੀ ਪੜ੍ਹੋ:
ਸ਼ਰਾਬ ਐਥੇਨੌਲ ਤੋਂ ਬਣਦੀ ਹੈ। ਇਸ ਨੂੰ ਸਾਡੇ ਸਰੀਰ ਵਿੱਚ ਮੌਜੂਦ ਐਂਜਾਈਮ ਤੋੜ ਕੇ ਦੂਜੇ ਕੈਮੀਕਲ ਵਿੱਚ ਤਬਦੀਲ ਕਰ ਦਿੰਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਹੈ ਐਸੀਟੇਲੀਹਾਈਡ।
ਇਸ ਨੂੰ ਤੋੜ ਕੇ ਐਂਜਾਈਮ ਐਸੀਟੇਟ ਨਾਮ ਦੇ ਕੈਮੀਕਲ ਵਿੱਚ ਬਦਲ ਦਿੰਦੇ ਹਨ। ਇਹ ਐਸੀਟੇਟ ਵਸਾ ਅਤੇ ਪਾਣੀ ਵਿੱਚ ਬਦਲ ਜਾਂਦਾ ਹੈ।

ਤਸਵੀਰ ਸਰੋਤ, Getty Images
ਕੁਝ ਵਿਗਿਆਨਕ ਇਹ ਮੰਨਦੇ ਸਨ ਕਿ ਐਸੀਟੇਲਿਡਹਾਈਡ ਦੇ ਕਾਰਨ ਹੈਂਗਓਵਰ ਹੁੰਦਾ ਹੈ। ਪਰ ਕੁਝ ਰਿਸਰਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਐਸੀਟੇਲਿਡਹਾਈਡ ਦਾ ਸਬੰਧ ਸ਼ਰਾਬ ਦੀ ਖੁਮਾਰੀ ਨਾਲ ਨਹੀਂ ਹੈ।
ਕੁਝ ਜਾਣਕਾਰ ਕਹਿੰਦੇ ਹਨ ਕਿ ਸ਼ਰਾਬ ਵਿੱਚ ਮਿਲਾਏ ਜਾਣ ਵਾਲੇ ਦੂਜੇ ਕੈਮੀਕਲ ਹੈਂਗਓਵਰ ਲਈ ਜ਼ਿੰਮੇਵਾਰ ਹਨ। ਇਨ੍ਹਾਂ ਨੂੰ ਕੌਨਜੇਨਰਸ ਕਹਿੰਦੇ ਹਨ। ਇਹ ਕਈ ਤਰ੍ਹਾਂ ਦੇ ਕਣ ਹੁੰਦੇ ਹਨ, ਜਿਹੜੇ ਵਿਸਕੀ ਤਿਆਰ ਕਰਨ ਵੇਲੇ ਮਿਲਦੇ ਹਨ। ਇਸਦੀ ਮੌਜੂਦਗੀ ਦਾ ਅਹਿਸਾਸ ਲੋਕਾਂ ਨੂੰ ਉਦੋਂ ਹੁੰਦਾ ਹੈ ਜਦੋਂ ਉਹ ਜ਼ਿਆਦਾ ਪੀ ਲੈਂਦੇ ਹਨ।
ਗੂੜੇ ਰੰਗ ਦੀ ਸ਼ਰਾਬ ਵਿੱਚ ਇਹ ਤੱਤ ਜ਼ਿਆਦਾ ਹੁੰਦੇ ਹਨ ਇਸ ਲਈ ਡਾਰਕ ਬੁਰਬੋਂ ਸ਼ਰਾਬ ਪੀਣ ਤੋਂ ਵੋੜਕਾ ਪੀਣ ਦੇ ਮੁਕਾਬਲੇ ਵੱਧ ਨਸ਼ਾ ਹੁੰਦਾ ਹੈ।
ਹਾਲਾਂਕਿ ਹਰ ਸ਼ਖ਼ਸ ਵਿੱਚ ਇਸਦਾ ਅਸਰ ਵੱਖ-ਵੱਖ ਦੇਖਣ ਨੂੰ ਮਿਲਦਾ ਹੈ। ਫਿਰ ਹੈਂਗਓਵਰ ਦੇ ਅਸਰ ਦਾ ਸਬੰਧ ਲੋਕਾਂ ਦੀ ਉਮਰ ਤੋਂ ਲੈ ਕੇ ਉਨ੍ਹਾਂ ਦੇ ਸ਼ਰਾਬ ਪੀਣ ਦੀ ਮਾਤਰਾ ਤੱਕ ਨਿਰਭਰ ਕਰਦਾ ਹੈ।
ਥਕਾਵਟ ਮਹਿਸੂਸ ਕਿਉਂ ਹੁੰਦੀ ਹੈ
ਹਕੀਕਤ ਇਹ ਹੈ ਕਿ ਸ਼ਰਾਬ ਦੀ ਖੁਮਾਰੀ ਕਿਸੇ ਇੱਕ ਤੱਤ ਦੇ ਕਾਰਨ ਨਹੀਂ ਹੁੰਦੀ। ਇਸਦੇ ਕਈ ਕਾਰਨ ਹੁੰਦੇ ਹਨ। ਸ਼ਰਾਬ ਪੀਣ ਨਾਲ ਸਾਡੇ ਸਰੀਰ ਵਿੱਚ ਹਾਰਮੋਨਜ਼ ਦਾ ਸੰਤੁਲਨ ਵਿਗੜਾ ਜਾਂਦਾ ਹੈ।
ਇਸ ਦੌਰਾਨ ਲੋਕ ਪੇਸ਼ਾਬ ਵੱਧ ਕਰਨ ਲਗਦੇ ਹਨ। ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸਿਰ ਭਾਰੀ ਹੋਣ ਦਾ ਸਬੰਧ ਇਸ ਨਾਲ ਵੀ ਹੁੰਦਾ ਹੈ।
ਸ਼ਰਾਬ ਪੀਣ ਨਾਲ ਨੀਂਦ 'ਤੇ ਵੀ ਅਸਰ ਹੁੰਦਾ ਹੈ। ਅਕਸਰ ਲੋਕ ਦੇਰ ਰਾਤ ਤੱਕ ਸ਼ਰਾਬ ਪੀਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਠੀਕ ਤਰ੍ਹਾਂ ਸੌ ਨਹੀਂ ਪਾਉਂਦੇ। ਥਕਾਵਟ ਮਹਿਸੂਸ ਕਰਨ ਪਿੱਛੇ ਇਹ ਕਾਰਨ ਵੀ ਹੁੰਦਾ ਹੈ।

ਤਸਵੀਰ ਸਰੋਤ, Getty Images
ਨੀਦਰਲੈਂਡ ਦੀ ਉਤਰੇਖਤ ਯੂਨੀਵਰਸਿਟੀ ਦੇ ਪ੍ਰੋਫੈਸਰ ਯੋਰਿਸ ਸੀ ਵੇਰਸਟਰ ਕਹਿੰਦੇ ਹਨ,''ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਸਾਡਾ ਸਰੀਰ ਉਸ ਨਾਲ ਲੜਨ ਵਿੱਚ ਤਾਕਤ ਲਗਾਉਂਦਾ ਹੈ, ਤਾਂ ਜੋ ਸਰੀਰ 'ਤੇ ਸ਼ਰਾਬ ਦਾ ਵਾਧੂ ਅਸਰ ਨਾ ਹੋਵੇ। ਸ਼ਾਇਦ ਇਸ ਕਾਰਨ ਵੀ ਲੋਕ ਜ਼ਿਆਦਾ ਪੀਣ ਤੋਂ ਬਾਅਦ ਪ੍ਰੇਸ਼ਾਨ ਨਜ਼ਰ ਆਉਂਦੇ ਹਨ।''
ਇਹ ਵੀ ਪੜ੍ਹੋ:
ਇੰਟਰਨੈੱਟ 'ਤੇ ਸ਼ਰਾਬ ਦੇ ਨਸ਼ੇ ਵਿੱਚੋਂ ਉਭਰਣ ਲਈ ਹਜ਼ਾਰਾਂ ਨੁਸਖੇ ਮਿਲ ਜਾਣਗੇ। ਕੋਈ ਦੱਸੇਗਾ ਕਿ ਕੇਲੇ ਖਾਣ ਨਾਲ ਰਾਹਤ ਮਿਲੇਗੀ। ਕਿਉਂਕਿ ਸ਼ਰਾਬ ਪੀਣ ਨਾਲ ਸਰੀਰ ਵਿੱਚ ਪੋਟਾਸ਼ੀਅਮ ਘੱਟ ਹੋ ਜਾਂਦਾ ਹੈ।
ਕੇਲਾ ਖਾਣ ਨਾਲ ਸਰੀਰ ਦੀ ਪੋਟਾਸ਼ੀਅਮ ਖਣਿਜ ਦੀ ਲੋੜ ਪੂਰੀ ਹੋਵੇਗੀ ਅਤੇ ਹੈਂਗਓਵਰ ਭੱਜ ਜਾਵੇਗਾ। ਪਰ ਪੋਟਾਸ਼ੀਅਮ ਦੀ ਕਮੀ ਕੋਈ ਇੱਕ ਰਾਤ ਸ਼ਰਾਬ ਪੀਣ ਨਾਲ ਨਹੀਂ ਹੁੰਦੀ, ਜਿਹੜੀ ਕੇਲਾ ਖਾਣ ਨਾਲ ਤੁਰੰਤ ਦੂਰ ਹੋ ਜਾਵੇ।
ਕੁਝ ਲੋਕ ਅੰਗਰੇਜ਼ੀ ਬ੍ਰੇਕਫਾਸਟ ਯਾਨਿ ਭਾਰੀ ਨਾਸ਼ਤਾ ਕਰਨ ਦੀ ਸਲਾਹ ਦਿੰਦੇ ਹਨ। ਕਈ ਲੋਕ ਸ਼ਰਾਬ ਪੀਣ ਤੋਂ ਪਹਿਲਾਂ ਹੀ ਢਿੱਡ ਭਰ ਕੇ ਖਾਣਾ ਖਾਣ ਦੀ ਸਲਾਹ ਦਿੰਦੇ ਹਨ।
ਉੱਥੇ ਹੀ, ਕੁਝ ਲੋਕ ਅੰਡੇ ਖਾਣ ਦਾ ਮਸ਼ਵਰਾ ਦਿੰਦੇ ਹਨ, ਤਾਂ ਜੋ ਹੈਂਗਓਵਰ ਤੋਂ ਨਿਕਲਿਆ ਜਾਵੇ। ਇਸ ਵਿੱਚ ਇੱਕ ਅਮੀਨੋ ਐਸਿਡ ਹੁੰਦਾ ਹੈ, ਜਿਹੜਾ, ਐਸੀਟੇਲਿਡਹਾਈਡ ਨੂੰ ਤੋੜਨ ਵਿੱਚ ਮਦਦ ਕਰਦਾ ਹੈ। ਅੰਡਾ ਖਾਣਾ ਥੋੜ੍ਹਾ ਬਹੁਤ ਮਦਦਗਾਰ ਹੋ ਸਕਦਾ ਹੈ। ਪਰ ਇਸ ਨਾਲ ਹੈਂਗਓਵਰ ਤੋਂ ਪੂਰੀ ਤਰ੍ਹਾਂ ਨਿਜਾਤ ਮਿਲ ਜਾਵੇਗੀ ਇਹ ਕਹਿਣਾ ਮੁਸ਼ਕਿਲ ਹੈ।
ਜ਼ਿਆਦਾ ਸ਼ਰਾਬ ਪੀਣ ਨਾਲ ਹੋਣ ਵਾਲੀ ਖੁਮਾਰੀ ਤੋਂ ਨਿਪਟਣ ਦਾ ਸਭ ਤੋਂ ਚੰਗਾ ਤਰੀਕਾ ਆਰਾਮ ਕਰਨਾ, ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣਾ ਅਤੇ ਐਸਪੀਰੀਨ ਦੀ ਇੱਕ ਗੋਲੀ ਲੈਣਾ ਹੈ। ਸ਼ਰਾਬ ਪੀਣ ਤੋਂ ਪਹਿਲਾਂ ਠੀਕ ਤਰ੍ਹਾਂ ਖਾਣਾ ਖਾਣ ਅਤੇ ਹੌਲੀ-ਹੌਲੀ ਪੀਣ ਨਾਲ ਵੀ ਹੈਂਗਓਵਰ ਘੱਟ ਹੁੰਦਾ ਹੈ।
ਅਤੇ ਚੰਗਾ ਹੋਵੇਗਾ ਜੇਕਰ ਤੁਸੀਂ ਜ਼ਿਆਦਾ ਸ਼ਰਾਬ ਨਾ ਪੀਓ।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












