ਸਿਗਰਟ ਤੇ ਸ਼ਰਾਬ ਦਾ 17 ਸਾਲ ਦੀ ਉਮਰ 'ਚ ਹੀ ਮਾੜਾ ਅਸਰ

Hands holding beer glasses

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 100 ਤੋਂ ਵੱਧ ਸਿਗਰਟਾਂ ਜਾਂ ਵਧੇਰੇ ਸ਼ਰਾਬ ਪੀਣ ਵਾਲਿਆਂ ਦੀਆਂ ਨਾੜਾਂ ਵਧੇਰੇ ਆਕੜ ਗਈਆਂ ਸਨ
    • ਲੇਖਕ, ਔਨਿਆ ਵੈਸਟਬਰੂਕ
    • ਰੋਲ, ਬੀਬੀਸੀ ਪੱਤਰਕਾਰ

ਸਿਗਰਟ ਅਤੇ ਸ਼ਰਾਬ ਪੀਣ ਵਾਲੇ ਨੌਜਵਾਨਾਂ ਦੀ ਸਿਹਤ 'ਤੇ 17 ਸਾਲ ਦੀ ਉਮਰ ਤੱਕ ਹੀ ਮਾੜਾ ਅਸਰ ਪੈਣ ਲੱਗ ਜਾਂਦਾ ਹੈ। ਇੱਕ ਅਧਿਐਨ ਮੁਤਾਬਕ ਉਨ੍ਹਾਂ ਦੀਆਂ ਧਮਨੀਆਂ (ਆਰਟਰੀਜ਼) ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ।

ਟੈਸਟਾਂ ਮੁਤਾਬਕ ਇੰਨੀ ਛੋਟੀ ਉਮਰ ਵਿੱਚ ਹੀ ਧਮਨੀਆਂ ਆਕੜ ਜਾਂਦੀਆਂ ਹਨ।

ਇਨ੍ਹਾਂ ਸਰੀਰਕ ਤਬਦੀਲੀਆਂ ਕਾਰਨ ਬਾਅਦ ਵਿੱਚ ਦਿਲ ਅਤੇ ਖੂਨ ਦੀਆਂ ਨਾੜੀਆਂ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ, ਜਿਵੇਂ ਕਿ ਦਿਲ ਦਾ ਦੌਰਾ ਵੀ ਪੈ ਸਕਦਾ ਹੈ।

ਪਰ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਨੌਜਾਵਨਾਂ ਨੇ ਸਿਗਰਟ ਅਤੇ ਸ਼ਰਾਬ ਪੀਣੀ ਛੱਡ ਦਿੱਤੀ ਉਨ੍ਹਾਂ ਦੀ ਸਿਹਤ ਪਹਿਲਾਂ ਵਰਗੀ ਹੀ ਹੋ ਗਈ।

ਸਰਵੇਖਣਕਰਤਾਵਾਂ ਨੇ 2004 ਤੋਂ 2008 ਵਿਚਾਲੇ ਇਹ ਅਧਿਐਨ ਐਵਨ ਲੋਂਗੋਡਿਊਨਲ ਸਟੱਡੀ ਆਫ਼ ਮਾਡਰਨਜ਼ ਐਂਡ ਚਿਲਡਰਨ (ਏਐਲਐਸਪੀਏਸੀ) ਵਿੱਚ ਭਾਗ ਲੈਣ ਵਾਲੇ 1266 ਨੌਜਵਾਨਾਂ 'ਤੇ ਕੀਤਾ। ਇਹ ਸੰਸਥਾ ਬ੍ਰਿਸਲ ਵਿੱਚ 14,500 ਪਰਿਵਾਰਾਂ ਦੀ ਸਿਹਤ ਦਾ ਵੇਰਵਾ ਰਖਦੀ ਹੈ।

ਇਹ ਵੀ ਪੜ੍ਹੋ:

ਇਹ ਖੋਜ ਯੂਰਪੀ ਹਾਰਟ ਜਰਨਲ ਵਿੱਚ ਛੱਪ ਚੁੱਕੀ ਹੈ।

ਜਿਹੜੇ ਨੌਜਵਾਨਾਂ ਨੇ ਇਸ ਅਧਿਐਨ ਵਿੱਚ ਹਿੱਸਾ ਲਿਆ ਉਨ੍ਹਾਂ ਨੇ 13, 15 ਅਤੇ 17 ਸਾਲ ਦੀ ਉਮਰ ਵਿੱਚ ਆਪਣੀਆਂ ਸਿਗਰਟ ਅਤੇ ਸ਼ਰਾਬ ਪੀਣ ਦੀਆਂ ਆਦਤਾਂ ਦਾ ਵੇਰਵਾ ਦਿੱਤਾ।

ਫਿਰ ਉਨ੍ਹਾਂ ਦੇ ਟੈਸਟ ਕੀਤੇ ਗਏ ਤਾਂ ਕਿ ਪਤਾ ਲੱਗ ਸਕੇ ਕਿ ਇਸ ਦਾ ਅਸਰ ਉਨ੍ਹਾਂ ਦੀਆਂ ਧਮਨੀਆਂ (ਆਰਟਰੀਜ਼) 'ਤੇ ਕਿੰਨਾ ਪੈਂਦਾ ਹੈ।

ਨੌਜਵਾਨਾਂ ਤੋਂ ਲਈ ਗਈ ਜਾਣਕਾਰੀ

  • ਉਨ੍ਹਾਂ ਨੇ ਹੁਣ ਤੱਕ ਕਿੰਨੀਆਂ ਸਿਗਰਟਾਂ ਪੀਤੀਆਂ ਹਨ।
  • ਉਨ੍ਹਾਂ ਨੇ ਕਿਹੜੀ ਉਮਰ ਵਿੱਚ ਸ਼ਰਾਬ ਪੀਣੀ ਸ਼ੁਰੂ ਕੀਤੀ।

ਜੋ 100 ਤੋਂ ਵੱਧ ਸਿਗਰਟਾਂ ਪੀ ਚੁੱਕੇ ਸਨ ਜਾਂ ਵਧੇਰੇ ਸ਼ਰਾਬ ਪੀਂਦੇ ਸਨ ਉਨ੍ਹਾਂ ਦੀਆਂ ਨਾੜਾਂ ਵਧੇਰੇ ਆਕੜ ਗਈਆਂ ਸਨ।

ਜਦੋਂ ਕਿ ਜੋ 20 ਤੋਂ ਘੱਟ ਸਿਗਰਟਾਂ ਪੀਂਦੇ ਸਨ ਅਤੇ ਦਿਨ ਵਿੱਚ ਦੋ ਗਲਾਸ ਸ਼ਰਾਬ ਰੋਜ਼ਾਨਾ ਪੀਂਦੇ ਸਨ ਉਨ੍ਹਾਂ ਉੱਤੇ ਇਸ ਦਾ ਇੰਨਾ ਮਾੜਾ ਅਸਰ ਨਹੀਂ ਪੈਂਦਾ।

alcohol drinking teenager

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਰਾਬ, ਸਿਗਰਟ ਕਾਰਨ ਛੋਟੀ ਉਮਰ ਵਿੱਚ ਹੀ ਧਮਨੀਆਂ ਆਕੜ ਜਾਂਦੀਆਂ ਹਨ

ਯੂਸੀਐਲ ਇੰਸਟੀਚਿਊਟ ਆਫ਼ ਕਾਰਡੀਓਵਸਕੁਲਰ ਸਾਈਂਸ ਦੇ ਪ੍ਰੋਫੈੱਸਰ ਜੌਹਨ ਡੀਨਫੀਲਡ ਦਾ ਕਹਿਣਾ ਹੈ, "ਖੋਜ ਦੌਰਾਨ ਸਾਨੂੰ ਪਤਾ ਲੱਗਿਆ ਹੈ ਕਿ ਯੂਕੇ ਵਿੱਚ ਨੌਜਵਾਨਾਂ ਵੱਲੋਂ ਸ਼ਰਾਬ ਅਤੇ ਸਿਗਰਟ ਭਾਵੇਂ ਬਾਲਗਾਂ ਨਾਲੋਂ ਘੱਟ ਲਈ ਜਾਂਦੀ ਹੋਵੇ ਪਰ ਇਸ ਦਾ ਸਬੰਧ ਨਾੜੀਆਂ ਸਖਤ ਹੋਣ ਅਤੇ ਆਥਰੋਕਲੇਰੋਸਿਸ (ਆਰਟਰੀਜ਼ ਦਾ ਬਲਾਕ ਹੋਣਾ) ਬਿਮਾਰੀ ਨਾਲ ਜੁੜਿਆ ਹੋਇਆ ਹੈ।"

ਇਹ ਵੀ ਪੜ੍ਹੋ:

"ਹਾਲਾਂਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਨੌਜਵਾਨ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਸਿਗਰਟਨੋਸ਼ੀ ਅਤੇ ਸ਼ਰਾਬ ਪੀਣੀ ਛੱਡ ਦਿੱਤੀ, ਉਨ੍ਹਾਂ ਦੀਆਂ ਨਾੜਾਂ (ਧਮਨੀਆਂ) ਪਹਿਲਾਂ ਵਰਗੀਆਂ ਹੀ ਹੋ ਗਈਆਂ। ਇਸ ਤੋਂ ਇਹ ਸਾਬਿਤ ਹੋ ਰਿਹਾ ਕਿ ਛੋਟੀ ਉਮਰ ਵਿੱਚ ਹੀ ਆਪਣੀਆਂ ਆਰਟਰੀਜ਼ ਨੂੰ ਠੀਕ ਕਰਨ ਦਾ ਮੌਕਾ ਹੁੰਦਾ ਹੈ।"

ਡਾ. ਮਰੇਟਾ ਚਾਰਾਕੀਦਾ ਜਿਨ੍ਹਾਂ ਨੇ ਯੂਸੀਐਲ ਇੰਸਟੀਚਿਊਟ ਆਫ਼ ਕਾਰਡੀਓਵਸਕੁਲਰ ਸਾਈਂਸ ਵਿੱਚ ਖੋਜ ਕੀਤੀ, ਦਾ ਕਹਿਣਾ ਹੈ, "ਛੋਟੀ ਉਮਰ ਵਿੱਚ ਹੀ ਸ਼ਰਾਬ ਅਤੇ ਸਿਗਰਟਨੋਸ਼ੀ ਕਾਰਨ ਖੂਨ ਦੀਆਂ ਨਾੜਾਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਸਿਗਰਟ ਅਤੇ ਸ਼ਰਾਬ ਦੋਵੇਂ ਹੀ ਪੀਣ ਨਾਲ ਸਿਹਤ 'ਤੇ ਵਧੇਰੇ ਮਾੜਾ ਅਸਰ ਹੁੰਦਾ ਹੈ।"

drinking

ਤਸਵੀਰ ਸਰੋਤ, Getty Images

"ਹਾਲਾਂਕਿ ਕਈ ਸਰਵੇਖਣਾਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਨੌਜਵਾਨ ਸਿਗਰਟ ਦਾ ਸੇਵਨ ਘੱਟ ਕਰਦੇ ਹਨ ਪਰ ਸਾਡੀ ਖੋਜ ਵਿੱਚ ਇਹ ਪਤਾ ਲੱਗਿਆ ਹੈ ਕਿ 17 ਸਾਲ ਦੀ ਉਮਰ ਤੱਕ ਪੰਜ ਵਿੱਚੋਂ ਇੱਕ ਨੌਜਵਾਨ ਸਿਗਰਟ ਪੀਂਦਾ ਹੈ।"

"ਜਿੰਨ੍ਹਾਂ ਪਰਿਵਾਰਾਂ ਵਿੱਚ ਮਾਪੇ ਸਿਗਰਟ ਪੀਂਦੇ ਹਨ ਉੱਥੇ ਨੌਜਵਾਨ ਵੀ ਸਿਗਰਟਨੋਸ਼ੀ ਵਧੇਰੇ ਕਰਦੇ ਹਨ।"

ਸਿਹਤਯਾਬੀ ਲਈ ਕੀ ਕਰਨਾ ਚਾਹੀਦਾ ਹੈ

ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੇ ਸਹਾਇਕ ਮੈਡੀਕਲ ਨਿਰਦੇਸ਼ਕ ਪ੍ਰੋਫੈਸਰ ਮੈਟਿਨ ਅਵਕਿਰਨ ਜਿਨ੍ਹਾਂ ਦੀ ਸਰਵੇਖਣ ਵਿੱਚ ਹਿੱਸੇਦਾਰੀ ਰਹੀ ਹੈ ਨੇ ਬੀਬੀਸੀ ਨੂੰ ਦੱਸਿਆ, "ਜ਼ਿੰਦਗੀ ਲਈ ਕੋਈ ਬਦਲਾਅ ਕਰਨਾ ਪਏ ਤਾਂ ਇਸ ਵਿੱਚ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ। ਇਸ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਆਰਟਰੀਜ਼ ਨੂੰ ਛੋਟੀ ਉਮਰ ਵਿੱਚ ਵੀ ਨੁਕਸਾਨ ਪਹੁੰਚ ਸਕਦਾ ਹੈ, ਜਿਸ ਦਾ ਉਮਰ ਵਧਣ 'ਤੇ ਕਾਫ਼ੀ ਮਾੜਾ ਅਸਰ ਪੈ ਸਕਦਾ ਹੈ।"

ਇਹ ਵੀ ਪੜ੍ਹੋ:

"ਤੁਸੀਂ ਆਪਣੇ ਦਿਲ ਨੂੰ ਬਚਾ ਕੇ ਰੱਖਣਾ ਚਾਹੁੰਦੇ ਹੋ ਤਾਂ ਸਿਗਰਟ ਛੱਡਣ ਤੋਂ ਵਧੀਆ ਬਦਲ ਕੋਈ ਨਹੀਂ ਹੈ।

"ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਧਿਆਨ ਰੱਖੋ ਕਿ ਇਹ ਲੋੜ ਤੋਂ ਵੱਧ ਨਾ ਹੋਵੇ ਅਤੇ ਤੈਅ ਨਿਰਦੇਸ਼ਾਂ ਮੁਤਾਬਕ ਹੀ ਪਿਓ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)