ਜੇ ਤੁਹਾਡਾ ਸਿਮ ਕਾਰਡ ਵੀ ਅਚਾਨਕ ਬੰਦ ਹੋ ਜਾਵੇ ਤਾਂ ਪਹਿਲਾਂ ਬੈਂਕ ਖਾਤਾ ਕਰੋ ਸੁਰੱਖਿਅਤ

ਤਸਵੀਰ ਸਰੋਤ, Getty Images
- ਲੇਖਕ, ਓਂਕਾਰ ਕਰੰਬੇਲਕਰ
- ਰੋਲ, ਬੀਬੀਸੀ ਮਰਾਠੀ
ਹਾਲ ਹੀ ਵਿੱਚ ਮੁੰਬਈ ਦੇ ਇੱਕ ਕਾਰੋਬਾਰੀ ਨੂੰ ਰਾਤੋ ਰਾਤ 1.86 ਕਰੋੜ ਰੁਪਏ ਦਾ ਚੂਨਾ ਲੱਗ ਗਿਆ।
ਇਹ ਸਭ ਸਿਮ ਸਵੈਪਿੰਗ ਯਾਨਿ ਸਿਮ ਬਦਲਣ ਕਾਰਨ ਹੋਇਆ। ਕਾਰੋਬਾਰੀ ਦੇ ਖਾਤੇ 'ਚੋਂ ਇਹ ਰਕਮ 28 ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕੀਤੀ ਗਈ। ਇਹ ਧੋਖਾਧੜੀ ਇੱਕ ਹੀ ਰਾਤ ਵਿੱਚ ਕੀਤੀ ਗਈ।
ਇਸ ਤਰ੍ਹਾਂ ਦੇ ਮਾਮਲਿਆਂ 'ਚ ਕਿਸੇ ਸ਼ਖ਼ਸ ਦੇ ਸਿਮ ਕਾਰਡ ਨੂੰ ਬਲਾਕ ਕਰਨ ਦੀ ਰਿਕਵੈਸਟ ਪਾਈ ਜਾਂਦੀ ਹੈ। ਜਿਵੇਂ ਹੀ ਸਿਮ ਕਾਰਡ ਬਲਾਕ ਹੁੰਦਾ ਹੈ, ਵਿੱਤੀ ਧੋਖਾਧੜੀ ਕਰਨ ਲਈ ਨਵੇਂ ਸਿਮ ਰਾਹੀਂ ਕਿਸੇ ਲੈਣ-ਦੇਣ ਲਈ ਵਨ-ਟਾਈਮ ਪਾਸਵਰਡ (OTP) ਦੀ ਰਿਕਵੈਸਟ ਪਾ ਦਿੱਤੀ ਜਾਂਦੀ ਹੈ।
ਫਿਰ ਜਿਵੇਂ ਹੀ ਓਟੀਪੀ ਆਉਂਦਾ ਹੈ, ਉਸ ਦੀ ਮਦਦ ਨਾਲ ਇੱਕ ਖਾਤੇ ਤੋਂ ਹੋਰਨਾਂ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਵਰਗੇ ਲੈਣ-ਦੇਣ ਕੀਤੇ ਜਾਂਦੇ ਹਨ।
ਅੱਜਕੱਲ ਵਧੇਰੇ ਲੈਣ-ਦੇਣ ਆਨਲਾਈਨ ਜਾਂ ਫਿਰ ਡਿਜੀਟਲ ਹੁੰਦਾ ਹੈ।
ਇਹ ਵੀ ਪੜ੍ਹੋ:
ਲੋਕਾਂ ਦੀਆਂ ਵਧੇਰੇ ਜਾਣਕਾਰੀਆਂ ਆਨਲਾਈਨ ਉਪਲਬਧ ਹੁੰਦੀਆਂ ਹਨ। ਅਜਿਹੇ ਵਿੱਚ ਧੋਖਾਧੜੀ ਕਰਨ ਵਾਲੇ ਲੋਕ ਉਸ ਦਾ ਫਾਇਦਾ ਚੁੱਕਦੇ ਹਨ ਅਤੇ ਸਿਮ ਸਵੈਪਿੰਗ ਰਾਹੀਂ ਠੱਗੀ ਕਰਦੇ ਹਨ।
ਕਿਵੇਂ ਹੁੰਦਾ ਹੈ ਸਿਮ ਸਵੈਪ
ਸਾਈਬਰ ਸਿਕਿਓਰਿਟੀ ਐਕਸਪਰਟ ਐਡਵੋਕੇਟ ਪ੍ਰਸ਼ਾਂਤ ਮਾਲੀ ਨੇ ਬੀਬੀਸੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਿਮ ਸਵੈਪਿੰਗ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਚਣ ਦੇ ਕੀ ਰਸਤੇ ਹਨ।

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, "2011 ਤੋਂ ਬਾਅਦ ਇਸ ਤਰ੍ਹਾਂ ਦੇ ਅਪਰਾਧ ਵਧੇ ਹਨ। ਸਿਮ ਸਵੈਪਿੰਗ ਸਿਰਫ਼ ਇੱਕ ਸ਼ਖ਼ਸ ਹੀ ਨਹੀਂ ਕਰਦਾ ਬਲਕਿ ਇਸ ਤਰ੍ਹਾਂ ਦੇ ਕੰਮਾਂ ਵਿੱਚ ਕਈ ਲੋਕ ਸ਼ਾਮਿਲ ਰਹਿੰਦੇ ਹਨ।"
"ਸੰਗਠਿਤ ਸਮੂਹ ਇਸ ਨੂੰ ਅੰਜ਼ਾਮ ਦਿੰਦੇ ਹਨ। ਸਾਈਬਰ ਐਂਡ ਲਾਅ ਫਾਊਂਡੇਸ਼ਨ ਦੀ ਅੰਦਰੂਨੀ ਖੋਜ ਤੋਂ ਪਤਾ ਲੱਗਾ ਕਿ 2018 'ਚ ਵੀ ਇਸ ਤਰੀਕੇ ਨਾਲ ਭਾਰਤ ਵਿੱਚ 200 ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ।"
- ਜੋ ਲੋਕ ਇਸ ਤਰ੍ਹਾਂ ਦੇ ਅਪਰਾਧਾਂ ਦੇ ਸ਼ਿਕਾਰ ਹੁੰਦੇ ਹਨ, ਪੜ੍ਹੇ-ਲਿਖੇ ਹੁੰਦੇ ਹਨ ਪਰ ਸੁਰੱਖਿਆ ਨੂੰ ਲੈ ਕੇ ਸੁਚੇਤ ਨਹੀਂ ਹੁੰਦੇ। ਅਜਿਹੇ 'ਚ ਇਸ ਦਾ ਖਾਮਿਆਜ਼ਾ ਵੀ ਉਨ੍ਹਾਂ ਨੂੰ ਭੁਗਤਨਾ ਪੈਂਦਾ ਹੈ। ਵੱਖ-ਵੱਖ ਤਰ੍ਹਾਂ ਦੇ ਮੀਡੀਆ, ਸੋਸ਼ਲ ਮੀਡੀਆ ਰਾਹੀਂ ਪਹਿਲਾਂ ਤਾਂ ਤੁਹਾਡੇ 'ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਤੁਹਾਡੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਕਈ ਵਾਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਅਤੇ ਜਾਣਕਾਰੀ ਲਈ ਜਾਂਦੀ ਹੈ।
- ਕਈ ਵਾਰ ਫਿਸ਼ਿੰਗ ਲਿੰਕ ਵੀ ਭੇਜੇ ਜਾਂਦੇ ਹਨ ਜਿਨ੍ਹਾਂ ਵਿੱਚ ਤੁਹਾਨੂੰ ਕਲਿੱਕ ਕਰਕੇ ਆਪਣੀ ਪ੍ਰਾਈਵੇਟ ਇਨਫਾਰਮੇਸ਼ਨ (ਨਿੱਜੀ ਜਾਣਕਾਰੀ) ਭਰਨ ਲਈ ਕਿਹਾ ਜਾਂਦਾ ਹੈ। ਕਈ ਵਾਰ ਇਹ ਧੋਖੇਬਾਜ ਬੈਂਕਾਂ ਦੇ ਡਾਟਾਬੇਸ ਨੂੰ ਖਰੀਦ ਲੈਂਦੇ ਹਨ। ਜਿਵੇਂ ਹੀ ਉਨ੍ਹਾਂ ਕੋਲ ਤੁਹਾਡੀਆਂ ਜਾਣਕਾਰੀਆਂ ਜਾਂਦੀਆਂ ਹਨ, ਉਹ ਤੁਹਾਡੇ ਨਾਮ ਦਾ ਫਰਜ਼ੀ ਆਈਕਾਰਡ ਬਣਾ ਸਕਦੇ ਹਨ ਅਤੇ ਉਸ ਦੀ ਮਦਦ ਨਾਲ ਟੈਲੀਕਾਮ ਕੰਪਨੀਆਂ ਨੂੰ ਸਿਮ ਬਲਾਕ ਕਰਨ ਦੀ ਰਿਕਵੈਸਟ ਪਾ ਸਕਦੇ ਹਨ। ਕਈ ਵਾਰ ਉਹ ਵਾਇਰਸ ਜਾਂ ਮੈਲਵੇਅਰ ਦੀ ਮਦਦ ਨਾਲ ਵੀ ਜਾਣਕਾਰੀਆਂ ਇਕੱਠੀ ਕਰਦੇ ਹਨ।

ਤਸਵੀਰ ਸਰੋਤ, AFP/getty images
- ਜਿਵੇਂ ਹੀ ਟੈਲੀਕਾਮ ਕੰਪਨੀਆਂ ਨਵਾਂ ਸਿਮ ਕਾਰਡ ਦਿੰਦੀਆਂ ਹਨ, ਠੱਗ ਨਵੇਂ ਸਿਮ ਰਾਹੀਂ ਆਰਾਮ ਨਾਲ OTP ਹਾਸਿਲ ਕਰਕੇ ਵਿੱਤੀ ਟਰਾਂਜ਼ੈਕਸ਼ਨ ਕਰ ਸਕਦੇ ਹਨ ਕਿਉਂਕਿ ਨਵਾਂ ਸਿਮ ਇਨ੍ਹਾਂ ਠੱਗਾ ਕੋਲ ਹੁੰਦਾ ਹੈ, ਇਸ ਲਈ ਓਟੀਪੀ ਉਨ੍ਹਾਂ ਕੋਲ ਆ ਰਿਹਾ ਹੁੰਦਾ ਹੈ। ਉਹ ਤੁਹਾਡੇ ਖਾਤੇ 'ਚ ਮੌਜੂਦ ਰਕਮ ਨੂੰ ਹੋਰਨਾਂ ਲੋਕਾਂ ਨੂੰ ਆਰਾਮ ਨਾਲ ਟਰਾਂਸਫਰ ਕਰ ਸਕਦੇ ਹਨ।
ਜੇਕਰ ਕੋਈ ਤੁਹਾਡੇ ਖਾਤੇ ਵਿੱਚ ਪੈਸਾ ਪਾਉਣਾ ਚਾਹੇ
ਪ੍ਰਸ਼ਾਂਤ ਮਾਲੀ ਕਹਿੰਦੇ ਹਨ ਕਿ ਜੇਕਰ ਕੋਈ ਸ਼ਖ਼ਸ ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਡੇ ਖਾਤੇ 'ਚ ਕੁਝ ਪੈਸਾ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਤਾਂ ਉਸ ਤੋਂ ਵੀ ਸਾਵਧਾਨ ਰਹੋ।
ਉਹ ਦੱਸਦੇ ਹਨ, "ਉਹ ਲੋਕ ਤੁਹਾਨੂੰ ਕਹਿਣਗੇ ਕਿ ਰਾਸ਼ੀ ਦਾ 10 ਫੀਸਦੀ ਜਾਂ 10 ਹਜ਼ਾਰ ਰੁਪਏ ਤੁਹਾਨੂੰ ਦੇ ਦੇਣਗੇ। ਤੁਹਾਨੂੰ ਅਜਿਹੇ ਫੋਨ ਵੀ ਆ ਸਕਦੇ ਹਨ ਜਿਨ੍ਹਾਂ ਵਿੱਚ ਕਿਹਾ ਜਾਵੇਗਾ ਕਿ ਕੁਝ ਹੀ ਦੇਰ 'ਚ ਤੁਹਾਡੇ ਖਾਤੇ 'ਚ ਰਾਸ਼ੀ ਭੇਜੀ ਜਾਣ ਵਾਲੀ ਹੈ। ਇਹ ਰਾਸ਼ੀ ਸਿਮ ਸਵੈਪਿੰਗ ਰਾਹੀਂ ਕਿਸੇ ਹੋਰ ਦੇ ਖਾਤੇ 'ਚੋਂ ਗ਼ੈਰ-ਕਾਨੂੰਨੀ ਢੰਗ ਨਾਲ ਉਡਾਈ ਗਈ ਰਕਮ ਹੋ ਸਕਦੀ ਹੈ।"
ਇਹ ਵੀ ਪੜ੍ਹੋ:

"ਅਜਿਹੇ ਵਿੱਚ ਤੁਸੀਂ ਅਣਜਾਣੇ 'ਚ ਅਪਰਾਧੀ ਬਣ ਸਕਦੇ ਹੋ ਕਿਉਂਕਿ ਤੁਹਾਡਾ ਖਾਤਾ ਵੀ ਉਨ੍ਹਾਂ ਧੋਖੇਬਾਜ਼ਾਂ ਦੇ ਅਪਰਾਧ ਦਾ ਹਿੱਸਾ ਬਣ ਗਿਆ ਹੈ। ਜੇਕਰ ਕੋਈ ਸ਼ਖ਼ਸ ਬਿਨਾਂ ਮਤਲਬ ਤੁਹਾਡੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੇ ਝਾਂਸੇ 'ਚ ਨਾ ਆਉ।"
ਆਪਣੇ ਜ਼ਰੂਰੀ ਕਾਗ਼ਜ਼ ਕਿਸੇ ਨੂੰ ਨਾ ਦਿਓ
ਮਹਾਰਾਸ਼ਟਰ ਸਾਈਬਰ ਡਿਪਾਰਮੈਂਟ ਦੇ ਐਸਪੀ ਬਾਲ ਸਿੰਘ ਰਾਜਪੂਤ ਨੇ ਬੀਬੀਸੀ ਨੂੰ ਉਨ੍ਹਾਂ ਗ਼ਲਤੀਆਂ ਬਾਰੇ ਦੱਸਿਆ ਜੋ ਲੋਕ ਆਮ ਤੌਰ 'ਤੇ ਆਨਲਾਈਨ ਟਰਾਂਜ਼ੈਕਸ਼ਨ ਵੇਲੇ ਕਰਦੇ ਹਨ।
ਉਨ੍ਹਾਂ ਨੇ ਕਿਹਾ, "ਕ੍ਰੈਡਿਟ ਕਾਰਡ ਅਤੇ ਆਧਾਰ ਕਾਰਡ ਦੀ ਜਾਣਕਾਰੀ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਆਨਲਾਈਨ ਲੈਣ-ਦੇਣ ਕਰ ਰਹੇ ਹੋ ਤਾਂ ਤੈਅ ਕਰ ਲਉ ਕਿ ਤੁਸੀਂ ਸਿਕਿਓਰਿਟੀ ਵੈਬਸਾਈਟਾਂ ਰਾਹੀਂ ਹੀ ਅਜਿਹਾ ਕਰ ਰਹੇ ਹੋ ਨਾ, ਹਾਂ, ਆਪਣਾ ਓਟੀਪੀ ਜਾਂ ਕਾਰਡ ਦਾ ਸੀਵੀਵੀ ਕਿਸੇ ਨੂੰ ਨਾ ਦਿਉ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, "ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਮਹੱਤਵਪੂਰਨ ਕਾਗ਼ਜ਼ਾਤ ਕਿਸੇ ਨੂੰ ਦੇ ਰਹੇ ਹੋ ਤਾਂ ਉਸ 'ਤੇ ਇਹ ਜ਼ਰੂਰ ਲਿਖੋ ਕਿ ਕਿਸ ਕੰਮ ਲਈ ਤੁਸੀਂ ਇਨ੍ਹਾਂ ਦੀ ਫੋਟੋਕਾਪੀ ਦੇ ਰਹੇ ਹੋ ਅਤੇ ਇਹ ਕਾਪੀ ਇਸੇ ਕੰਮ ਲਈ ਹੀ ਇਸਤੇਮਾਲ ਹੋਣੀ ਚਾਹੀਦੀ ਹੈ। ਇਸ ਨਾਲ ਵੀ ਕਾਗ਼ਜ਼ਾਂ ਦੀ ਦੁਰਵਰਤੋਂ ਰੁੱਕ ਸਕਦੀ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਆਪਣੇ ਕਾਗ਼ਜ਼ਾਂ ਦੀ ਫੋਟੋਕਾਪੀਆਂ ਦੇ ਰਹੇ ਹੋ ਤਾਂ ਪਹਿਲਾਂ ਸੋਚ ਲਵੋ ਕਿ ਅਜਿਹਾ ਕਰਨਾ ਜ਼ਰੂਰੀ ਹੈ ਜਾਂ ਨਹੀਂ।"
ਸਿਮ ਸਵੈਪ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ
ਪ੍ਰਸ਼ਾਂਤ ਮਾਲੀ ਸੁਝਾਅ ਦਿੰਦੇ ਹਨ, "ਹਰ ਬੈਂਕ ਖਾਤੇ ਦੇ ਨਾਲ ਈਮੇਲ ਅਲਰਟ ਸੁਵਿਧਾ ਹੋਣੀ ਚਾਹੀਦੀ ਹੈ ਤਾਂ ਕਿ ਜੇਕਰ ਅਚਾਨਕ ਸਿਮ ਕਾਰਡ ਬੰਦ ਹੋ ਜਾਵੇ ਤਾਂ ਘੱਟੋ-ਘੱਟ ਈਮੇਲ ਰਾਹੀਂ ਤਾਂ ਪਤਾ ਲੱਗ ਜਾਵੇ ਕੇ ਕੀ ਕੋਈ ਤੁਹਾਡੀ ਇਜ਼ਾਜਤ ਬਿਨਾਂ ਲੈਣ-ਦੇਣ ਕਰ ਰਿਹਾ ਹੈ। ਇਸ ਨਾਲ ਤੁਸੀਂ ਤੁਰੰਤ ਬੈਂਕ ਨੂੰ ਜਾਣਕਾਰੀ ਦੇ ਕੇ ਨੁਕਸਾਨ ਟਾਲ ਸਕਦੇ ਹੋ।"
"ਧਿਆਨ ਦੇਣ ਦੀ ਗੱਲ ਇਹ ਹੈ ਕਿ ਸਿਮ ਸਵੈਪਿੰਗ ਦਾ ਕੰਮ ਵਧੇਰੇ ਸ਼ੁੱਕਰਵਾਰ ਜਾਂ ਸ਼ਨਿੱਚਰਵਾਰ ਨੂੰ ਕੀਤਾ ਜਾਂਦਾ ਹੈ। ਕਈ ਵਾਰ ਛੁੱਟੀਆਂ ਦੌਰਾਨ ਵੀ ਅਜਿਹੀ ਠੱਗੀ ਕੀਤੀ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਲੋਕਾਂ ਨੂੰ ਛੁੱਟੀਆਂ ਕਾਰਨ ਬੈਂਕਾਂ ਜਾਂ ਫਿਰ ਟੈਲੀਕਾਮ ਕੰਪਨੀਆਂ ਨਾਲ ਸੰਪਰਕ ਕਰਨ ਵਿੱਚ ਦਿੱਕਤ ਹੁੰਦੀ ਹੈ। ਇਸ ਲਈ ਜੇਕਰ ਤੁਹਾਡਾ ਸਿਮ ਕਾਰਡ ਇਨ੍ਹਾਂ ਦਿਨਾਂ ਵਿੱਚ ਅਚਾਨਕ ਬੰਦ ਹੋ ਜਾਵੇ ਤਾਂ ਸਾਵਧਾਨ ਹੋ ਕੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੋ।"
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













