ਟਵਿੱਟਰ ਵੱਲੋਂ 'ਆਟੋਮੈਟਿਕ ਟਵੀਟ ਕਰਨ ਵਾਲੇ ਅਕਾਊਂਟ ਬੰਦ'

ਤਸਵੀਰ ਸਰੋਤ, Reuters
ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਕ ਟਵਿੱਟਰ ਨੇ ਇਸ ਸਾਲ ਮਈ ਤੋਂ ਲੈ ਕੇ ਹੁਣ ਤੱਕ 7 ਕਰੋੜ ਸ਼ੱਕੀ ਅਕਾਊਂਟ ਬੰਦ ਕੀਤੇ ਹਨ।
ਅਖ਼ਬਾਰ ਮੁਤਾਬਕ ਇਨ੍ਹਾਂ ਅਕਾਊਂਟਸ ਨੂੰ ਪਲੇਟਫਾਰਮ ਦੀ ਸਫਾਈ ਕਰਨ ਦੇ ਇੱਕ ਯਤਨ ਦੇ ਹਿੱਸੇ ਵਜੋਂ ਬੰਦ ਕੀਤਾ ਗਿਆ ਹੈ।
ਹਾਲਾਂਕਿ ਟਵਿੱਟਰ ਨੇ ਅਖ਼ਬਾਰ ਦੀ ਇਸ ਖ਼ਬਰ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਪਰ ਇਹ ਜ਼ਰੂਰ ਮੰਨਿਆ ਹੈ ਕਿ ਉਹ ਆਪਣੀ ਵੈਬਸਾਈਟ ਜ਼ਰੀਏ ਜਨਤਕ ਸੰਵਾਦ ਨੂੰ ਬਿਹਤਰ ਬਣਾਉਣ ਦੇ ਯਤਨ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਚੂਹੇ ਬਿੱਲੀ ਦਾ ਖੇਡ
ਯੂਸੀਐਲ ਦੇ ਖੋਜੀ ਜੁਆਨ ਗੁਜ਼ਮੈਨ ਨੇ ਅਜਿਹੇ ਫਰਜ਼ੀ ਹਜ਼ਾਰਾ ਟਵਿੱਟਰ ਅਕਾਊਂਟ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਨੇ ਹਮੇਸ਼ਾ ਹੀ ਆਪਣੇ ਪਲੇਟਫਾਰਮ ਉੱਪਰ ਫਰਜ਼ੀ ਟਵਿੱਟਰ ਐਕਾਊਂਟ ਦੀ ਹੋਂਦ ਤੋਂ ਇਨਕਾਰ ਕੀਤਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਟਵਿੱਟਰ ਨੇ ਕਦੇ ਨਹੀਂ ਮੰਨਿਆ ਕਿ ਉਸ ਦੇ ਪਲੇਟਫਾਰਮ ਉੱਪਰ ਫੇਕ ਇੱਕ ਸਮੱਸਿਆ ਹਨ ਅਤੇ ਕਦੇ ਵੀ ਇਨ੍ਹਾਂ ਦਾ ਪਤਾ ਲਾਉਣ ਦਾ ਯਤਨ ਨਹੀਂ ਕੀਤਾ।"
"ਬ੍ਰੈਕਸਿਟ ਅਤੇ 2016 ਦੀਆਂ ਚੋਣਾਂ ਤੋਂ ਬਾਅਦ ਹੀ ਇਹ ਫਰਜ਼ੀ ਐਕਾਊਂਟ ਇੱਕ ਬੋਝ ਬਣੇ ਜਿਸ ਕਰਕੇ ਟਵਿੱਟਰ ਅਤੇ ਫੇਸਬੁੱਕ ਨੇ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ।"
ਟਵਿੱਟਰ ਦੇ ਟਰੱਸਟ ਅਤੇ ਸੇਫਟੀ ਬਾਰੇ ਮੁਖੀ ਡੈਲ ਹਾਰਵੀ ਨੇ ਅਖ਼ਬਾਰ ਨੂੰ ਦੱਸਿਆ ਕਿ ਫਿਲਹਾਲ ਪਲੇਟਫਾਰਮ ਦੀ ਕੋਸ਼ਿਸ਼ "ਬੋਲਣ ਦੀ ਆਜ਼ਾਦੀ" ਨਾਲੋਂ "ਸੁਰੱਖਿਆ ਨੂੰ ਬਚਾਉਣਾ" ਵਧੇਰੇ ਸੀ।
"ਬੋਲਣ ਦੀ ਆਜ਼ਾਦੀ" ਦਾ ਕੋਈ ਅਰਥ ਨਹੀਂ ਜੇਕਰ ਲੋਕ ਖ਼ੁਦ ਨੂੰ ਮਹਿਫੂਜ਼ ਹੀ ਨਾ ਸਮਝਣ।
ਟਵਿੱਟਰ ਦੇ ਇੱਕ ਬੁਲਾਰੇ ਨੇ ਕਿਹਾ ਅਖ਼ਬਾਰ ਦੀ ਰਿਪੋਰਟ ਵਿੱਚ ਕੁਝ ਵੀ ਨਵਾਂ ਨਹੀਂ ਸੀ ਅਤੇ ਸ਼ੱਕੀ ਖਾਤਿਆਂ ਨੂੰ ਹਟਾਉਣਾ ਪਲੇਟਫਾਰਮ 'ਤੇ ਜਨਤਕ ਸੰਵਾਦ ਨੂੰ ਬਿਹਤਰ ਬਣਾਉਣ ਦੇ ਯਤਨਾਂ ਦਾ ਹੀ ਹਿੱਸਾ ਹੈ।

ਤਸਵੀਰ ਸਰੋਤ, Getty Images
ਬੁਲਾਰੇ ਨੇ ਯੋਇਲ ਰੌਥ ਅਤੇ ਮਿਸ ਹਾਰਵੇ ਦੇ ਇੱਕ ਬਲੌਗ ਵੱਲ ਸੰਕੇਤ ਕਰਦਿਆਂ ਕਿਹਾ ਕਿ ਟਵਿੱਟਰ ਉੱਪਰ ਘਟੀਆ ਅਤੇ ਝੂਠੀਆਂ ਟਵੀਟਸ ਪਾਉਣ ਬਾਰੇ 142, 000 ਅਰਜ਼ੀਆਂ ਉੱਪਰ ਕਾਰਵਾਈ ਕੀਤੀ ਸੀ।
ਪਿਛਲੇ ਮਹੀਨੇ ਟਵਿੱਟਰ ਨੇ ਸਪੈਮ, ਅਬਿਊਜ਼ ਅਤੇ ਧੋਖਾਧੜੀ ਫੜਨ ਵਾਲੀ ਤਕਨੀਕ ਦੀ ਮਾਹਰ ਸਮਾਇਟ ਕੰਪਨੀ ਨਾਲ ਵੀ ਕਰਾਰ ਕੀਤਾ ਸੀ।
ਹਾਲਾਂਕਿ ਰੋਬੋਟ ਵੱਲੋਂ ਬਣਾਏ ਟਵੀਟਸ ਦੀ ਪਛਾਣ ਕਰਨ ਵਾਲੇ ਸੌਫ਼ਟਵੇਅਰ ਐਸਟਰੋਸਕਰੀਨ ਦੇ ਵਿਕਾਸ ਵਿੱਚ ਸਹਿਯੋਗੀਆਂ ਵਿੱਚ ਸ਼ਾਮਲ ਗੁਜ਼ਮੈਨ ਮੁਤਾਬਕ ਟਵਿੱਟਰ ਲਈ ਅਜਿਹੇ ਅਕਾਊਂਟ ਦੀ ਸ਼ਨਾਖ਼ਤ ਕਰਨਾ ਮੁਸ਼ਕਿਲ ਹੁੰਦਾ ਜਾਵੇਗਾ।
ਗੱਲਬਾਤ ਕਰ ਸਕਣ ਵਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਨਾਲ ਫਰਜ਼ੀ ਐਕਾਊਂਟਸ ਨੂੰ ਭਵਿੱਖ ਵਿੱਚ ਫੜਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ।
ਵਾਸ਼ਿੰਗਟਨ ਪੋਸਟ ਦੀ ਖ਼ਬਰ ਨੂੰ ਟਵਿੱਟਰ ਦੇ ਸ਼ੇਅਰਾਂ ਵਿੱਚ ਆਈ 8.5 ਫੀਸਦੀ ਦੀ ਗਿਰਾਵਟ ਲਈ ਜਿੰਮੇਵਾਰ ਮੰਨਿਆ ਜਾ ਰਿਹਾ ਹੈ।
ਮੌਰਨਿੰਗਸਟਾਰ ਦੇ ਵਿਸ਼ਲੇਸ਼ਕ ਅਲੀ ਮੌਘਾਰਬੀ ਨੇ ਕਿਹਾ ਕਿ ਇਸ ਗਿਰਾਵਟ ਦਾ ਇੱਕ ਕਾਰਨ ਇਹ ਧਾਰਨਾ ਹੋ ਸਕਦੀ ਹੈ ਕਿ ਯੂਜ਼ਰ ਘੱਟਣ ਨਾਲ ਟਵਿੱਟਰ ਦਾ ਲਾਭ ਵੀ ਘਟੇਗਾ।












