ਖੂੰਖਾਰ ਜਾਨਵਰਾਂ ਨਾਲ ਖਿਡੌਣਿਆਂ ਵਾਂਗ ਖੇਡਣ ਵਾਲੇ ਬੱਚੇ ਨੂੰ ਮਿਲੋ

ਝੀਲ ਵਿੱਚ ਇੱਕ ਬੱਚਾ, ਉਸ ਨੂੰ ਘੇਰਾ ਪਾ ਕੇ ਬੈਠੇ ਦੋ ਤੇਂਦੁਏ, ਇੱਕ ਤੇਂਦੁਆ ਤਾਂ ਉਸ ਨੂੰ ਗਲੇ ਲਗਾਉਂਦਾ ਨਜ਼ਰ ਆ ਰਿਹਾ ਸੀ, ਜਿਵੇਂ ਕੈਮਰੇ ਲਈ ਪੋਜ਼ ਦੇ ਰਿਹਾ ਹੋਵੇ।

ਇਹ ਤਸਵੀਰ ਹੁਣ ਤੱਕ ਕਾਫ਼ੀ ਵਾਇਰਲ ਹੋਈ ਹੈ।

ਪਹਿਲੀ ਨਜ਼ਰ ਵਿੱਚ ਇਸ ਨੂੰ ਫਰਜ਼ੀ ਕਰਾਰ ਦਿੱਤਾ ਗਿਆ ਪਰ ਅਜਿਹਾ ਨਹੀਂ ਸੀ। ਟਿਆਗੋ ਦਾ ਬਚਪਨ ਏਸੇ ਤਰ੍ਹਾਂ ਹੀ ਲੰਘਿਆ ਏ।

ਇਸ ਬੱਚੇ ਦਾ ਨਾਮ ਟਿਆਗੋ ਸਿਲਵੇਈਰਾ ਹੈ ਅਤੇ ਬ੍ਰਾਜ਼ੀਲ ਵਿੱਚ ਜਦੋਂ ਤੋਂ ਉਹ ਪੈਦਾ ਹੋਇਆ ਹੈ, ਉਹ ਤੇਂਦੁਏ ਦੇ ਨਾਲ ਹੀ ਖੇਡ ਕੇ ਵੱਡਾ ਹੋਇਆ ਹੈ।

ਬੀਬੀਸੀ ਦੀ ਪੁਰਤਗਾਲੀ ਸੇਵਾ ਨੂੰ ਟਿਆਗੋ ਨੇ ਦੱਸਿਆ, "ਮੇਰੇ ਕੁਝ ਦੋਸਤ ਹਨ ਜਿਹੜੇ ਇਹ ਸੋਚਦੇ ਹਨ ਕਿ ਇਹ ਫਰਜ਼ੀ ਹੈ।"

ਇਹ ਵੀ ਪੜ੍ਹੋ:

"ਪਰ ਇਹ ਕਈ ਲੋਕਾਂ ਨੂੰ ਪਸੰਦ ਵੀ ਆਇਆ ਹੈ ਅਤੇ ਉਹ ਇਸ ਤੇਂਦੁਏ ਨੂੰ ਮਿਲਣਾ ਵੀ ਚਾਹੁੰਦੇ ਹਨ। ਪਰ ਤਜ਼ਰਬੇ ਦੂਜੇ ਲੋਕਾਂ ਨਾਲ ਸ਼ੇਅਰ ਕਰਨ ਵਿੱਚ ਮੈਨੂੰ ਬਹੁਤ ਖੁਸ਼ੀ ਹੋਵੇਗੀ।"

ਸੋਸ਼ਲ ਮੀਡੀਆ 'ਤੇ ਟਿਆਗੋ ਦੀ ਤਸਵੀਰ

ਟਿਆਗੋ ਦੇ ਮਾਤਾ-ਪਿਤਾ ਅਨਾਹ ਜੈਕੋਮੋ ਅਤੇ ਲਿਆਨਾਰਡੋ ਸਿਲਵੇਈਰਾ ਪੇਸ਼ੇ ਤੋਂ ਬਾਇਓਲੌਜਿਸਟ ਹਨ ਅਤੇ ਬ੍ਰਾਜ਼ੀਲ ਦੇ ਜੈਗੁਆਰ ਇੰਸਟੀਚਿਊਟ ਲਈ ਕੰਮ ਕਰਦੇ ਹਨ।

ਉਨ੍ਹਾਂ ਦੇ ਅਧਿਐਨ ਦਾ ਮਕਸਦ ਅਮਰੀਕੀ ਮਹਾਂਦੀਪ ਵਿੱਚ ਜੈਗੁਆਰ ਦਾ ਸਰਵੇਖਣ ਕਰਨਾ ਹੈ। ਸੋਸ਼ਲ ਮੀਡੀਆ 'ਤੇ ਟਿਆਗੋ ਦੀ ਤਸਵੀਰ ਲਿਆਨਾਰਡੋ ਸਿਲਵੇਈਰਾ ਨੇ ਹੀ ਪੋਸਟ ਕੀਤ ਸੀ।

ਉਹ ਦੱਸਦੇ ਹਨ, "ਮੇਰੇ ਮੁੰਡੇ ਦਾ ਜਨਮ ਤੇਂਦੁਏ ਦੇ ਵਿੱਚ ਹੀ ਹੋਇਆ ਹੈ। ਜਦੋਂ ਉਹ ਬਹੁਤ ਛੋਟਾ ਸੀ, ਉਦੋਂ ਤੋਂ ਉਸ ਨੇ ਉਨ੍ਹਾਂ ਦੇ ਨਾਲ ਜਿਉਣਾ ਸਿੱਖਾ ਲਿਆ ਸੀ। ਬੇਸ਼ੱਕ ਅਸੀਂ ਉਸ 'ਤੇ ਬੰਦਿਸ਼ਾਂ ਵੀ ਲਗਾਈਆਂ ਗਈਆਂ ਹਨ।"

"ਪਰ ਉਸ ਨੂੰ ਪਤਾ ਹੈ ਕਿ ਇਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ। ਉਸਦੇ ਲਈ ਇਹ ਬਹੁਤ ਨੈਚੁਰਲ ਹੈ। ਇਹ ਸਭ ਟਿਆਗੋ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਹੈ। ਇਸ ਵਿੱਚ ਕੁਝ ਵੀ ਅਜੀਬ ਨਹੀਂ ਹੈ।"

ਜਦੋਂ ਟਿਆਗੋ ਦਾ ਜਾਨਮ ਹੋਇਆ ਸੀ ਤਾਂ ਆਨਾਹ ਜੈਕੋਮੋ ਅਤੇ ਲਿਆਨਾਰਡੋ ਸਿਲਵੇਈਰਾ ਪਹਿਲਾਂ ਤੋਂ ਹੀ ਤੇਂਦੁਏ ਦੇ ਤਿੰਨ ਬੱਚਿਆਂ ਦੀ ਦੇਖਭਾਲ ਕਰ ਰਹੇ ਸੀ।

ਤੇਂਦੁਏ ਨਾਲ ਸਾਹਮਣਾ ਹੋਣ 'ਤੇ...

ਅਨਾਹ ਜੈਕੋਮੋ ਅਤੇ ਲਿਆਨਾਰਡੋ ਸਿਲਵੇਈਰਾ ਲਗਾਤਾਰ ਸਫ਼ਰ ਕਰਦੇ ਸਨ ਅਤੇ ਚਾਰ ਬੱਚਿਆਂ ਨੂੰ ਦੁੱਧ ਪਿਆਉਣ ਲਈ ਰੁੱਕਦੇ ਸਨ।

ਉਹ ਇੱਕ ਪਿਕ-ਅਪ ਟਰੱਕ ਵਿੱਚ ਇਕੱਠੇ ਚੱਲਦੇ ਸਨ। ਟਿਆਗੋ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਇਨ੍ਹਾਂ ਵੱਡੇ ਬਿੱਲਿਆਂ ਦੇ ਨਾਲ ਵੱਡਾ ਹੋਇਆ ਹੈ।

ਟਿਆਗੋ ਦੱਸਦੇ ਹਨ, "ਇਹ ਪਿਆਰ ਅਤੇ ਇੱਜ਼ਤ ਦਾ ਰਿਸ਼ਤਾ ਹੈ। ਜਾਨਵਰਾਂ ਦੀ ਦੇਖਭਾਲ ਦੇ ਕੰਮ ਵਿੱਚ ਮੰਮੀ-ਪਾਪਾ ਦੀ ਮਦਦ ਕਰਕੇ ਮੈਨੂੰ ਹਮੇਸ਼ਾ ਹੀ ਖੁਸ਼ੀ ਮਿਲੀ ਹੈ।"

ਇਹ ਵੀ ਪੜ੍ਹੋ:

ਟਿਆਗੋ ਦੇ ਪਿਤਾ ਨੇ ਆਪਣੇ ਮੁੰਡੇ ਨੂੰ ਉਹ ਗੱਲਾਂ ਸਿਖਾਈਆਂ ਹਨ ਜਿਹੜੀਆਂ ਉਹ ਦੂਜੇ ਲੋਕਾਂ ਨੂੰ ਦੱਸਦੇ ਹਨ ਕਿ ਤੇਂਦੁਏ ਦੇ ਸਾਹਮਣੇ ਆਉਣ 'ਤੇ ਕੀ ਕਰਨਾ ਚਾਹੀਦਾ ਹੈ।

ਉਹ ਦੱਸਦੇ ਹਨ ਕਿ ਜਾਨਵਰ ਮਨੁੱਖਾਂ ਦਾ ਸ਼ਿਕਾਰ ਨਹੀਂ ਕਰਦੇ। ਉਹ ਬਸ ਸਾਡੀਆਂ ਹਰਕਤਾਂ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹਨ। ਇਸ ਲਈ ਇਨ੍ਹਾਂ ਨੂੰ ਇੱਜ਼ਤ ਦੇਣਾ ਬਹੁਤ ਅਹਿਮ ਹੈ।

ਉਨ੍ਹਾਂ ਦੇ ਸਰੀਰ ਦੀ ਭਾਸ਼ਾ ਇਹ ਦੱਸ ਦਿੰਦੀ ਹੈ ਕਿ ਤੁਹਾਡਾ ਨੇੜੇ ਆਉਣਾ, ਉਨ੍ਹਾਂ ਨੂੰ ਪਸੰਦ ਹੈ ਜਾਂ ਨਹੀਂ।

ਇੱਕ ਹੀ ਕੈਂਪਸ ਵਿੱਚ ਤੇਂਦੁਏ ਨਾਲ ਰਿਹਾਇਸ਼

ਲਿਆਨਾਰਡੋ ਸਿਲਵੇਈਰਾ ਕਹਿੰਦੇ ਹਨ, "ਇੱਥੇ ਆਪਣੀਆਂ ਹੱਦਾਂ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਜਦੋਂ ਤੇਂਦੁਏ ਨੇੜੇ ਆਉਣਾ ਚਾਹੁਣਗੇ, ਉਹ ਖ਼ੁਦ ਹੀ ਆ ਜਾਣਗੇ। ਉਹ ਸਮਾਜਿਕ ਜਾਨਵਰ ਨਹੀਂ ਹੈ ਪਰ ਮਨੁੱਖਾਂ ਦੇ ਨਾਲ ਉਹ ਉਮਰ ਭਰ ਲਈ ਰਿਸ਼ਤਾ ਜੋੜ ਲੈਂਦੇ ਹਨ।"

ਟਿਆਗੋ ਦੀ ਮਾਂ ਦੱਸਦੀ ਹੈ ਕਿ ਉਨ੍ਹਾਂ ਦੇ ਮੁੰਡੇ ਅਤੇ ਤੇਂਦੁਏ ਵਿਚਾਲੇ ਕਦੇ ਕੋਈ ਹਾਦਸਾ ਨਹੀਂ ਹੋਇਆ ਪਰ ਉਹ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ਟਿਆਗੋ ਨੂੰ ਕਦੇ ਵੀ ਤੇਂਦੁਏ ਨਾਲ ਇਕੱਲੇ ਨਹੀਂ ਛੱਡਿਆ।

"ਅਸੀਂ ਹਮੇਸ਼ਾ ਹੀ ਚੌਕਸ ਰਹੇ ਹਾਂ। ਨਾ ਸਿਰਫ਼ ਤੇਂਦੁਏ ਨਾਲ ਸਗੋਂ ਦੂਜੇ ਜਾਨਵਰਾਂ ਦੇ ਨਾਲ ਵੀ ਅਸੀਂ ਚੌਕਸ ਰਹਿੰਦੇ ਹਾਂ। ਸੁਰੱਖਿਆ ਨੂੰ ਲੈ ਕੇ ਸਾਡੇ ਨਿਯਮ ਸਪੱਸ਼ਟ ਹਨ।''

ਅਨਾਹ ਜੈਕੋਮੋ ਅਤੇ ਲਿਆਨਾਰਡੋ ਸਿਲਵੇਈਰਾ ਦੀ ਇਹ ਰਿਹਾਇਸ਼ 123 ਏਕੜ ਵਿੱਚ ਫੈਲੀ ਹੋਈ ਹੈ ਅਤੇ ਇੱਥੇ ਉਨ੍ਹਾਂ ਦੇ ਨਾਲ ਤੇਂਦੁਏ ਵੀ ਰਹਿੰਦੇ ਹਨ। ਇਸਦੇ ਅੰਦਰ ਨਾ ਤਾਂ ਕਿਸੇ ਜਾਨਵਰ ਨੂੰ ਆਉਣ ਦੀ ਇਜਾਜ਼ਤ ਹੈ ਅਤੇ ਨਾ ਹੀ ਇੱਥੋਂ ਬਾਹਰ ਜਾਣਾ ਸੌਖਾ ਹੈ।

ਜੈਗੁਆਰ ਇੰਸਟੀਚਿਊਟ ਦੀ ਸਥਾਪਨਾ ਉਨ੍ਹਾਂ ਨੇ ਸਾਲ 2002 ਵਿੱਚ ਕੀਤੀ ਸੀ। ਸ਼ੁਰੂਆਤ ਵਿੱਚ ਇਸਦਾ ਮਕਸਦ ਸਿਰਫ਼ ਤੇਂਦੁਏ ਬਾਰੇ ਅਧਿਐਨ ਕਰਨਾ ਸੀ ਪਰ ਬਾਅਦ ਵਿੱਚ ਬ੍ਰਾਜ਼ੀਲ 'ਚ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਲਈ ਕੰਮ ਕਰਨ ਵਾਲੀ ਸਰਕਾਰੀ ਏਜੰਸੀ ਦੇ ਕਹਿਣ 'ਤੇ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਇੱਥੇ ਅਨਾਥ ਤੇਂਦੁਏ ਦੇ ਬੱਚਿਆਂ ਨੂੰ ਵੀ ਪਾਲਿਆ ਜਾਣ ਲੱਗਾ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਤਸਵੀਰ 15 ਨਵੰਬਰ ਨੂੰ ਲਈ ਗਈ ਸੀ। ਟਿਆਗੋ ਵੀ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਬਾਇਓਲੋਜੀ ਪੜ੍ਹਨਾ ਚਾਹੁੰਦੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)