ਕੀ ਵਾਕਈ ਮਿਸਰ ਦੇ ਮਕਬਰੇ ਹੇਠਾਂ ਮਿਲਿਆ ਹਿੰਦੂ ਮੰਦਿਰ?

    • ਲੇਖਕ, ਬੀਬੀਸੀ ਫੈਕਟ-ਚੈੱਕ ਟੀਮ
    • ਰੋਲ, ਬੀਬੀਸੀ

ਮਿਸਰ 'ਚ ਇੱਕ ਮਕਬਰੇ ਹੇਠਾਂ ਮਿਲੀਆਂ ਕਲਾਕ੍ਰਿਤਾਂ ਦੀਆਂ ਕੁਝ ਤਸਵੀਰਾਂ ਵਰਤ ਕੇ ਸੋਸ਼ਲ ਮੀਡੀਆ ਉੱਪਰ ਸੱਜੇਪੱਖੀ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਹੈ, "ਮੁਸਲਿਮ ਦੇਸ਼ ਮਿਸਰ 'ਚ ਵੀ ਹੁਣ ਇੱਕ ਮਕਬਰੇ ਹੇਠਾਂ ਹਿੰਦੂ ਮੰਦਿਰ ਮਿਲਿਆ ਹੈ।"

ਇਸ ਪੋਸਟ ਦੇ ਨਾਲ ਹੀ ਇਹ ਵੀ ਦਾਅਵਾ ਹੈ ਕਿ ਦੁਨੀਆਂ 'ਚ ਹੋਰ ਥਾਵਾਂ 'ਤੇ ਜਦੋਂ ਅਜਿਹੀ ਖੁਦਾਈ ਹੋਵੇਗੀ ਤਾਂ ਸਾਬਤ ਹੋਵੇਗਾ ਕਿ ਕਿਸੇ ਵੇਲੇ ਸਾਰੇ ਵਿਸ਼ਵ 'ਚ ਹੀ ਹਿੰਦੂ ਧਰਮ ਫੈਲਿਆ ਹੋਇਆ ਸੀ।

ਨਾਲ ਲੱਗੀ ਤਸਵੀਰ 'ਚ ਖੁਦਾਈ ਦੀ ਥਾਂ ਵੀ ਨਜ਼ਰ ਆ ਰਹੀ ਹੈ ਅਤੇ ਇੱਕ ਆਦਮੀ ਵੀ ਖੜ੍ਹਾ ਹੈ। ਕੁਝ ਮੂਰਤੀਆਂ ਵੀ ਹਨ।

ਅਸੀਂ ਜਦੋਂ ਗੂਗਲ 'ਚ 'ਰਿਵਰਸ ਇਮੇਜ ਸਰਚ' ਰਾਹੀਂ ਵੇਖਿਆ ਤਾਂ ਪਤਾ ਲੱਗਾ ਕਿ ਤਸਵੀਰ ਵਾਕਈ ਮਿਸਰ 'ਚ ਹਾਲ ਹੀ 'ਚ ਕੀਤੀ ਗਈ ਖੁਦਾਈ ਦੀ ਹੈ ਪਰ ਨਾਲ ਲਿਖੇ ਸੰਦੇਸ਼ ਨਾਲ ਇਸ ਦਾ ਪਰਿਪੇਖ ਬਦਲ ਦਿੱਤਾ ਗਿਆ ਹੈ।

ਇਸ ਥਾਂ ਉੱਪਰ ਕਿਸੇ ਹਿੰਦੂ ਦੇਵੀ-ਦੇਵਤਾ ਦੀ ਮੂਰਤੀ ਮਿਲਣ ਦਾ ਕੋਈ ਸਬੂਤ ਨਹੀਂ ਹੈ। ਇੱਥੇ ਮਿਲੇ ਬੁੱਤ ਅਤੇ ਹੋਰ ਚੀਜ਼ਾਂ 'ਪੰਜਵੇ ਰਾਜਵੰਸ਼' ਨਾਲ ਸਬੰਧਤ ਹਨ ਜਿਸ ਨੇ ਇਸ ਖਿੱਤੇ ਉੱਪਰ 2500 ਈਸਾ ਪੂਰਵ ਤੋਂ 2350 ਈਸਾ ਪੂਰਵ ਤਕ ਰਾਜ ਕੀਤਾ ਸੀ।

ਪੁਰਾਤੱਤਵ-ਵਿਗਿਆਨੀਆਂ ਨੇ ਇਸ ਥਾਂ ਨੂੰ ਪਿਛਲੇ ਹਫਤੇ ਹੀ ਲੱਭਿਆ ਹੈ। ਇਹ ਕਿਸੇ ਉੱਘੇ ਧਰਮ ਗੁਰੂ ਦੀ ਕਬਰ ਮੰਨੀ ਜਾ ਰਹੀ ਹੈ ਜੋ ਕਿ 4400 ਸਾਲਾਂ ਤੋਂ ਦੇਖੀ ਨਹੀਂ ਗਈ ਸੀ।

ਮਿਸਰ ਦੇ ਪੁਰਾਤੱਤਵ ਵਿਭਾਗ ਦੇ ਜਨਰਲ ਸਕੱਤਰ, ਮੁਸਤਫ਼ਾ ਵਜ਼ੀਰੀ ਮੁਤਾਬਕ ਇਹ ਕਈ ਦਹਾਕਿਆਂ ਬਾਅਦ ਮਿਲਿਆ ਅਜਿਹਾ ਮਕਬਰਾ ਹੈ। ਜਿਸ ਤਸਵੀਰ ਨੂੰ 'ਮੰਦਿਰ' ਵਾਲੇ ਦਾਅਵੇ ਨਾਲ ਵਰਤਿਆ ਜਾ ਰਿਹਾ ਹੈ ਉਸ ਵਿੱਚ ਮੁਸਤਫ਼ਾ ਵਜ਼ੀਰੀ ਹੀ ਹਨ।

ਕਾਹਿਰਾ ਕੋਲ ਸੱਕਾਰਾ ਪਿਰਾਮਿਡ ਕੰਪਲੈਕਸ 'ਚ ਮਿਲੇ ਇਸ ਮਕਬਰੇ ਬਾਰੇ ਖ਼ਬਰ ਕਈ ਨਾਮੀ ਚੈਨਲਾਂ ਅਤੇ ਅਖਬਾਰਾਂ ਨੇ ਛਾਪੀ ਹੈ ਪਰ ਕਿਸੇ ਵਿੱਚ ਹਿੰਦੂ ਮੰਦਿਰ ਵਾਲੇ ਦਾਅਵੇ ਦੀ ਪੁਸ਼ਟੀ ਜਾਂ ਇਸ ਦਾ ਜ਼ਿਕਰ ਵੀ ਨਹੀਂ ਹੈ।

ਇਹ ਵੀ ਜ਼ਰੂਰ ਪੜ੍ਹੋ

ਸੱਜੇਪੱਖੀ ਸੋਸ਼ਲ ਮੀਡੀਆ ਯੂਜ਼ਰ ਇਸ ਤਸਵੀਰ ਅਤੇ ਝੂਠੇ ਦਾਅਵੇ ਨੂੰ ਅਜਿਹੇ ਸਮੇਂ ਵਾਇਰਲ ਕਰ ਰਹੇ ਹਨ ਜਦੋਂ ਭਾਰਤ ਵਿੱਚ ਸੱਜੇਪੱਖੀ ਸੰਗਠਨ ਅਯੁੱਧਿਆ ਵਿੱਚ ਬਾਬਰੀ ਮਸਜਿਦ ਤੋੜੇ ਜਾਣ ਵਾਲੇ ਸਥਾਨ ਉੱਪਰ ਰਾਮ ਮੰਦਿਰ ਬਣਾਉਣ ਦੀ ਮੰਗ ਨੂੰ ਮੁੜ ਉੱਚੇ ਸੁਰ 'ਚ ਚੁੱਕ ਰਹੇ ਹਨ।

ਇਹ ਵੀ ਜ਼ਰੂਰ ਪੜ੍ਹੋ

ਪਿਛਲੇ ਮਹੀਨੇ ਜਦੋਂ ਦਿੱਲੀ ਵਿੱਚ ਇਨ੍ਹਾਂ ਸੰਗਠਨਾਂ ਨੇ ਇੱਕ ਇਕੱਠ ਵੀ ਕੀਤਾ ਸੀ ਤਾਂ ਅਜਿਹੀਆਂ ਝੂਠੀਆਂ ਤਸਵੀਰਾਂ ਵਰਤ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੁੰਗਾਰਾ ਦੇਣ ਦਾ ਕੰਮ ਕੀਤਾ ਸੀ।

ਇਹਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)