ਕਾਂਗਰਸ ਦੀ ਜਿੱਤ ਮਗਰੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਸੱਚ

"ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਨੂੰ 24 ਘੰਟੇ ਵੀ ਨਹੀਂ ਹੋਏ, 'ਬਾਬਰੀ ਮਸਜਿਦ ਲੈ ਕੇ ਰਹਾਂਗੇ', 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲੱਗਣ ਲੱਗੇ"।

11 ਦਸੰਬਰ ਦੇ ਚੋਣ ਨਤੀਜਿਆਂ ਤੋਂ ਬਾਅਦ ਇਸ ਕਮੈਂਟ ਨਾਲ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਲੋਕਾਂ ਨੇ ਇਸ ਨੂੰ ਰਾਜਸਥਾਨ, ਕੁਝ ਨੇ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਦਾ ਮਾਹੌਲ ਦੱਸਿਆ ਹੈ।

ਵੀਡੀਓ 'ਚ ਲੋਕਾਂ ਦਾ ਇੱਕ ਛੋਟਾ ਜਿਹਾ ਕਾਫ਼ਿਲਾ ਨਜ਼ਰ ਆਉਂਦਾ ਹੈ ਜਿਨ੍ਹਾਂ ਨੇ ਹਰੇ ਝੰਡੇ ਚੁੱਕੇ ਹੋਏ ਹਨ। ਕੁਝ ਲੋਕਾਂ ਦੇ ਹੱਥਾਂ 'ਚ ਕਾਲੇ ਪੋਸਟਰ ਫੜੇ ਹੋਏ ਹਨ ਅਤੇ ਨਾਅਰਿਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ।

ਫੇਸਬੁੱਕ ਸਰਚ ਕਰਕੇ ਪਤਾ ਲੱਗਦਾ ਹੈ ਕਿ ਇਸ ਪੋਸਟ ਨੂੰ ਸੈਂਕੜਿਆਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।

ਟਵਿੱਟਰ ਉੱਪਰ ਵੀ ਇਹੀ ਹਾਲ ਹੈ।

ਕੈਨੇਡਾ ਦੇ ਟੋਰੰਟੋ 'ਚ ਰਹਿਣ ਵਾਲੇ ਪਾਕਿਸਤਾਨ ਮੂਲ ਦੇ ਲੇਖਕ ਤਾਰਿਕ ਫਤਹਿ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਹੈ। ਉਨ੍ਹਾਂ ਨਾਲ ਲਿਖਿਆ ਹੈ, "ਰਾਜਸਥਾਨ 'ਚ ਮੁਸਲਮਾਨਾਂ ਨੇ ਹਰੇ ਇਸਲਾਮਿਕ ਝੰਡੇ ਚੁੱਕ ਕੇ, 'ਅੱਲ੍ਹਾ-ਹੂ-ਅਕਬਰ' ਚੀਕਦੇ ਹੋਏ ਰੈਲੀ ਕੱਢੀ।"

ਤਾਰਿਕ ਤੋਂ ਪਹਿਲਾਂ ਸਮਾਜਕ ਕਾਰਕੁਨ ਅਤੇ ਲੇਖਿਕਾ ਮਧੂ ਪੂਰਨਿਮਾ ਕਿਸ਼ਵਰ ਨੇ ਵੀ ਇਹ ਵੀਡੀਓ ਟਵੀਟ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਆਪਣੇ ਟਵਿੱਟਰ ਪ੍ਰੋਫ਼ਾਈਲ 'ਚ ਸਭ ਤੋਂ ਉੱਪਰ ਟਿਕਾਇਆ ਅਤੇ ਨਾਲ ਲਿਖਿਆ, "ਕਾਂਗਰਸ ਦੀ ਜਿੱਤ ਨੂੰ 24 ਘੰਟੇ ਵੀ ਨਹੀਂ ਹੋਏ, ਬਾਬਰੀ ਮਸਜਿਦ ਦੀ ਮੰਗ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣ ਲੱਗੇ।"

ਦੋਹਾਂ ਦੇ ਹੀ ਟਵੀਟ ਹਜ਼ਾਰਾਂ ਵਾਰ ਰੀ-ਟਵੀਟ ਹੋਏ। ਪਰ ਅਸੀਂ ਪੜਤਾਲ 'ਚ ਇਹ ਵੇਖਿਆ ਕਿ ਇਸ ਵਾਇਰਲ ਵੀਡੀਓ ਦਾ ਰਾਜਸਥਾਨ, ਮੱਧ ਪ੍ਰਦੇਸ਼ ਜਾਂ ਕਾਂਗਰਸ ਨਾਲ ਕੋਈ ਰਿਸ਼ਤਾ ਨਹੀਂ ਹੈ।

ਇਹ ਵੀ ਜ਼ਰੂਰ ਪੜ੍ਹੋ

ਵੀਡੀਓ ਦੀ ਪੜਤਾਲ

ਮਾਡਲ ਅਤੇ ਐਕਟਰ ਰਹੀ ਕੋਇਨਾ ਮਿਤ੍ਰਾ ਨੇ ਵੀ ਉਹੀ ਵੀਡੀਓ ਟਵੀਟ ਕੀਤਾ ਜਿਸ ਨੂੰ ਮਧੂ ਕਿਸ਼ਵਰ ਨੇ ਸ਼ੇਅਰ ਕੀਤਾ ਸੀ। ਨਾਲ ਲਿਖਿਆ, "ਭਾਰਤ-ਵਿਰੋਧੀ ਤੱਤ ਬਾਹਰ ਨਿਕਲ ਆਏ ਹਨ।"

ਗੌਰਤਲਬ ਹੈ ਕਿ ਮਧੂ ਕਿਸ਼ਵਰ ਨੇ ਜਿਹੜਾ ਵੀਡੀਓ ਸ਼ੇਅਰ ਕੀਤਾ ਉਸ ਵਿੱਚ ਕੋਈ ਆਵਾਜ਼ ਹੈ ਹੀ ਨਹੀਂ, ਫਿਰ ਵੀ ਉਨ੍ਹਾਂ ਦਾ ਦਾਅਵਾ ਸੀ ਕਿ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਸੁਣਦੇ ਹਨ।

ਵੀਡੀਓ 'ਚ ਨਜ਼ਰ ਆ ਰਹੇ 'ਸ੍ਰੀ ਬਾਲਾਜੀ ਪੇਂਟਰਜ਼, ਹਾਰਡਵੇਅਰ' ਤੇ ਹਰੇ ਝੰਡੇ-ਬੈਨਰ ਅਤੇ ਉਨ੍ਹਾਂ ਉੱਪਰਲੀ ਲਿਖਾਈ ਦੇ ਆਧਾਰ 'ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਪੋਸਟਰ ਤੋਂ ਹੀ ਪੱਤਾ ਲੱਗ ਜਾਂਦਾ ਹੈ ਕਿ ਇਸ ਰੈਲੀ ਨੂੰ ਸੰਭਲ ਸ਼ਹਿਰ ਦੀ 'ਮਿਨਜਾਨਿਬ ਇੰਡੀਅਨ ਯੂਨੀਅਨ ਮੁਸਲਿਮ ਲੀਗ' ਨੇ ਸੱਦਿਆ ਸੀ।

ਰਿਵਰਸ ਇਮੇਜ ਸਰਚ ਨਾਲ ਸਾਨੂੰ ਯੂ-ਟਿਊਬ ਉੱਪਰ ਦੋ ਸਾਲ ਪਹਿਲਾਂ (16 ਦਸੰਬਰ 2016 ਨੂੰ) ਪੋਸਟ ਕੀਤਾ ਅਸਲ ਵੀਡੀਓ ਮਿਲਿਆ।

ਇਸ ਵੀਡੀਓ ਨੂੰ ਜੁਨੈਦ ਜ਼ੁਬੈਰੀ ਨੇ ਪੋਸਟ ਕੀਤਾ ਸੀ ਅਤੇ ਇਸ ਨੂੰ 6 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

ਜੁਨੈਦ ਜ਼ੁਬੈਰੀ ਮੁਤਾਬਕ ਇਹ ਵੀਡੀਓ ਬਾਬਰੀ ਮਸਜਿਦ ਦੀ ਬਰਸੀ 'ਤੇ ਸੰਭਲ 'ਚ ਕੱਢੇ ਗਏ ਇੱਕ ਜੁਲੂਸ ਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਉਨ੍ਹਾਂ ਦੇ ਯੂ-ਟਿਊਬ ਚੈਨਲ ਉੱਪਰ ਬਾਬਰੀ ਮਸਜਿਦ ਦੀ ਬਰਸੀ ਦਾ ਇੱਕ ਹੋਰ ਵੀਡੀਓ ਸਾਲ 2017 'ਚ ਪਾਇਆ ਗਿਆ ਸੀ।

ਸੰਭਲ ਦੇ ਕੁਝ ਲੋਕਾਂ ਨੇ ਸਾਨੂੰ ਦੱਸਿਆ ਕਿ ਇਹ ਮੁਸਲਿਮ ਲੀਗ ਹਰ ਸਾਲ 6 ਦਸੰਬਰ ਨੂੰ ਬਾਬਰੀ ਮਸਜਿਦ ਦੀ ਬਰਸੀ 'ਤੇ ਸ਼ਹਿਰ 'ਚ ਰੈਲੀ ਕੱਢਦੀ ਹੈ, ਹਾਲਾਂਕਿ ਇਸ ਨੂੰ ਛੋਟੇ ਪੱਧਰ 'ਤੇ ਹੀ ਕੱਢਿਆ ਜਾਂਦਾ ਹੈ।

ਉਨ੍ਹਾਂ ਨੇ ਇਹ ਦੱਸਿਆ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਕਈ ਸਾਲਾਂ ਤੋਂ ਹੀ ਬਾਬਰੀ ਮਸਜਿਦ ਨੂੰ ਮੁੜ ਉਸਾਰਨ ਦੀ ਮੰਗ ਕਰ ਰਹੀ ਹੈ ਅਤੇ ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਦੀ ਭਾਜਪਾ ਸਰਕਾਰ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੀ ਸਰਕਾਰ ਵੇਲੇ ਵੀ ਇਹ ਜੁਲੂਸ ਨਿਕਲਦੇ ਰਹੇ ਹਨ।

ਇਹਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)