ਭਲਾ ਪਾਕਿਸਤਾਨ ਕਰਤਾਰਪੁਰ ਵਟਾਉਣ ਨੂੰ ਕਿਉਂ ਮੰਨੇਗਾ - ਵੁਸਅਤੁੱਲਾਹ ਖ਼ਾਨ ਦਾ ਬਲਾਗ

    • ਲੇਖਕ, ਵੁਸਅਤੁੱਲਾਹ ਖ਼ਾਨ
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ

ਭਾਰਤੀ ਪੰਜਾਬ ਦੀ ਵਿਧਾਨ ਸਭਾ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਦਲੇ ਪਾਕਿਸਤਾਨ ਨਾਲ ਜ਼ਮੀਨ ਵਟਾਉਣ ਦਾ ਮਤਾ ਪਾਸ ਕੀਤਾ ਹੈ। ਇਹ ਗੱਲ ਨਾ ਤਾਂ ਹੈਰਾਨ ਕਰਦੀ ਹੈ ਤੇ ਨਾ ਹੀ ਕੋਈ ਅਣਹੋਣੀ ਹੈ।

ਅਗਸਤ 2015 ਵਿੱਚ ਬੰਗਲਾਦੇਸ਼ ਅਤੇ ਭਾਰਤ ਨੇ ਆਪਸ ਵਿੱਚ ਅਜਿਹਾ ਹੀ ਵਟਾਂਦਰਾ ਕੀਤਾ ਸੀ ਜਿਸ ਵਿੱਚ ਇੱਕ ਦੇਸ ਦੇ ਨਾਗਰਿਕ ਰਹਿੰਦੇ ਸਨ ਪਰ ਦੂਸਰੇ ਦੇਸ ਨਾਲ ਘਿਰੇ ਹੋਏ ਸਨ।

ਇਸ ਵਟਾਂਦਰੇ ਨਾਲ ਲਗਪਗ 53 ਹਜ਼ਾਰ ਬੰਗਲਾਦੇਸ਼ੀਆਂ ਅਤੇ ਭਾਰਤੀਆਂ ਨੂੰ ਲਾਭ ਹੋਇਆ ਜਿਹੜੇ 1947 ਦੇ ਬਟਵਾਰੇ ਤੋਂ ਬਾਅਦ ਹਵਾ ਵਿੱਚ ਲਟਕ ਰਹੇ ਸਨ।

1963 ਵਿੱਚ ਪਾਕਿਸਤਾਨ ਨੂੰ ਚੀਨ ਨੇ ਉੱਤਰੀ ਕਸ਼ਮੀਰ ਵਿੱਚ ਆਪਣੇ ਕਬਜ਼ੇ ਦੀ 750 ਵਰਗ ਮੀਲ ਜ਼ਮੀਨ ਦਿੱਤੀ ਸੀ ਤੇ ਬਦਲੇ ਵਿੱਚ ਪਾਕਿਸਤਾਨ ਨੇ ਲਦਾਖ਼ ਅਤੇ ਉੱਤਰ ਵਿੱਚ ਚੀਨੀ ਦਾਅਵੇਦਾਰੀ ਸਵੀਕਾਰ ਕਰ ਲਈ ਸੀ। ਇਹ ਵੱਖਰੀ ਗੱਲ ਹੈ ਕਿ ਭਾਰਤ ਨੇ ਇਸ ਵਟਾਂਦਰੇ ਨੂੰ ਕਾਨੂੰਨੀ ਪ੍ਰਵਾਨਗੀ ਨਹੀਂ ਦਿੱਤੀ।

ਪਾਕਿਸਤਾਨ ਦਾ ਮੰਨਣਾ ਮੁਸ਼ਕਿਲ

ਸਤੰਬਰ 1958 ਵਿੱਚ ਪਾਕਿਸਤਾਨ ਗਵਾਦਰ ਦੀ ਬੰਦਰਗਾਹ ਸਲਤਨਤ-ਏ-ਓਮਾਨ ਤੋਂ 30 ਲੱਖ ਅਮਰੀਕੀ ਡਾਲਰ ਵਿੱਚ ਖ਼ਰੀਦੀ, 174 ਸਾਲ ਪਹਿਲਾਂ ਕਲਾਤ ਦੀ ਰਿਆਸਤ ਨੇ ਗਵਾਦਰ ਓਮਾਨ ਦੇ ਹਵਾਲੇ ਕੀਤਾ ਸੀ।

ਹੁਣ ਆਉਂਦੇ ਹਾਂ ਕਰਤਾਰਪੁਰ ਵਾਲੇ ਪਾਸੇ। ਸਲਾਹ ਤਾਂ ਬਹੁਤ ਵਧੀਆ ਹੈ ਕਿ ਭਾਰਤ ਇਸ ਦੇ ਬਦਲੇ ਪਾਕਿਸਤਾਨ ਨੂੰ ਕੋਈ ਹੋਰ ਜ਼ਮੀਨ ਦੇ ਦੇਵੇ ਪਰ ਪਾਕਿਸਤਾਨ ਇਸ ਲਈ ਮੰਨ ਜਾਵੇਗਾ ਇਹ ਕਹਿਣਾ ਮੁਸ਼ਕਿਲ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਕਰਤਾਰਪੁਰ ਦੇ ਭਾਰਤ ਵਾਲੇ ਪਾਸੇ ਗੁਰਦਾਸਪੁਰ ਹੈ ਅਤੇ ਪਾਕਿਸਤਾਨੀ ਇਤਿਹਾਸਕਾਰਾਂ ਦਾ ਸ਼ੁਰੂ ਤੋਂ ਮੰਨਣਾ ਹੈ ਕਿ ਗੁਰਦਾਸਪੁਰ ਰੈਡਕਲਿਫ ਅਵਾਰਡ ਜ਼ਰੀਏ ਭਾਰਤ ਨੂੰ ਇਸ ਲਈ ਦਿੱਤਾ ਗਿਆ ਸੀ ਤਾਂ ਕਿ ਉਸ ਨੂੰ ਕਸ਼ਮੀਰ ਵੱਲ ਲਾਂਘਾ ਮਿਲ ਸਕੇ। ਜਦਕਿ ਗੁਰਦਾਸਪੁਰ ਉੱਪਰ ਪਹਿਲਾ ਹੱਕ ਪਾਕਿਸਤਾਨ ਦਾ ਸੀ।

ਵੁਸਅਤੁੱਲਾਹ ਖ਼ਾਨ ਦੇ ਹੋਰ ਦਿਲਚਸਪ ਬਲੌਗ

ਹੁਣ ਜੇ ਕਰਤਾਰਪੁਰ ਦਾ ਵਟਾਂਦਰਾ ਹੁੰਦਾ ਹੈ ਤਾਂ ਗੁਰਦਾਸਪੁਰ ਦਾ ਹਿੱਸਾ ਬਣੇਗਾ ਅਤੇ ਪਾਕਿਸਤਾਨ ਲਈ ਇਹ ਸੋਚਣਾ ਵੀ ਦਰਦਪੂਰਨ ਹੋਵੇਗਾ।

ਫਿਰ ਪਾਕਿਸਤਾਨ ਵੀ ਕਹਿ ਸਕਦਾ ਹੈ ਕਿ ਜਦੋਂ ਸਿੱਖ ਆਰਾਮ ਨਾਲ ਨਨਕਾਣਾ ਸਹਿਬ ਤੇ ਪੰਜਾ ਸਾਹਿਬ ਸਮੇਤ ਹਰ ਵੱਡੇ ਸਥਾਨ ਦੇ ਦਰਸ਼ਨ ਕਰਨ ਆ ਸਕਦੇ ਹਨ ਤਾਂ ਕਰਤਾਰਪੁਰ ਸਾਹਿਬ ਵਿੱਚ ਹੀ ਕੀ ਮਸਲਾ ਹੈ। ਆਖ਼ਿਰ ਪਾਕਿਸਤਾਨ ਨੇ ਹੀ ਕਰਤਾਰਪੁਰ ਦੇ ਦਰਸ਼ਨਾਂ ਨੂੰ ਵੀਜ਼ਾ ਮੁਕਤ ਰੱਖਣ ਦੀ ਤਜਵੀਜ਼ ਰੱਖੀ ਹੈ।

ਜਦੋਂ ਦੋਵਾਂ ਦੇਸਾਂ ਦਾ ਪੂਰੇ-ਪੂਰੇ ਕਸ਼ਮੀਰ ਉੱਪਰ ਪਹਿਲੇ ਦਿਨੋਂ ਕੀਤਾ ਜਾ ਰਿਹਾ ਦਾਅਵਾ ਦਿਨੋਂ-ਦਿਨ ਸਖ਼ਤ ਹੁੰਦਾ ਜਾ ਰਿਹਾ ਹੈ, ਤਾਂ ਅਜਿਹੇ ਮਾਹੌਲ ਵਿੱਚ ਕਿਸ ਕੋਲ ਐਡਾ ਵੱਡਾ ਜਿਗਰਾ ਹੈ ਕਿ ਜ਼ਮੀਨ ਦੇ ਵੱਟੇ ਜ਼ਮੀਨ ਦੀ ਗੱਲ ਅਗੇ ਵਧਾ ਸਕੇ।

ਪਹਿਲਾਂ ਦਿਲਾਂ ਦੇ ਵਟਾਂਦਰੇ ਹੋਣ

ਜ਼ਮੀਨ ਤੋਂ ਪਹਿਲਾਂ ਦਿਲਾਂ ਦੇ ਵਟਾਂਦਰੇ ਦੀ ਲੋੜ ਹੈ, ਇਸ ਤੋਂ ਅਗੇ ਜ਼ਮੀਨ ਕੀ ਚੀਜ਼ ਹੈ।

ਪਰ ਇਹ ਤਾਂ ਮੰਨਣਾ ਪਵੇਗਾ ਕਿ ਪੰਜਾਬੀਆਂ ਦੀ ਕਰਤਾਰਪੁਰ ਵਟਾਂਦਰੇ ਦੀ ਤਜਵੀਜ਼ ਦਿਲਚਸਪ ਤਾਂ ਜਰੂਰ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)