ਤੁਸੀਂ ਤੇਲੁਗੂ ਬੋਲਦੇ ਹੋ? ਤੁਹਾਡਾ ਅਮਰੀਕਾ ਵਿਚ ਸੁਆਗਤ ਹੈ

ਤਸਵੀਰ ਸਰੋਤ, Getty Images
- ਲੇਖਕ, ਰਿਐਲਿਟੀ ਚੈਕ ਟੀਮ ਅਤੇ ਬੀਬੀਸੀ ਤੇਲੁਗੂ ਸੇਵਾ
- ਰੋਲ, ਬੀਬੀਸੀ ਨਿਊਜ਼
ਦਾਅਵਾ: ਤੇਲੁਗੂ, ਅਮਰੀਕਾ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਭਾਸ਼ਾ ਹੈ।
ਫੈਸਲਾ: ਇਹ ਦਾਅਵਾ ਸਹੀ ਹੈ। ਇੱਕ ਅਮਰੀਕੀ ਥਿੰਕ ਟੈਂਕ ਦੁਆਰਾ ਕੀਤੇ ਗਏ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ। ਅਮਰੀਕਾ ਵਿੱਚ ਤੇਲੁਗੂ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ 7 ਸਾਲਾਂ ਦੌਰਾਨ 86 ਫੀਸਦ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਇਹ ਭਾਸ਼ਾ ਅਮਰੀਕਾ ਵਿੱਚ ਅੰਗਰੇਜ਼ੀ ਤੋਂ ਇਲਾਵਾ ਬੋਲੀਆਂ ਜਾਣ ਵਾਲੀਆਂ ਪਹਿਲੀ 20 ਭਾਸ਼ਾਵਾਂ ਵਿੱਚ ਸ਼ਮਾਲ ਨਹੀਂ ਹੋਈ ਹੈ।

ਜੇਕਰ ਤੁਸੀਂ ਅਮਰੀਕਾ ਵਿੱਚ ਅੰਗਰੇਜ਼ੀ ਤੋਂ ਇਲਾਵਾ ਬੋਲੀਆਂ ਜਾਂਦੀਆਂ ਭਾਸ਼ਾਵਾਂ ਬਾਰੇ ਸੋਚੋਂ ਤਾਂ ਕਤਈ ਤੇਲੁਗੂ ਸਾਡੇ ਤੁਹਾਡੇ ਦਿਮਾਗ ਵਿੱਚ ਨਹੀਂ ਆਵੇਗੀ।
ਇਹ ਵੀ ਪੜ੍ਹੋ:
ਵਰਲਡ ਇਕੋਨੋਮਿਕ ਫੋਰਮ ਦੁਆਰਾ ਜਾਰੀ ਕੀਤੀ ਗਈ ਇੱਕ ਔਨਲਾਈਨ ਵੀਡੀਓ ਮੁਤਾਬਕ, "ਸਾਲ 2010 ਅਤੇ 2017 ਦੌਰਾਨ ਅਮਰੀਕਾ ਵਿੱਚ ਤੇਲੁਗੂ ਬੋਲਣ ਵਾਲਿਆਂ ਦੀ ਗਿਣਤੀ ਵਿੱਚ 86% ਵਾਧਾ ਹੋਇਆ ਹੈ।"
ਇਸ ਵੀਡੀਓ ਵਿਚ ਅਮਰੀਕਾ ਅਧਾਰਿਤ ਸੈਂਟਰ ਫਾਰ ਇਮੀਗ੍ਰੇਸ਼ਨ ਸਟਡੀਜ਼ ਦੁਆਰਾ ਕੀਤੇ ਗਏ ਇੱਕ ਅਧਿਐਨ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿਚ ਮਰਦਮਸ਼ੁਮਾਰੀ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ ਹੈ, ਤਾਂ ਜੋ ਇਹ ਪਤਾ ਕੀਤਾ ਜਾ ਸਕੇ ਕਿ ਅਮਰੀਕਾ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਕਿਸ ਗਤੀ ਨਾਲ ਵੱਧ ਰਹੀਆਂ ਹਨ।
ਤੇਲੁਗੂ ਦੇ ਉਭਾਰ ਪਿੱਛੇ ਕੀ ਵਜ੍ਹਾ ਹੈ?

ਤਸਵੀਰ ਸਰੋਤ, Getty Images
ਤੇਲੁਗੂ ਭਾਸ਼ਾ ਮੁੱਖ ਤੌਰ 'ਤੇ ਦੱਖਣੀ ਭਾਰਤ ਦੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸੂਬਿਆਂ ਦੀ ਬੋਲੀ ਹੈ ਜਿਨ੍ਹਾਂ ਦੀ ਕੁਲ ਆਬਾਦੀ 8 ਕਰੋੜ 40 ਲੱਖ ਹੈ। ਸਾਲ 2011 ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ, ਇਹ ਭਾਰਤ ਵਿੱਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ਬਾਨ ਹੈ।
ਅਮਰੀਕਾ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਤੇ ਕੀਤੇ ਗਏ ਇਸ ਅਧਿਐਨ ਲਈ ਅਮੈਰੀਕਨ ਕੌਮਿਊਨਿਟੀ ਸਰਵੇ ਤੋਂ ਅੰਕੜੇ ਲੇ ਕੇ ਸਾਲ 2010 ਅਤੇ ਸਾਲ 2017 ਦੌਰਾਨ ਘਰਾਂ ਵਿੱਚ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ਦੀ ਤੁਲਨਾ ਕੀਤੀ ਗਈ ਹੈ।
ਪਿਛਲੇ ਸਾਲ ਅਮਰੀਕਾ ਵਿੱਚ ਤੇਲੁਗੂ ਬੋਲਣ ਵਾਲਿਆਂ ਦੀ ਗਿਣਤੀ ਚਾਰ ਲੱਖ ਸੀ ਜੋ ਕਿ ਸਾਲ 2010 ਨਾਲੋਂ ਦੁਗਣੀ ਹੈ।

ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਹੀਆਂ ਪਹਿਲੀ 10 ਭਾਸ਼ਾਵਾਂ ਵਿੱਚੋਂ ਸੱਤ ਦੱਖਣ ਏਸ਼ੀਆਈ ਭਾਸ਼ਾਵਾਂ ਹਨ।
ਤੇਲੁਗੂ ਹੀ ਕਿਉਂ?
ਅਮਰੀਕਾ ਵਿੱਚ ਗੈਰ ਮੁਨਾਫ਼ਾ ਸੰਸਥਾ 'ਤੇਲੁਗੂ ਪੀਪਲ ਫਾਊਂਡੇਸ਼ਨ' ਦੇ ਮੋਢੀ ਪ੍ਰਸਾਦ ਕੁਨਿਸੇਟੀ ਮੁਤਾਬਕ ਇਸ ਵਿੱਚ ਕਾਫੀ ਵੱਡਾ ਯੋਗਦਾਨ ਹੈਦਰਾਬਾਦ ਸ਼ਹਿਰ ਅਤੇ ਅਮਰੀਕਾ ਦੀ ਇੰਜੀਨੀਅਰਿੰਗ ਅਤੇ ਟੈਕਨੋਲੌਜੀ ਸਨਅਤਾਂ ਵਿਚਕਾਰ ਬਣੇ ਸਬੰਧਾਂ ਦਾ ਕਿਹਾ ਜਾ ਸਕਦਾ ਹੈ।
ਪ੍ਰਸਾਦ ਕੁਨਿਸੇਟੀ 2001 ਵਿੱਚ ਵਧੀਆ ਭਵਿੱਖ ਦੀ ਤਲਾਸ਼ ਲਈ ਅਮਰੀਕਾ ਪ੍ਰਵਾਸ ਕਰ ਗਏ ਸਨ।
ਉਨ੍ਹਾਂ ਮੁਤਾਬਕ 1990 ਦਹਾਕੇ 'ਚ ਸੂਚਨਾ ਟੈਕਨੋਲੌਜੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਜਿਸ ਕਾਰਨ ਸਾਫਟਵੇਅਰ ਇੰਜਨੀਅਰਾਂ ਦੀ ਮੰਗ ਵਿੱਚ ਵੀ ਭਰਪੂਰ ਵਾਧਾ ਦੇਖਣ ਨੂੰ ਮਿਲਿਆ।

ਤਸਵੀਰ ਸਰੋਤ, Getty Images
ਭਾਰਤੀ ਹੋਣ ਵਾਲਿਆਂ 'ਚੋਂ ਬਹੁਤੇ ਹੈਦਰਾਬਾਦ ਨਾਲ ਸੰਬੰਧਿਤ ਸਨ। ਇਸੇ ਸ਼ਹਿਰ 'ਚ ਤੇਲੁਗੂ ਸਭ ਤੋਂ ਵੱਧ ਬੋਲੀ ਜਾਂਦੀ ਹੈ। ਭਾਰਤ ਦੇ ਦੋਵਾਂ ਹੀ ਤੇਲੁਗੂ ਭਾਸ਼ੀ ਸੂਬਿਆ ਵਿੱਚ ਕੁਲ ਮਿਲਾ ਕੇ 800 ਇੰਜੀਨੀਅਰਿੰਗ ਕਾਲਜ ਹਨ।
ਹੈਦਰਾਬਾਦ ਭਾਰਤ ਵਿੱਚ ਟੈਕਨੋਲੌਜੀ ਅਤੇ ਇੰਜੀਨੀਅਰਿੰਗ ਸਨਅਤ ਦਾ ਕੇਂਦਰ ਬਣ ਚੁੱਕਾ ਹੈ ਅਤੇ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਭੇਜਦਾ ਆ ਰਿਹਾ ਹੈ।
ਪਿਛਲੇ ਇੰਨੇ ਸਾਲਾਂ ਤੋਂ ਤੇਲੁਗੂ ਬੋਲਣ ਵਾਲੇ ਅਮਰੀਕੀ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਸੌਫ਼ਟਵੇਅਰ ਇੰਜੀਨੀਅਰਜ਼ ਭਰਤੀ ਕਰਦੇ ਆ ਰਹੇ ਹਨ।
ਬਹੁਤ ਸਾਰੇ ਭਾਰਤੀਆਂ ਨੂੰ H-1B ਵੀਜ਼ਾ ਸਕੀਮ ਦਾ ਲਾਭ ਵੀ ਮਿਲਿਆ ਹੈ, ਜੋ ਕਿ ਟੈਕਨੋਲੌਜੀ ਖੇਤਰ ਵਿੱਚ ਹਰ ਸਾਲ ਹਜ਼ਾਰਾਂ ਵਿਦੇਸ਼ੀਆਂ ਨੂੰ ਵੀਜ਼ਾ ਪ੍ਰਦਾਨ ਕਰਦੀ ਹੈ।
H-1B ਦੇ ਕੁਲ ਵੀਜ਼ਿਆਂ ਵਿੱਚੋਂ 70 ਫ਼ੀਸਦੀ ਭਾਰਤੀਆਂ ਨੂੰ ਮਿਲਦੇ ਹਨ। ਇਸ ਨਾਲ ਵੀਜ਼ਾ ਹਾਸਲ ਕਰਨ ਵਾਲਿਆਂ ਨੂੰ ਪੱਕੀ ਨਾਗਰਿਕਤਾ ਲਈ ਅਰਜੀ ਦੇਣ ਦੀ ਇਜਾਜ਼ਤ ਮਿਲ ਜਾਂਦੀ ਹੈ।
ਉੱਘੇ ਯੂਐਸ-ਅਧਾਰਿਤ ਤੇਲੁਗੂ ਭਾਸ਼ੀਆਂ ਵਿੱਚ ਪਹਿਲੀ ਭਾਰਤੀ-ਅਮਰੀਕੀ ਮਿੱਸ ਅਮਰੀਕਾ ਚੁਣੀ ਗਈ ਨੀਨਾ ਦਾਵੁਲੁਰੀ ਅਤੇ ਮਾਈਕ੍ਰੋਸਾਫਟ ਦੇ ਮੌਜੂਦਾ ਸੀਈਓ ਸੱਤਿਆ ਨਾਡੇਲਾ ਸ਼ਾਮਲ ਹਨ।
ਤੇਲੁਗੂ ਬੋਲਣ ਵਾਲਿਆਂ ਵਿੱਚ ਫ਼ੀਸਦ ਦੇ ਹਿਸਾਬ ਨਾਲ ਹੋਇਆ ਇਹ ਵਾਧਾ ਮਹੱਤਵਪੂਰਨ ਹੈ ਪਰ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਇਸ ਦੀ ਸ਼ੁਰੂਆਤ ਬਹੁਤ ਹੀ ਛੋਟੇ ਪੱਧਰ ਤੋਂ ਹੋਈ ਸੀ।

ਸੈਂਟਰ ਫਾਰ ਇਮੀਗ੍ਰੇਸ਼ਨ ਸਟਡੀਜ਼ ਮੁਤਾਬਕ ਸਾਲ 2010 ਅਤੇ 2017 ਦੌਰਾਨ ਸਪੈਨਿਸ਼ (ਲਗਪਗ 40 ਲੱਖ ਹੋਰ), ਚੀਨੀ, ਅਰਬੀ ਅਤੇ ਹਿੰਦੀ ਦੇ ਨਵੇਂ ਬੁਲਾਰਿਆਂ ਦੀ ਗਿਣਤੀ ਜ਼ਿਆਦਾ ਸੀ।
320 ਮਿਲੀਅਨ ਦੀ ਕੁਲ ਆਬਾਦੀ ਵਿਚੋਂ 60 ਮਿਲੀਅਨ ਉਹ ਲੋਕ ਜੋ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਬੋਲਦੇ ਹਨ, ਇਨ੍ਹਾਂ ਵਿਚੋਂ ਬਹੁਗਿਣਤੀ ਸਪੈਨਿਸ਼ ਬੋਲਦੇ ਹਨ।
ਦੱਖਣੀ ਏਸ਼ੀਆ ਦੀ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਹਿੰਦੀ ਪਹਿਲੇ ਨੰਬਰ 'ਤੇ ਸੀ, ਜਿਸ ਤੋਂ ਬਾਅਦ ਰਹੀਆਂ ਉਰਦੂ, ਗੁਜਰਾਤੀ ਅਤੇ ਤੇਲੁਗੂ।

ਘਰਾਂ ਵਿੱਚ ਫਰੈਂਚ ਅਤੇ ਜਰਮਨ ਬੋਲਣ ਵਾਲਿਆਂ ਦੀ ਗਿਣਤੀ ਘਟੀ ਹੈ। ਇਟਾਲੀਅਨ ਬੋਲਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਦਹਾਕੇ ਵਿਚ 2 ਲੱਖ ਤੋਂ ਵੀ ਜ਼ਿਆਦਾ ਘਟੀ ਹੈ।
ਸਰਵੇਖਣ ਵਿਚ ਸ਼ਾਮਲ ਕੀਤੇ ਗਏ 80% ਤੋਂ ਵੀ ਜ਼ਿਆਦਾ ਤੇਲਗੂ ਭਾਸ਼ੀਆਂ ਨੇ ਦੱਸਿਆ ਕਿ ਉਹ ਅੰਗਰੇਜ਼ੀ ਵੀ ਵਧੀਆ ਬੋਲ ਲੈਂਦੇ ਹਨ।
ਜਿਓਰਜ ਮੈਸਨ ਯੂਨੀਵਰਸਿਟੀ ਵਿੱਚ ਭਾਸ਼ਾ-ਵਿਗਿਆਨ ਦੀ ਪ੍ਰੋਫ਼ੈਸਰ ਜੈਨੀਫ਼ਰ ਲੀਮੈਨ ਮੁਤਾਬਕ ਮਰਦਮਸ਼ੁਮਾਰੀ ਦੇ ਆਂਕੜਿਆਂ ਵਿੱਚ ਇੱਕ ਕਮੀ ਹੈ ਕਿ ਇਸ ਵਿੱਚ ਲੋਕਾਂ ਨੂੰ ਇਹ ਤਾਂ ਪੁੱਛਿਆ ਗਿਆ ਕਿ ਉਹ ਅੰਗਰੇਜ਼ੀ ਕਿੰਨੀ ਕੁ ਵਧੀਆ ਬੋਲ ਲੈਂਦੇ ਹਨ, ਪਰ ਹੋਰ ਭਾਸ਼ਾਵਾਂ ਵਿੱਚ ਉਨ੍ਹਾਂ ਦੀ ਮੁਹਾਰਤ ਬਾਰੇ ਨਹੀਂ ਪੁੱਛਿਆ ਗਿਆ।
"ਉਹ ਲੋਕ ਜੋ ਅੰਗਰੇਜ਼ੀ ਵਧੀਆ ਬੋਲ ਲੈਂਦੇ ਹਨ ਉਨ੍ਹਾਂ ਦੀ ਹੋਰ ਭਾਸ਼ਾਵਾਂ ਵਿਚ ਮੁਹਾਰਤ ਬਾਰੇ ਕਹਿਣਾ ਬਹੁਤ ਔਖਾ ਹੈ, ਖਾਸ ਕਰਕੇ ਜਦੋਂ ਉਹ ਅਮਰੀਕਾ ਵਿੱਚ ਹੀ ਪੈਦਾ ਹੋਏ ਹੋਣ ਜਾਂ ਫਿਰ ਬਚਪਨ ਵਿੱਚ ਹੀ ਅਮਰੀਕਾ ਆਏ ਹੋਣ।"
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












