ਆਖ਼ਰ ਕੀ ਹੈ H1B ਵੀਜ਼ਾ?

H1B

ਤਸਵੀਰ ਸਰੋਤ, Getty Images

ਅਮਰੀਕਾ ਭਾਵੇਂ ਭਾਰਤ ਤੋਂ ਮੀਲਾਂ ਦੂਰ ਹੈ, ਪਰ ਇਹ ਦੇਸ ਲੱਖਾਂ ਭਾਰਤੀਆਂ ਦੇ ਦਿਲਾਂ ਦੇ ਬਹੁਤ ਹੀ ਨੇੜੇ ਹੈ। ਲੱਖਾਂ ਭਾਰਤੀ ਪਰਿਵਾਰਾਂ ਨੇ ਅਮਰੀਕਾ ਦੀ ਯਾਤਰਾ ਕੀਤੀ ਹੈ ਅਤੇ ਇਸ ਦੇਸ ਨੂੰ ਆਪਣਾ ਘਰ ਬਣਾਇਆ ਹੈ।

ਪਰ ਜਿਸ ਦਿਨ ਤੋਂ ਡੌਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਐੱਚ 1 ਬੀ (H1B) ਵੀਜ਼ਾ ਨੂੰ ਲੈ ਕੇ ਉਨ੍ਹਾਂ ਦੀਆਂ ਨੀਤੀਆਂ ਭਾਰਤੀ ਮੀਡੀਆ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ ਕਿਉਂਕਿ ਹਜ਼ਾਰਾਂ ਭਾਰਤੀ ਆਈਟੀ ਕਰਮੀਆਂ ਦਾ ਭਵਿੱਖ ਇਸ ਨਾਲ ਜੁੜਿਆ ਹੋਇਆ ਹੈ।

H1B ਵੀਜ਼ਾ ਕੀ ਹੈ?

ਅਮਰੀਕਾ ਵਿੱਚ H1B ਵੀਜ਼ਾ ਵਿਦੇਸ਼ੀ ਕਰਮੀਆਂ ਨੂੰ ਆਰਜ਼ੀ ਤੌਰ 'ਤੇ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ੇ ਸਿਰਫ਼ ਹੁਨਰਮੰਦ ਪੇਸ਼ਾਵਰਾਂ ਨੂੰ ਦਿੱਤੇ ਜਾਣਗੇ।

H1B ਦੀ ਉਤਪਤੀ

90 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਕਈ ਆਈਟੀ ਅਤੇ ਸਾਫ਼ਟਵੇਅਰ ਕੰਪਨੀਆਂ ਦੀ ਸ਼ੁਰੂਆਤ ਹੋਈ। ਆਪਣੇ ਦੇਸ ਵਿੱਚ ਇਸ ਤਰ੍ਹਾਂ ਦੇ ਪੇਸ਼ਾਵਰਾਂ ਦੀ ਕਮੀ ਦੇ ਕਾਰਨ, ਅਮਰੀਕੀ ਸਰਕਾਰ ਨੇ ਇਸ ਪੇਸ਼ੇ ਦੇ ਵਿਦੇਸ਼ੀ ਹੁਨਰਮੰਦਾਂ ਨੂੰ H1B ਵੀਜ਼ਾ ਪ੍ਰਦਾਨ ਕਰ ਕੇ ਅਸਥਾਈ ਸਮੇਂ ਲਈ ਨੌਕਰੀ ਦੇਣ ਦੀ ਆਗਿਆ ਦਿੱਤੀ ਹੈ।

ਇਮੀਗ੍ਰੇਸ਼ਨ ਐਕਟ-1990 ਨੂੰ ਜਾਰਜ ਡਬਲਯੂ ਬੁਸ਼ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਹੋਂਦ ਵਿੱਚ ਆਇਆ।

ਗੈਰ-ਇਮੀਗ੍ਰੇਸ਼ਨ ਕੀ ਹੁੰਦਾ ਹੈ?

ਅਮਰੀਕਾ ਮੁੱਖ ਤੌਰ 'ਤੇ ਦੋ ਕਿਸਮ ਦੇ ਵੀਜ਼ਿਆਂ 'ਤੇ ਨਿਰਭਰ ਕਰਦਾ ਹੈ - ਇਮੀਗ੍ਰੇਸ਼ਨ ਅਤੇ ਗੈਰ-ਇਮੀਗ੍ਰੇਸ਼ਨ।

ਜੋ ਅਮਰੀਕਾ ਵਿੱਚ ਵੱਸਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਮੀਗ੍ਰੇਸ਼ਨ ਵੀਜ਼ਾ ਦਿੱਤਾ ਜਾਂਦਾ ਹੈ ਅਤੇ ਇਸ ਲਈ ਕੁਝ ਯੋਗਤਾ ਮਾਪਦੰਡ ਲੋੜੀਂਦੇ ਹਨ।

ਗੈਰ-ਇਮੀਗ੍ਰੇਸ਼ਨ ਵੀਜ਼ੇ ਨੂੰ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜੋ ਥੋੜ੍ਹੇ ਸਮੇਂ ਲਈ ਅਮਰੀਕਾ ਵਿਚ ਰਹਿਣਾ ਚਾਹੁੰਦੇ ਹਨ। H1B ਵੀਜ਼ਾ ਗੈਰ-ਇਮੀਗ੍ਰੇਸ਼ਨ ਵੀਜ਼ਾ ਸ਼੍ਰੇਣੀ ਦੇ ਤਹਿਤ ਦਿੱਤਾ ਜਾਂਦਾ ਹੈ।

H1B ਵੀਜ਼ਾ ਦੀਆਂ ਕਿਸਮਾਂ

ਅਮਰੀਕਾ ਸਰਕਾਰ ਹਰ ਸਾਲ H1B ਸ਼੍ਰੇਣੀ ਦੇ ਸੀਮਤ ਵੀਜ਼ੇ ਹੀ ਜਾਰੀ ਕਰਦੀ ਹੈ। H1B ਵੀਜ਼ਾ ਦੀਆਂ ਅੱਗੇ 3 ਸ਼੍ਰੇਣੀਆਂ ਹਨ।

ਸਾਧਾਰਨ ਸ਼੍ਰੇਣੀ: ਇਸ ਆਮ ਕੋਟਾ ਤਹਿਤ ਇੱਕ ਸਾਲ ਵਿਚ 65,000 ਵੀਜ਼ੇ ਦਿੱਤੇ ਜਾਂਦੇ ਹਨ। ਇਸ ਵੀਜ਼ਾ ਲਈ ਕੋਈ ਵੀ ਅਰਜ਼ੀ ਦੇ ਸਕਦਾ ਹੈ।

H1B

ਤਸਵੀਰ ਸਰੋਤ, Getty Images

ਮਾਸਟਰ ਸ਼੍ਰੇਣੀ: ਜੋ ਵਿਦਿਆਰਥੀ ਅਮਰੀਕਾ ਵਿੱਚ ਮਾਸਟਰ ਡਿਗਰੀ ਪੂਰੀ ਕਰਦੇ ਹਨ, ਉਨ੍ਹਾਂ ਨੂੰ 20,000 ਵੀਜ਼ੇ ਦਿੱਤੇ ਜਾਂਦੇ ਹਨ। ਇਸ ਵੀਜ਼ਾ ਲਈ ਹਰ ਕੋਈ ਅਰਜ਼ੀ ਨਹੀਂ ਦੇ ਸਕਦਾ।

ਰਿਜ਼ਰਵ ਸ਼੍ਰੇਣੀ: ਮੁਫ਼ਤ ਵਪਾਰ ਸ਼੍ਰੇਣੀ ਦੇ ਤਹਿਤ 6,800 ਵੀਜ਼ਾ ਸਿਰਫ਼ ਸਿੰਗਾਪੁਰ ਅਤੇ ਚਿਲੀ ਲਈ ਸੁਰੱਖਿਅਤ ਹਨ।

ਚੋਣ ਦੀ ਪ੍ਰਕਿਰਿਆ

ਅਮਰੀਕਾ ਵਿੱਚ H1B ਵੀਜ਼ਾ ਦੀ ਬਹੁਤ ਮੰਗ ਹੈ। ਜੇ ਅਰਜ਼ੀਆਂ ਦੀ ਗਿਣਤੀ ਕੋਟੇ ਨਾਲੋਂ ਵੱਧ ਜਾਣ ਤਾਂ ਲਾਟਰੀ ਪ੍ਰਣਾਲੀ ਦੇ ਆਧਾਰ ਤੇ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਚੋਣ ਇੱਕ ਬੇਤਰਤੀਬ ਸਿਸਟਮ ਦੁਆਰਾ ਕੀਤੀ ਜਾਂਦੀ ਹੈ।

ਅਰਜ਼ੀ ਕੌਣ ਦੇ ਸਕਦਾ ਹੈ?

ਕਾਰਪੋਰੇਟ ਜਾਂ ਕੰਪਨੀਆਂ ਆਪਣੇ ਕਰਮਚਾਰੀਆਂ ਲਈ H1B ਵੀਜ਼ਾ ਲਈ ਅਰਜ਼ੀਆਂ ਦਾਇਰ ਕਰਦੀਆਂ ਹਨ। ਕੁਝ ਕੰਪਨੀਆਂ H1B ਵੀਜ਼ਾ ਸਪਾਂਸਰ ਵੀ ਕਰਦੀਆਂ ਹਨ।

ਅਰਜ਼ੀਆਂ ਲਈ ਫ਼ੀਸ

H1B ਵੀਜ਼ਾ ਫ਼ੀਸ 1 ਲੱਖ ਤੋਂ 5 ਲੱਖ ਰੁਪਏ (1600 - 7400 ਅਮਰੀਕੀ ਡਾਲਰ) ਦੇ ਵਿਚਕਾਰ ਹੈ। ਇਹ ਕੰਪਨੀ ਦੇ ਆਕਾਰ ਤੇ ਨਿਰਭਰ ਕਰਦਾ ਹੈ। ਜੇ ਕਿਸੇ ਕੰਪਨੀ ਵਿਚ 50 ਤੋਂ ਵੱਧ ਕਰਮਚਾਰੀ ਹਨ ਜਾਂ ਜੇ 50% ਕਰਮਚਾਰੀ H1B ਵੀਜ਼ਾ ਹੋਲਡਰ ਹਨ ਤਾਂ ਉਨ੍ਹਾਂ ਨੂੰ 2.60 ਲੱਖ ਰੁਪਏ ਦੀ ਵਾਧੂ ਫ਼ੀਸ ਦੇਣ ਦੀ ਜ਼ਰੂਰਤ ਹੈ।

ਵੈਧਤਾ

H1B ਵੀਜ਼ਾ ਇਸ ਦੇ ਜਾਰੀ ਹੋਣ ਦੇ ਸਮੇਂ ਤੋਂ 3 ਸਾਲਾਂ ਤੱਕ ਲਈ ਹੁੰਦਾ ਹੈ। ਇਹ ਵਧਾਇਆ ਵੀ ਜਾ ਸਕਦਾ ਹੈ, ਹਾਲਾਂਕਿ ਇਹ 6 ਸਾਲਾਂ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।

ਡਿਪੇਂਡੇਂਟ ਵੀਜ਼ਾ

H1B ਵੀਜ਼ਾ ਧਾਰਕ ਦਾ ਪਰਿਵਾਰ ਅਮਰੀਕਾ ਵਿਚ ਡਿਪੇਂਡੇਂਟ ਵੀਜ਼ਾ ਲੈ ਕੇ ਰਹਿ ਸਕਦਾ ਹੈ। ਇਸ ਲਈ ਉਨ੍ਹਾਂ ਨੂੰ H4B ਵੀਜ਼ਾ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੈ। ਜੀਵਨ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਡਿਪੇਂਡੇਂਟ (ਨਿਰਭਰ) ਵੀਜ਼ਾ ਲਈ ਯੋਗ ਹਨ।

H4B ਵੀਜ਼ਾ ਧਾਰਕ ਅਮਰੀਕਾ ਵਿਚ ਸਿੱਖਿਆ ਹਾਸਲ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਅਮਰੀਕਾ ਵਿਚ ਕੋਈ ਵੀ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ ਅਮਰੀਕਾ ਵਿਚ ਕੰਮ ਕਰਨ ਲਈ ਵਰਕ-ਪਰਮਿਟ ਲੈਣਾ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)