2018 ਦੌਰਾਨ ਫੇਸਬੁੱਕ ਕੀ-ਕੀ ਤਬਦੀਲੀਆਂ ਕਰੇਗਾ?

ਤਸਵੀਰ ਸਰੋਤ, Getty Images
ਨਵੇਂ ਸਾਲ ਉੱਤੇ ਹਸਤੀਆਂ ਦੇ ਰੇਜੋਲੂਸ਼ਨ (ਸੰਕਲਪ) ਖ਼ਾਸੇ ਚਰਚਾ ਵਿੱਚ ਰਹਿੰਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਫੇਸਬੁੱਕ ਦੇ ਸੰਸਥਾਪਕ ਮਾਰਕ ਜਕਰਬਰਗ ਦਾ 2018 ਦਾ ਸੰਕਲਪ ਕੀ ਹੈ?
ਜਕਰਬਰਗ ਨੇ ਫੇਸਬੁੱਕ 'ਤੇ ਆ ਰਹੀਆਂ ਸਮੱਸਿਆਵਾਂ ਦੇ ਹੱਲ ਕੱਢਣ ਦਾ ਸੰਕਲਪ ਲਿਆ ਹੈ।
ਫੇਸਬੁੱਕ ਉੱਤੇ ਹੀ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਫੇਸਬੁੱਕ ਦੀਆਂ ਨੀਤੀਆਂ ਅਤੇ ਇਸ ਦੀ ਸਮੱਗਰੀ ਦਾ ਗ਼ਲਤ ਇਸਤੇਮਾਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਦੀ ਸ਼ੁਰੂਆਤ 2004 ਵਿੱਚ ਹੋਈ ਸੀ ਅਤੇ 2009 ਤੋ ਜਕਰਬਰਗ ਹਰ ਸਾਲ ਇੱਕ ਸੰਕਲਪ ਲੈਂਦੇ ਹਨ।
ਕਈ ਦੇਸਾਂ ਦੇ ਦਖ਼ਲ ਤੋਂ ਫੇਸਬੁੱਕ ਨੂੰ ਬਚਾਉਣਾ ਹੈ
ਪਿਛਲੇ ਕੁਝ ਦਿਨਾਂ ਦੌਰਾਨ ਫੇਸਬੁੱਕ ਕਥਿਤ ਤੌਰ 'ਤੇ ਫੇਕ-ਨਿਊਜ਼ ਨੂੰ ਉਕਸਾਉਣ ਲਈ ਆਲੋਚਕਾਂ ਦੇ ਨਿਸ਼ਾਨੇ ਉੱਤੇ ਰਿਹਾ ਹੈ।
ਖ਼ਾਸ ਤੌਰ ਤੇ 2016 ਵਿੱਚ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਫੇਸਬੁੱਕ ਦੀ ਵਰਤੋਂ ਨੂੰ ਲੈ ਕੇ ਵੀ ਕਈ ਸਵਾਲ ਉੱਠੇ ਸਨ।

ਤਸਵੀਰ ਸਰੋਤ, Getty Images
ਜਕਰਬਰਗ ਦਾ ਕਹਿਣਾ ਹੈ ਕਿ ਉਨ੍ਹਾਂ ਅਹਿਮ ਮੁੱਦਿਆਂ ਉੱਤੇ ਫੋਕਸ ਕਰਨਾ ਵੀ ਆਪਣੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ। ਜਿਵੇਂ, "ਆਪਣੇ ਭਾਈਚਾਰੇ ਨੂੰ ਨਫ਼ਰਤ ਅਤੇ ਮਾੜੇ-ਰਵੱਈਏ ਤੋਂ ਬਚਾਉਣਾ, ਕਈ ਦੇਸਾਂ ਦੇ ਦਖ਼ਲ ਤੋਂ ਫੇਸਬੁੱਕ ਨੂੰ ਬਚਾਉਣਾ ਅਤੇ ਇਹ ਯਕੀਨੀ ਬਣਾਉਣਾ ਕਿ ਫੇਸਬੁੱਕ ਉੱਤੇ ਬਿਤਾਇਆ ਸਮਾਂ ਤੁਹਾਡਾ ਕੀਮਤੀ ਹੋਵੇ।"
ਉਨ੍ਹਾਂ ਲਿਖਿਆ, "ਅਸੀਂ ਸਾਰੀਆਂ ਗ਼ਲਤੀਆਂ ਤਾਂ ਨਹੀਂ ਰੋਕ ਸਕਾਂਗੇ ਪਰ ਸਾਡੀ ਪਾਲਿਸੀ ਅਤੇ ਟੂਲਜ਼ ਦੀ ਦੁਰਵਰਤੋਂ ਕਰਨ ਦੀਆਂ ਕਈ ਗ਼ਲਤੀਆਂ ਕੀਤੀਆਂ ਜਾ ਰਹੀਆਂ ਹਨ। ਜੇਕਰ ਇਸ ਸਾਲ ਅਸੀਂ ਸਫ਼ਲ ਰਹੇ ਤਾਂ 2018 ਦਾ ਇੱਕ ਚੰਗਾ ਸਾਲ ਹੋ ਨਿਬੜੇਗਾ।
ਸਾਲਾਨਾ ਚੁਣੌਤੀਆਂ ਕਿਉਂ?
ਫੇਸਬੁੱਕ ਦੇ ਸੀਈਓ ਨੇ ਕਿਹਾ ਕਿ ਉਹ ਕੁਝ ਵੱਖਰਾ ਕਰਨ ਦੀ ਬਜਾਏ ਇਨ੍ਹਾਂ ਮੁੱਦਿਆਂ 'ਤੇ ਡੁੰਘਾਈ ਨਾਲ ਕੰਮ ਕਰ ਕੇ ਸਿੱਖਣਾ ਚਾਹੁੰਣਗੇ।
ਪਰ ਆਲੋਚਕਾਂ ਦਾ ਸਵਾਲ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ ਨੂੰ ਸਾਲਾਨਾ ਚੁਣੌਤੀਆਂ ਵਿੱਚ ਕਿਉਂ ਰੱਖਣਾ ਪਿਆ।

ਤਸਵੀਰ ਸਰੋਤ, Facebook
ਮਾਇਆ ਕੋਸੋਫ਼ ਨੇ ਟਵੀਟ ਕੀਤਾ ਕਿ ਜਕਰਬਰਗ ਲਈ 2018 ਵਿੱਚ ਇਹ ਵਿਅਕਤੀਗਤ ਚੁਣੌਤੀ ਸੀ ਕਿ ਉਹ ਫੇਸਬੁੱਕ ਨਾਲ ਬਤੌਰ ਸੀਈਓ ਕੰਮ ਕਰਨ, ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ।
ਜਕਰਬਰਗ ਨੇ ਕਿਹਾ ਕਿ ਤਕਨੀਕ ਦਾ ਵਾਅਦਾ ਸੀ ਕਿ ਤਾਕਤ ਲੋਕਾਂ ਦੇ ਹੱਥ ਵਿੱਚ ਜਾਵੇ ਪਰ ਹੁਣ ਬਹੁਤ ਸਾਰੇ ਲੋਕ ਇਸ ਗੱਲ ਤੋਂ ਭਰੋਸਾ ਗੁਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਕਿ ਹੈ ਤਕਨੀਕ ਨੇ ਤਾਕਤ ਨੂੰ ਖ਼ੁਦ ਤੱਕ ਸੀਮਤ ਰੱਖਿਆ ਹੈ।
ਜਕਰਬਰਗ ਨੇ ਅੱਗੇ ਕਿਹਾ ਕਿ ਇਨਕਰਿਪਸ਼ਨ ਅਤੇ ਡਿਜੀਟਲ ਮੁਦਰਾ ਦਾ ਟਰੇਂਡ ਇਸ ਨੂੰ ਕਾਊਂਟਰ ਕਰ ਸਕਦਾ ਹੈ।
ਉਨ੍ਹਾਂ ਕਿਹਾ, "ਆਤਮ-ਸੁਧਾਰ ਲਈ ਇਹ ਇੱਕ ਅਹਿਮ ਸਾਲ ਹੋਵੇਗਾ ਅਤੇ ਨਾਲ ਹੀ ਮੈਂ ਵੀ ਅਜਿਹੇ ਮਸਲਿਆਂ ਨੂੰ ਠੀਕ ਕਰਨ ਲਈ ਕੰਮ ਕਰ ਰਿਹਾ ਹਾਂ।"












