You’re viewing a text-only version of this website that uses less data. View the main version of the website including all images and videos.
ਯੂਐਸ ਓਪਨ 'ਚ ਸੈਰੇਨਾ ਵਿਲੀਅਮਜ਼ ਨੇ ਅੰਪਾਇਰ 'ਤੇ ਲਗਾਇਆ ਲਿੰਗ ਅਧਾਰਿਤ ਭੇਦਭਾਵ ਦਾ ਇਲਜ਼ਾਮ
ਯੂਐਸ ਓਪਨ 2018 ਦਾ ਫ਼ਾਈਨਲ ਮੁਕਾਬਲਾ ਸ਼ਾਇਦ ਜਪਾਨ ਦੀ ਕਿਸੇ ਖਿਡਾਰੀ ਵੱਲੋਂ ਪਹਿਲੇ ਗ੍ਰੈਂਡ ਸਲੈਮ ਜਿੱਤਣ ਕਰਕੇ ਯਾਦ ਨਾ ਕੀਤਾ ਜਾਾਵੇ ਸਗੋਂ ਇਸ ਲਈ ਯਾਦ ਕੀਤਾ ਜਾਵੇਗਾ ਕਿਉਂਕਿ ਮੈਚ ਦੌਰਾਨ ਸੈਰੇਨਾ ਨੇ ਅੰਪਾਇਰ ਨੂੰ 'ਝੂਠਾ' ਤੇ 'ਚੋਰ' ਕਿਹਾ।
ਸੈਰੇਨਾ ਵਿਲੀਅਮਜ਼ ਮੈਚ ਦੌਰਾਨ ਕੌੜੇ ਬੋਲਾਂ ਕਾਰਨ ਪਹਿਲਾਂ ਵੀ ਵਿਵਾਦਾਂ ਨਾਲ ਜੁੜੇ ਰਹੇ ਹਨ।
ਮੈਚ ਤੋਂ ਬਾਅਦ ਸੈਰੇਨਾ ਨੇ ਕਿਹਾ, ''ਮੈਂ ਯੂਐਸ ਓਪਨ ਦੇ ਫ਼ਾਈਨਲ 'ਚ ਬੇਇਮਾਨੀ ਨਹੀਂ ਕਰ ਰਹੀ ਸੀ।''
ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਮੇਰੇ 'ਤੇ ਇੱਕ ਗੇਮ ਦਾ ਜੁਰਮਾਨਾ ਲਗਾਉਣਾ ਲਿੰਗ ਅਧਾਰਿਤ ਭੇਦਭਾਵ ਹੈ। ਇਹ ਹੀ ਮੁਕਾਬਲਾ ਜੇ ਮਰਦਾਂ ਵਿਚਾਲੇ ਹੋ ਰਿਹਾ ਹੁੰਦਾ ਤਾਂ ਅੰਪਾਇਰ 'ਚੋਰ' ਕਹਿਣ 'ਤੇ ਕਦੇ ਇੱਕ ਗੇਮ ਦਾ ਜੁਰਮਾਨਾ ਨਹੀਂ ਲਗਾਉਂਦੇ। ਮੈਂ ਮਰਦ ਖਿਡਾਰੀਆਂ ਨੂੰ ਅੰਪਾਇਰ ਨੂੰ ਕਈ ਗੱਲਾਂ ਕਹਿੰਦੇ ਸੁਣ ਚੁੱਕੀ ਹਾਂ।''
ਇਹ ਵੀ ਪੜ੍ਹੋ:
''ਮੈਂ ਇੱਥੇ ਮਹਿਲਾਵਾਂ ਦੇ ਅਧਿਕਾਰ ਅਤੇ ਮਰਦਾਂ ਨਾਲ ਉਨ੍ਹਾਂ ਦੀ ਬਰਾਬਰੀ ਲਈ ਲੜ ਰਹੀਂ ਹਾਂ।''
ਕੀ ਹੈ ਪੂਰਾ ਮਾਮਲਾ?
ਦਰਅਸਲ ਅਮਰੀਕੀ ਓਪਨ ਦੇ ਫ਼ਾਈਨਲ ਮੁਕਾਬਲੇ 'ਚ ਛੇ ਵਾਰ ਦੀ ਚੈਂਪੀਅਨ ਸੈਰੇਨਾ ਵਿਲੀਅਮਜ਼ ਅਤੇ ਪਹਿਲੀ ਵਾਰ ਗ੍ਰੈਂਡਸਲੈਮ ਜਿੱਤਣ ਵਾਲੀ ਜਾਪਾਨ ਦੀ ਨਾਓਮੀ ਓਸਾਕਾ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ। ਸੈਰੇਨਾ ਪਹਿਲਾ ਸੈੱਟ 6-2 ਤੋਂ ਹਾਰ ਚੁੱਕੀ ਸੀ।
ਦੂਜੇ ਸੈੱਟ ਦੀ ਦੂਜੀ ਗੇਮ 'ਚ ਚੇਅਰ ਅੰਪਾਇਰ ਨੇ ਸੈਰੇਨਾ ਨੂੰ ਚਿਤਾਵਨੀ ਦਿੱਤੀ 'ਕਿਉਂਕਿ ਉਨ੍ਹਾਂ ਦੇ (ਸੈਰੇਨਾ ਦੇ) ਕੋਚ ਪੈਟ੍ਰਿਕ ਮੋਰਾਟੋਗਲੂ ਨੇ ਹੱਥ ਨਾਲ ਕੁਝ ਇਸ਼ਾਰਾ ਕੀਤਾ ਜਿਸ ਨੂੰ ਚੇਅਰ ਅੰਪਾਇਰ ਰਾਮੋਸ ਨੇ ਮੈਦਾਨ 'ਤੇ ਖੇਡ ਦੌਰਾਨ ਕੋਚਿੰਗ ਦੇਣਾ ਅਤੇ ਨਾਲ ਹੀ ਗ੍ਰੈਂਡਸਲੈਮ ਦੇ ਨਿਯਮਾਂ ਦਾ ਉਲੰਘਣਾ ਵੀ ਮੰਨਿਆ।'
ਪਰ ਸੈਰੇਨਾ ਨੇ ਚੇਅਰ ਅੰਪਾਇਰ ਕੋਲ ਜਾ ਕੇ ਕਿਹਾ ਕਿ ਉਹ ਸਿਰਫ਼ ਹੌਸਲਾ ਵਧਾ ਰਹੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਗ੍ਰੈਂਡਸਲੈਮ ਮੁਕਾਬਲਿਆਂ 'ਚ ਖੇਡ ਦੌਰਾਨ ਕੋਚਿੰਗ ਨਹੀਂ ਲੈ ਸਕਦੇ ਇਸ ਲਈ ਉਹ ਅਜਿਹਾ ਨਹੀਂ ਕਰਨਗੇ।
ਸੈਰੇਨਾ ਨੇ ਰੁੱਖੇ ਲਹਿਜ਼ੇ 'ਚ ਕਿਹਾ, ''ਮੈਂ ਮੈਚ ਜਿੱਤਣ ਲਈ ਬੇਇਮਾਨੀ ਨਹੀਂ ਕਰਾਂਗੀ, ਇਸਦੀ ਥਾਂ ਹਾਰਨਾ ਪਸੰਦ ਕਰਾਂਗੀ।''
ਇਸ ਤੋਂ ਬਾਅਦ ਸੈਰੇਨਾ ਨੇ ਆਪਣੀ ਗੇਮ ਜਿੱਤ ਲਈ ਅਤੇ ਫ਼ਿਰ ਓਸਾਕਾ ਦੀ ਸਰਵਿਸ ਨੂੰ ਤੋੜਦੇ ਹੋਏ ਦੂਜੇ ਸੈੱਟ 'ਚ 3-1 ਨਾਲ ਲੀਡ ਲੈ ਲਈ ਪਰ ਇਸ ਤੋਂ ਫੌਰਨ ਬਾਅਦ ਓਸਾਕਾ ਨੇ ਵੀ ਸੈਰੇਨਾ ਦੀ ਸਰਵਿਸ ਤੋੜ ਦਿੱਤੀ।
ਜਿਵੇਂ ਹੀ ਗੇਮ ਖ਼ਤਮ ਹੋਈ ਸੈਰੇਨਾ ਨੇ ਗੁੱਸੇ 'ਚ ਆਪਣਾ ਰੈਕੇਟ ਮੈਦਾਨ 'ਤੇ ਹੀ ਮਾਰ ਕੇ ਤੋੜ ਦਿੱਤਾ। ਮੈਚ ਦੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਅੰਪਾਇਰ ਨੇ ਸੈਰੇਨਾ 'ਤੇ ਇੱਕ ਪੁਆਇੰਟ ਦਾ ਜੁਰਮਾਨਾ ਲਗਾ ਦਿੱਤਾ।
ਇਸਨੂੰ ਸੁਣਦੇ ਹੀ ਸੈਰੇਨਾ ਭੜਕ ਗਈ ਅਤੇ ਉਨ੍ਹਾਂ ਨੇ ਅੰਪਾਇਰ ਰਾਮੋਸ ਨੂੰ ਮਾਫ਼ੀ ਮੰਗਣ ਨੂੰ ਕਿਹਾ ਅਤੇ ਕਿਹਾ ਕਿ ਉਹ ਮਾਈਕ 'ਤੇ ਦਰਸ਼ਕਾਂ ਨੂੰ ਦੱਸਣ ਕਿ ਸੈਰੇਨਾ ਕੋਚਿੰਗ ਨਹੀਂ ਲੈ ਰਹੀ ਸੀ।
ਇਸ ਤੋਂ ਬਾਅਦ ਜਦੋਂ ਓਸਾਕਾ 4-3 ਨਾਲ ਅੱਗੇ ਸੀ ਤਾਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੋਂ ਸਾਫ਼ ਲੱਗ ਰਿਹਾ ਸੀ ਕਿ ਉਹ ਅੰਪਾਇਰ ਦੇ ਫ਼ੈਸਲੇ ਤੋਂ ਨਾਖ਼ੁਸ਼ ਹਨ।
ਉਨ੍ਹਾਂ ਨੇ ਇੱਕ ਵਾਰ ਫ਼ਿਰ ਅੰਪਾਇਰ ਰਾਮੋਸ ਨੂੰ ਕਿਹਾ ਕਿ ਉਨ੍ਹਾਂ ਨੇ ਇੱਕ ਪੁਆਇੰਟ ਚੁਰਾਇਆ ਹੈ। ਨਾਲ ਹੀ ਸੈਰੇਨਾ ਨੇ ਰਾਮੋਸ ਨੂੰ 'ਚੋਰ' ਕਿਹਾ।
ਇਸ 'ਤੇ ਮੈਚ ਦੌਰਾਨ ਤੀਜੀ ਵਾਰ ਨਿਯਮਾਂ ਦਾ ਉਲੰਘਣਾ ਕਰਨ 'ਤੇ ਰਾਮੋਸ ਨੇ ਸੈਰੇਨਾ 'ਤੇ ਇੱਕ ਗੇਮ ਦਾ ਜੁਰਮਾਨਾ ਲਗਾ ਦਿੱਤਾ। ਇਸ ਨਾਲ ਓਸਾਕਾ ਦੀ ਲੀਡ ਵੱਧ ਕੇ 5-3 ਹੋ ਗਈ।
ਕੋਚ ਦਾ ਪੱਖ
ਮੈਚ ਤੋਂ ਬਾਅਦ ਕੋਚ ਪੈਟ੍ਰਿਕ ਮੋਰਾਟੋਗਲੂ ਨੇ ਇਹ ਸਵੀਕਾਰ ਕੀਤਾ ਕਿ ਉਹ ਸੈਰੇਨਾ ਨੂੰ ਕੋਚਿੰਗ ਦੇ ਰਹੇ ਸਨ, ਪਰ ਨਾਲ ਹੀ ਇਹ ਵੀ ਕਿਹਾ, ''ਮੈਨੂੰ ਨਹੀਂ ਲਗਦਾ ਕਿ ਉਸਨੇ ਮੇਰੇ ਵੱਲ ਦੇਖਿਆ ਵੀ ਸੀ।''
ਉਨ੍ਹਾਂ ਨੇ ਇਹ ਵੀ ਕਿਹਾ ਕਿ ਓਸਾਕਾ ਦੇ ਕੋਚ ਵੀ ਇਹ ਕਹਿ ਰਹੇ ਸਨ ਅਤੇ ਬਾਕੀ ਸਾਰੇ ਕੋਚ ਵੀ ਅਜਿਹਾ ਕਰਦੇ ਹਨ।
ਇਹ ਵੀ ਪੜ੍ਹੋ:
ਗ਼ੌਰਤਲਬ ਹੈ ਕਿ ਗ੍ਰੈਂਡਸਲੈਮ ਟੂਰਨਾਮੈਂਟ ਨੂੰ ਛੱਡ ਕੇ ਬਾਕੀ ਸਾਰੇ ਡਬਲਿਊਟੀਐਫ਼ ਮੈਚਾਂ 'ਚ ਕੋਰਟ 'ਤੇ ਕੋਚਿੰਗ ਦੀ ਇਜਾਜ਼ਤ ਹੈ।
ਹਾਲਾਂਕਿ ਮੈਚ ਜਦੋਂ ਸੈਰੇਨਾ ਵਿਲੀਅਮਜ਼ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਮੈਨੂੰ ਕੋਈ ਕੋਚਿੰਗ ਨਹੀਂ ਦਿੱਤੀ ਜਾ ਰਹੀ ਸੀ ਅਤੇ ਉਦੋਂ ਮੋਰੋਟੋਗਲੂ ਕੀ ਕਹਿਣ ਚਾਹੁੰਦੇ ਸਨ ਇਹ ਮੈਨੂੰ ਸਮਝ ਨਹੀਂ ਆਇਆ।''
ਉਨ੍ਹਾਂ ਨੇ ਇਹ ਵੀ ਕਿਹਾ, ''ਅਸੀਂ ਪਹਿਲਾਂ ਤੋਂ ਕੋਈ ਤੈਅ ਸੰਕੇਤ ਨਹੀਂ ਬਣਾ ਕੇ ਰੱਖਿਆ ਸੀ ਅਤੇ ਨਾ ਹੀ ਕਦੇ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਨੂੰ ਕਿਹਾ।''
ਨਾਓਮੀ ਓਸਾਕਾ ਬਣੀ ਯੂਐਸ ਓਪਨ ਚੈਂਪੀਅਨ
ਹਾਲਾਂਕਿ ਇਸ ਪੂਰੀ ਘਟਨਾ ਦੇ ਵਿਚਾਲੇ ਜਾਪਾਨ ਦੀ 20 ਸਾਲ ਦੀ ਨਾਓਮੀ ਓਸਾਕਾ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6-2, 6-4 ਨਾਲ ਅਮਰੀਕਨ ਓਪਨ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਪਹਿਲਾ ਸੈੱਟ 'ਚ ਤਾਂ ਉਹ ਸੈਰੇਨਾ 'ਤੇ ਪੂਰੀ ਤਰ੍ਹਾਂ ਹਾਵੀ ਰਹੀ। ਇਹ ਜਪਾਨ ਦੇ ਕਿਸੇ ਵੀ ਖਿਡਾਰੀ ਵੱਲੋਂ ਜਿੱਤਿਆ ਪਹਿਲਾ ਗਰੈਂਡ ਸਲੈਮ ਹੈ।
ਇਹ ਦੋਵੇਂ ਦੂਜੀ ਵਾਰ ਕਿਸੇ ਮੈਚ ਲਈ ਆਹਮੋ-ਸਾਹਮਣੇ ਸਨ ਅਤੇ ਦੋਵੇਂ ਵਾਰ ਓਸਾਕਾ ਨੂੰ ਜਿੱਤ ਮਿਲੀ ਹੈ। ਓਸਾਕਾ ਨੇ ਇਸ ਸਾਲ ਮਾਰਚ 'ਚ ਮਿਆਮੀ ਓਪਨ ਦੇ ਪਹਿਲੇ ਰਾਉਂਡ 'ਚ ਸੈਰੇਨਾ ਨੂੰ ਹਰਾਇਆ ਸੀ। ਪਿਛਲੇ ਸਾਲ ਮਾਂ ਬਣਨ ਤੋਂ ਬਾਅਦ ਮੈਦਾਨ 'ਤੇ ਸੈਰੇਨਾ ਦੀ ਵਾਪਸੀ ਤੋਂ ਬਾਅਦ ਮਿਆਮੀ ਓਪਨ ਉਨ੍ਹਾਂ ਦਾ ਦੂਜਾ ਹੀ ਟੂਰਨਾਮੈਂਟ ਸੀ।
ਓਸਾਕਾ ਸੈਰੇਨਾ ਵਿਲੀਅਮਜ਼ ਨੂੰ ਆਪਣਾ ਆਦਰਸ਼ ਮੰਨਦੀ ਹੈ। ਜਦੋਂ ਓਸਾਕਾ ਸਿਰਫ਼ 3 ਮਹੀਨੇ ਦੀ ਸੀ ਤਾਂ ਸੈਰੇਨਾ ਵਿਲੀਅਮਜ਼ ਨੇ ਆਪਣਾ ਪਹਿਲਾ ਗ੍ਰੈਂਡਸਲੈਮ ਟੂਰਨਾਮੈਂਟ ਜਿੱਤਿਆ ਸੀ।
20 ਸਾਲ ਦੀ ਓਸਾਕਾ ਯੂਐਸ ਓਪਨ ਦੇ ਫ਼ਾਈਨਲ 'ਚ ਥਾਂ ਬਣਾਉਣ ਵਾਲੀ ਪਿਛਲੇ ਨੌਂ ਸਾਲ 'ਚ ਸਭ ਤੋਂ ਨੌਜਵਾਨ ਖਿਡਾਰਨ ਹੈ। ਇਸ ਤੋਂ ਪਹਿਲਾਂ ਡੈਨਮਾਰਕ ਦੀ ਕੈਰੋਲਿਨ ਵੋਜਿਨਯਾਕੀ 2009 'ਚ 19 ਸਾਲ ਦੀ ਉਮਰ 'ਚ ਟੂਰਨਾਮੈਂਟ ਦੇ ਫ਼ਾਈਨਲ 'ਚ ਪਹੁੰਚੀ ਸੀ।
ਹਾਲਾਂਕਿ ਸਭ ਤੋਂ ਘੱਟ ਉਮਰ 'ਚ ਯੂਐਸ ਓਪਨ ਖੇਡਣ ਦਾ ਰਿਕਾਰਡ ਮਾਰਿਆ ਸ਼ਾਰਾਪੋਵਾ ਦੇ ਨਾਂ ਹੈ। 2006 'ਚ ਸਿਰਫ਼ 19 ਸਾਲ ਦੀ ਉਮਰ 'ਚ ਉਨ੍ਹਾਂ ਨੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਸੀ।
ਸੈਰੇਨਾ 24ਵਾਂ ਗ੍ਰੈਂਡਸਲੈਮ ਖ਼ਿਤਾਬ ਨਾ ਜਿੱਤ ਸਕੀ
ਲਾਤਵੀਆ ਦੀ ਅਨਸਤਾਸੀਆ ਸੇਵਸਤੋਵਾ ਨੂੰ ਹਰਾ ਕੇ ਫ਼ਾਈਨਲ 'ਚ ਪਹੁੰਚੀ ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ਸੈਰੇਨਾ ਵਿਲੀਅਮਜ਼ ਆਪਣੇ 23ਵੇਂ ਗ੍ਰੈਂਡਸਲੈਮ ਖ਼ਿਤਾਬ ਲਈ ਖੇਡ ਰਹੀ ਸੀ।
ਪਿਛਲੇ ਸਾਲ ਆਪਣੀ ਧੀ ਓਲੰਪਿਆ ਦੇ ਜਨਮ ਤੋਂ ਬਾਅਦ ਉਹ ਦੂਜੀ ਵਾਰ ਕਿਸੇ ਗ੍ਰੈਂਡਸਲੈਮ ਦੇ ਫ਼ਾਈਨਲ 'ਚ ਥਾਂ ਬਣਾਉਣ 'ਚ ਸਫ਼ਲ ਹੋਈ।
ਯੂਐਸ ਓਪਨ ਤੋਂ ਪਹਿਲਾਂ ਸੈਰੇਨਾ ਵਿੰਬਲਡਨ ਦੇ ਫ਼ਾਈਨਲ 'ਚ ਵੀ ਪਹੁੰਚੀ ਸੀ, ਪਰ ਜਰਮਨੀ ਦੀ ਟੈਨਿਸ ਖਿਡਾਰੀ ਕਰਬਰ ਹੱਥੋਂ ਹਾਰ ਗਈ ਸੀ।
ਹਾਲਾਂਕਿ ਸੈਰੇਨਾ ਵਿਲੀਅਮਜ਼ ਯੂਐਸ ਓਪਨ ਦੇ ਫ਼ਾਈਨਲ 'ਚ 9ਵੀਂ ਵਾਰ ਪਹੁੰਚੀ ਸੀ।
ਮੈਚ ਤੋਂ ਬਾਅਦ ਓਸਾਕਾ ਨੇ ਕਿਹਾ, ''ਮੈਨੂੰ ਨਹੀਂ ਪਤਾ ਸੀ ਕਿ ਅੰਪਾਇਰ ਅਤੇ ਸੈਰੇਨਾ ਵਿਚਾਲੇ ਕੀ ਚੱਲ ਰਿਹਾ ਹੈ, ਕਿਉਂਕਿ ਇਹ ਮੇਰਾ ਪਹਿਲਾ ਗ੍ਰੈਂਡਸਲੈਮ ਫ਼ਾਈਨਲ ਸੀ ਇਸ ਲਈ ਮੈਂ ਬਹੁਤ ਜ਼ਿਆਦਾ ਉਤਸਾਹਿਤ ਨਹੀਂ ਹੋਣਾ ਚਾਹੁੰਦੀ ਸੀ।''
ਉਨ੍ਹਾਂ ਨੇ ਕਿਹਾ, ''ਸੈਰੇਨਾ ਜਦੋਂ ਬੈਂਚ 'ਤੇ ਆਈ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਇੱਕ ਪੁਆਇੰਟ ਦਾ ਜੁਰਮਾਨਾ ਲੱਗਿਆ ਹੈ ਅਤੇ ਜਦੋਂ ਉਨ੍ਹਾਂ ਨੂੰ ਇੱਕ ਗੇਮ ਦਾ ਜੁਰਮਾਨਾ ਲੱਗਿਆ ਤਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਕੀ ਹੋ ਰਿਹਾ ਹੈ। ਮੈਂ ਪੂਰੀ ਤਰ੍ਹਾਂ ਨਾਲ ਖੇਡ 'ਤੇ ਧਿਆਨ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।''
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ