ਫਰੈਂਚ ਓਪਨ 'ਚ ਕਿਉ ਬੈਨ ਹੋਈ ਸੇਰੇਨਾ ਵਿਲੀਅਮਜ਼ ਦੀ ਇਹ ਪੁਸ਼ਾਕ?

ਟੈਨਿਸ ਦੀ ਦੁਨੀਆਂ ਦੀ ਮਸ਼ਹੂਰ ਖਿਡਾਰਨ ਸੇਰੇਨਾ ਵਿਲੀਅਮਜ਼ ਦੀ ਡ੍ਰੈੱਸ ਸੁਪਰਹੀਰੋ ਕੈਟਸੂਟ ਨੂੰ ਅਗਲੇ ਸਾਲ ਫਰੈਂਚ ਓਪਨ ਵਿੱਚ ਬੈਨ ਕਰ ਦਿੱਤਾ ਗਿਆ ਹੈ।

ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ 23 ਵਾਰ ਗ੍ਰੈਂਡ ਸਲੈਮ ਜਿੱਤ ਚੁੱਕੀ ਸੇਰੇਨੇ ਵਿਲੀਅਮਜ਼ ਆਉਣ ਵਾਲੇ ਦਿਨਾਂ 'ਚ ਫ੍ਰੈਂਚ ਓਪਨ ਦੌਰਾਨ ਕਾਲੇ ਰੰਗ ਦੀ ਆਪਣੀ ਖ਼ਾਸ ਪੋਸ਼ਾਕ ਨਹੀਂ ਪਹਿਨ ਸਕਣਗੇ।

ਇਹ ਵੀ ਪੜ੍ਹੋ:

ਸੇਰੇਨਾ ਵਿਲੀਅਮਜ਼ ਨੇ ਹਾਲ ਹੀ 'ਚ ਕਿਹਾ ਹੈ ਕਿ ਜਦੋਂ ਇਸ ਵਾਰ ਉਹ ਫਰੈਂਚ ਓਪਨ 'ਚ ਇਹ ਖ਼ਾਸ ਪੁਸ਼ਾਕ ਪਹਿਨ ਕੇ ਸ਼ਾਮਿਲ ਹੋਏ ਤਾਂ ਉਨ੍ਹਾਂ ਨੂੰ ਸੁਪਰਹੀਰੋ ਜਿਹਾ ਅਹਿਸਾਸ ਹੋਇਆ।

ਫਰੈਂਚ ਓਪਨ ਨੇ ਕਿਉਂ ਲਗਾਇਆ ਬੈਨ

ਫ੍ਰਾਂਸੀਸੀ ਟੈਨਿਸ ਫੈਡਰੇਸ਼ਨ ਦੇ ਪ੍ਰਧਾਨ ਬਰਨਾਰਡ ਗਿਊਡਿਸੇਲੀ ਨੇ ਟੈਨਿਸ ਮੈਗਜ਼ੀਨ ਨਾਲ ਗੱਲਬਾਤ 'ਚ ਕਿਹਾ ਹੈ, ''ਅੱਗੇ ਤੋਂ ਇਹ ਡ੍ਰੈੱਸ ਸਵੀਕਾਰ ਨਹੀਂ ਕੀਤੀ ਜਾਵੇਗੀ। ਮੈਨੂੰ ਲਗਦਾ ਹੈ ਕਿ ਇਹ ਚੀਜ਼ ਬਹੁਤ ਅੱਗੇ ਚਲੀ ਗਈ ਹੈ। ਤੁਹਾਨੂੰ ਥਾਂ ਅਤੇ ਖੇਡ ਦੀ ਇੱਜ਼ਤ ਕਰਨੀ ਹੋਵੇਗੀ।''

ਗਿਊਡਿਸੇਲੀ ਨੇ ਫ੍ਰੈਂਚ ਓਪਨ ਦੌਰਾਨ ਖਿਡਾਰੀਆਂ ਲਈ ਬਣਾਏ ਗਏ ਡਰੈਸ ਕੋਡ ਨਾਲ ਜੁੜੇ ਨਿਯਮਾਂ ਨੂੰ ਉਜਾਗਰ ਨਹੀਂ ਕੀਤਾ ਹੈ।

ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਇਸ ਡਰੈਸ ਕੋਡ ਦੇ ਨਿਯਮ ਵਿੰਬਲਡਨ ਜਿੰਨੇ ਸਖ਼ਤ ਨਹੀਂ ਹੋਣਗੇ ਜਿੱਥੇ ਖਿਡਾਰੀਆਂ ਨੂੰ ਸਿਰਫ਼ ਸਫ਼ੈਦ ਕੱਪੜੇ ਪਹਿਨਣ ਦੀ ਇਜਾਜ਼ਤ ਹੁੰਦੀ ਹੈ।

ਉਹ ਕਹਿੰਦੇ ਹਨ ਕਿ 2019 ਲਈ ਡਰੈਸ ਦੀ ਯੋਜਨਾ ਬਣਾਈ ਜਾ ਚੁੱਕੀ ਹੈ ਅਤੇ ਐਫ਼ਐਫ਼ਟੀ ਨੇ ਪੋਸ਼ਾਕ ਬਣਾਉਣ ਵਾਲੀਆਂ ਸੰਸਥਾਵਾਂ ਤੋਂ ਉਨ੍ਹਾਂ ਦੇ ਡਿਜ਼ਾਈਨ ਮੰਗੇ ਹਨ।

36 ਸਾਲ ਦੀ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਪੋਸ਼ਾਕ ਨੇ ਉਨ੍ਹਾਂ ਨੂੰ ਬਲੱਡ ਕਲੌਟਸ (ਖ਼ੂਨ ਦੇ ਗਤਲੇ) ਦੀ ਸਮੱਸਿਆ ਤੋਂ ਪਾਰ ਪਾਉਣ 'ਚ ਮਦਦ ਕੀਤੀ ਹੈ ਜਿਸ ਕਾਰਨ ਬੱਚੇ ਨੂੰ ਜਨਮ ਦਿੰਦੇ ਸਮੇਂ ਉਨ੍ਹਾਂ ਨੂੰ ਜ਼ਿੰਦਗੀ-ਮੌਤ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ:

ਬੱਚੀ ਨੂੰ ਜਨਮ ਦੇਣ ਤੋਂ ਬਾਅਦ ਸੇਰੇਨਾ ਦੇ ਫੇਫੜਿਆਂ 'ਚ ਖ਼ੂਨ ਦੇ ਗਤਲੇ ਬਣ ਗਏ ਸਨ ਅਤੇ ਡਿਲੀਵਰੀ ਦੇ ਪਹਿਲੇ ਹਫ਼ਤੇ 'ਚ ਉਨ੍ਹਾਂ ਦੇ ਚਾਰ ਆਪਰੇਸ਼ਨ ਕਰਨ ਪਏ ਸਨ।

ਸੇਰੇਨਾ ਦੀ ਸਿਜ਼ੇਰਿਅਨ ਡਿਲੀਵਰੀ ਹੋਈ ਸੀ। ਮਾਂ ਬਣਨ ਤੋਂ ਬਾਅਦ ਉਹ ਤਕਰੀਬਨ ਇੱਕ ਹਫ਼ਤੇ ਤੱਕ ਹਸਪਤਾਲ 'ਚ ਰਹੇ ਸਨ ਅਤੇ ਉਸਤੋਂ ਬਾਅਦ ਛੇ ਹਫ਼ਤਿਆਂ ਤੱਕ ਘਰ ਦੇ ਬੈੱਡ 'ਤੇ।

ਸੇਰੇਨਾ ਨੇ ਪਿਛਲੇ ਸਾਲ ਸਤੰਬਰ 'ਚ ਆਪਣੀ ਧੀ ਨੂੰ ਜਨਮ ਦੇਣ ਤੋਂ ਬਾਅਦ ਇਸ ਸਾਲ ਮਈ 'ਚ ਗ੍ਰੈਂਡ ਸਲੈਮ ਟੈਨਿਸ 'ਚ ਮੁੜ ਸ਼ੁਰੂਆਤ ਕੀਤੀ ਸੀ।

ਅਪ੍ਰੈਲ 2017 ਵਿੱਚ ਜਦੋਂ ਉਹ ਮੈਟਰਨਿਟੀ ਲੀਵ 'ਤੇ ਗਏ ਸਨ ਤਾਂ ਉਨ੍ਹਾਂ ਦੀ ਰੈਂਕਿੰਗ ਵਰਲਡ ਨੰਬਰ 1 ਸੀ। ਇਸ ਸਮੇਂ ਸੇਰੇਨਾ ਦੀ ਰੈਂਕਿੰਗ 26 ਹੈ।

ਤਿੰਨ ਵਾਰ ਦੀ ਫਰੈਂਚ ਓਪਨ ਜੇਤੂ ਨੇ ਆਪਣੇ ਤਿੰਨਾਂ ਰਾਊਂਡਸ 'ਚ ਕੈਟਸੂਟ ਪਹਿਨਿਆ ਸੀ ਪਰ ਇਸ ਤੋਂ ਬਾਅਦ ਚੌਥੇ ਰਾਊਂਡ 'ਚ ਮਾਰਿਆ ਸ਼ਾਰਾਪੋਵਾ ਖ਼ਿਲਾਫ਼ ਖੇਡਦੇ ਹੋਏ ਸੱਟ ਦੇ ਕਾਰਨ ਬਾਹਰ ਹੋਣਾ ਪਿਆ ਸੀ।

ਉਨ੍ਹਾਂ ਨੇ ਆਪਣੀ ਡਰੈਸ ਨੂੰ ਨਵੀਆਂ ਮਾਂਵਾਂ ਨੂੰ ਸਮਰਪਿਤ ਕੀਤਾ ਸੀ।

ਸੇਰੇਨਾ ਵਿਲੀਅਮਜ਼ ਸੱਤਵੇਂ ਯੂਐਸ ਓਪਨ ਖ਼ਿਤਾਬ ਲਈ ਸੋਮਵਾਰ ਨੂੰ ਆਪਣਾ ਅਭਿਆਨ ਸ਼ਰੂ ਕਰ ਰਹੇ ਹਨ ਜਿੱਥੇ ਪਹਿਲੇ ਰਾਊਂਡ 'ਚ ਉਨ੍ਹਾਂ ਦਾ ਮੁਕਾਬਲਾ ਪੋਲੇਂਡ ਦੀ 60ਵੀਂ ਰੈਂਕਿੰਗ ਦੀ ਮਾਗਦਾ ਲਿਨੇਟ ਨਾਲ ਹੋਵੇਗਾ।

----------------------------------------------------------------------------------

ਬੀਬੀਸੀ ਪੰਜਾਬੀ ਦੇ ਯੂ-ਟਿਊਬ ਚੈਨਲ 'ਤੇ ਹੋਰ ਵੀਡੀਓਜ਼ ਦੇਖਣ ਲਈ ਹੇਠਾਂ ਦਿੱਤੇ ਲਿੰਕਸ 'ਤੇ ਕਲਿੱਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)