ਏਸ਼ੀਆਈ ਖੇਡਾਂ ਵਿੱਚ ਮਾਨਸਾ ਦੇ ਸੁਖਮੀਤ ਤੇ ਸਵਰਨ ਬਣੇ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਇੰਡੋਨੇਸ਼ੀਆ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਰੋਇੰਗ ਟੀਮ ਦੇ ਚਾਰ ਖਿਡਾਰੀਆਂ ਵਿੱਚੋਂ ਦੋ ਖਿਡਾਰੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਹਨ। ਦੋਵੇਂ ਖਿਡਾਰੀ ਭਾਰਤੀ ਫੌਜ ਦਾ ਹਿੱਸਾ ਹਨ।

ਇਨ੍ਹਾਂ ਵਿੱਚੋਂ ਇੱਕ ਖਿਡਾਰੀ ਹਨ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਪਿੰਡ ਦੇ ਸਵਰਨ ਸਿੰਘ।

ਸਵਰਨ ਸਿੰਘ ਭਾਰਤੀ ਫ਼ੌਜ ਦੀ 10 ਸਿੱਖ ਰੈਜ਼ਮੇਂਟ ਵਿੱਚ ਸੂਬੇਦਾਰ ਦੇ ਅਹੁਦੇ ਉੱਤੇ ਤਾਇਨਾਤ ਹਨ।

ਇਹ ਵੀ ਪੜ੍ਹੋ:

ਸਵਰਨ ਸਿੰਘ 2012 ਵਿੱਚ ਲੰਡਨ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਸਵਰਨ ਨੇ ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸਵਰਨ ਸਿੰਘ ਨੂੰ ਆਪਣੀਆਂ ਪ੍ਰਾਪਤੀਆਂ ਕਰਕੇ 2015 ਵਿੱਚ ਅਰਜਨ ਐਵਾਰਡ ਵੀ ਮਿਲ ਚੁੱਕਾ ਹੈ।

ਉੱਚੇ ਕੱਦ ਕਰਕੇ ਹੋਈ ਚੋਣ

ਸਵਰਨ ਦੇ ਮਾਤਾ ਸੁਰਜੀਤ ਕੌਰ ਮਾਣ ਨਾਲ ਦੱਸਦੇ ਹਨ, "ਬਚਪਨ ਵਿੱਚ ਇੱਕ ਵਾਰ ਨਾਨਕੇ ਜਾਂਦਿਆਂ ਇਸਨੇ ਇੱਕ ਫ਼ੌਜੀ ਦਾ ਬੁੱਤ ਦੇਖ ਲਿਆ। ਉਸ ਦਿਨ ਤੋਂ ਹੀ ਇਹ ਕਹਿਣ ਲੱਗ ਪਿਆ ਕਿ ਫ਼ੌਜ ਵਿੱਚ ਜਾਣਾ ਹੈ। ਜੇ ਫ਼ੌਜ ਵਿੱਚ ਨਾ ਜਾਂਦਾ ਤਾਂ ਸ਼ਾਇਦ ਖੇਡਾਂ ਵਿੱਚ ਇੰਨੀਆਂ ਪ੍ਰਾਪਤੀਆਂ ਨਾ ਕਰ ਸਕਦਾ।"

ਸਵਰਨ ਦੇ ਪਿਤਾ ਗੁਰਮੁਖ ਸਿੰਘ ਕਹਿੰਦੇ ਹਨ, "ਪਿੰਡ ਵਿੱਚ ਮਾੜਾ ਮੋਟਾ ਵਾਲੀਬਾਲ ਖੇਡਦਾ ਸੀ। ਇਸ ਖੇਡ ਵੱਲ ਫ਼ੌਜ ਵਿੱਚ ਜਾ ਕੇ ਪਿਆ। ਇਸਦਾ 6 ਫੁੱਟ ਦੋ ਇੰਚ ਕੱਦ ਹੋਣ ਕਰਕੇ ਰੈਜਮੈਂਟ ਵੱਲੋਂ ਇਸ ਨੂੰ ਇਸ ਖੇਡ ਲਈ ਚੁਣਿਆ ਗਿਆ ਸੀ।''

"ਫਿਰ ਇਸ ਨੇ ਪਿੱਛੇ ਮੁੜਕੇ ਨਹੀਂ ਦੇਖਿਆ। ਘਰ ਵਿੱਚ ਮਿਹਨਤ ਕਰਨ ਦਾ ਮਾਹੌਲ ਸੀ। ਖੇਤਾਂ ਵਿੱਚ ਕੰਮ ਕਰਦਾ ਹੀ ਭਰਤੀ ਹੋਇਆ ਸੀ। ਹੁਣ ਵੀ ਜਦੋਂ ਛੁੱਟੀ ਲੈ ਕੇ ਘਰ ਆਉਂਦਾ ਹੈ ਤਾਂ ਖੇਤੀ ਦੇ ਕੰਮ ਕਰਵਾਉਂਦਾ ਹੈ।"

ਸਰਵਣ ਟਰੇਨਿੰਗ ਛੱਡਣਾ ਚਾਹੁੰਦਾ ਸੀ

ਸਵਰਨ ਦੀ ਪ੍ਰਾਪਤੀ ਅਤੇ ਪਿਛਲੇ ਸੰਘਰਸ਼ ਬਾਰੇ ਉਸਦੇ ਵੱਡੇ ਭਰਾ ਲਖਵੀਰ ਸਿੰਘ ਦੱਸਦੇ ਹਨ, "ਸਾਲ 2008 ਵਿੱਚ ਇਹ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਸਾਲ 2009 ਵਿੱਚ ਇਸਦੀ ਚੋਣ ਫ਼ੌਜ ਦੀ ਰੋਇੰਗ ਟੀਮ ਲਈ ਹੋਈ ਸੀ।''

"ਉਸ ਦੀ ਰੈਜਮੈਂਟ ਵਿੱਚੋਂ ਤਿੰਨ ਜਵਾਨ ਚੁਣੇ ਗਏ ਸਨ। ਬਾਕੀ ਦੋ ਸਖ਼ਤ ਟਰੇਨਿੰਗ ਛੱਡ ਕੇ ਵਾਪਸ ਯੂਨਿਟ ਵਿੱਚ ਆ ਗਏ। ਇਹ ਵੀ ਵਾਪਸ ਆਉਣਾ ਚਾਹੁੰਦਾ ਸੀ। ਸਾਡੇ ਸਮਝਾਉਣ ਉੱਤੇ ਟਿਕਿਆ ਰਿਹਾ। ਹੁਣ ਜਦੋਂ ਉਹ ਕੌਮਾਂਤਰੀ ਖਿਡਾਰੀ ਬਣ ਚੁੱਕਾ ਹੈ ਤਾਂ ਉਹ ਦਿਨ ਯਾਦਾਂ ਦਾ ਹਿੱਸਾ ਬਣ ਗਏ ਹਨ।"

ਸਵਰਨ ਸਿੰਘ ਦੇ ਘਰ ਦਲੇਲਵਾਲਾ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਪਰਿਵਾਰ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਪਹੁੰਚੇ ਹਨ।

ਸਾਰਿਆਂ ਦਾ ਕਹਿਣਾ ਹੈ ਕਿ ਸਵਰਣ ਸਿੰਘ ਦੀ ਹਰ ਪ੍ਰਾਪਤੀ ਨਾਲ ਪਰਿਵਾਰ ਹੀ ਨਹੀਂ ਸਾਡੇ ਇਲਾਕੇ ਦਾ ਨਾਂ ਵੀ ਉੱਚਾ ਹੁੰਦਾ ਹੈ ਅਤੇ ਇਹੀ ਉਹ ਮਾਣ ਹੈ ਜਿਹੜਾ ਉਨ੍ਹਾਂ ਨੂੰ ਇੱਥੇ ਖਿੱਚ ਲਿਆਇਆ ਹੈ।

ਸੁਖਮੀਤ ਵੀ ਹੈ ਕਾਮਯਾਬੀ ਦੇ ਹਿੱਸੇਦਾਰ

ਏਸ਼ੀਆਈ ਖੇਡਾਂ ਵਿੱਚ ਸੋਨ ਦਾ ਤਗਮਾ ਜਿੱਤਣ ਵਾਲੀ ਰੋਇੰਗ ਟੀਮ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦਾ ਜੰਮਪਲ ਸੁਖਮੀਤ ਸਿੰਘ ਵੀ ਹਨ।

ਸੁਖਮੀਤ ਦਾ ਪਰਿਵਾਰ ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਅਤੇ ਵਧਾਈਆਂ ਦੇਣ ਵਾਲਿਆਂ ਦਾ ਵੀ ਘਰ ਵਿੱਚ ਤਾਂਤਾ ਲੱਗਿਆ ਹੋਇਆ ਹੈ।

ਇਸ ਮੌਕੇ ਸੁਖਮੀਤ ਦੇ ਪਿਤਾ ਅਮਰੀਕ ਸਿੰਘ ਨੇ ਕਿਹਾ, "ਅਸੀਂ ਸੁਖਮੀਤ ਦੀ ਕਾਮਯਾਬੀ ਉੱਤੇ ਬਹੁਤ ਖ਼ੁਸ਼ ਹਾਂ। ਇਸ ਦੇ ਪਿੱਛੇ ਉਸਦੇ ਵੱਡੇ ਭਰਾ ਅਤੇ ਪਿੰਡ ਵਾਸੀਆਂ ਦਾ ਬਹੁਤ ਯੋਗਦਾਨ ਹੈ ਜਿਹੜੇ ਹਰ ਸਮੇਂ ਉਸਦਾ ਹੌਸਲਾ ਵਧਾਉਂਦੇ ਰਹਿੰਦੇ ਹਨ।"

ਸੁਖਮੀਤ ਭਾਰਤੀ ਫ਼ੌਜ ਦੀ ਇੰਜੀਨੀਅਰ ਕੋਰ ਨਾਲ ਰੁੜਕੀ ਵਿੱਚ ਤਾਇਨਾਤ ਹਨ।

ਸੁਖਮੀਤ ਦੇ ਵੱਡੇ ਭਰਾ ਮਨਦੀਪ ਸਿੰਘ ਵੀ ਭਾਰਤੀ ਫ਼ੌਜ ਦੀ 15 ਪੰਜਾਬ ਰੈਜੀਮੈਂਟ ਵਿੱਚ ਨਾਇਕ ਦੇ ਤੌਰ 'ਤੇ ਸੇਵਾ ਨਿਭਾ ਰਹੇ ਹਨ।

ਮਨਦੀਪ ਨੇ ਬੀਬੀਸੀ ਨਿਊਜ਼ ਨਾਲ ਫ਼ੋਨ ਉੱਤੇ ਗੱਲਬਾਤ ਦੌਰਾਨ ਦੱਸਿਆ, "ਸੁਖਮੀਤ 2014 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। ਸਾਲ 2016 ਵਿੱਚ ਉਸ ਨੇ ਰੋਇੰਗ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਪਹਿਲਾਂ ਇਸ ਦਾ ਝੁਕਾਅ ਖੇਡਾਂ ਵੱਲ ਨਹੀਂ ਸੀ। ਪਿੰਡ ਰਹਿੰਦਿਆਂ ਸ਼ੌਕੀਆ ਤੌਰ ਉੱਤੇ ਕਬੱਡੀ ਖੇਡਦਾ ਹੁੰਦਾ ਸੀ।"

ਮਨਦੀਪ ਮੁਤਾਬਕ ਸੁਖਮੀਤ ਦੇ 6 ਫੁੱਟ ਲੰਮੇ ਕੱਦ ਕਰਕੇ ਫ਼ੌਜ ਦੇ ਕੋਚਾਂ ਨੇ ਉਸ ਨੂੰ ਚੁਣਿਆ। "ਬੀਤੇ ਸਾਲ ਹੋਈਆਂ ਨੈਸ਼ਨਲ ਗੇਮਜ਼ ਵਿੱਚ ਰੋਇੰਗ ਵਿੱਚ ਸਿਲਵਰ ਮੈਡਲ ਆਉਣ ਕਰਕੇ ਹੀ ਇਸਦੀ ਏਸ਼ੀਅਨ ਗੇਮਜ਼ ਲਈ ਚੋਣ ਹੋਈ ਸੀ।"

ਸੁਖਮੀਤ ਦੀ ਮਾਤਾ ਕੁਲਵਿੰਦਰ ਕੌਰ ਮੁਤਾਬਕ, "ਸੁਖਮੀਤ ਸ਼ੁਰੂ ਤੋਂ ਹੀ ਧੁੰਨ ਦਾ ਪੱਕਾ ਰਿਹਾ ਹੈ। ਜਿਹੜੀ ਗੱਲ ਇਸਨੇ ਧਾਰ ਲਈ ਉਹ ਪੂਰੀ ਕਰਕੇ ਹੀ ਛੱਡਦਾ ਹੈ। ਇਹ ਇਸਦੀ ਪ੍ਰਾਪਤੀ ਪਿੱਛੇ ਵੱਡਾ ਕਾਰਨ ਹੈ।"

ਇਹ ਪੜ੍ਹੋ:

ਸੁਖਮੀਤ ਦੇ ਪਰਿਵਾਰ ਦੀਆਂ ਖ਼ੁਸ਼ੀਆਂ ਵਿੱਚ ਸ਼ਰੀਕ ਹੋਣ ਆਏ ਬੂਟਾ ਸਿੰਘ ਨੇ ਸੁਖਮੀਤ ਦੀ ਇਸ ਪ੍ਰਾਪਤੀ ਨੂੰ ਪਿੰਡ ਲਈ ਵਡਭਾਗੀ ਦੱਸਿਆ, "ਪਿੰਡ ਦੇ ਤਿੰਨ-ਚਾਰ ਮੁੰਡੇ ਨੈਸ਼ਨਲ ਕਬੱਡੀ ਵਿੱਚ ਪੰਜਾਬ ਵੱਲੋਂ ਖੇਡਦੇ ਰਹੇ ਹਨ ਪਰ ਪਿੰਡ ਵਿੱਚ ਕੋਈ ਵੱਡਾ ਖਿਡਾਈ ਨਹੀਂ ਰਿਹਾ।"

ਪਹਿਲਾਂ ਰੰਗਕਰਮੀ ਤੇ ਲੇਖਕ ਅਜਮੇਰ ਸਿੰਘ ਔਲਖ ਕਰਕੇ ਇਹ ਪਿੰਡ ਜਾਣਿਆ ਜਾਂਦਾ ਸੀ। ਬੂਟਾ ਸਿੰਘ ਨੇ ਕਿਹਾ, "ਹੁਣ ਸੁਖਮੀਤ ਅਤੇ ਅਜਮੇਰ ਔਲਖ ਦੇ ਪਿੰਡ ਕਰਕੇ ਜਾਣਿਆ ਜਾਵੇਗਾ।"

ਪੰਚਾਇਤ ਮੈਂਬਰ ਦਰਸ਼ਨ ਰਾਮ ਨੇ ਸੁਖਮੀਤ ਦੇ ਸਵਾਗਤ ਦੀ ਯੋਜਨਾ ਬਾਰੇ ਦੱਸਦੇ ਹੋਏ ਕਿਹਾ, "ਜਦੋਂ ਉਹ ਨੈਸ਼ਨਲ ਗੇਮਜ਼ ਵਿੱਚ ਮੈਡਲ ਜਿੱਤਿਆ ਸੀ ਉਦੋਂ ਅਸੀਂ 40-50 ਗੱਡੀਆਂ ਵਿੱਚ ਸੁਖਮੀਤ ਨੂੰ ਮਾਣ-ਸਨਮਾਨ ਨਾਲ ਪਿੰਡ ਲੈ ਕੇ ਆਏ ਸੀ। ਇਸ ਵਾਰ ਅਸੀਂ ਉਸ ਤੋਂ ਵੀ ਵੱਡਾ ਕਾਫ਼ਲਾ ਲੈ ਕੇ ਜਾਵਾਂਗੇ ਅਤੇ ਪਿੰਡ ਵਿੱਚ ਸ਼ਾਨਦਾਰ ਸਮਾਗਮ ਵੀ ਕਰਾਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)