ਚਰਚਾ 'ਚ ਰੇਲ ਦੀ ਪਟੜੀ 'ਤੇ ਦੌੜਦੀ ਔਰਤਾਂ ਦੀ ਕਲਾਕਾਰੀ

ਰੇਲਵੇ ਦੇ ਇੰਜਨ 'ਤੇ ਤਿਰੰਗੇ ਦੀ ਤਸਵੀਰ ਲਾਉਣ ਤੋਂ ਬਾਅਦ ਹੁਣ ਭਾਰਤੀ ਰੇਲਵੇ ਵਿਭਾਗ ਨੇ ਇੱਕ ਟਰੇਨ 'ਤੇ ਭਾਰਤੀ ਕਲਾਕਾਰੀ ਦੇ ਰੰਗ ਭਰੇ ਹਨ।

ਬਿਹਾਰ ਸੰਪਰਕ ਕ੍ਰਾਂਤੀ ਦੇ 9 ਕੋਚਾਂ 'ਤੇ ਮਿਥੀਲਾ ਚਿੱਤਰਕਾਰੀ ਕਰ ਕੇ ਇਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਹ ਟਰੇਨ ਦਰਭੰਗਾ ਤੋਂ ਦਿੱਲੀ ਪਹੁੰਚੀ ਤਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ।

ਦਿਲਚਸਪ ਗੱਲ ਇਹ ਹੈ ਕਿ ਇੰਨੀ ਖੂਬਸੂਰਤ ਕਲਾਕਾਰੀ ਔਰਤਾਂ ਨੇ ਕੀਤੀ ਹੈ। ਉਨ੍ਹਾਂ ਔਰਤਾਂ ਦੀਆਂ ਤਸਵੀਰਾਂ ਵੀ ਰੇਲਵੇ ਵਿਭਾਗ ਨੇ ਜਾਰੀ ਕੀਤੀਆਂ ਹਨ ਜੋ ਰੇਲ ਦੇ ਕੋਚਾਂ ਨੂੰ ਪੇਂਟ ਕਰ ਰਹੀਆਂ ਹਨ।

ਇਹ ਵੀ ਪੜ੍ਹੋ:

30 ਕਲਾਕਾਰਾਂ ਦੇ ਇੱਕ ਗਰੁੱਪ ਨੂੰ ਕੋਚ ਦੇ ਪੂਰੇ ਬਾਹਰੀ ਹਿੱਸੇ ਨੂੰ 'ਮਿਥੀਲਾ ਪੇਂਟਿੰਗਜ਼' ਨਾਲ ਪੇਂਟ ਕਰਨ ਵਿੱਚ ਔਸਤਨ ਚਾਰ ਦਿਨ ਲਗਦੇ ਹਨ।

ਈਸਟ ਸੈਂਟਰਲ ਰੇਲਵੇ ਨੇ ਕਈ ਟਵੀਟ ਕਰਕੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

"ਮਿਥਿਲਾ ਦੀ ਸੱਭਿਆਚਾਰਕ ਅਤੇ ਕਲਾਮਈ ਵਿਰਾਸਤ ਨੂੰ ਦਰਸਾਉਂਦੀ 'ਮਿਥੀਲਾ ਪੇਂਟਿੰਗਜ਼' ਨਾਲ ਸਜੀ ਨਵੇਂ ਲੁੱਕ ਵਿੱਚ 12565/12566 ਦਰਭੰਗਾ-ਨਵੀਂ ਦਿੱਲੀ ਸੰਪਰਕ ਕ੍ਰਾਂਤੀ ਐਕਸਪ੍ਰੈਸ।"

ਈਸਟ ਸੈਂਟਰਲ ਰੇਲਵੇ ਨੇ ਅੱਗੇ ਟਵੀਟ ਕੀਤਾ, "ਕੋਚਾਂ ਨੂੰ ਜੰਗਲ, ਚੜ੍ਹਦੇ ਸੂਰਜ, ਦਰਿਆ ਵਿੱਚ ਤੈਰਦੀਆਂ ਮੱਛੀਆਂ, ਝਰਨੇ, ਫਲਾਂ ਨਾਲ ਲੱਦੇ ਹੋਏ ਦਰਖਤਾਂ ਸਣੇ ਹੋਰ ਕਈ ਤਸਵੀਰਾਂ ਨਾਲ ਸਜਾਇਆ ਗਿਆ ਹੈ।"

ਰੇਲ ਮੰਤਰੀ ਨੇ ਬਿਹਾਰ ਸੰਪਰਕ ਕ੍ਰਾਂਤੀ ਦੇ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਟਵੀਟ ਕਰਕੇ ਕਿਹਾ, "ਮਿਥੀਲਾ ਦੀ ਸੱਭਿਆਚਾਰਕ ਅਤੇ ਕਲਾਮਈ ਵਿਰਾਸਤ ਨੂੰ ਦਰਸਾਉਂਦੀ ਬਿਹਾਰ ਸੰਪਰਕ ਕ੍ਰਾਂਤੀ ਅੱਜ ਤੋਂ ਨਵੇਂ ਲੁੱਕ ਵਿੱਚ ਚੱਲੇਗੀ। ਟਰੇਨ ਦੀਆਂ ਬੋਗੀਆਂ 'ਤੇ ਬਣਾਈ ਮਿਥੀਲਾ ਪੇਂਟਿੰਗਜ਼ ਨਾਲ ਇਸ ਕਲਾ ਨੂੰ ਪ੍ਰਚਾਰ ਅਤੇ ਵਿਸਥਾਰ ਮਿਲੇਗਾ ਅਤੇ ਦੇਸ ਦੀ ਪ੍ਰਾਚੀਨ ਵਿਰਾਸਤ ਨੂੰ ਪਛਾਣ ਮਿਲੇਗੀ।"

ਕੁਝ ਲੋਕਾਂ ਨੇ ਵੀ ਸੋਸ਼ਲ ਮੀਡੀਆ 'ਤੇ ਪ੍ਰਤੀਕਰਮ ਦਿੱਤੇ

ਵਿਦਿਆਰਥੀ ਅਪੂਰਵਾ ਸਿੰਘ ਰਾਠੌਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਟਵੀਟ ਕੀਤਾ, "ਮਿਥੀਲਾ ਕਲਾ ਨਾਲ ਸਜੀ ਹੋਈ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਦਾ ਨਜ਼ਾਰਾ ਰੇਲ ਮੁਸਾਫ਼ਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਨ ਨੂੰ ਕਾਫ਼ੀ ਮੋਹ ਲੈਣ ਵਾਲੀ ਅਤੇ ਅਦਭੁਤ ਹੈ ਆਪਣੇ ਦੇਸ ਦੀ ਸੱਭਿਅਤਾ।"

ਹਾਲਾਂਕਿ ਕਈ ਲੋਕਾਂ ਨੇ ਫਿਕਰ ਵੀ ਜ਼ਾਹਿਰ ਕੀਤੀ ਕਿ ਕੁਝ ਲੋਕ ਪਾਨ ਥੁੱਕ ਕੇ ਇਸ ਨੂੰ ਗੰਦਾ ਕਰ ਦੇਣਗੇ।

ਸਤਨਾਮ ਨਾਮ ਦੇ ਸ਼ਖਸ ਨੇ ਟਵੀਟ ਕੀਤਾ, "ਬਦਕਿਸਮਤੀ ਨਾਲ ਮੈਂ ਨਿਰਾਸ਼ ਹਾਂ ਕਿਉਂਕਿ ਕੁਝ ਹੀ ਦਿਨਾਂ ਵਿੱਚ ਲੋਕ ਪਾਨ ਅਤੇ ਤੰਬਾਕੂ ਥੁੱਕ ਕੇ ਇਸ ਖੂਬਸੂਰਤ ਟਰੇਨ ਨੂੰ ਕੂੜੇਦਾਨ ਵਾਂਗ ਬਣਾ ਦੇਣਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)