ਡੌਨਲਡ ਟਰੰਪ ਮਹਾਂਦੋਸ਼ ਦੀ ਕਿਉਂ ਕਰ ਰਹੇ ਹਨ ਗੱਲ?

ਅਮਰੀਕਾ ਦੇ ਅਟਾਰਨੀ ਜਨਰਲ ਜੇਫ ਸੇਸ਼ੰਸ ਨੇ ਕਿਹਾ ਕਿ ਜਦੋਂ ਤੱਕ ਉਹ ਨਿਆਂ ਮੰਤਰਾਲੇ ਦੇ ਮੁਖੀ ਹਨ, ਉਨ੍ਹਾਂ ਦਾ ਵਿਭਾਗ ਕਿਸੇ ਤਰ੍ਹਾਂ ਦੇ ਸਿਆਸੀ ਦਬਾਅ ਹੇਠ ਨਹੀਂ ਆਵੇਗਾ।

ਇਹ ਬਿਆਨ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਉਸ ਬਿਆਨ ਦੀ ਪ੍ਰਤੀਕਿਆ ਵਜੋਂ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਮਹਾਂਦੋਸ਼ ਦੀਆਂ ਅਟਕਲਾਂ ਦਾ ਖਦਸ਼ਾ ਪ੍ਰਗਟ ਕੀਤਾ ਸੀ।

ਟਰੰਪ ਨੇ ਇੱਕ ਇੰਟਰਵਿਊ ਦੌਰਾਨ ਸੇਸ਼ੰਸ ਬਾਰੇ ਨਿੱਜੀ ਟਿੱਪਣੀਆਂ ਕੀਤੀਆਂ ਸਨ।

ਟਰੰਪ ਅਕਸਰ ਹੀ ਨਿਆਂ ਮੰਤਰਾਲੇ ਦੀ ਮੌਖਿਕ ਆਲੋਚਨਾ ਕਰਦੇ ਰਹਿੰਦੇ ਹਨ। ਖਾਸਤੌਰ 'ਤੇ ਟਰੰਪ ਨਿਆਂ ਮੰਤਰਾਲੇ ਵੱਲੋਂ ਕੀਤੀ ਜਾ ਰਹੀ 2016 ਦੀਆਂ ਚੋਣਾਂ ਵਿੱਚ ਰੂਸ ਦੇ ਦਖ਼ਲ ਦੀ ਜਾਂਚ ਨੂੰ ਲੈ ਕੇ ਚਿੜ੍ਹੇ ਹੋਏ ਹਨ।

ਇਹ ਵੀ ਪੜ੍ਹੋ:

ਸੇਸ਼ੰਸ ਨੇ ਕੀ ਕਿਹਾ?

ਜੇਫ ਸੇਸ਼ੰਸ ਨੇ ਕਿਹਾ, "ਜਦੋਂ ਤੱਕ ਮੈਂ ਅਟਾਰਨੀ ਜਨਰਲ ਹਾਂ, ਨਿਆਂ ਵਿਭਾਗ ਸਿਆਸੀ ਕਾਰਨਾਂ ਨਾਲ ਕਦੇ ਵੀ ਗ਼ਲਤ ਢੰਗ ਨਾਲ ਪ੍ਰਭਾਵਿਤ ਨਹੀਂ ਹੋਵੇਗਾ।"

"ਮੈਂ ਹਮੇਸ਼ਾ ਉੱਚ ਮਾਪਦੰਡਾਂ ਦੀ ਆਸ ਰੱਖਦਾ ਹਾਂ ਅਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਫੇਰ ਮੈਂ ਕਾਰਵਾਈ ਕਰਦਾ ਹਾਂ।"

ਕੀ ਕਿਹਾ ਸੀ ਟਰੰਪ ਨੇ?

ਫੌਕਸ ਅਤੇ ਫਰੈਂਡਜ਼ ਦੇ ਪ੍ਰੋਗਰਾਮ ਵਿੱਚ ਟਰੰਪ ਨੇ ਕਿਹਾ, "ਇਹ ਬੇਹੱਦ ਨਿਰਾਸ਼ਾ ਵਾਲਾ ਦਿਨ ਹੈ। ਜੇਫ਼ ਸੇਸ਼ੰਸ ਨੇ ਖ਼ੁਦ ਨੂੰ ਮਾਮਲੇ ਤੋਂ ਵੱਖ ਕਰ ਲਿਆ ਹੈ, ਜੋ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਨੂੰ ਪਹਿਲਾਂ ਮੈਨੂੰ ਦੱਸਣਾ ਚਾਹੀਦਾ ਸੀ।"

"ਮੈਂ ਉਨ੍ਹਾਂ ਨੂੰ ਇਹ ਨੌਕਰੀ ਉਨ੍ਹਾਂ ਦੀ ਵਫ਼ਾਦਾਰੀ ਕਰਕੇ ਦਿੱਤੀ ਸੀ। ਉਹ ਮੇਰੇ ਹਮਾਇਤੀ ਸਨ। ਮੁਹਿੰਮ 'ਚ ਸ਼ਾਮਿਲ ਸਨ ਤੇ ਜਾਣਦੇ ਸਨ ਕਿ ਇਸ ਵਿੱਚ ਕੋਈ ਗੰਢਤੁੱਪ ਨਹੀਂ ਕੀਤੀ ਗਈ ਸੀ। ਮੈਨਫਰਟ ਅਤੇ ਮਾਈਕਲ ਕੋਹੇਨ ਦੇ ਮਾਮਲੇ 'ਚ ਕੋਈ ਗੰਢਤੁੱਪ ਦੀ ਗੱਲ ਸਾਹਮਣੇ ਨਹੀਂ ਆਈ।"

ਮਹਾਦੋਸ਼ ਦੀਆਂ ਅਟਕਲਾਂ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਖ਼ਿਲਾਫ਼ ਮਹਾਂਦੋਸ਼ ਲਿਆਉਣ ਦੀਆਂ ਅਟਕਲਾਂ 'ਤੇ ਕਿਹਾ ਕਿ ਇਸ ਤਰ੍ਹਾਂ ਦੇ ਕਿਸੇ ਵੀ ਕਦਮ ਨਾਲ ਅਰਥਚਾਰੇ ਨੂੰ ਡੂੰਘਾ ਨੁਕਸਾਨ ਪਹੁੰਚੇਗਾ।

'ਫੋਕਸ ਐਂਡ ਫਰੈਂਡਜ਼' ਨੂੰ ਇੱਕ ਇੰਟਰਵਿਊ 'ਚ ਟਰੰਪ ਨੇ ਕਿਹਾ ਕਿ ਅਜਿਹਾ ਕੀਤਾ ਤਾਂ ਸ਼ੇਅਰ ਬਾਜ਼ਾਰ ਹੇਠਾਂ ਆ ਜਾਵੇਗਾ ਅਤੇ "ਹਰ ਕੋਈ ਗਰੀਬ ਹੋ ਜਾਵੇਗਾ।"

ਸ਼ਾਇਦ ਇਹ ਅਜਿਹਾ ਪਹਿਲਾ ਮੌਕਾ ਹੈ ਜਦੋਂ ਮਹਾਂਦੋਸ਼ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਟਰੰਪ ਨੇ ਇਸ ਤਰ੍ਹਾਂ ਖੁੱਲ੍ਹ ਕੇ ਗੱਲ ਕੀਤੀ ਹੈ।

ਦਰਅਸਲ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਅਦਾਲਤ ਵਿੱਚ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਨਾਲ ਜੁੜੇ ਵਿੱਤੀ ਨੇਮਾਂ ਦੀ ਉਲੰਘਣਾ ਕੀਤੀ ਸੀ।

ਕੋਹੇਨ ਨੇ ਅਦਾਲਤ ਵਿੱਚ ਵੀ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਦੇ ਹੁਕਮ ਟਰੰਪ ਵੱਲੋਂ ਮਿਲੇ ਸਨ।

ਟਰੰਪ ਨੇ ਕਿਉਂ ਕਿਹਾ ਕਿ ਅਰਥਚਾਰੇ ਨੂੰ ਹੋਵੇਗਾ ਨੁਕਸਾਨ

ਟਰੰਪ ਨੇ ਇੰਟਰਵਿਊ ਵਿੱਚ ਕਿਹਾ, "ਮੈਂ ਨਹੀਂ ਜਾਣਦਾ ਕਿ ਤੁਸੀਂ ਇਸ ਵਿਅਕਤੀ ਖ਼ਿਲਾਫ਼ ਮਹਾਂਦੋਸ਼ ਕਿਵੇਂ ਲਿਆ ਸਕਦੇ ਹੋ ਜਿਸ ਨੇ ਵਧੀਆ ਕੰਮ ਕੀਤੇ ਹੋਣ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜੇਕਰ ਮੇਰੇ ਖ਼ਿਲਾਫ਼ ਕਦੇ ਮਹਾਂਦੋਸ਼ ਲਿਆਂਦਾ ਗਿਆ ਤਾਂ ਸ਼ੇਅਰ ਬਾਜ਼ਾਰ ਡਿੱਗ ਜਾਵੇਗਾ। ਸਾਰੇ ਲੋਕ ਗਰੀਬ ਹੋ ਜਾਣਗੇ।"

ਟਰੰਪ ਦੇ ਸਾਬਕਾ ਵਕੀਲ ਕੋਹੇਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਦੋ ਔਰਤਾਂ ਨੂੰ ਪੈਸਾ ਦਿੱਤਾ ਸੀ।

ਇਸ ਵਿੱਚ ਪੋਰਨ ਸਟਾਰ ਸਟਾਰਮੀ ਡੈਨੀਅਲਸ ਅਤੇ ਪਲੇਅ ਬੁਆਏ ਮੈਗ਼ਜ਼ੀਨ ਦੀ ਸਾਬਕਾ ਮਾਡਲ ਕੈਰਨ ਮੈਕਡਾਗਲ ਨੂੰ ਪੈਸੇ ਦੇਣ ਦਾ ਇਲਜ਼ਾਮ ਲਗਾਏ ਗਏ ਹਨ।

ਕੋਹੇਨ ਨੇ ਕਿਹਾ ਹੈ, "ਟਰੰਪ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੂਲ ਤੌਰ 'ਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ" ਇਹ ਪੈਸਾ ਦੇਣ ਲਈ ਕਿਹਾ ਸੀ।

ਹਾਲਾਂਕਿ ਟਰੰਪ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੈਸਿਆਂ ਨੇ ਚੋਣ ਮੁਹਿੰਮ 'ਤੇ ਕੋਈ ਅਸਰ ਨਹੀਂ ਪਾਇਆ।

ਟਰੰਪ 'ਤੇ ਕੀ ਹਨ ਇਲਜ਼ਾਮ

ਅਮਰੀਕੀ ਰਾਸ਼ਟਰਪਤੀ 'ਤੇ ਪੋਰਨ ਸਟਾਰ ਸਟਾਰਮੀ ਡੈਨੀਅਲਸ ਅਤੇ ਪਲੇਅ ਬੁਆਏ ਮੈਗ਼ਜ਼ੀਨ ਦੀ ਸਾਬਕਾ ਮਾਡਲ ਕੈਰਨ ਮੈਕਡਾਗਲ ਨੂੰ ਪੈਸੇ ਦੇਣ ਦਾ ਇਲਜ਼ਾਮ ਹੈ।

ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਹ ਪੈਸੇ ਆਪਣੇ ਕੋਲੋਂ ਦਿੱਤੇ ਹਨ ਨਾ ਕਿ ਚੋਣ ਮੁਹਿੰਮ ਦੇ ਪੈਸਿਆਂ 'ਚੋਂ।

2016 'ਚ ਰਾਸ਼ਟਰਪਤੀ ਚੋਣਾਂ ਦੀ ਅਗਵਾਈ ਕਰਦਿਆਂ ਮੈਕਡੌਗਲ ਨੇ ਆਪਣੀ ਕਹਾਣੀ ਐਨਕੁਇਕਰ ਨੂੰ ਵੇਚ ਦਿੱਤੀ ਸੀ, ਜਿਸ ਦਾ ਮਾਲਕ ਟਰੰਪ ਦਾ ਖ਼ਾਸ ਦੋਸਤ ਸੀ।

ਐਨਕੁਇਕਰ ਨੇ ਉਸ ਦੀ ਕਹਾਣੀ ਨਹੀਂ ਛਾਪੀ ਅਤੇ ਉਸ ਨੇ ਕਿਹਾ ਉਸ ਨਾਲ ਧੋਖਾ ਹੋਇਆ ਹੈ।

ਇਹ ਵੀ ਪੜ੍ਹੋ:

ਟਰੰਪ ਨੇ ਇਲਜ਼ਾਮਾਂ ਦਾ ਖੰਡਨ ਕਿਵੇਂ ਕੀਤਾ?

ਟਰੰਪ ਨੇ ਅਪ੍ਰੈਲ ਵਿੱਚ ਆਪਣੀ ਪਹਿਲੀ ਜਨਤਕ ਟਿੱਪਣੀ 'ਚ ਸਟਾਰਮੀ ਡੈਨੀਅਲ ਨਾਲ ਆਪਣੇ ਕਥਿਤ ਰਿਸ਼ਤਿਆਂ ਲਈ ਕੋਹੇਨ ਰਾਹੀਂ 1 ਇੱਕ ਲੱਖ 30 ਹਜ਼ਾਰ ਡਾਲਰਾਂ ਦੇ ਕੀਤੇ ਭੁਗਤਾਨ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।

ਡੈਨੀਅਨ ਜਿਸ ਦਾ ਅਸਲੀ ਨਾਮ ਸਟੈਫਿਨੀ ਕਲੀਫੌਰਡ ਹੈ ਉਸ ਨੇ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਕਿ ਉਸ ਨੇ ਹੋਟਲ ਦੇ ਇੱਕ ਕਮਰੇ ਵਿੱਚ ਟਰੰਪ ਨਾਲ ਸਰੀਰਕ ਸੰਬੰਧ ਬਣਾਏ ਹਨ।

ਏਅਰ ਫੋਰਸ ਦੇ ਇੱਕ ਪ੍ਰੈਸ ਕੈਬਿਨ ਵਿੱਚ ਪੱਤਰਕਾਰ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕੋਈ ਜਾਣਕਾਰੀ ਸੀ ਕਿ ਕੋਹੇਨ ਨੇ ਇਹ ਪੈਸਾ ਕਿਥੋਂ ਲਿਆ ਸੀ ਤਾਂ ਰਾਸ਼ਟਰਪਤੀ ਨੇ ਕਿਹਾ, "ਮੈਨੂੰ ਨਹੀਂ ਪਤਾ।"

ਅਗਲੇ ਹੀ ਮਹੀਨੇ ਟਰੰਪ ਨੇ ਅਧਿਕਾਰਤ ਤੌਰ 'ਤੇ ਸਾਲ 2016 ਲਈ ਕੋਹੇਨ ਨੂੰ 1,00,001 ਤੋਂ 2,50,00 ਡਾਲਰਾਂ ਦੇ ਵਿਚਾਲੇ ਭੁਗਤਾਲ ਕਰਨ ਦਾ ਖੁਲਾਸਾ ਕੀਤਾ।

ਇਹ ਡੌਨਲਡ ਟਰੰਪ 'ਤੇ ਦਬਾਅ ਦਾ ਸੰਕੇਤ ਹੈ ਕਿ ਉਨ੍ਹਾਂ ਨੇ ਨਾ ਕੇਵਲ ਮਹਾਂਦੋਸ਼ ਦੀਆਂ ਸੰਭਾਵਨਾਵਾਂ ਦੇ ਸਵਾਲਾਂ ਦਾ ਜਵਾਬ ਦੇਣਾ ਹੈ ਬਲਕਿ ਇਸ ਦੇ ਖ਼ਿਲਾਫ ਆਰਥਿਕ ਤਰਕ ਵੀ ਬਣਾਉਣਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)