ਵੱਡੇ ਤੇਲ ਭੰਡਾਰ ਵਾਲੇ 'ਅਮੀਰ' ਵੈਨੇਜ਼ੁਏਲਾ ਦੇ ਲੋਕ ਦੇਸ਼ ਤੋਂ ਕਿਉਂ ਭੱਜ ਰਹੇ?

ਵੈਨੇਜ਼ੁਏਲਾ ਦੇ ਹਤਾਸ਼ ਨਾਗਰਕ ਇਕਵਾਡੋਰ ਦੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਉਸ ਦਾ ਬਾਰਡਰ ਪਾਰ ਕਰ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈਨੇਜ਼ੁਏਲਾ ਦੇ ਹਤਾਸ਼ ਨਾਗਰਕ ਇਕਵਾਡੋਰ ਦੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਉਸ ਦਾ ਬਾਰਡਰ ਪਾਰ ਕਰ ਰਹੇ ਹਨ

ਵੈਨੇਜ਼ੁਏਲਾ ਤੋਂ ਆਏ ਪ੍ਰਵਾਸੀਆਂ ਦੇ ਕੈਂਪਾਂ 'ਤੇ ਹਮਲਿਆਂ ਤੋਂ ਬਾਅਦ ਬ੍ਰਾਜ਼ੀਲ ਨੇ ਆਪਣੇ ਵੈਨੇਜ਼ੁਏਲਾ ਨਾਲ ਲੱਗਦੇ ਸ਼ਹਿਰ ਪੈਕੇਰੇਮਾ ਵੱਲ ਫੌਜੀ ਅਤੇ ਹੋਰ ਪੁਲਿਸ ਭੇਜਣ ਦਾ ਫੈਸਲਾ ਲਿਆ ਹੈ।

ਵੈਨੇਜ਼ੁਏਲਾ ਦੇ ਨਾਗਰਿਕ ਦੇਸ ਛੱਡ ਕੇ ਭੱਜ ਰਹੇ ਹਨ ਕਿਉਂਕਿ ਉੱਥੇ ਮਹਿੰਗਾਈ ਦੀ ਦਰ ਦੁਨੀਆਂ ਵਿਚ ਸਭ ਤੋਂ ਵੱਧ ਹੋ ਚੁੱਕੀ ਹੈ ਅਤੇ ਖਾਣੇ ਤੇ ਦਵਾਈਆਂ ਦੀ ਘਾਟ ਅਸਮਾਨ ਛੂਹ ਰਹੀ ਹੈ। ਇਸ ਦੇ ਪਿੱਛੇ ਸਿਆਸੀ ਅਤੇ ਆਰਥਿਕ ਦੋਵੇਂ ਕਾਰਨ ਹਨ।

ਕੀ ਹੈ ਸੰਕਟ

ਵੈਨੇਜ਼ੁਏਲਾ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਭੰਡਾਰ ਦਾ ਮਾਲਕ ਹੈ ਪਰ ਇਸ ਦੀ ਸਭ ਤੋਂ ਵੱਡੀ ਸਮੱਸਿਆ ਵੀ ਸ਼ਾਇਦ ਇਹੀ ਹੈ। ਇਸ ਦੇਸ ਦੀ 95 ਫ਼ੀਸਦ ਆਮਦਨ ਤੇਲ ਦੇ ਨਿਰਯਾਤ ਤੋਂ ਹੈ। ਪਰ 2014 ਤੋਂ ਬਾਅਦ ਕੱਚੇ ਤੇਲ ਦੀ ਕੌਮਾਂਤਰੀ ਬਾਜ਼ਾਰ ਵਿਚ ਡਿੱਗਦੀ ਕੀਮਤ ਨੇ ਇਸ ਦੀ ਅਰਥ ਵਿਵਸਥਾ ਨੂੰ ਗਹਿਰੀ ਸੱਟ ਲਈ ਹੈ।

ਇਹ ਵੀ ਪੜ੍ਹੋ:

ਇਸ ਗਿਰਾਵਟ ਕਰਕੇ ਇੱਥੇ ਦੀ ਸਮਾਜਵਾਦੀ ਸਰਕਾਰ ਨੂੰ ਕਈ ਸਰਕਾਰੀ ਸਕੀਮਾਂ ਦੀ ਫੰਡਿੰਗ ਵੀ ਬਹੁਤ ਘਟਾਉਣੀ ਪਈ। ਇਸ ਨਾਲ ਗਰੀਬ ਜਨਤਾ ਦੇ ਹਾਲਾਤ ਹੋਰ ਬਦਤਰ ਹੋ ਗਏ।

ਵੈਨੇਜ਼ੁਏਲਾ ਸੰਕਟ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਵੈਨੇਜ਼ੁਏਲਾ ਤੋਂ ਆਏ ਪ੍ਰਵਾਸੀਆਂ ਦੇ ਕੈਂਪਾਂ 'ਤੇ ਹਮਲਿਆਂ ਤੋਂ ਬਾਅਦ ਬ੍ਰਾਜ਼ੀਲ ਨੇ ਆਪਣੇ ਵੈਨੇਜ਼ੁਏਲਾ ਨਾਲ ਲੱਗਦੇ ਸ਼ਹਿਰ ਪੈਕੇਰੇਮਾ ਵੱਲ ਫੌਜੀ ਅਤੇ ਹੋਰ ਪੁਲਿਸ ਭੇਜਣ ਦਾ ਫੈਸਲਾ ਲਿਆ ਹੈ

ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਹਿਊਗੋ ਚਾਵੇਜ਼ ਦੀਆਂ ਕਈ ਨੀਤੀਆਂ ਵੀ ਇਸਦਾ ਕਾਰਣ ਬਣੀਆਂ ਹਨ। ਉਦਾਹਰਣ ਵਜੋਂ, ਸਰਕਾਰ ਨੇ ਆਮ ਵਰਤੋਂ ਦੀਆਂ ਚੀਜ਼ਾਂ, ਜਿਵੇਂ ਕਿ ਆਟਾ, ਖਾਣਾ ਬਣਾਉਣ ਦਾ ਤੇਲ ਅਤੇ ਸਾਬਣ, ਦੀਆਂ ਕੀਮਤਾਂ ਘੱਟ ਰੱਖਣ ਦਾ ਕਾਨੂੰਨ ਬਣਾਇਆ ਹੋਇਆ ਹੈ।

ਇਸ ਕਰਕੇ ਪ੍ਰਾਈਵੇਟ ਕੰਪਨੀਆਂ ਨੇ ਇਨ੍ਹਾਂ ਦੇ ਨਿਰਮਾਣ ਵਿਚੋਂ ਹੱਥ ਖਿੱਚ ਲਿਆ ਹੈ ਤੇ ਸਰਕਾਰ ਕੋਲ ਹੁਣ ਐਨੀਂ ਆਮਦਨ ਨਹੀਂ ਹੈ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਬਣਾਉਂਦੀ ਰਹੇ।

ਵੈਨੇਜ਼ੁਏਲਾ ਸੰਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈਨੇਜ਼ੁਏਲਾ ਦੇ ਹਤਾਸ਼ ਨਾਗਰਕ ਇਕਵਾਡੋਰ ਦੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਉਸ ਦਾ ਬਾਰਡਰ ਪਾਰ ਕਰ ਰਹੇ ਹਨ

ਤੇਲ ਦੀਆਂ ਘੱਟ ਕੀਮਤਾਂ ਦਾ ਇਹ ਵੀ ਮਤਲਬ ਹੈ ਕਿ ਸਰਕਾਰ ਕੋਲ ਐਨੀਂ ਵਿਦੇਸ਼ੀ ਮੁਦਰਾ ਨਹੀਂ ਹੈ ਕਿ ਉਹ ਬਾਹਰੋਂ ਭੋਜਨ ਪਦਾਰਥ ਮੰਗਾ ਸਕੇ।

ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਮੁਤਾਬਕ ਵੈਨੇਜ਼ੁਏਲਾ 'ਚ ਮਹਿੰਗਾਈ ਦੀ ਦਰ ਇਸ ਸਾਲ 10 ਲੱਖ ਫ਼ੀਸਦ ਤਕ ਪਹੁੰਚ ਸਕਦੀ ਹੈ।

ਵੈਨੇਜ਼ੁਏਲਾ ਸੰਕਟ

ਤਸਵੀਰ ਸਰੋਤ, AFP

ਕੀ ਹੈ ਸੰਕਟ ਦੀ ਜੜ੍ਹ

ਵੈਨੇਜ਼ੁਏਲਾ ਦੇ ਅੰਦਰ ਸਬਸਿਡੀ ਨਾਲ ਤੇਲ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ ਜਿਸਦੇ ਸਿਆਸੀ ਕਾਰਨ ਹਨ। ਇੱਥੋਂ ਤੇਲ ਦੀ ਵੱਡੀ ਮਾਤਰਾ 'ਚ ਤਸਕਰੀ ਵੀ ਇਸੇ ਕਰਕੇ ਹੁੰਦੀ ਹੈ।

ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਪਿਛਲੇ ਹਫਤੇ ਐਲਾਨ ਕੀਤਾ ਕਿ ਤਸਕਰੀ ਰੋਕਣ ਲਈ ਤੇਲ ਹੁਣ ਕੌਮਾਂਤਰੀ ਕੀਮਤ 'ਤੇ ਮਿਲੇਗਾ ਤੇ ਸਬਸਿਡੀਆਂ ਹਰੇਕ ਨੂੰ ਨਹੀਂ ਮਿਲਣਗੀਆਂ।

ਵੈਨੇਜ਼ੁਏਲਾ ਸੰਕਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵੈਨੇਜ਼ੁਏਲਾ ਨੇ ਗੁਆਂਢੀ ਦੇਸਾਂ ਨੂੰ ਕਿਹਾ ਹੈ ਕਿ ਉਹ ਇਸਦੇ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਦੇਵੇ

ਵੈਨੇਜ਼ੁਏਲਾ ਵਿਚ ਪੈਟਰੋਲ ਦੇ ਇੱਕ ਲੀਟਰ ਦੀ ਕੀਮਤ ਸਿਰਫ ਇੱਕ ਬੋਲਿਵਰ ਹੈ। ਕਾਲੇ ਬਾਜ਼ਾਰ 'ਚ ਚਾਰ ਬੋਲਿਵਰ ਦਾ ਇੱਕ ਅਮਰੀਕੀ ਡਾਲਰ ਮਿਲਦਾ ਹੈ, ਜਿਸਦਾ ਮਤਲਬ ਹੈ ਕਿ ਇੱਕ ਅਮਰੀਕੀ ਡਾਲਰ (ਕਰੀਬ 70 ਭਾਰਤੀ ਰੁਪਏ) 'ਚ 720 ਗੱਡੀਆਂ ਦੇ ਪੈਟਰੋਲ ਟੈਂਕ ਭਰੇ ਜਾ ਸਕਦੇ ਹਨ।

ਇਹ ਵੀ ਪੜ੍ਹੋ:

ਪਰ ਰਾਸ਼ਟਰਪਤੀ ਮਦੂਰੋ ਦੇ ਹਾਲੀਆ ਐਲਾਨਾਂ ਤੋਂ ਬਾਅਦ ਹੋਰ ਮੁਸ਼ਕਲਾਂ ਤੋਂ ਡਰਦਿਆਂ ਲੋਕਾਂ ਨੇ ਭਾਰੀ ਗਿਣਤੀ ਵਿਚ ਗੁਆਂਢੀ ਮੁਲਕਾਂ ਦਾ ਰੁਖ ਕਰ ਲਿਆ ਹੈ।

ਲੋਕ ਹਨ ਖ਼ਤਰੇ 'ਚ

  • ਵੈਨੇਜ਼ੁਏਲਾ ਨੇ ਗੁਆਂਢੀ ਦੇਸਾਂ ਨੂੰ ਕਿਹਾ ਹੈ ਕਿ ਉਹ ਇਸਦੇ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਦੇਵੇ।
  • ਬ੍ਰਾਜ਼ੀਲ ਵਿਚ ਸਥਾਨਕ ਲੋਕ ਸ਼ਰਨਾਰਥੀਆਂ ਦੀ ਵੱਧਦੀ ਗਿਣਤੀ ਤੋਂ ਨਾਰਾਜ਼ ਤੇ ਡਰੇ ਰਹੇ ਹਨ।
  • ਵੈਨੇਜ਼ੁਏਲਾ ਦੇ ਹਤਾਸ਼ ਨਾਗਰਿਕ ਇਕਵਾਡੋਰ ਦੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਉਸ ਦਾ ਬਾਰਡਰ ਪਾਰ ਕਰ ਰਹੇ ਹਨ।
  • ਜ਼ਿਆਦਾਤਰ ਪ੍ਰਵਾਸੀਆਂ ਦਾ ਰੁਖ ਪੇਰੂ ਅਤੇ ਚਿਲੀ ਵਿਚ ਆਪਣੇ ਪਰਿਵਾਰਾਂ ਵੱਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)