ਵਾਜਪਾਈ ਨੂੰ ਕਾਲਾਹਾਂਡੀ ਦੀ ਫਿਕਰ ਸੀ ਪਰ...

ਤਸਵੀਰ ਸਰੋਤ, Getty Images
- ਲੇਖਕ, ਦੇਵਿੰਦਰ ਸ਼ਰਮਾ
- ਰੋਲ, ਖੇਤੀ ਤੇ ਭੋਜਨ ਸੁਰੱਖਿਆ ਮਾਹਰ
ਗੱਲ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਵਜੋਂ ਪਹਿਲੇ ਕਾਰਜਕਾਲ ਤੋਂ ਕੁਝ ਦਿਨਾਂ ਬਾਅਦ ਦੀ ਹੈ।
ਮੈਂ ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਮਿਲਿਆ। ਉਹ ਮੈਨੂੰ ਇਕ ਪਾਸੇ ਲੈ ਗਏ ਤੇ ਕਿਹਾ, "ਮੈਂ ਤੁਹਾਡਾ ਕਾਲਾਹਾਂਡੀ ਬਾਰੇ ਲੇਖ ਪੜ੍ਹਿਆ। ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਅੱਜ ਵੀ ਲੋਕ ਭੁੱਖੇ ਮਰ ਰਹੇ ਹਨ। ਮੈਂ ਇਸ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ।"
ਅਸੀਂ ਕੁਝ ਮਿੰਟ ਗੱਲ ਕੀਤੀ, ਜਿਸ ਦੌਰਾਨ ਮੈਂ ਉਨ੍ਹਾਂ ਨੂੰ ਉੱਥੋਂ ਦੀ ਹਾਲਾਤ ਬਾਰੇ ਸੰਖੇਪ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਬੜੇ ਧਿਆਨ ਨਾਲ ਮੇਰੀ ਗੱਲ ਸੁਣੀ ਤੇ ਫਿਰ ਜਾਣ ਤੋਂ ਪਹਿਲਾਂ ਕਿਹਾ ਕਿ ਉਹ ਇਸ ਬਾਰੇ ਹੋਰ ਗੱਲ ਕਰਨਾ ਚਾਹੁੰਣਗੇ।
ਇਹ ਵੀ ਪੜ੍ਹੋ:
ਅਸੀਂ ਦੋ ਵਾਰ ਹੋਰ ਮਿਲੇ ਤੇ ਉਨ੍ਹਾਂ ਨੇ ਹਰ ਵਾਰ ਕਾਲਾਹਾਂਡੀ ਦੀ ਗੱਲ ਛੇੜੀ। ਮੈਂ ਹੈਰਾਨ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲਾਲ ਕਿਲ੍ਹੇ ਦੀ ਫਸੀਲ ਤੋਂ ਆਜ਼ਾਦੀ ਦਿਹਾੜੇ ਮੌਕੇ ਆਪਣੇ ਭਾਸ਼ਣ 'ਚ ਵਾਅਦਾ ਕੀਤਾ ਕਿ ਉਹ ਓਡੀਸ਼ਾ ਕਾਲਾਹਾਂਡੀ 'ਚੋਂ ਭੁੱਖ ਦੀ ਸਮੱਸਿਆ ਮਿਟਾਉਣਗੇ ਅਤੇ ਉਸ ਇਲਾਕੇ ਦੀ ਕਾਇਆ ਪਲਟ ਦੇਣਗੇ। ਅਗਲੇ ਦਿਨ ਇਹ ਵਾਅਦਾ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਛਾਇਆ ਹੋਇਆ ਸੀ।

ਮੈਨੂੰ ਇਹ ਤਾਂ ਨਹੀਂ ਪਤਾ ਕਿ ਵਾਅਦੇ ਤੋਂ ਬਾਅਦ ਕੀ ਹੋਇਆ ਪਰ ਕਾਲਾਹਾਂਡੀ ਵਿਚ ਅੱਜ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਕਾਲਾਹਾਂਡੀ ਇਲਾਕੇ ਨੂੰ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਕੱਢਣ 'ਚ ਜੇ ਕਾਮਯਾਬੀ ਮਿਲ ਜਾਂਦੀ ਤਾਂ ਸ਼ਾਇਦ ਦੇਸ ਨੂੰ ਭੋਜਨ ਸੁਰੱਖਿਆ ਦਾ ਇਕ ਨਵਾਂ ਮਾਡਲ ਮਿਲ ਜਾਂਦਾ ਜਿਸ ਵਿੱਚ ਉਤਪਾਦਨ ਵੀ ਸਥਾਨਕ ਤੌਰ 'ਤੇ ਹੁੰਦਾ ਅਤੇ ਖਰੀਦ ਤੇ ਵੰਡ ਵੀ। ਸਵੈ-ਭਰੋਸੇ ਦਾ ਇਹ ਮਾਡਲ ਬਾਕੀ ਸਾਰੇ ਦੇਸ ਵਿੱਚ ਵੀ ਲਾਗੂ ਹੋ ਸਕਦਾ ਸੀ। ਦੇਸ ਨੂੰ ਇਸ ਦੀ ਲੋੜ ਸੀ ਪਰ ਮੌਕਾ ਹੱਥੋਂ ਨਿਕਲ ਗਿਆ।
ਵਾਤਾਵਰਣ ਸੁਰੱਖਿਆ ਦੇ ਮਾਹਿਰ ਬਿਸਵਜੀਤ ਮੋਹੰਤੀ ਨੇ ਵਾਜਪਾਈ ਦੇ ਦੇਹਾਂਤ ਤੋਂ ਬਾਅਦ ਟਵਿੱਟਰ 'ਤੇ ਲਿਖਿਆ, "ਕਾਸ਼ ਉਨ੍ਹਾਂ ਦੀ ਇੱਛਾ ਪੂਰੀ ਹੋ ਜਾਂਦੀ। ਅੱਜ ਵੀ ਲੋਕ ਕਾਲਾਹਾਂਡੀ ਨੂੰ ਛੱਡ ਕੇ ਤੇਲੰਗਾਨਾ ਦੇ ਛੱਤੀਸਗੜ੍ਹ ਵਿੱਚ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਜਾ ਰਹੇ ਹਨ।"
ਵਾਜਪਾਈ ਆਰਥਿਕ ਉਦਾਰੀਕਰਨ ਦੇ ਹਮਾਇਤੀ ਸਨ ਪਰ ਉਹ ਕਿਸਾਨੀ ਦੀ ਸੰਭਾਲ ਵੀ ਜਰੂਰੀ ਮੰਨਦੇ ਸਨ। ਉਨ੍ਹਾਂ ਵੱਲੋਂ ਆਪਣੇ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੂੰ ਨਿਰਦੇਸ਼ ਸਨ ਕਿ ਉਹ ਬਜਟ ਵਿੱਚ ਕਿਸਾਨਾਂ ਦੀ ਅਣਦੇਖੀ ਨਾ ਹੋਵੇ।

ਤਸਵੀਰ ਸਰੋਤ, WTO
ਕਿਸਾਨ ਕ੍ਰੈਡਿਟ ਕਾਰਡ ਸ਼ੁਰੂ ਕੀਤੇ ਗਏ ਤੇ ਪੇਂਡੂ ਸੜਕਾਂ ਵੱਲ ਵੀ ਧਿਆਨ ਦਿੱਤਾ ਗਿਆ। ਇਸੇ ਦੌਰ ਵਿੱਚ ਕਿਸਾਨਾਂ ਤੇ ਮਜਦੂਰਾਂ ਨੇ ਵਿਸ਼ਵ ਵਪਾਰ ਸੰਗਠਨ ਦੇ ਖਿਲਾਫ਼ ਦੇਸ ਭਰ ਵਿੱਚ ਵੱਡੇ ਮੁਜ਼ਾਹਰੇ ਵੀ ਕੀਤੇ।
ਵਿਸ਼ਵ ਵਪਾਰ ਸੰਗਠਨ 1995 ਵਿੱਚ ਬਣਿਆ ਸੀ ਤੇ ਇਸ ਸਮਝੌਤੇ ਦੇ ਖੇਤੀਬਾੜੀ ਅਤੇ ਵਪਾਰ ਵਿੱਚ ਇੰਟਲੈਚੂਅਲ ਪ੍ਰਪਰਟੀ ਰਾਈਟਸ ਉੱਪਰ ਅਸਰ ਹੁਣ ਸਾਹਮਣੇ ਆਉਣ ਲੱਗੇ ਸਨ। ਤਣਾਅ ਵੱਧ ਰਿਹਾ ਸੀ ਕਿਉਂਕਿ ਸਵਦੇਸ਼ੀ ਜਾਗਰਣ ਮੰਚ ਤੇ ਭਾਰਤੀ ਮਜ਼ਦੂਰ ਸੰਘ ਵੀ ਸੜਕਾਂ 'ਤੇ ਉਤਰ ਆਏ ਸਨ।
1999 'ਚ ਵਿਸ਼ਵ ਵਪਾਰ ਸੰਗਠਨ ਦੀ ਮੰਤਰੀ ਪੱਧਰ ਦੀ ਕਾਨਫਰੰਸ ਤੋਂ ਪਹਿਲਾਂ ਮੈਂ ਇੱਕ ਦਿਨ ਸੀਨੀਅਰ ਪੱਤਰਕਾਰ ਪ੍ਰਭਾਸ਼ ਜੋਸ਼ੀ ਨੂੰ ਫੋਨ ਕੀਤਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਸ ਕਾਨਫਰੰਸ ਵਿੱਚ ਭਾਰਤ, ਅਮਰੀਕੀ ਦਬਾਅ ਦਾ ਸਾਹਮਣਾ ਨਹੀਂ ਕਰ ਸਕੇਗਾ।

ਤਸਵੀਰ ਸਰੋਤ, AFP
ਭਾਰਤ ਵਲੋਂ ਸੰਗਠਨ ਨੂੰ ਭੇਜਿਆ ਮਸੌਦਾ ਵੀ ਕਮਜ਼ੋਰ ਸੀ ਤੇ ਲੱਗਦਾ ਸੀ ਕਿ ਭਾਰਤ ਆਪਣੇ 60 ਕਰੋੜ ਕਿਸਾਨਾਂ ਦੀ ਰੋਜ਼ੀ ਰੋਟੀ ਵੀ ਕੁਰਬਾਨ ਕਰ ਦੇਵੇਗਾ। ਜੋਸ਼ੀ ਨੇ ਮੇਰੀ ਗੱਲ ਨੂੰ ਸਮਝਿਆ ਤੇ ਕਿਹਾ ਕਿ ਸਾਨੂੰ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨਾਲ ਗੱਲ ਕਰਨੀ ਚਾਹੀਦੀ ਹੈ।
ਅਸੀਂ ਦੋਵੇਂ ਮਰਹੂਮ ਚੰਦਰ ਸ਼ੇਖਰ ਨੂੰ ਮਿਲਣ ਗਏ ਤੇ ਮੈਂ ਉਨ੍ਹਾਂ ਨੂੰ ਆਉਣ ਵਾਲੇ ਖਤਰਿਆ ਬਾਰੇ ਸਾਰੀ ਗੱਲ ਸਮਝਾਈ। ਜੋਸ਼ੀ ਨੇ ਸੁਝਾਇਆ ਕਿ ਚੰਦਰਸ਼ੇਖਰ ਆਪਣੇ ਘਰ ਵੱਡੇ ਸਿਆਸੀ ਆਗੂਆਂ ਲਈ ਇੱਕ ਮੀਟਿੰਗ ਬੁਲਾਉਣ ਜਿਸ ਵਿੱਚ ਖੇਤੀਬਾੜੀ ਮਾਹਿਰ ਡਾ. ਐੱਮ.ਐੱਸ. ਸਵਾਮੀਨਾਥਨ ਨੂੰ ਬੁਲਾਉਣ ਜੋ ਭਾਰਤੀ ਖੇਤੀਬਾੜੀ ਦੇ ਦਰਪੇਸ਼ ਸਮੱਸਿਆ ਬਾਰੇ ਵਿਸਥਾਰ 'ਚ ਦੱਸਣ।
ਕੁਝ ਦਿਨਾਂ ਬਾਅਦ ਬੈਠਕ ਚੰਦਰ ਸ਼ੇਖਰ ਦੇ ਘਰੇ ਰਾਤ ਦੇ ਖਾਣੇ ਉੱਪਰ ਰੱਖੀ ਗਈ ਜਿਸ ਵਿੱਚ ਵਿੱਚ ਸਾਬਕਾ ਪ੍ਰਧਾਨ ਮੰਤਰੀ ਵੀ.ਪੀ. ਸਿੰਘ, ਐੱਚ.ਡੀ. ਦੇਵੇ ਗੌੜਾ ਤੇ ਇੰਦਰ ਕੁਮਾਰ ਗੁਜਰਾਲ ਸ਼ਾਮਲ ਹੋਏ। ਉਸ ਵੇਲੇ ਦੇ ਖੇਤੀਬਾੜੀ ਮੰਤਰੀ ਨੀਤੀਸ਼ ਕੁਮਾਰ ਤੇ ਸ਼ਰਦ ਪਵਾਰ ਵੀ ਉਸ ਬੈਠਕ ਵਿੱਚ ਪਹੁੰਚੇ ਸਨ।

ਤਸਵੀਰ ਸਰੋਤ, Getty Images
ਨੀਤੀਸ਼ ਕੁਮਾਰ ਮੇਰੀ ਤੇ ਸਵਾਮੀਨਾਥਨ ਦੀ ਤਕਰੀਰ ਸੁਨਣ ਤੋਂ ਬਾਅਦ ਇੰਨੇ ਘਬਰਾ ਗਏ ਕਿ ਉਨ੍ਹਾਂ ਤੁਰੰਤ ਖੇਤੀਬਾੜੀ ਸਕੱਤਰ ਨੂੰ ਕਿਹਾ ਕਿ ਉਹ ਇਸ ਗਰੁੱਪ ਦੀ ਬੈਠਕ ਦੀ ਇੱਕ ਪ੍ਰੈਜੈਂਟੇਸ਼ਨ ਤਿਆਰ ਕਰਨਾ। ਬੈਠਕ ਦੀ ਚਰਚਾ ਇੰਨੀ ਗੰਭੀਰ ਸੀ ਕਿ ਹਰ ਕੋਈ ਇਸ ਬੈਠਕ ਵਿੱਚ ਲਏ ਗਏ ਫੈਸਲਿਆਂ ਨੂੰ ਉਨ੍ਹਾਂ ਦੇ ਸਹੀ ਅੰਜਾਮ ਤੱਕ ਪਹੁੰਚਾਉਣਾ ਚਾਹੁੰਦਾ ਸੀ।
ਪਵਾਰ, ਜੋ ਬਾਅਦ ਵਿੱਚ ਖੇਤੀਬਾੜੀ ਤੇ ਖੁਰਾਕ ਮੰਤਰੀ ਵੀ ਬਣੇ ਨੇ ਅਗਲੇ ਦਿਨ ਆਪਣੇ ਘਰ ਇੱਕ ਹੋਰ ਮੀਟਿੰਗ ਸੱਦੀ ਤੇ ਕੁਝ ਹੋਰ ਆਗੂਆਂ ਨੂੰ ਵੀ ਬੁਲਾਇਆ। ਇਸ ਮੀਟਿੰਗ ਵਿੱਚ ਖੇਤੀਬਾੜੀ ਸਕੱਤਰ ਨੇ ਸਾਨੂੰ ਪਾਵਰ ਪੁਆਇੰਟ ਰਾਹੀਂ ਸਾਰਾ ਮਸਲਾ ਸਮਝਾਇਆ।

ਤਸਵੀਰ ਸਰੋਤ, Reuters
ਇੰਜ ਜਾਪਿਆ ਕਿ ਜਿਵੇਂ ਸਾਡੇ ਵੱਡੇ ਆਗੂਆਂ ਨੂੰ ਪਤਾ ਹੀ ਨਹੀਂ ਸੀ ਕਿ ਵਿਸ਼ਵ ਵਪਾਰ ਸੰਗਠਨ ਨਾਲ ਸਾਡਾ ਦੇਸ ਕੀ ਸੌਦਾ ਕਰ ਰਿਹਾ ਸੀ।
ਵੀ.ਪੀ. ਸਿੰਘ ਤੇ ਚੰਦਰ ਸ਼ੇਖਰ ਨੇ ਮੈਨੂੰ ਸਵਾਲ ਪੁੱਛਿਆ ਕਿ ਅਮਰੀਕੀ ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਦੇ ਭਾਰਤੀ ਕਿਸਨਾਂ ਲਈ ਕੀ ਮਾਅਨੇ ਹਨ। ਮੈਨੂੰ ਜਿਨ੍ਹਾਂ ਯਾਦ ਹੈ, ਪਵਾਰ ਨੂੰ ਤਾਂ ਯਕੀਨ ਹੋ ਗਿਆ ਸੀ ਕਿ ਵਿਸ਼ਵ ਵਪਾਰ ਸੰਗਠਨ ਭਾਰਤ ਦੀ ਕਿਸਾਨੀ ਲਈ ਖ਼ਤਰਾ ਹੈ।
ਅਸੀਂ ਵਾਜਪਾਈ ਨੂੰ ਮਿਲਣ ਲਈ ਇੱਕ ਕਮੇਟੀ ਬਣਾਈ, ਜਿਸ ਵਿੱਚ ਵੀ.ਪੀ. ਸਿੰਘ ਤੇ ਚੰਦਰ ਸ਼ੇਖਰ ਤੋਂ ਇਲਾਵਾ ਐੱਸ.ਪੀ. ਸ਼ੁਕਲਾ ਸ਼ਾਮਲ ਸਨ। ਸ਼ੁਕਲਾ ਭਾਰਤ ਦੇ ਸਾਬਕਾ ਸਨਅਤ ਸਕੱਤਰ ਸਨ, ਜੋ ਕਿ ਦੇਸ ਵੱਲੋਂ ਵਿਸ਼ਵ ਵਪਾਰ ਸੰਗਠਨ ਨਾਲ ਗੱਲਬਾਤ ਦੇ ਮੁਖੀ ਵੀ ਰਹਿ ਚੁਕੇ ਸਨ।
ਵੀ.ਪੀ. ਸਿੰਘ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਵਾਜਪਾਈ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ (ਸਿੰਘ) ਨੇ ਵੀ ਕਦੀਂ ਨਾ ਕਦੀਂ ਹਸਤਾਖ਼ਰ ਜ਼ਰੂਰ ਕੀਤੇ ਹੋਣਗੇ ਪਰ ਉਹ ਨਹੀਂ ਸੀ ਜਾਣਦੇ ਕਿ ਇਸ ਨਾਲ 60 ਕਰੋੜ ਭਾਰਤੀ ਕਿਸਾਨਾਂ ਲਈ ਖ਼ਤਰੇ ਪੈਦਾ ਹੋ ਜਾਣਗੇ। ਸਾਡਾ ਹੀਲਾ ਸਫ਼ਲ ਰਿਹਾ ਤੇ ਇਸਦੇ ਨਤੀਜੇ ਵਜੋਂ ਭਾਰਤ ਦਾ ਵਿਸ਼ਵ ਵਪਾਰ ਸੰਗਠਨ 'ਚ ਰੁਖ਼ ਪੂਰੇ ਤੌਰ 'ਤੇ ਬਦਲ ਗਿਆ।












