ਕੇਰਲ ਦੇ ਹੜ੍ਹ ਮਾਰੇ ਇਲਾਕੇ ਦੀਆਂ ਦਰਦਨਾਕ ਕਹਾਣੀਆਂ - ਗਰਾਊਂਡ ਰਿਪੋਰਟ

ਕੇਰਲ ਦੇ ਹੜ੍ਹ

ਤਸਵੀਰ ਸਰੋਤ, Getty Images

    • ਲੇਖਕ, ਪ੍ਰਮਿਲਾ ਕ੍ਰਿਸ਼ਨਨ
    • ਰੋਲ, ਪੱਤਰਕਾਰ, ਬੀਬੀਸੀ ਤਮਿਲ ਸੇਵਾ

"ਮੈਡਮ, ਮੇਰੇ ਪਤੀ ਦੀ ਲੀਵਰ ਟ੍ਰਾਂਸਪਲਾਂਟ ਸਰਜਰੀ ਹੋਈ ਸੀ। ਕੀ ਤੁਸੀਂ ਸਾਨੂੰ ਸੁਰੱਖਿਅਤ ਥਾਂ ਉੱਤੇ ਜਾਣ ਵਿੱਚ ਮਦਦ ਕਰ ਸਕਦੇ ਹੋ? ਤੁਸੀਂ ਇੱਕ ਚੈਨਲ ਨਾਲ ਕੰਮ ਕਰਦੇ ਹੋ ਨਾ?"

ਮੁਸ਼ਕਿਲ ਸਮੇਂ ਵਿੱਚ ਇੱਕ ਪੱਤਰਕਾਰ ਨੂੰ ਰਾਖੇ ਵਜੋਂ ਦੇਖਿਆ ਜਾਂਦਾ ਹੈ।

ਮੈਂ ਇੱਕ ਹਫਤੇ ਤੋਂ ਕੇਰਲ ਦੇ ਹੜ੍ਹ ਕਵਰ ਕਰ ਰਹੀ ਹਾਂ। ਜਦੋਂ ਮੈਂ ਇੱਥੇ ਪਹੁੰਚੀ ਤਾਂ ਨਹੀਂ ਜਾਣਦੀ ਸੀ ਕਿ ਆਪ ਵੀ ਫਸ ਜਾਵਾਂਗੀ।

ਜਦੋਂ ਉਸ ਸੱਠ ਸਾਲਾ ਔਰਤ ਨੇ ਮੈਥੋਂ ਮਦਦ ਮੰਗੀ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅਤੇ ਮੈਂ ਉਨ੍ਹਾਂ ਨੂੰ ਘੁੱਟ ਕੇ ਜੱਫੀ ਪਾ ਲਈ।

ਮੈਂ ਉਨ੍ਹਾਂ ਨੂੰ ਦੱਸਿਆ, "ਮਾਂ, ਮੈਂ ਕਲੈਕਟਰ ਦੇ ਦਫ਼ਤਰ ਨੂੰ ਸੂਚਨਾ ਦੇ ਦਿੱਤੀ ਹੈ ਤੁਸੀਂ ਫ਼ਿਕਰ ਨਾ ਕਰੋ ਸਾਨੂੰ ਬਚਾ ਲਿਆ ਜਾਵੇਗਾ।"

ਇਹ ਵੀ ਪੜ੍ਹੋ꞉

ਕੇਰਲ ਦੇ ਹੜ੍ਹ

ਤਸਵੀਰ ਸਰੋਤ, NDRF

ਤਸਵੀਰ ਕੈਪਸ਼ਨ, ਬਚਾਅ ਕਾਰਜ ਦੌਰਾਨ ਪੀੜਤਾਂ ਤੱਕ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਤਿਆਰੀ ਕਰਦੇ ਐੱਨਡੀਆਰਐੱਫ ਦੇ ਜਵਾਨ

ਸਥਾਨਕ ਵਿਧਾਇਕ ਨੇ ਮੈਨੂੰ ਦੱਸਿਆ ਕਿ ਮਰੀਜ਼ ਨੂੰ ਬਚਾਉਣਾ ਸੰਭਵ ਨਹੀਂ ਹੈ ਕਿਉਂਕਿ ਹੜ੍ਹਾਂ ਦਾ ਪਾਣੀ ਇਸ ਇਲਾਕੇ ਅਤੇ ਗੁਆਂਢੀ ਇਲਾਕਿਆਂ ਵਿੱਚ ਘਟਣ ਦਾ ਨਾਂ ਨਹੀਂ ਲੈ ਰਿਹਾ ਅਤੇ ਸੱਤ ਮੰਜ਼ਿਲਾ ਇਮਾਰਤ ਛੱਡਣੀ ਸਰੱਖਿਅਤ ਨਹੀਂ ਹੈ ਕਿਉਂਕਿ ਰਾਹਤ ਕੈਂਪਾਂ ਵਿੱਚ ਲੋਕ ਭਰੇ ਪਏ ਹਨ।

ਰੁਝੇਵੇਂ ਭਰਪੂਰ ਬਚਾਅ ਕਰਾਜਾਂ ਦੇ ਦੌਰਾਨ ਏਰਨਮਾਕੁਲਮ ਤੋਂ ਵਿਧਾਨ ਸਭਾ ਮੈਂਬਰ ਹਿਬੀ ਏਦਨ ਨੇ ਦੱਸਿਆ, "

ਤੁਹਾਡਾ ਹੋਟਲ ਇੱਕ ਦੀਪ ਉੱਪਰ ਬਣਿਆ ਹੋਇਆ ਹੈ। ਅਸੀਂ ਤੁਰੰਤ ਨਹੀਂ ਕੱਢ ਸਕਦੇ ਪਰ ਮੈਂ ਤੁਹਾਡੇ ਤੱਕ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹਾਂ।"

ਮੇਰੇ ਹੋਟਲ ਵਿੱਚ ਪੀਣ ਦਾ ਪਾਣੀ ਨਹੀਂ ਹੈ ਅਤੇ ਇਸਦੀ ਜ਼ਮੀਨੀ ਮਜ਼ਿਲ ਪਾਣੀ ਨਾਲ ਭਰ ਗਈ ਹੈ। ਮੇਰੇ ਨਾਲ ਫਸੇ ਹੋਏ ਸੌ ਦੇ ਲਗਪਗ ਲੋਕ ਉਮੀਦ ਲਾਈ ਬੈਠੇ ਹਨ ਕਿ ਪਾਣੀ ਉੱਤਰ ਜਾਵੇ ਅਤੇ ਪਹਿਲੀ ਮੰਜ਼ਿਲ ਤੱਕ ਨਾ ਪਹੁੰਚੇ।

ਇਹ ਵੀ ਪੜ੍ਹੋ꞉

ਕੇਰਲ ਦੇ ਹੜ੍ਹ

ਤਸਵੀਰ ਸਰੋਤ, Getty Images

ਹੋਟਲ ਦੇ ਮੈਨੇਜਰ ਨੇ ਦੱਸਿਆ, "ਪੀਣ ਦਾ ਪਾਣੀ ਘੱਟ ਹੈ। ਸਾਡੇ ਹੋਟਲ ਦੇ ਲਾਗਲੇ ਰਾਹਤ ਕੈਂਪ ਵਿੱਚ ਵੀ ਪੀਣ ਵਾਲੇ ਪਾਣੀ ਦੀ ਕਮੀ ਹੈ। ਸਾਡੇ ਕੋਲ ਕੋਈ ਚਾਰਾ ਨਹੀਂ ਹੈ।"

ਅਸੀਂ ਸਾਰੇ ਸੂਰਜ ਚੜ੍ਹਨ ਅਤੇ ਮੀਂਹ ਰੁਕਣ ਦੀ ਉਡੀਕ ਕਰ ਰਹੇ ਹਾਂ।

ਮਦਦ ਲਈ ਰੋਂਦੇ ਲੋਕ

ਪਿਛਲੇ ਤਿੰਨ ਦਿਨਾਂ ਤੋਂ ਮੈਂ ਇੱਥੇ ਲੋਕਾਂ ਨੂੰ ਲਿਜਾਂਦੇ ਟਰੱਕ, ਹੈਲੀਕਾਪਟਰ, ਦਮਕਲ ਵਾਲੇ ਅਤੇ ਕਿਸ਼ਤੀਆਂ ਵਿੱਚ ਜਾਂਦੇ ਸਥਾਨਕ ਲੋਕਾਂ ਨੂੰ ਦੇਖ ਰਹੀ ਹਾਂ। ਹਜ਼ਾਰਾਂ ਲੋਕ ਸੰਘਰਸ਼ ਕਰ ਰਹੇ ਹਨ ਅਤੇ ਮੈਂ ਆਪਣੀਆਂ ਅੱਖਾਂ ਨਾਲ ਉਨ੍ਹਾਂ ਨੂੰ ਮਦਦ ਲਈ ਰੋਂਦੇ ਦੇਖ ਸਕਦੀ ਹਾਂ।

ਰਿਪੋਰਟਿੰਗ ਦੇ ਪਹਲੇ ਦਿਨ ਮੈਂ ਇਡੁਕੀ ਜ਼ਿਲ੍ਹੇ ਦੇ ਪੀੜਤਾਂ ਨਾਲ ਗੱਲ ਕੀਤੀ। ਇਹ ਇੱਕ ਪਹਾੜੀ ਇਲਾਕਾ ਹੈ ਜਿੱਥੇ ਢਿੱਗਾਂ ਡਿੱਗੀਆਂ ਹਨ। ਉੱਥੇ ਮੈਂ ਰਾਹਤ ਕੈਂਪ ਅਤੇ ਇੱਕ ਚਰਚ ਦਾ ਦੌਰਾ ਕੀਤਾ।

ਸੰਬੰਧੀਆਂ ਨੂੰ ਖੋ ਚੁੱਕੇ ਬੱਚੇ, ਆਪਣਾ ਘਰ ਗੁਆ ਚੁੱਕੇ ਬਜ਼ੁਰਗ ਅਤੇ ਨੁਕਾਸਾਨ ਤੋਂ ਹਤਾਸ਼ ਨੌਜਵਾਨਾਂ ਦੀਆਂ ਤਸਵੀਰਾਂ ਮੇਰੇ ਮਨ ਵਿੱਚ ਤਾਜ਼ਾ ਹਨ। ਮੈਂ ਜਦੋਂ ਉਨ੍ਹਾਂ ਨੂੰ ਮਿਲੀ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। ਹਮਦਰਦੀ ਜਤਾਉਣ ਲਈ ਮੇਰੇ ਕੋਲ ਜਿਵੇਂ ਸ਼ਬਦਾਂ ਦਾ ਅਕਾਲ ਪੈ ਗਿਆ।

ਕੇਰਲ ਦੇ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੋਟਲ ਤੋਂ ਮੈਨੂੰ ਸੁਣ ਰਿਹਾ ਸੀ ਕਿ ਹੜ੍ਹ ਪੀੜਤਾਂ ਨੂੰ ਰਾਹਤ ਕੈਂਪਾਂ ਤੱਕ ਲਿਜਾਣ ਵਾਲੇ ਟੱਰਕ ਡਰਾਈਵਰਾਂ ਦਾ ਲੋਕ ਹੌਂਸਲਾ ਵਧਆ ਰਹੇ ਸਨ।

ਅਜਿਹੀ ਹੀ ਇੱਕ ਪੀੜਤ ਸਾਲੀ ਨੇ ਮੇਰੇ ਨਾਲ ਗੱਲਬਾਤ ਕੀਤੀ, "ਹਰ ਸਾਲ ਮੀਂਹ ਪੈਂਦਾ ਹੈ ਅਤੇ ਢਿੱਗਾਂ ਡਿਗਦੀਆਂ ਹਨ। ਮੈ ਇਡੁਕੀ ਵਿੱਚ ਜਨਮੀ ਸਾਂ ਉੱਥੇ ਹੀ ਪਲੀ ਅਤੇ ਵੱਡੀ ਹੋਈ ਹਾਂ। ਮੈਂ ਦੇਖਿਆ ਹੈ ਕਿ ਇੱਥੇ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਪਰ ਇਸ ਵਾਰ ਮੇਰੇ ਮਾਤਾ-ਪਿਤਾ ਘਰ ਵਿੱਚ ਫਸ ਗਏ ਅਤੇ ਢਿੱਗਾਂ ਡਿੱਗਣ ਕਰਕੇ ਘਰ ਦੇ ਡਿੱਗਣ ਕਰਕੇ ਜ਼ਖਮੀਂ ਹੋ ਗਏ। ਮੈਨੂੰ ਉਨ੍ਹਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ।"

ਦੋ ਦਿਨਾਂ ਤੱਕ ਹੜ੍ਹ ਦੇ ਅਸਰ ਹੇਠ ਆਏ ਇਲਾਕਿਆਂ ਵਿੱਚ ਜਾਣ ਮਗਰੋਂ ਤੀਜੇ ਦਿਨ ਮੈਂ ਕੇਰਲ ਦੀ ਰਾਜਧਾਨੀ ਕੋਚੀ ਪਹੁੰਚੀ ਕਿਉਂਕਿ ਇਡੁਕੀ ਵਿੱਚ ਇੰਟਰਕਨੈੱਟ ਨਾ ਹੋਣ ਕਰਕੇ ਮੈਂ ਰਿਪੋਰਟ ਨਹੀਂ ਸੀ ਭੇਜ ਸਕਦੀ।

ਕੋਈ ਤਿਆਰੀ ਨਹੀਂ ਸੀ

ਅਗਲੇ ਦਿਨ ਉਸ ਥਾਂ ਢਿੱਗਾਂ ਡਿੱਗਣ ਦੀ ਖ਼ਬਰ ਆ ਗਈ ਜਿੱਥੇ ਮੈਂ ਇੱਕ ਦਿਨ ਪਹਿਲਾਂ ਰੁਕੀ ਹੋਈ ਸੀ। ਮੈਂ ਜਿਸ ਹੋਟਲ ਵਿੱਚ ਠਹਿਰੀ ਹੋਈ ਸੀ ਉਹ ਆਸੇ-ਪਾਸੇ ਤਾਂ ਕੱਟਿਆ ਗਿਆ ਸੀ ਅਤੇ ਕੋਚੀ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ।

ਕੋਚੀ ਵਿੱਚ ਹਾਲਾਤ ਵਿਗੜ ਗਏ। ਮੈਟਰੋ ਸਟੇਸ਼ਨਾਂ ਵਿੱਚ ਵੀ ਪਾਣੀ ਭਰ ਗਿਆ। 90 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੋਚੀ ਵਿੱਚ ਅਜਿਹੇ ਭਿਆਨਕ ਹੜ੍ਹ ਆਏ ਹੋਣ। ਕੋਈ ਵੀ ਨਿਵਾਸੀ ਅਜਿਹੇ ਹਾਲਾਤ ਲਈ ਤਿਆਰ ਨਹੀਂ ਸੀ।

ਕੇਰਲ ਦੇ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਲੋਕ ਹਾਲੇ ਵੀ ਆਪਣੇ ਘਰਾਂ ਵਿੱਚ ਫਸੇ ਹਨ

ਕੰਪਨੀਪੜੀ ਵਿੱਚ ਲੋਕਾਂ ਨੂੰ ਅਪਾਰਟਮੈਂਟ ਵਿੱਚੋਂ ਨਿਕਲਣ ਲਈ ਬੇਨਤੀ ਕੀਤੀ ਗਈ। ਬਚਾਅ ਕਾਰਜਾਂ ਵਿੱਚ ਲੱਗੇ ਇੱਕ ਅਫਸਰ ਨੇ ਦੱਸਿਆ, "ਅਮੀਰ ਲੋਕ ਆਪਣੇ ਘਰ ਛੱਡਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਾਲੋਂ ਆਪਣੀ ਜਾਇਦਾਦ ਦੀ ਫ਼ਿਕਰ ਹੈ। ਅਸੀਂ ਉਨ੍ਹਾਂ ਨੂੰ ਮਨਾ ਨਹੀਂ ਸਕੇ।"

ਬਚਾਅ ਕਰਮੀਆਂ ਦੀ ਗੋਦ ਵਿੱਚ ਉਹ ਬੱਚੇ ਸਨ ਜੋ ਆਪਣੀ ਮਾਂ ਲਈ ਬਿਲਖ ਰਹੇ ਸਨ। ਉਨ੍ਹਾਂ ਦੀਆਂ ਮਾਵਾਂ ਇੱਕ ਨਾਈਲਾਨ ਦੀ ਰੱਸੀ ਦੇ ਸਹਾਰੇ ਕਿਨਾਰੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਕੁਝ ਬਜ਼ੁਰਗਾਂ ਨੂੰ ਰਾਤ ਦੇ ਕੱਪੜਿਆਂ ਵਿੱਚ ਹੀ ਰਾਤ ਨੂੰ ਬਾਹਰ ਨਿਕਲਣਾ ਪਿਆ। ਉਹ ਰੋ ਪਏ ਕਿ ਉਨ੍ਹਾਂ ਨੂੰ ਆਪਣੀਆਂ ਦਵਾਈਆਂ ਚੁੱਕਣ ਦਾ ਵੀ ਸਮਾਂ ਨਹੀਂ ਲੱਗਿਆ।

ਜਦੋਂ ਮੈਂ ਹੋਟਲ ਵਾਪਸ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਪਾਣੀ ਚੜ੍ਹ ਗਿਆ ਹੈ ਅਤੇ ਮੈਂ ਉੱਥੋਂ ਨਿਕਲ ਨਹੀਂ ਸਕਦੀ।

ਸੈਂਕੜੇ ਬੱਚੇ ਪ੍ਰਭਾਵਿਤ

ਚੌਥੇ ਦਿਨ ਮੈਂ ਕਿਸੇ ਤਰੀਕੇ ਲਾਗਲੇ ਰਾਹਤ ਕੈਂਪ ਵਿੱਚ ਪਹੁੰਚੀ। ਜਿੱਥੇ ਮੈਂ ਮਿਨੀ ਐਲਦੋਰਾ ਨੂੰ ਮਿਲੀ। ਉਹ ਇੱਕ ਨੌਜਵਾਨ ਆਗੂ ਹਨ ਅਤੇ ਨੇਦੁਮਬਸੇਰੀ ਪਿੰਡ ਦੇ ਸਰਪੰਚ ਹਨ। ਉਹ ਸਥਾਨਕ ਲੋਕਾਂ ਬਾਰੇ ਪੁੱਛਗਿੱਛ ਕਰ ਰਹੀ ਸੀ ਕਿ ਉਨ੍ਹਾਂ ਨੂੰ ਖਾਣਾ ਮਿਲ ਰਿਹਾ ਹੈ ਜਾਂ ਨਹੀਂ, ਕੀ ਕਿਸੇ ਨੂੰ ਇਲਾਜ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਦੱਸਿਆ, "ਇੱਥੇ ਕਈ ਡਾਕਟਰ ਹਨ ਕਿਉਂਕਿ ਉਹ ਆਪਣਾ ਘਰ ਗੁਆ ਚੁੱਕੇ ਹਨ। ਮੈਂ ਲੋਕਾਂ ਨੂੰ ਵਧੀਆ ਖਾਣਾ ਅਤੇ ਇਲਾਜ ਦਵਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਨੂੰ ਨਹੀਂ ਪਤਾ ਕਿ ਨੇਦੁਮਬਸੇਰੀ ਦੇ ਸਾਰੇ ਲੋਕ ਬਚ ਸਕੇ ਹਨ ਜਾਂ ਨਹੀਂ। ਸੈਂਕੜੇ ਬੱਚਿਆਂ ਉੱਪਰ ਅਸਰ ਪਿਆ ਹੈ। ਮੈਨੂੰ ਦੁੱਖ ਹੈ ਕਿ ਮੈਂ ਆਪਣੀ ਪੰਚਾਇਤ ਦੇ ਸਾਰੇ ਲੋਕਾਂ ਨੂੰ ਨਹੀਂ ਬਚਾ ਸਕੀ।"

ਹੁਣ ਇੱਥੇ ਪੈਟਰੋਲ ਪੰਪ ਲੱਭਣਾ ਅਤੇ ਹੜ੍ਹ ਦੇ ਪਾਣੀ ਵਿੱਚ ਅੱਗੇ ਵਧਣਾ ਸਾਡੇ ਲਈ ਮੁਸ਼ਕਿਲ ਹੋ ਗਿਆ ਸੀ।

ਹਾਈਵੇਅ ਉੱਪਰ ਕਿਸ਼ਤੀਆਂ

ਉਹ ਦਿਨ ਵੀ ਆ ਗਿਆ ਜਦੋਂ ਅਸੀਂ ਪੂਰੀ ਤਰ੍ਹਾਂ ਫਸ ਗਏ। ਪੰਜਵੇਂ ਦਿਨ ਸਾਡੇ ਹੋਟਲ ਦੀ ਪਹਿਲੀ ਮੰਜ਼ਿਲ ਤੱਕ ਪਾਣੀ ਭਰ ਗਿਆ। ਬਿਜਲੀ ਚਲੀ ਗਈ ਅਤੇ ਫੋਨ ਲਾਈਨ ਖਰਾਬ ਹੋ ਗਈ।

ਕੇਰਲ ਦੇ ਹੜ੍ਹ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੱਚੇ ਆਪਣੀਆਂ ਮਾਵਾਂ ਲਈ ਬਿਲਖ ਰਹੇ ਹਨ।

ਮੈਂ ਸਿਰਫ਼ ਹੋਟਲ ਦੀ ਛੱਤ ਉੱਪਰ ਖੜ ਕੇ ਬਚਾਅ ਕਾਰਜਾਂ ਨੂੰ ਦੇਖ ਸਕਦੀ ਸੀ। ਹੋਟਲ ਦੇ ਜਨਰੇਟਰ ਕਰਕੇ ਸਵੇਰੇ ਸ਼ਾਮ ਅੱਧਾ-ਅੱਧਾ ਘੰਟਾ ਬਿਜਲੀ ਆਉਂਦੀ ਸੀ। ਜਿਸ ਨਾਲ ਮੈਂ ਜਿਵੇਂ-ਕਿਵੇਂ ਕਰਕੇ ਆਪਣਾ ਮੋਬਾਈਲ ਚਾਰਜ ਕਰ ਸਕਦੀ ਸੀ।

ਹੋਟਲ ਨੇ ਸਾਡੇ ਲਈ ਖਾਣੇ ਦਾ ਪ੍ਰਬੰਧ ਕੀਤਾ ਅਤੇ ਅੱਗੇ ਵੀ ਇੰਤਜ਼ਾਮ ਕਰਨ ਦਾ ਵਾਅਦਾ ਕੀਤਾ।

ਹੋਟਲ ਤੋਂ ਮੈਨੂੰ ਸੁਣ ਰਿਹਾ ਸੀ ਕਿ ਹੜ੍ਹ ਪੀੜਤਾਂ ਨੂੰ ਰਾਹਤ ਕੈਂਪਾਂ ਤੱਕ ਲਿਜਾਣ ਵਾਲੇ ਟੱਰਕ ਡਰਾਈਵਰਾਂ ਦਾ ਲੋਕ ਹੌਂਸਲਾ ਵਧਾ ਰਹੇ ਸਨ। ਮੂਹਲੇਧਾਰ ਮੀਂਹ ਕਰਕੇ ਡਰਾਈਵਰ ਆਪ ਰਾਹ ਨਹੀਂ ਸਨ ਦੇਖ ਪਾ ਰਹੇ। ਹੜ੍ਹਾਂ ਵਿੱਚ ਫਸੇ ਲੋਕ ਉਨ੍ਹਾਂ ਨੂੰ ਰਾਹ ਦੱਸ ਰਹੇ ਹਨ। ਲੋਕਾਂ ਨੂੰ ਬਚਾਉਣ ਲਈ ਕੋਚੀ ਹਾਈਵੇਅ ਉੱਪਰ ਕਿਸ਼ਤੀਆਂ ਤੈਰ ਰਹੀਆਂ ਹਨ।

ਛੇਵੇਂ ਦਿਨ ਇੱਥੇ ਪਾਣੀ ਮੁੱਕ ਚੁੱਕਿਆ ਹੈ, ਮੇਰੇ ਦਿਮਾਗ ਵਿੱਚ ਇੱਕ ਪੁਰਾਣੀ ਕਹਾਵਤ ਆ ਰਹੀ ਹੈ, "ਹਰ ਥਾਂ ਪਾਣੀ ਹੀ ਪਾਣੀ ਪਰ ਪੀਣ ਨੂੰ ਤੁਪਕਾ ਵੀ ਨਹੀਂ।"

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)