19 ਸਾਲ ਦੇ ਅਕਸ਼ੇ ਰੂਪਾਰੇਲੀਆ ਦੀ ਅਰਬਪਤੀ ਬਣਨ ਦੀ ਕਹਾਣੀ

'ਸੰਡੇ ਟਾਈਮਜ਼ ਰਿਚ ਲਿਸਟ' ਵੱਲੋਂ ਹਰ ਸਾਲ ਜਾਰੀ ਕੀਤੀ ਜਾਣ ਵਾਲੀ ਬ੍ਰਿਟੇਨ ਦੇ ਅਮੀਰਾਂ ਦੀ ਸੂਚੀ ਹੈ। ਇਸ ਵਾਰ ਸੂਚੀ 'ਚ ਸਭ ਤੋਂ ਘੱਟ ਉਮਰ ਦੇ ਹਨ 19 ਸਾਲ ਦੇ ਅਕਸ਼ੇ ਰੂਪਾਰੇਲੀਆ।
ਅਕਸ਼ੇ ਦੀ ਆਨਲਾਈਨ ਰੀਅਲ ਇਸਟੇਟ ਕੰਪਨੀ 'ਡੋਰਸਟੈਪਸ' ਦਾ ਮੁੱਲ 12 ਮਿਲੀਅਨ ਪੌਂਡ (1 ਅਰਬ ਭਾਰਤੀ ਰੁਪਏ) ਲਾਇਆ ਗਿਆ ਹੈ ।
ਕੰਪਨੀ ਦੀ ਸ਼ੁਰੂਆਤ ਅਕਸ਼ੇ ਨੇ 2016 'ਚ ਸਕੂਲ 'ਚ ਪੜ੍ਹਨ ਵੇਲੇ ਹੀ ਕਰ ਦਿੱਤੀ ਸੀ ਅਤੇ ਪਹਿਲੇ ਦੋ ਸਾਲਾਂ ਵਿੱਚ ਹੀ ਇਸ ਨੇ 400 ਮਿਲੀਅਨ ਪੌਂਡ ਦੀ ਜਾਇਦਾਦ ਦੇ ਸੌਦੇ ਕਰ ਦਿੱਤੇ ਸਨ ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਕੰਮ ਸੀ ਸਕੂਲ ਵਿੱਚ ਮਿਠਾਈ ਵੇਚਣਾ। ਅਕਸ਼ੇ ਨੇ ਦੱਸਿਆ, "ਮੈਂ ਆਪਣੇ ਪੈਸੇ ਨਾਲ ਇੱਕ ਪਲੇ-ਸਟੇਸ਼ਨ (ਵੀਡੀਓ ਗੇਮ) ਖਰੀਦਣਾ ਚਾਹੁੰਦਾ ਸੀ। ਬੱਚਿਆਂ ਨੂੰ ਸਕੂਲ ਦੇ ਸਮੇਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਤਾਂ ਮੈਨੂੰ ਬਣੇ-ਬਣਾਏ ਗਾਹਕ ਮਿਲ ਗਏ ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, Akshay Ruparelia/facebook
ਅਕਸ਼ੇ ਨੇ ਦੱਸੇ ਕਾਮਯਾਬੀ ਦੇ ਨੁਸਖ਼ੇ - "ਈਟ ਦਾ ਫਰੌਗ"
ਪੰਜਾਬੀ ਵਿੱਚ "ਡੱਡੂ ਖਾਓ" ਦਾ ਮਤਲਬ ਹੈ ਦਿਨ ਦਾ ਸਭ ਤੋਂ ਔਖਾ ਕਾਰਜ ਦਿਨ ਦੀ ਸ਼ੁਰੂਆਤ 'ਚ ਕਰਨਾ । ਅਕਸ਼ੈ ਦਾ ਮੰਨਣਾ ਹੈ ਕਿ ਇਸ ਨਾਲ ਬਾਕੀ ਦਿਨ ਦੇ ਕੰਮ ਸੌਖੇ ਹੋ ਜਾਣਗੇ ।
''ਸਕੂਲ ਵਿੱਚ ਸਾਨੂੰ ਫ੍ਰੀ ਪੀਰੀਅਡ ਮਿਲਦਾ ਸੀ ਤਾਂ ਮੈਂ ਉਸ ਸਮੇਂ ਨੂੰ ਵਿੱਤੀ ਪੜ੍ਹਾਈ ਕਰਨ ਲਈ ਵਰਤਦਾ ਸੀ ਅਤੇ ਲੋਕ ਮੈਨੂੰ ਪਾਗਲ ਸਮਝਦੇ ਸਨ। ਪਰ ਮੈਨੂੰ ਪਤਾ ਹੁੰਦਾ ਸੀ ਕਿ ਜੇ ਇਹ ਕੰਮ ਮੈਂ ਹੁਣੇ ਕਰ ਲਵਾਂਗਾ ਤਾਂ ਦੋ ਹਫ਼ਤੇ ਬਾਅਦ ਜਮ੍ਹਾਂ ਕਰਾਉਣ ਵਾਲੇ ਨਿਬੰਧ ਲਈ ਮੇਰੇ ਕੋਲ ਕਾਫੀ ਸਮਾਂ ਹੋਵੇਗਾ।"
ਅਸਲ ਜ਼ਿੰਦਗੀ ਤੋਂ ਸਿੱਖੋ
ਅਕਸ਼ੇ ਮੁਤਾਬਕ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੋਵੇਂ ਸੁਣ ਤੇ ਬੋਲ ਨਹੀਂ ਸਕਦੇ ਇਸ ਕਰਕੇ ਮੈਂ ਅਤੇ ਮੇਰੀ ਵੱਡੀ ਭੈਣ ਨੇ ਸਾਰੀ ਉਮਰ ਉਨ੍ਹਾਂ ਦੀ ਸੇਵਾ ਕੀਤੀ ਹੈ। ਇਸੇ ਲਈ ਹੀ ਬਾਕੀ ਬੱਚਿਆਂ ਨਾਲੋਂ ਛੇਤੀ ਪਰਪੱਕ ਵੀ ਹੋ ਗਏ ਹਾਂ।
ਉਹ ਕਹਿੰਦੇ ਹਨ, ''ਆਪਣੀ ਕੰਪਨੀ ਡੋਰਸਟੈਪਸ ਬਾਰੇ ਮੈਨੂੰ ਯਾਦ ਹੈ ਕਿ ਜਦ ਮੈਂ 10-11 ਸਾਲ ਦਾ ਸੀ ਤਾਂ ਅਸੀਂ ਇੱਕ ਵਾਰ ਘਰ ਬਦਲਿਆ ਸੀ ਅਤੇ ਮੈਨੂੰ ਉਸ ਤੋਂ ਤਜਰਬਾ ਮਿਲਿਆ ਸੀ। ਜਦ ਮੈਂ ਹਿਸਾਬ ਕੀਤਾ ਤਾਂ ਪਤਾ ਲੱਗਾ ਕਿ ਏਜੰਟ ਦੀ ਫੀਸ ਉਸਦਾ ਵੱਡਾ ਹਿੱਸਾ ਸੀ।"

ਕੁਝ ਸਾਲਾਂ ਬਾਅਦ ਅਕਸ਼ੇ ਨੇ ਹੋਰ ਕੰਮਾਂ ਵਿੱਚ ਨਵੀਆਂ ਕੰਪਨੀਆਂ ਦਾ ਵਿਸ਼ਲੇਸ਼ਣ ਕੀਤਾ ਜਿਵੇਂ ਕਿ 'ਊਬਰ' ਟੈਕਸੀ ਸਰਵਿਸ ਅਤੇ 'ਅਮੈਜ਼ਨ' ਸ਼ਾਪਿੰਗ ਵੈਬਸਾਈਟ ਦਾ ਅਤੇ ਸੋਚਿਆ ਕਿ ਰੀਅਲ ਇਸਟੇਟ ਵਿੱਚ ਵੀ ਵੇਚਣ ਤੇ ਖਰੀਦਣ ਵਾਲਿਆਂ ਨੂੰ ਸਿੱਧਾ ਜੋੜਿਆ ਜਾਵੇ ।
'ਕੋਈ ਚੰਗੀ ਜੀਵਨੀ ਪੜ੍ਹੋ'
ਅਕਸ਼ੇ ਕਹਿੰਦੇ ਹਨ ਇਸ ਤੋਂ ਬਹੁਤ ਪ੍ਰੇਰਨਾ ਮਿਲਦੀ ਹੈ, ਮੇਰੇ ਲਈ ਉਹ ਪ੍ਰੇਰਨਾ ਸੀ ਮਾਈਕਲ ਓ'ਲੈਰੀ ਦੀ ਜੀਵਨੀ ਜਿਸ ਵਿੱਚ ਉਨ੍ਹਾਂ ਨੇ 'ਰਾਯਨਏਅਰ' (ਹਵਾਈ ਯਾਤਰਾ ਸੇਵਾ ਕੰਪਨੀ) ਨੂੰ ਸਥਾਪਤ ਕਰਨ ਬਾਰੇ ਲਿਖਿਆ ਹੈ।
ਅਕਸ਼ੇ ਮੁਤਾਬਕ ਜੀਵਨੀਆਂ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਹਰ ਵੱਡਾ ਕੰਮ ਕਰਨ ਵਾਲਾ ਤੇ ਖ਼ਤਰਿਆਂ ਨਾਲ ਖੇਡਣ ਵਾਲਾ ਵਿਅਕਤੀ ਪਹਿਲਾਂ ਬਹੁਤ ਸਾਧਾਰਨ ਸੀ।
ਤਿਆਰੀ ਜ਼ਰੂਰੀ
ਅਕਸ਼ੇ ਕਹਿੰਦੇ ਹਨ ਕਿ ਖੁਦ ਦੀ ਤਿਆਰੀ ਬਗ਼ੈਰ ਕੋਈ ਨਵਾਂ ਕਾਰੋਬਾਰ ਕਰਨਾ ਮੁਸ਼ਕਿਲ ਹੈ। "ਮੈਂ ਆਪਣੇ ਕੰਮ ਲਈ 'ਫਲੋਰ ਪਲਾਨ' ਨੂੰ ਸ਼ੁਰੂ ਤੋਂ ਜਾਣਿਆ, ਫੋਟੋਗ੍ਰਾਫੀ ਵੀ ਸਿੱਖੀ ਅਤੇ ਹੋਰ ਵੀ ਕਈ ਅਜਿਹੀਆਂ ਚੀਜ਼ਾਂ ਕੀਤੀਆਂ।"
ਅਕਸ਼ੇ ਨੂੰ ਮਲਾਲ ਹੈ ਕਿ ਉਹ ਗੱਡੀ ਚਲਾਉਣੀ ਨਹੀਂ ਸਿੱਖੇ ਕਿਉਂਕੀ ਉਸ ਵੇਲੇ ਉਨ੍ਹਾਂ ਦੀ ਉਮਰ 16-17 ਸਾਲ ਹੀ ਸੀ। "ਮੈਂ ਆਪਣੀ ਭੈਣ ਦੇ ਬੁਆਏਫ੍ਰੈਂਡ ਨੂੰ ਕੁਝ ਪੈਸੇ ਦਿੱਤੇ ਤਾਂ ਜੋ ਉਹ ਮੈਨੂੰ ਪ੍ਰਾਪਰਟੀ ਵੇਖਣ ਲੈ ਕੇ ਜਾਵੇ "

ਤਸਵੀਰ ਸਰੋਤ, Akshay Ruparelia/facebook
ਮਾਂ ਦੀ ਗੱਲ ਹਮੇਸ਼ਾ ਸੁਣੋ
"ਮੈਨੂੰ ਇੱਕ ਗੱਲ ਸਮਝ ਆ ਚੁੱਕੀ ਹੈ ਕਿ ਮੇਰੀ ਮਾਂ 95 ਫ਼ੀਸਦ ਮੌਕਿਆਂ 'ਤੇ ਸਹੀ ਹੁੰਦੀ ਹੈ ਅਤੇ ਮੇਰੇ ਤੋਂ ਸਿਆਣੀ ਹੈ। ਮੇਰੀ ਮਾਂ ਦਾ ਮੇਰੇ ਉੱਤੇ ਬਹੁਤ ਪ੍ਰਭਾਵ ਹੈ...ਅਸਲ 'ਚ ਮੇਰੇ ਮਾਤਾ ਅਤੇ ਪਿਤਾ ਦੋਹਾਂ ਦਾ ਹੀ!"
ਇਹ ਵੀ ਪੜ੍ਹੋ:
ਅਕਸ਼ੇ ਕਹਿੰਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੇ ਆਪਣੀ ਸ਼ਰੀਰਕ ਕਮਜ਼ੋਰੀ ਨੂੰ ਰੁਕਾਵਟ ਨਹੀਂ ਬਣਨ ਦਿੱਤਾ। ਅਕਸ਼ੇ ਉਨ੍ਹਾਂ ਦੇ ਕੰਮ ਕਰਨ ਦੇ ਜਜ਼ਬੇ ਦਾ ਖਾਸ ਜ਼ਿਕਰ ਕਰਦੇ ਹਨ ਅਤੇ ਉਨ੍ਹਾਂ ਦੇ ਪ੍ਰਵਾਸੀ ਜੀਵਨ, ਖਾਸ ਤੌਰ 'ਤੇ ਆਪਣੇ ਪਿਤਾ ਦੇ ਅਫ਼ਰੀਕਾ ਤੋਂ ਪ੍ਰਵਾਸ, ਤੋਂ ਪ੍ਰੇਰਨਾ ਲੈਂਦੇ ਹਨ ।
"ਉਨ੍ਹਾਂ ਨੇ ਸਾਡੇ ਪਰਿਵਾਰ ਨੂੰ ਇੱਥੇ ਤੱਕ ਲਿਆਂਦਾ ਕਿ ਹੁਣ ਮੈਂ ਜੀਵਨ 'ਚ ਖ਼ਤਰਾ ਮੋਲ ਲੈ ਸਕਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਕੋਲ ਪਰਿਵਾਰ ਦੀ ਤਾਕਤ ਹੈ ।"
ਅਕਸ਼ੇ ਕਹਿੰਦੇ ਹਨ ਕਿ ਪੈਸੇ ਅਤੇ ਕਾਮਯਾਬੀ ਨਾਲ ਉਨ੍ਹਾਂ ਦੀ ਜ਼ਿੰਦਗੀ ਨਹੀਂ ਬਦਲੀ। "ਮੈਂ ਹੁਣ ਵੀ ਆਪਣੇ ਮਾਪਿਆਂ ਨਾਲ ਰਹਿੰਦਾ ਹਾਂ, ਅਤੇ ਕਾਰ ਮੇਰੇ ਕੋਲ ਅੱਜ ਵੀ ਨਹੀਂ ਹੈ ।"












